Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤਿੰਨ ਸਿੱਖ ਨੌਜੁਆਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 121 A ਤਹਿਤ ਉਮਰ ਕੈਦ ਅਫ਼ਸੋਸਨਾਕ- ਡਾ ਧਰਮਵੀਰ ਗਾਂਧੀ

Posted on February 8th, 2019'ਵਿਚਾਰਾਂ ਦੀ ਅਜ਼ਾਦੀ' ਉਪਰ ਉਹ ਸਾਰੀਆਂ ਪਾਬੰਦੀਆਂ, ਕਿੰਨੀਆਂ ਵੀ ਤਰਕਸੰਗਤ ਹੋਣ, ਹਟਾ ਦਿਓ

ਪਟਿਆਲਾ- ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਭਾਰਤੀ ਦੰਡਾਵਲੀ ਦੀ ਧਾਰਾ 121 ਰਾਜ ਵਿਰੁੱਧ ਜੰਗ ਛੇੜਨ ਦੇ ਦੋਸ਼ ਤਹਿਤ ਤਿੰਨ ਸਿੱਖ ਨੌਜੁਆਨਾਂ ਨੂੰ ਉਮਰ ਕੈਦ ਦੀ ਹੋਈ ਸਜ਼ਾ ਉਪਰ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੀਬ ਗੱਲ ਹੈ ਕਿ ਇਹ ਸਜ਼ਾ ਕਿਤਾਬਾਂ ਜਾਂ ਸਾਹਿਤ ਰੱਖਣ ਦੀ ਬਿਨਾ 'ਤੇ ਹੋਈ ਹੈ। ਡਾ ਗਾਂਧੀ ਨੇ ਸੰਵਿਧਾਨ ਦੇ ਅਜਿਹੇ ਕਾਨੂੰਨ 'ਤੇ ਸਵਾਲ ਉਠਾਇਆ, ਜਿਸ ਤਹਿਤ ਵਿਚਾਰ ਬਣਾਉਣ, ਰੱਖਣ ਜਾਂ ਉਨ੍ਹਾਂ ਦਾ ਪ੍ਰਸਾਰ ਕਰਨ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ, "ਜਦ ਤਿੰਨ ਨੌਜੁਆਨਾਂ ਕੋਲੋਂ ਕੋਈ ਹਥਿਆਰ ਹੀ ਨਹੀਂ ਮਿਲਿਆ, ਕੋਈ ਜੁਰਮ ਅੰਜਾਮ ਨਹੀਂ ਦਿੱਤਾ ਅਤੇ ਸਿਰਫ਼ ਕਿਤਾਬਾਂ ਅਤੇ ਸਾਹਿਤ ਰੱਖਣ ਨੂੰ ਰਾਜ ਵਿਰੁੱਧ ਜੰਗ ਬਣਾ ਧਰਨਾ ਦਰਅਸਲ ਆਪਣੇ ਵਿਚਾਰ ਰੱਖ ਸਕਣ ਅਤੇ ਪਰਗਟ ਕਰਨ ਦੀ ਅਜ਼ਾਦੀ ਦਾ ਗਲਾ ਘੁੱਟਣ ਦੇ ਤੁਲ ਹੈ।"

ਉਨ੍ਹਾਂ ਕਿਹਾ, "ਕੋਈ ਵੀ ਕਿਸੇ ਮਨੁੱਖ ਨੂੰ ਕਿਸੇ ਵੀ ਢੰਗ ਨਾਲ ਸੋਚਣ ਅਤੇ ਜੋ ਸੋਚਦਾ ਹੈ, ਨੂੰ ਪ੍ਰਗਟ ਕਰਨ 'ਤੋਂ ਰੋਕ ਨਹੀਂ ਸਕਦਾ ਅਤੇ ਲਛਮਣ ਰੇਖਾ ਸਿਰਫ਼ ਇਸ ਤਰੀਕੇ ਖਿੱਚੀ ਜਾ ਸਕਦੀ ਹੈ ਕਿ ਕੋਈ ਦੂਸਰਿਆਂ ਅਤੇ ਸਮਾਜ ਵਿਰੁਧ ਅਪਰਾਧੀ ਕਾਰਵਾਈ ਨਾ ਕਰੇ ਯਾਨੀ ਕਿ ਜੁਰਮ ਨਾ ਕਰੇ। ਕਿਸੇ ਦੀ ਸੋਚ ਨੂੰ ਹੀ ਅਪਰਾਧ ਕਰਾਰ ਦੇ ਦੇਣਾ ਅਤੇ ਉਸਦੇ ਵਿਚਾਰ ਪਰਗਟ ਕਰਨ ਦੀ ਅਜ਼ਾਦੀ ਖੋਹ ਲੈਣਾ ਅਮਨ ਅਤੇ ਸਮਾਜ ਲਈ ਨੁਕਸਾਨਦੇਹ ਹੋਵੇਗਾ।"

ਹਾਲ ਹੀ ਵਿਚ ਭਾਰਤੀ ਉੱਚ ਅਦਾਲਤ ਵਿਅਕਤੀਗ਼ਤ ਅਜ਼ਾਦੀ ਦੀ ਹਿਫ਼ਾਜ਼ਤ ਵਿਚ ਕੀਤੇ ਕੁੱਝ ਫੈਸਲਿਆਂ ਦੀ ਤਾਰੀਫ਼ ਕਰਦੇ ਹੋਏ ਦਾ. ਧਰਮਵੀਰ ਨੇ ਸਾਰੇ ਪਾਰਲੀਮਾਨੀਆਂ ਨੁੰ ਅਪੀਲ ਕੀਤੀ ਕਿ ਉਹ ਸੰਵਿਧਾਨ ਨੂੰ ਸੋਧ ਕਰਨ ਲਈ ਅੱਗੇ ਆਉਣ ਅਤੇ ਉਹ ਸਾਰੀਆਂ ਪਾਬੰਦੀਆਂ ਜਿਹੜੀਆਂ 'ਵਿਚਾਰ ਪਰਗਟ ਕਰਨ ਦੀ ਅਜ਼ਾਦੀ' ਦੇ ਬੁਨਿਆਦੀ ਅਧਿਕਾਰ ਨੂੰ ਜੰਜੀਰਾਂ ਪਾ ਦਿੰਦੀਆਂ ਹਨ, ਭਾਵੇਂ ਕਿੰਨੀਆਂ ਵੀ ਤਰਕਸੰਗਤ ਹੋਣ, ਹਟਾ ਦੇਣ।

ਵਾਲਟੇਅਰ ਦੇ ਮਸ਼ਹੂਰ ਕਥਨ, "ਜੋ ਤੂੰ ਕਹਿ ਰਿਹਾ ਹੈਂ ਮੈਂ ਰੱਦ ਕਰਦਾ ਹਾਂ, ਫਿਰ ਵੀ ਤੇਰੇ ਇਸੇ ਗੱਲ ਨੂੰ ਬੋਲਣ ਦੇ ਹੱਕ ਵਾਸਤੇ ਮੈਂ ਜਾਨ ਤੱਕ ਦੇ ਦਿਆਂਗਾ" ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਕਰਦਿਆਂ ਕਿਹਾ ਡਾ. ਗਾਂਧੀ ਨੇ ਕਿਹਾ, "ਭਾਵੇਂ ਮੈਂ ਖਾਲਿਸਤਾਨ ਦੇ ਵਿਚਾਰ ਨਾਲ ਸਹਿਮਤ ਨਹੀਂ ਹਾਂ, ਖਾਲਿਸਤਾਨ ਦੇ ਹਾਮੀਆਂ ਨੂੰ ਆਪਣੀ ਸਿਆਸਤ ਕਹਿਣ ਦਾ ਹੱਕ ਹੈ, ਉਸ 'ਤੇ ਚਰਚਾ ਹੋ ਸਕਦੀ ਹੈ, ਬਹਿਸ ਹੋ ਸਕਦੀ ਹੈ, ਸਹਿਮਤੀ-ਅਸਹਿਮਤੀ ਹੋ ਸਕਦੀ ਹੈ ਪਰ ਵਿਚਾਰ ਦੇ ਪੱਧਰ 'ਤੇ ਅਪਰਾਧੀ ਨਹੀਂ ਗਰਦਾਨਿਆ ਜਾ ਸਕਦਾ।"

ਡਾ ਗਾਂਧੀ ਨੇ ਪੰਜਾਬੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੁੜੱਤਣ ਅਤੇ ਦੁਸ਼ਮਣੀ ਨਾਲੋਂ ਚਰਚਾ ਅਤੇ ਬਹਿਸ ਨੂੰ ਤਰਜੀਹ ਦੇਣ; ਅਤੇ 'ਵਿਚਾਰ ਪਰਗਟ ਕਰਨ ਦੀ ਅਜ਼ਾਦੀ' ਦੇ ਹੱਕ ਵਿੱਚ ਅਤੇ ਦਾਬੇ ਦੇ ਖਿਲਾਫ ਬੋਲਣ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES