Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਰੀ ਉਮਰ ਜੇਲ੍ਹ 'ਚ ਗੁਜ਼ਾਰੇਗਾ ਗੁਰਮੀਤ ਰਾਮ ਰਹੀਮ

Posted on January 18th, 2019


ਪੱਤਰਕਾਰ ਛਤਰਪਤੀ ਦੇ ਕਾਤਲ ਡੇਰਾ ਮੁਖੀ ਨੂੰ ਹੋਈ ਉਮਰ ਕੈਦ

ਪੰਚਕੂਲਾ- ਦਲੇਰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ 'ਚ ਸੀਬੀਆਈ ਅਦਾਲਤ ਵਲੋਂ ਦੋਸ਼ੀ ਐਲਾਨੇ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਸੇ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਸੌਦਾ ਸਾਧ ਦੇ ਗੁੰਡਿਆਂ ਕੁਲਦੀਪ ਸਿੰਘ, ਨਿਰਮਲ ਸਿੰਘ ਤੇ ਕ੍ਰਿਸ਼ਨ ਲਾਲ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਹੈ।

ਸੁਣਾਈ ਸਜ਼ਾ ਮੁਤਾਬਿਕ ਸੌਦਾ ਸਾਧ ਨੂੰ ਪਹਿਲਾਂ ਮਿਲੀ 20 ਸਾਲਾ ਬਲਾਤਕਾਰ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਣੀ ਹੈ, ਜਿਸਦਾ ਅਰਥ ਇਹ ਨਿਕਲਦਾ ਹੈ ਕਿ ਸਾਰੀ ਉਮਰ ਜੇਲ੍ਹ ਹੀ ਹੁਣ ਉਸਦੇ ਕਰਮਾਂ 'ਚ ਹੈ। ਰਾਮ ਰਹੀਮ ਨੂੰ ਸਜ਼ਾ ਇਸ ਲਈ ਨਹੀਂ ਹੋਈ ਕਿ ਉਸ ਖ਼ਿਲਾਫ਼ ਸਬੂਤ ਸਨ ਜਾਂ ਉਸਦੇ ਗੁਨਾਹਾਂ ਦੀ ਸੂਚੀ ਬਹੁਤ ਲੰਬੀ ਹੋ ਗਈ ਸੀ ਬਲਕਿ ਇਸ ਲਈ ਸਜ਼ਾ ਮਿਲੀ ਹੈ ਕਿਉਂਕਿ ਉਹ ਸਿਆਸਤਦਾਨਾਂ ਲਈ ਫ਼ਾਇਦੇਮੰਦ ਘੱਟ ਤੇ ਸਿਰਦਰਦੀ ਵੱਧ ਬਣ ਗਿਆ ਸੀ। 

ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਦੋਸ਼ੀ ਗੁਰਮੀਤ ਰਾਮ ਰਹੀਮ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਈ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਇਹ ਸਜ਼ਾ ਸੁਣਾਈ ਹੈ। ਯਾਦ ਰਹੇ ਕਿ ਜਗਦੀਪ ਸਿੰਘ ਉਹੀ ਜੱਜ ਹਨ, ਜਿਨ੍ਹਾਂ ਨੇ ਰਾਮ ਰਹੀਮ ਨੂੰ ਸਾਧਵੀਆਂ ਨਾਲ ਜ਼ਬਰਦਸਤੀ ਦੇ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। 

ਡੇਰਾ ਮੁਖੀ ਸਮੇਤ ਚਾਰਾਂ ਨੂੰ ਦੋਸ਼ੀ ਠਹਿਰਾਏ ਜਾਣ ਲਈ ਪੱਤਰਕਾਰ ਛਤਰਪਤੀ ਦੇ ਬੇਟੇ ਅੰਸ਼ੁਲ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਗਵਾਹ ਵਜੋਂ ਅਹਿਮ ਭੂਮਿਕਾ ਅਦਾ ਕੀਤੀ। ਹਾਲਾਂਕਿ, ਇਸ ਤੋਂ ਪਹਿਲਾਂ ਖੱਟਾ ਸਿੰਘ ਆਪਣੇ ਬਿਆਨਾਂ ਤੋਂ ਪਿੱਛੇ ਹਟ ਗਿਆ ਸੀ, ਪਰ ਸਾਲ 2017 ਦੌਰਾਨ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਜਾਣ ਮਗਰੋਂ ਉਸ ਨੇ ਫਿਰ ਤੋਂ ਆਪਣੇ ਬਿਆਨ ਦਰਜ ਕਰਨ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਰਾਮ ਰਹੀਮ ਨੇ ਕਿਹਾ ਸੀ ਕਿ ਛਤਰਪਤੀ ਦਾ ਕੰਮ ਤਮਾਮ ਕਰ ਦਿਓ। ਉਸ ਨੇ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਨੇ ਉਸ ਦੇ ਸਾਹਮਣੇ ਪੱਤਰਕਾਰ ਛਤਰਪਤੀ ਨੂੰ ਮਾਰਨ ਦੇ ਹੁਕਮ ਦਿੱਤੇ ਸਨ। ਉਸ ਨੇ ਸਜ਼ਾ ਤੋਂ ਬਾਅਦ ਬਿਆਨ ਦਿੱਤਾ ਹੈ ਕਿ ਹੁਣ ਛਤਰਪਤੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। 

ਦੱਸਣਯੋਗ ਹੈ ਕਿ ਸੰਨ 2002 ਵਿੱਚ ਡੇਰੇ ਦੇ ਕਾਰਕੁਨਾਂ ਵੱਲੋਂ 'ਪੂਰਾ ਸੱਚ' ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਦਾ ਉਸ ਦੇ ਘਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਮਾਮਲੇ 'ਚ ਰਾਮ ਰਹੀਮ ਸਜ਼ਾ ਕੱਟ ਰਿਹਾ ਹੈ, ਉਸ ਦਾ ਖ਼ੁਲਾਸਾ ਪੱਤਰਕਾਰ ਰਾਮਚੰਦਰ ਛਤਰਪਤੀ ਨੇ ਹੀ ਕੀਤਾ ਸੀ। ਡੇਰੇ ਦੀਆਂ ਦੋ ਸਾਧਵੀਆਂ ਨੇ ਪ੍ਰਧਾਨ ਮੰਤਰੀ ਵਾਜਪਾਈ ਸਮੇਤ ਕੁਝ ਮੀਡੀਏ ਨੂੰ ਚਿੱਠੀ ਲਿਖ ਕੇ ਆਪਣੇ ਜਿਨਸੀ ਸ਼ੋਸ਼ਣ ਦੀ ਗੱਲ ਦੱਸੀ ਸੀ, ਜਿਸ ਦੀ ਖ਼ਬਰ ਰਾਮਚੰਦਰ ਨੇ ਆਪਣੇ ਅਖ਼ਬਾਰ 'ਚ ਛਾਪੀ ਸੀ। ਇਸ ਤੋਂ ਬਾਅਦ 24 ਅਕਤੂਬਰ 2002 'ਚ ਉਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਉਸ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 10-10 ਸਾਲਾਂ ਦੀ ਵੱਖ-ਵੱਖ, ਜਾਣੀਕਿ ਕੁੱਲ 20 ਸਾਲ ਦੀ ਕੈਦ ਮਿਲੀ ਹੋਈ ਹੈ। ਇਸ ਵੇਲੇ ਉਹ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES