Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਗੱਠਜੋੜ ਵਿੱਚ ਕੁੜੱਤਣ ਤਿੱਖੇ ਰੂਪ ਵਿੱਚ ਸਾਹਮਣੇ ਆਈ

Posted on February 1st, 2019


ਚੰਡੀਗੜ੍ਹ, 1 ਫਰਵਰੀ- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਦਹਾਕਿਆਂ ਤੋਂ ਵੀ ਪੁਰਾਣੇ ਸਿਆਸੀ ਗੱਠਜੋੜ ਵਿੱਚ ਕੁੜੱਤਣ ਪਹਿਲੀ ਵਾਰੀ ਤਿੱਖੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਅਕਾਲੀ ਦਲ ਨੇ ਆਪਣੇ ਪੁਰਾਣੇ ਸਿਆਸੀ ਭਾਈਵਾਲਾਂ ਨਾਲ ਸਬੰਧਾਂ ’ਤੇ ਵਿਚਾਰ ਕਰਨ ਲਈ 3 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। 

ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਸਭ ਤੋਂ ਪੁਰਾਣੇ ਭਾਈਵਾਲਾਂ ਦੇ ਮਸਲਿਆਂ ਨੂੰ ਹੀ ਅੱਖੋਂ ਪਰੋਖੇ ਨਹੀਂ ਕੀਤਾ ਸਗੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਨਜ਼ਰਅੰਦਾਜ਼ ਕਰਨ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨਵੀਂ ਦਿੱਲੀ ਨਾਲ ਸਬੰਧਤ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਹਾਲ ਹੀ ਵਿੱਚ ਭਾਜਪਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਲੀ ਵਿੱਚ ਦੋ ਵਾਰੀ ਮੀਟਿੰਗ ਲਈ ਸਮਾਂ ਦਿੱਤਾ ਪਰ ਮੁਲਾਕਾਤ ਸੰਭਵ ਨਾ ਬਣਾਈ। 

ਇੱਥੋਂ ਤੱਕ ਕਿ ਇੱਕ ਵਾਰੀ ਤਾਂ ਬਾਦਲ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਦਿੱਲੀ ’ਚ ਭਾਜਪਾ ਪ੍ਰਧਾਨ ਨਾਲ ਮੀਟਿੰਗ ਲਈ ਬੁਲਾ ਲਿਆ ਸੀ। ਭਾਜਪਾ ਪ੍ਰਧਾਨ ਦੇ ਇਸ ਰਵੱਈਏ ਦਾ ਅਕਾਲੀ ਦਲ ਦੇ ਆਗੂਆਂ ਨੇ ਸਖ਼ਤ ਨੋਟਿਸ ਲਿਆ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਲੰਘੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਦਾਸਪੁਰ ਵਿੱਚ ਰੈਲੀ ਕਰਨ ਤੋਂ ਪਹਿਲਾਂ ਵੀ ਆਪਣੇ ਭਾਈਵਾਲਾਂ ਨਾਲ ਅਗਾਊਂ ਕੋਈ ਮਸ਼ਵਰਾ ਨਹੀਂ ਕੀਤਾ ਗਿਆ। 

ਅਕਾਲੀ ਦਲ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਐੱਨਡੀਏ ਸਰਕਾਰ ਵਿੱਚ ਅਹਿਮ ਭਾਈਵਾਲ ਹੋਣ ਦੇ ਬਾਵਜੂਦ ਸਰਕਾਰ ਨੇ ਸਿੱਖ ਮਸਲੇ ਵੀ ਹੱਲ ਨਹੀਂ ਕੀਤੇ। ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਤੋਂ ਲਾਲ ਕ੍ਰਿਸ਼ਨ ਅਡਵਾਨੀ ਆਦਿ ਨੇਤਾ ਸਰਗਰਮ ਰਾਜਨੀਤੀ ਤੋਂ ਲਾਂਭੇ ਹੋਏ ਹਨ ਤੇ ਪਾਰਟੀ ਦੀ ਕਮਾਨ ਅਮਿਤ ਸ਼ਾਹ ਦੇ ਹੱਥ ਆ ਗਈ ਸੀ ਤਾਂ ਦੋਹਾਂ ਪਾਰਟੀਆਂ ਦਰਮਿਆਨ ਸਬੰਧ ਖ਼ਰਾਬ ਹੋਣੇ ਸ਼ੁਰੂ ਹੋ ਗਏ ਸਨ। 

ਪੰਜਾਬ ’ਚ ਭਾਜਪਾ ਆਪਣੇ ਦਮ ’ਤੇ ਭਾਵੇਂ ਕੋਈ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਉਣ ਦੇ ਸਮਰੱਥ ਨਹੀਂ ਹੈ ਪਰ ਭਾਜਪਾ ਦੇ ਸੂਬਾਈ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਅਕਾਲੀਆਂ ਨਾਲੋਂ ਅਲਹਿਦਾ ਹੋਣ ’ਚ ਹੀ ਭਗਵਾਂ ਪਾਰਟੀ ਦਾ ਭਲਾ ਹੈ। ਹਰਿਆਣਾ ਵਿੱਚ ਮਨੋਹਰ ਲਾਲ ਖੱਟੜ ਦੀ ਅਗਵਾਈ ਹੇਠ ਭਾਜਪਾ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਅਕਾਲੀਆਂ ਨੇ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਕਮੇਟੀ ਭੰਗ ਕਰਨ ਦੀ ਮੰਗ ਰੱਖੀ ਪਰ ਇਹ ਮੰਗ ਅੱਜ ਤੱਕ ਪੂਰੀ ਨਾ ਹੋ ਸਕੀ। 

ਇਸੇ ਤਰ੍ਹਾਂ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮਾਮਲੇ ’ਚ ਵੀ ਅਕਾਲੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਸਿੱਖਾਂ ਨਾਲ ਸਬੰਧਤ ਇਨ੍ਹਾਂ ਦੋ ਵੱਡੇ ਮਸਲਿਆਂ ਕਰਕੇ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪੰਥਕ ਦਿੱਖ ਬਹਾਲ ਕਰਨ ਲਈ ਅਕਾਲੀਆਂ ਕੋਲ ਵੱਡੇ ਸਿੱਖ ਮਸਲਿਆਂ ’ਤੇ ਸਟੈਂਡ ਲੈਣ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ।

ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਇਸ ਸਮੇਂ ਸਿਆਸੀ ਤੌਰ ’ਤੇ ਸਭ ਤੋਂ ਮਾੜੇ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਚੋਣਾਂ ਸਿਰ ’ਤੇ ਆ ਗਈਆਂ ਹਨ ਤੇ ਇਸ ਮੌਕੇ ਅਕਾਲੀ ਦਲ ਨੂੰ ਨਵੇਂ ਭਾਈਵਾਲ ਦੀ ਤਲਾਸ਼ ਕਰਨੀ ਵੀ ਸੁਖਾਲੀ ਨਹੀਂ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸੰਸਦੀ ਚੋਣਾਂ ਦੌਰਾਨ ਅਕਾਲੀ ਦਲ ਇਕੱਲਿਆਂ ਕਿਸਮਤ ਅਜ਼ਮਾਉਣ ਦੇ ਰੌਂਅ ’ਚ ਹੈ ਪਰ ਇਸ ਮੁੱਦੇ ’ਤੇ ਅਜੇ ਤਾਈਂ ਸਹਿਮਤੀ ਨਹੀਂ ਬਣ ਸਕੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES