Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਬੁੱਧੀਜੀਵੀ ਭਾਈ ਨਰਾਇਣ ਸਿੰਘ ਚੌੜਾ ਝੂਠੇ ਕੇਸ 'ਚੋਂ ਬਰੀ

Posted on January 18th, 2019


ਰੂਪਨਗਰ- ਕੱਲ੍ਹ ਸਥਾਨਕ ਅਦਾਲਤ ਨੇ ਸਿੱਖ ਬੁੱਧੀਜੀਵੀ ਭਾਈ ਨਰਾਇਣ ਸਿੰਘ ਚੌੜਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਦੱਸਣਯੋਗ ਹੈ ਕਿ ਸਾਲ 2013 ਵਿਚ ਕੁਰਾਲੀ ਪੁਲਿਸ ਵਲੋਂ ਭਾਈ ਨਰਾਇਣ ਸਿੰਘ ਚੌੜਾ ਕੋਲੋਂ ਪਿੰਡ ਬੰਨਮਾਜਰਾ 'ਚੋਂ ਵਿਸਫੋਟਕ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਤਹਿਤ ਭਾਈ ਨਰਾਇਣ ਸਿੰਘ ਚੌੜਾ ਅਤੇ ਭਾਈ ਪਾਲ ਸਿੰਘ ਫ਼ਰਾਂਸ 'ਤੇ ਵਿਸਫੋਟਕ ਨਿਰੋਧਕ ਐਕਟ ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਵਿਚ ਭਾਈ ਪਾਲ ਸਿੰਘ ਫ਼ਰਾਂਸ ਨੂੰ ਪਹਿਲਾਂ ਹੀ ਦੋਸ਼-ਮੁਕਤ ਕੀਤਾ ਜਾ ਚੁੱਕਾ ਹੈ ਤੇ ਹੁਣ ਅਦਾਲਤ ਨੇ ਭਾਈ ਨਰਾਇਣ ਸਿੰਘ ਚੌੜਾ ਨੂੰ ਵੀ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। 2013 'ਚ ਦੋਵਾਂ ਸਿੰਘਾਂ ਸਿਰ ਇਹ ਝੂਠੇ ਕੇਸ ਬਾਦਲਾਂ ਦੀ ਸਰਕਾਰ ਵੇਲੇ ਪਾਏ ਗਏ ਸਨ, ਜੋ ਅਦਾਲਤ 'ਚ ਟਿਕ ਨਾ ਸਕੇ।

ਇਸ ਤੋਂ ਪਹਿਲਾਂ ਬਾਦਲਾਂ ਦੀ ਸਰਕਾਰ ਵੇਲੇ 8 ਮਈ 2010 ਨੂੰ ਥਾਣਾ ਸਿਵਲ ਲਾਈਨਜ਼ ਅੰਮਿ੍ਤਸਰ ਵਲੋਂ ਪਰਵਾਸੀ ਪੰਜਾਬੀ ਭਾਈ ਪਾਲ ਸਿੰਘ ਫ਼ਰਾਂਸ ਤੇ ਸਿੱਖ ਚਿੰਤਕ ਭਾਈ ਨਰਾਇਣ ਸਿੰਘ ਚੌੜਾ ਵਿਰੁੱਧ ਧਮਾਕਾਖੇਜ਼ ਸਮੱਗਰੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਸਾਲਾਂ ਬੱਧੀ ਖੱਜਲ-ਖੁਆਰ ਕੀਤਾ ਗਿਆ।

ਇਨ੍ਹਾਂ ਦੀ ਗ੍ਰਿਫਤਾਰੀ ਨੂੰ ਵੱਡਾ ਮਾਅਰਕਾ ਮਾਰਿਆ ਦੱਸ ਕੇ ਉਦੋਂ ਅਕਾਲੀ-ਭਾਜਪਾ-ਕਾਂਗਰਸੀ ਆਗੂਆਂ ਨੇ ਬਿਆਨ ਦਾਗੇ ਸਨ। 2010 ਵਾਲੇ ਝੂਠੇ ਕੇਸ 'ਚੋਂ ਵੀ ਦੋਵੇਂ ਸਿੰਘ ਬਰੀ ਹੋ ਗਏ ਸਨ।

ਅਜਿਹੇ ਹੀ ਕੇਸਾਂ 'ਚ ਇੰਗਲੈਂਡ ਵਾਸੀ ਭਾਈ ਜਸਵੰਤ ਸਿੰਘ ਸੰਦਰਲੈਂਡ ਨੂੰ ਉਲਝਾਇਆ ਗਿਆ ਤੇ ਦੋਸ਼ ਲਾਏ ਗਏ ਕਿ 'ਖਤਰਨਾਕ ਅੱਤਵਾਦੀ' ਹਥਿਆਰਾਂ ਸਮੇਤ ਫੜ ਲਿਆ ਹੈ ਪਰ ਅਦਾਲਤ 'ਚ ਪੁਲਿਸ ਦੀ ਝੂਠੀ ਕਹਾਣੀ ਰੇਤ ਦੀ ਕੰਧ ਵਾਂਗ ਢਹਿ ਗਈ ਤੇ ਪੰਜ ਸਾਲ ਨਜਾਇਜ਼ ਹਿਰਾਸਤ ਭੋਗ ਕੇ ਭਾਈ ਜਸਵੰਤ ਸਿੰਘ ਸੰਦਰਲੈਂਡ ਬਰੀ ਹੋ ਗਏ।

ਅਜਿਹੇ ਹੀ ਝੂਠੇ ਕੇਸ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਜੱਗੀ ਜੌਹਲ ਅਤੇ ਹੋਰ ਸਿੱਖ ਨੌਜਾਵਾਨਾਂ 'ਤੇ ਪਾਏ ਗਏ ਹਨ। ਦਰਜ ਕੇਸਾਂ ਦੇ ਮੁਕੱਦਮੇ ਨਹੀਂ ਚਲਾਏ ਜਾ ਰਹੇ ਬਲਕਿ ਪੁੱਛਗਿੱਛ ਬਹਾਨੇ ਉਨ੍ਹਾਂ ਨੂੰ ਅਦਾਲਤ ਤੋਂ ਦੂਰ ਰੱਖਿਆ ਜਾ ਰਿਹਾ ਹੈ। ਕਾਰਨ ਇਹੀ ਕਿ ਪੁਲਿਸ ਵਲੋਂ ਘੜੀਆਂ ਝੂਠੀਆਂ ਕਹਾਣੀਆਂ ਅਦਾਲਤ 'ਚ ਟਿਕਣੀਆਂ ਨਹੀਂ ਤੇ ਉਹ ਵੀ ਬਰੀ ਹੋ ਜਾਣੇ ਹਨ।

ਬੰਦੇ ਤਾਂ ਬਰੀ ਹੋ ਜਾਂਦੇ ਹਨ ਪਰ ਜਿਹੜੀ ਖੱਜਲ-ਖੁਆਰੀ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਝੱਲਦੇ ਹਨ, ਉਸਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਹਨੂੰ ਹੀ 'ਸਰਕਾਰੀ ਅੱਤਵਾਦ' ਕਹਿੰਦੇ ਹਨ।

ਹੁਣ ਉਹ ਬੰਦੇ ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪ ਵੱਲ ਤੱਕਣ, ਜਿਹੜੇ ਅਜਿਹੀਆਂ ਗ੍ਰਿਫਤਾਰੀਆਂ ਹੋਣ ਮੌਕੇ ਅਕਸਰ ਹੀ ਕਹਿ ਦਿੰਦੇ ਹਨ, "ਕੋਈ ਤਾਂ ਗੱਲ ਹੋਊਗੀ, ਬਿਨਾ ਗੱਲੋਂ ਥੋੜਾ ਪੁਲਿਸ ਕਿਸੇ 'ਤੇ ਕੇਸ ਪਾ ਦਿੰਦੀ ਆ।"


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES