Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੈਂਗ ਹਿੰਸਾ ਨੂੰ ਰੋਕਣ ਲਈ ਐਬਸਫੋਰਡ 'ਚ ਟਾਊਨ-ਹਾਲ ਇਕੱਤਰਤਾ ਸਫਲ ਰਹੀ

Posted on December 7th, 2018


ਹਿੰਸਾ ਅਤੇ ਨਸ਼ਿਆਂ ਖ਼ਿਲਾਫ਼ ਸਾਂਝਾ ਮੁਹਾਜ਼ ਕਾਇਮ ਕਰਨ ਦਾ ਅਹਿਦ

ਐਬਸਫੋਰਡ (ਬਰਾੜ-ਭਗਤਾ ਭਾਈ ਕਾ)- ਪਿਛਲੇ ਸਮੇਂ ਤੋਂ ਲਗਾਤਾਰ ਗੈਂਗ ਹਿੰਸਾ 'ਚ ਜਾ ਰਹੀਆਂ ਕੀਮਤੀ ਜਾਨਾਂ ਦੇ ਮੰਦਭਾਗੇ ਦੌਰ ਨੂੰ ਰੋਕਣ ਲਈ 'ਵੇਕਅੱਪ ਐਬਸਫੋਰਡ' ਵੱਲੋਂ 'ਵੇਕਅੱਪ ਸਰੀ' ਦੇ ਸਹਿਯੋਗ ਨਾਲ ਇੱਥੋਂ ਦੇ ਸਿਟੀ ਹਾਲ ਐਡੋਟੋਰੀਅਮ 'ਚ ਟਾਊਨ ਹਾਲ ਮੀਟਿੰਗ ਦਾ ਆਯੋਜਨ ਸਫਲਤਾ ਸਹਿਤ ਕੀਤਾ ਗਿਆ। ਇਸ ਮੌਕੇ ਸਿਟੀ ਕੌਂਸਲ, ਪਾਰਲੀਮੈਂਟ ਮੈਂਬਰ, ਸਕੂਲ ਟਰੱਸਟੀ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਮਾਪਿਆਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।

ਲਗਭਗ 3 ਘੰਟੇ ਚੱਲੇ ਇਸ ਸਮਾਗਮ 'ਚ ਨਸ਼ੇ ਅਤੇ ਹਿੰਸਾ ਕਾਰਨ ਮਾਰੇ ਜਾ ਰਹੇ ਨੌਜਵਾਨਾਂ ਦੇ ਸੰਬੰਧ ਵਿੱਚ ਗਹਿਰੀ ਚਿੰਤਾ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਮੂਹ ਸੰਸਥਾਵਾਂ ਨੇ ਸਾਂਝੇ ਕਦਮ ਚੁੱਕਣ ਦਾ ਅਹਿਦ ਵੀ ਲਿਆ। ਪ੍ਰੋਗਰਾਮ ਦੇ ਸ਼ੁਰੂ 'ਚ 'ਵੇਕਅੱਪ ਐਬਸਫੋਰਡ' ਵੱਲੋਂ ਬੋਲਦਿਆਂ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਬੈਂਸ ਅਤੇ ਜਸਕਰਨ ਸਿੰਘ ਧਾਲੀਵਾਲ ਨੇ ਟਾਊਨ ਹਾਲ ਮੀਟਿੰਗ ਦੇ ਮਕਸਦ ਅਤੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਫਿਰ 'ਵੇਕਅੱਪ ਸਰੀ' ਦੇ ਵਲੰਟੀਅਰ ਗੁਰਪ੍ਰੀਤ ਸਿੰਘ ਸਹੋਤਾ ਨੇ ਮਾਪਿਆਂ ਦੀ ਇਹ ਲਹਿਰ ਖੜ੍ਹੀ ਹੋਣ ਅਤੇ ਇਸ ਦੇ ਮਕਸਦ ਬਾਰੇ ਸੰਖੇਪ 'ਚ ਚਾਨਣਾ ਪਾਉਂਦਿਆਂ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਸਟੇਜ 'ਵੇਕਅੱਪ ਸਰੀ' ਦੇ ਵਲੰਟੀਅਰ ਸੁੱਖੀ ਸੰਧੂ ਨੂੰ ਸੌਂਪੀ, ਜਿਸਨੇ ਵਿਸਥਾਰ ਸਹਿਤ ਵਿਚਾਰਾਂ ਰਾਹੀਂ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਤੇ ਹੋ ਰਹੇ ਨੁਕਸਾਨ ਬਾਰੇ ਵਿਚਾਰ ਪ੍ਰਗਟਾਉਂਦਿਆਂ ਹੁਣ ਤੱਕ ਕੀਤੇ ਕਾਰਜਾਂ ਅਤੇ ਭਵਿੱਖ ਦੀ ਰਣਨੀਤੀ ਦਾ ਵੇਰਵਾ ਦਿੱਤਾ।

ਐਬਸਫੋਰਡ ਦੇ ਮੇਅਰ ਹੈਨਰੀ ਬਰਾਊਨ ਨੇ ਆਪਣੇ ਭਾਸ਼ਣ ਦੌਰਾਨ ਕਾਨੂੰਨ, ਪੁਲੀਸ ਪ੍ਰਸ਼ਾਸਨ ਅਤੇ ਮਾਪਿਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਲਈ ਬੇਨਤੀ ਕੀਤੀ। ਉਨ੍ਹਾਂ ਫੈਡਰਲ ਅਤੇ ਸੂਬਾਈ ਪੱਧਰ ਦੇ ਕਾਨੂੰਨਾਂ ਦੀ ਗੱਲ ਕਰਦਿਆਂ ਬਿਆਨਿਆ ਕਿ ਕਿਵੇਂ ਪੁਲੀਸ ਦੇ ਸੀਮਤ ਹੱਕਾਂ ਕਾਰਨ ਖ਼ਤਰਨਾਕ ਅਪਰਾਧੀ ਕਾਨੂੰਨ ਦੇ ਪੰਜੇ ਤੋਂ ਛੁੱਟ ਜਾਂਦੇ ਹਨ। ਉਨ੍ਹਾਂ ਕਾਨੂੰਨ ਸਖ਼ਤ ਕਰਨ ਦੀ ਮੰਗ ਬੜੇ ਜ਼ੋਰਦਾਰ ਤਰੀਕੇ ਨਾਲ ਉਠਾਈ ਤੇ ਭਰੋਸਾ ਦੁਆਇਆ ਕਿ ਉਹ ਸ਼ਹਿਰ 'ਚ ਗੈਂਗ ਹਿੰਸਾ ਨੂੰ ਨੱਥ ਪਾ ਕੇ ਹੀ ਦਮ ਲੈਣਗੇ।

ਐਬਟਸਫੋਰਡ ਦੇ ਪੁਲਿਸ ਮੁਖੀ ਮਾਈਕ ਸੇਰ ਨੇ ਆਪਣੇ ਭਾਸ਼ਣ ਦੌਰਾਨ ਚਾਰ ਮਹੱਤਵਪੂਰਨ ਥੰਮ੍ਹਾਂ ਦੀ ਗੱਲ ਕਰਦਿਆਂ ਗੈਂਗ ਹਿੰਸਾ ਅਤੇ ਨਸ਼ਿਆਂ ਦੇ ਮਾਮਲੇ 'ਚ ਠੋਸ ਕਦਮ ਉਠਾਉਣ ਦੀ ਵਚਨਬੱਧਤਾ ਪ੍ਰਗਟਾਈ। ਲੰਮੇ ਸਮੇਂ ਤੋਂ ਗੈਂਗ ਹਿੰਸਾ ਬਾਰੇ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਜੈਗ ਖੋਸਾ ਨੇ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਜਿੰਨਾ ਚਿਰ ਭਾਈਚਾਰਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਪਛਾਣਦਾ ਅਤੇ ਸਰਕਾਰ ਵਲੋਂ ਸਕੂਲੀ ਪੱਧਰ ਤੋਂ ਇਸ ਸਮੱਸਿਆ ਨਾਲ ਨਹੀਂ ਜੂਝਿਆ ਜਾਂਦਾ, ਇਹ ਮਸਲਾ ਹੱਲ ਹੀ ਨਹੀਂ ਹੋਵੇਗਾ। 

ਪੀੜਤ ਪਰਿਵਾਰਾਂ ਦੀ ਤਰਜਮਾਨੀ ਕਰਦਿਆਂ ਕੁਲਵਿੰਦਰ ਸਿੰਘ ਮੱਲ੍ਹੀ, ਜਿਨ੍ਹਾਂ ਦੇ ਹੋਣਹਾਰ ਪੁੱਤਰ ਜਗਵੀਰ ਸਿੰਘ ਮੱਲ੍ਹੀ ਨੂੰ ਕੁੱਝ ਹਫ਼ਤੇ ਪਹਿਲਾਂ ਹੀ ਬਿਨਾ ਵਜ੍ਹਾ ਕਤਲ ਕੀਤਾ ਗਿਆ, ਨੇ ਬੜੇ ਜਜ਼ਬਾਤੀ ਅਤੇ ਅਰਥ ਭਰਪੂਰ ਸ਼ਬਦਾਂ ਵਿਚ ਹਿੰਸਕ ਵਾਰਦਾਤਾਂ ਖ਼ਿਲਾਫ਼ ਅਣਥੱਕ ਕੋਸ਼ਿਸ਼ਾਂ ਕਰ ਰਹੀ ਵੇਕਅੱਪ ਟੀਮ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਇੱਕਮੁੱਠ ਹੋਣ ਦਾ ਸੱਦਾ ਦਿੱਤਾ। 

13 ਸਾਲ ਦੀ ਉਮਰ 'ਚ ਡਰੱਗ ਡੀਲਰ ਅਤੇ ਫਿਰ ਗੈਂਗਸਟਰ ਬਣੇ ਨੌਜਵਾਨ ਸ਼ੈਨਨ ਚਰਨੀਆ ਨੇ ਦੱਸਿਆ ਕਿ ਕਿਵੇਂ ਪਰਿਵਾਰਾਂ 'ਚ ਆਪਸੀ ਸਾਂਝ ਦੀ ਘਾਟ ਹੋਣ ਕਾਰਨ ਬੱਚੇ ਬਾਹਰ ਜਾ ਕੇ ਸਾਂਝਾਂ ਲੱਭਦੇ ਹਨ, ਤਾਂ ਕਿ ਉਨ੍ਹਾਂ ਦੀ ਕੋਈ ਸੁਣ ਸਕੇ। ਘਰ 'ਚ ਮਾਪੇ ਅਤੇ ਸਕੂਲ 'ਚ ਅਧਿਆਪਕ ਆਦੇਸ਼ ਹੀ ਦੇਈ ਜਾਂਦੇ ਹਨ ਤੇ ਬੱਚੇ ਦੀ ਕੋਈ ਸੁਣਦਾ ਨਹੀਂ, ਹਾਰ ਕੇ ਬੱਚਾ ਉਹ ਸਾਥ ਲੱਭਣ ਲੱਗ ਪੈਂਦਾ ਹੈ, ਜਿੱਥੇ ਉਸਦੀ ਸੁਣੀ ਜਾਵੇ ਤੇ ਅਜਿਹਾ ਸਾਥ ਉਸਨੂੰ ਬਹੁਤੀ ਵਾਰ ਗ਼ਲਤ ਪਾਸੇ ਤੋਰ ਦਿੰਦਾ ਹੈ। ਉਸਨੇ ਮਾਪਿਆਂ ਨੂੰ ਬੱਚਿਆਂ ਨਾਲ ਵੱਧ ਸਮਾਂ ਬਿਤਾਉਣ ਅਤੇ ਉਨ੍ਹਾਂ ਦੀ ਹਰ ਗੱਲ 'ਚ ਸ਼ਾਮਲ ਹੋਣ 'ਤੇ ਜ਼ੋਰ ਦਿੱਤਾ।

ਫਰੇਜ਼ਰ ਵੈਲੀ ਇੰਡੋ-ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ ਦੀ ਮੁਖੀ ਡਾਕਟਰ ਭਾਰਤੀ ਸੰਧੂ ਨੇ ਕਿਹਾ ਕਿ ਭਾਈਚਾਰੇ ਦੇ ਸਾਰੇ ਵਰਗਾਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਅਜਿਹੇ ਸੰਕਟਮਈ ਸਮੇਂ ਅਹਿਮ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ ਅਤੇ ਉਹ ਸਾਥ ਦੇਣ ਲਈ ਤਿਆਰ ਹਨ। ਮਾਂਵਾਂ ਦੀ ਸਥਾਨਕ ਸੰਸਥਾ 'ਵੋਮੈਨ ਆਨ ਰਾਈਜ਼' ਨੇ ਇਸਤਰੀਆਂ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁੱਕੇ ਜਾਣ ਦੀ ਵਕਾਲਤ ਕੀਤੀ। ਗੈਂਗ ਹਿੰਸਾ ਅਤੇ ਨਸ਼ਿਆਂ ਵੱਲ ਵਧ ਰਹੇ ਬੱਚਿਆਂ ਨਾਲ ਕੰਮ ਕਰਦੀ ਸੰਸਾ 'ਸੈਕਰੋ' ਦੀ ਮਨਪ੍ਰੀਤ ਕੌਰ ਬਡਵਾਲ ਅਤੇ ਸਾਥੀਆਂ ਨੇ ਆਪਣੇ ਕੰਮਾਂ ਦੀ ਪੇਸ਼ਕਾਰੀ ਬੋਲ ਕੇ ਅਤੇ ਸਲਾਈਡ ਸ਼ੋਅ ਰਾਹੀਂ ਕੀਤੇ ਅਤੇ ਨਿੱਕਲ ਰਹੇ ਚੰਗੇ ਦਿਖਾਉਣ ਲਈ ਇੱਕ ਨੌਜਵਾਨ ਅਤੇ ਉਸਦੀ ਮਾਂ ਨੂੰ ਪੇਸ਼ ਕੀਤਾ, ਜਿਨ੍ਹਾਂ ਦੱਸਿਆ ਕਿ ਕਿਵੇਂ ਉਹ ਇਸ ਨਰਕ 'ਚੋਂ ਨਿੱਕਲੇ।

ਐਬਸਫੋਰਡ ਦੇ ਦੋਵੇਂ ਮੈਂਬਰ ਪਾਰਲੀਮੈਂਟ ਜਤੀ ਸਿੱਧੂ ਅਤੇ ਐੱਡ ਫਾਸਟ ਸਮੇਤ ਮੇਅਰ ਤੇ ਕੌਂਸਲ 3 ਘੰਟੇ ਲਗਾਤਾਰ ਬਹਿ ਕੇ ਸਾਰੇ ਬੁਲਾਰਿਆਂ ਨੂੰ ਸੁਣਦੇ ਰਹੇ। ਸਿਟੀ ਕੌਂਸਲਰਾਂ ਵਿੱਚ ਡਾਕਟਰ ਬਰੂਸ ਬੈਨਮੈਨ, ਕੈਲੀ ਚਾਹਲ, ਸਕੂਲ ਟਰੱਸਟੀਆਂ ਅਤੇ ਪੁਲੀਸ ਕਮਿਸ਼ਨਰਾਂ ਸਮੇਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ ਦੇ ਪ੍ਰਬੰਧਕਾਂ ਨੇ ਵੀ ਹਾਜ਼ਰੀ ਲਵਾਈ। 

ਪ੍ਰੋਗਰਾਮ ਦੇ ਅਖੀਰ 'ਚ ਬਹੁਤ ਸਾਰੇ ਲੋਕਾਂ ਨੇ ਵਲੰਟੀਅਰਾਂ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਦਾ ਅਹਿਦ ਲਿਆ। ਅਖੀਰ ਨਿਚੋੜ ਰੂਪ 'ਚ ਕੁਝ ਮਤਿਆਂ ਨੂੰ ਸਾਂਝੀ ਪ੍ਰਵਾਨਗੀ ਦਿੱਤੀ ਗਈ। ਡਰੱਗ ਅਤੇ ਗੈਂਗ ਹਿੰਸਾ ਰੋਕਣ ਲਈ ਵਿਭਿੰਨਤਾ ਦੀ ਰੂਪਰੇਖਾ ਤਿਆਰ ਕਰਨੀ (ਡਾਇਵਰਸਿਟੀ ਪਲੈਨ), ਕਾਨੂੰਨੀ ਸੋਧਾਂ ਲਈ ਸਾਂਝੇ ਕਦਮ ਚੁੱਕਣੇ, ਸਿਟੀ ਆਫ਼ ਐਬਟਸਫੋਰਡ ਲਈ ਫੈਡਰਲ ਪੱਧਰ 'ਤੇ ਮਿਲਣ ਵਾਲੇ ਫ਼ੰਡ ਮੁਹੱਈਆ ਕਰਵਾਉਣ ਲਈ ਕਦਮ ਚੁੱਕਣੇ, ਸਕੂਲੀ ਪੱਧਰ 'ਤੇ ਕੌਂਸਲਰਾਂ 'ਚ ਵਾਧਾ, ਐਂਟੀ ਗੈਂਗ ਫੋਰਸ ਵਿੱਚ ਪੁਲੀਸ ਅਧਿਕਾਰੀਆਂ ਦੀ ਗਿਣਤੀ 'ਚ ਵਾਧਾ ਕਰਨ ਵੱਖ-ਵੱਖ ਖੇਡ ਮੇਲਿਆਂ ਦੌਰਾਨ ਨਸ਼ਿਆਂ ਦੀ ਵਰਤੋਂ ਅਤੇ ਸ਼ਰਾਬ ਦੇ ਸੇਵਨ 'ਤੇ ਰੋਕ ਲਾਉਣੀ, ਸਭਿਆਚਾਰਕ ਮੇਲਿਆਂ ਦੌਰਾਨ ਅਸ਼ਲੀਲ ਗਾਇਕੀ ਅਤੇ ਭੜਕਾਊ ਸ਼ੋਰ 'ਤੇ ਸਖ਼ਤ ਕਦਮ ਚੁੱਕਣ ਲਈ ਰੈਂਟਲ ਐਗਰੀਮੈਂਟ ਅਧੀਨ ਇਨ੍ਹਾਂ ਉਦੇਸ਼ਾਂ ਲਈ ਦਿੱਤੀ ਜਾਣ ਵਾਲੀ ਜਗ੍ਹਾ ਸੰਬੰਧੀ ਪੁਨਰ ਵਿਚਾਰ ਕਰਨਾ ਅਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਸਖ਼ਤ ਕਦਮ ਚੁੱਕਣ ਸਬੰਧੀ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਹਾਜ਼ਰ ਲੋਕਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।

ਹਿੰਸਾ ਦੌਰਾਨ ਮਾਰੇ ਗਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਕਰੀਬ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ 'ਚ ਹਾਜ਼ਰ ਲੋਕਾਂ ਨੇ ਪੂਰੀ ਸ਼ਿੱਦਤ ਨਾਲ ਸਾਰੇ ਬੁਲਾਰਿਆਂ ਨੂੰ ਸ਼ਾਂਤ ਮਾਹੌਲ 'ਚ ਸੁਣਿਆ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹਿੰਸਾ ਅਤੇ ਨਸ਼ਿਆਂ ਖ਼ਿਲਾਫ਼ ਠੋਸ ਕਦਮ ਉਠਾਉਣ ਦਾ ਪ੍ਰਣ ਲਿਆ। ਇਹ ਟਾਊਨ ਹਾਲ ਮੀਟਿੰਗ ਬਹੁਤ ਸਾਰੇ ਪਹਿਲੂਆਂ 'ਤੇ ਚਾਨਣਾ ਪਾਉਂਦੀ ਸਾਰਥਿਕ ਹੋ ਨਿੱਬੜੀ।     

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES