Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਤੋਂ ਬਾਅਦ ਭਾਰਤ ਵੀ ਹੋਇਆ ਕਰਤਾਰਪੁਰ ਲਾਂਘੇ ਲਈ ਰਾਜ਼ੀ

Posted on November 23rd, 2018


ਅੰਮ੍ਰਿਤਸਰ- ਨਾਨਕ ਨਾਮ ਲੇਵਾ ਪ੍ਰਾਣੀਆਂ ਲਈ ਖੁਸ਼ੀ ਦੀ ਖਬਰ ਆਈ ਜਦ ਪਾਕਿਸਤਾਨ ਸਰਕਾਰ ਤੋਂ ਬਾਅਦ ਭਾਰਤ ਸਰਕਾਰ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਬਣਾਉਣ ਵਾਸਤੇ ਮੰਨ ਗਈ। 

ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਸੰਗਤ ਦੇ ਇਸ ਸੁਪਨੇ ਨੂੰ ਹਕੀਕਤ 'ਚ ਬਦਲਣ ਲਈ ਲਗਭਗ ਦੋ ਦਹਾਕੇ ਪਹਿਲਾਂ ਸਰਕਾਰਾਂ ਦਾ ਇਸ ਮੁੱਦੇ 'ਤੇ ਧਿਆਨ ਖਿੱਚਣ ਲਈ ਸਰਹੱਦ 'ਤੇ ਜਾ ਕੇ ਅਰਦਾਸ ਕਰਨੀ ਆਰੰਭੀ ਤੇ ਫਿਰ ਇਹ ਮੁੱਦਾ ਦੇਸ਼-ਵਿਦੇਸ਼ ਦੇ ਸਿੱਖਾਂ ਦੀ ਮੰਗ ਬਣ ਗਿਆ। ਇਸ ਮੁੱਦੇ ਨੇ ਬਹੁਤੀ ਰਫ਼ਤਾਰ ਉਦੋਂ ਫੜੀ ਜਦ ਨਵਜੋਤ ਸਿੱਧੂ ਹੁਣੀਂ ਇਮਰਾਨ ਖਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਅਤੇ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾ ਲਈ। ਉਸ ਜੱਫੀ ਨੇ ਕਈਆਂ ਦੇ ਢਿੱਡ ਸੂਲ਼ ਉਠਾਈ ਪਰ ਉਸਦੀ ਗਰਮਾਹਟ ਨੇ ਇਸ ਮੰਗ ਨੂੰ ਗਰਮਾ ਦਿੱਤਾ।

ਪਾਕਿਸਤਾਨ ਸਾਲਾਂ ਤੋਂ ਕਹਿ ਰਿਹਾ ਸੀ ਕਿ ਉਹ ਲਾਂਘਾ ਦੇਣ ਲਈ ਤਿਆਰ ਹੈ। ਸ਼ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਲਾਂਘਾ ਆਪਣੇ ਖ਼ਰਚੇ 'ਤੇ ਬਣਾਉਣ ਲਈ ਤਿਆਰ ਸਨ ਤੇ ਅਖੀਰ ਭਾਰਤ ਸਰਕਾਰ ਦੇ ਮਨ ਮਿਹਰ ਪਈ ਹੈ ਤੇ ਉਹ ਲਾਂਘਾ ਖੋਲ੍ਹਣ ਲਈ ਰਾਜ਼ੀ ਹੋ ਗਏ ਹਨ।

ਲਾਂਘਾ ਤਿਆਰ ਕਰਨ ਸਬੰਧੀ ਇਤਿਹਾਸਕ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ। ਇਸ ਦੌਰਾਨ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਸਰਹੱਦ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਤੱਕ ਲਾਂਘਾ ਤਿਆਰ ਕਰੇ ਤਾਂ ਜੋ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੀਟਿੰਗ ਦੇ ਫੈਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਰਕਾਰ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰੇਗੀ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਤਸਵੀਰ ਤੋਂ ਸ਼ਰਧਾਲੂਆਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਤਹਿਤ 'ਪਿੰਡ ਬਾਬੇ ਨਾਨਕ ਦਾ' ਉਸਾਰਿਆ ਜਾਵੇਗਾ। ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਵੀ ਵਿਕਸਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸਰਬ ਧਰਮ ਕੇਂਦਰ ਸਥਾਪਿਤ ਕੀਤਾ ਜਾਵੇਗਾ। ਕੈਨੇਡਾ ਅਤੇ ਬਰਤਾਨੀਆ 'ਚ ਇਕ ਇਕ ਯੂਨੀਵਰਸਿਟੀ ਵਿਚ ਗੁਰੂ ਨਾਨਕ ਦੇਵ ਚੇਅਰ ਸਥਾਪਿਤ ਕੀਤੀ ਜਾਵੇਗੀ। ਨਵੀਂ ਦਿੱਲੀ ਵਿਚ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਅੰਤਰਾਰਸ਼ਟਰੀ ਸੈਮੀਨਾਰ ਹੋਣਗੇ। ਇਸ ਤੋਂ ਇਲਾਵਾ ਸਰਕਾਰ ਵਲੋਂ ਸਿੱਕੇ ਅਤੇ ਮੋਹਰਾਂ ਵੀ ਜਾਰੀ ਕੀਤੀਆਂ ਜਾਣਗੀਆਂ। ਵਿਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨੇ ਵੀ ਗੁਰੂ ਜੀ ਸਬੰਧੀ ਵਿਸ਼ੇਸ਼ ਸਮਾਗਮ ਰਚਾਉਣਗੇ। 

ਪਾਕਿਸਤਾਨ ਨੇ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਹੈ ਅਤੇ ਇਸ ਫ਼ੈਸਲੇ ਸਬੰਧੀ ਭਾਰਤ ਨੂੰ ਸੁਨੇਹਾ ਦੇ ਦਿੱਤਾ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਕੀਤੇ ਇਸ ਐਲਾਨ ਨਾਲ ਦੋਵੇਂ ਮੁਲਕਾਂ ਵਿਚਕਾਰ ਤਣਾਅ ਘਟਾਉਣ 'ਚ ਸਹਾਇਤਾ ਮਿਲ ਸਕਦੀ ਹੈ। ਕੁਰੈਸ਼ੀ ਨੇ ਟਵੀਟ ਕਰਕੇ ਦੱਸਿਆ,''ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਤਾਰਪੁਰ 'ਚ ਵਿਕਾਸ ਕਾਰਜਾਂ ਦਾ 28 ਨਵੰਬਰ ਨੂੰ ਨੀਂਹ ਪੱਥਰ ਰੱਖਣਗੇ। ਅਸੀਂ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਸਿੱਖ ਸੰਗਤ ਦਾ ਸਵਾਗਤ ਕਰਾਂਗੇ।'' ਭਾਰਤ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਵਾਸਤੇ ਲਾਂਘਾ ਬਣਾਉਣ ਦੀ ਪਾਕਿਸਤਾਨ ਨੂੰ ਬੇਨਤੀ ਕਰਨ ਦੇ ਕੁਝ ਘੰਟਿਆਂ ਮਗਰੋਂ ਕੁਰੈਸ਼ੀ ਦਾ ਇਹ ਬਿਆਨ ਆਇਆ ਹੈ। 

ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਭਾਰਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸ਼ਾਂਤੀ ਦੀ ਜਿੱਤ ਕਰਾਰ ਦਿੱਤਾ। ਦਿੱਲੀ 'ਚ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨੀ ਸਰਕਾਰ ਕੋਲ ਪਹੁੰਚ ਕੀਤੀ ਹੈ। ਇਸ ਦੇ ਜਵਾਬ 'ਚ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲਾਂ ਵੀ ਕਰਤਾਰਪੁਰ ਸਾਹਿਬ ਸਮੇਤ ਸਾਰੇ ਮੁੱਦਿਆਂ 'ਤੇ ਵਾਰਤਾ ਦੀ ਤਜਵੀਜ਼ ਦਿੱਤੀ ਸੀ ਪਰ ਭਾਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ 26 ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ। ਇਸ ਕਸਬੇ ਤੋਂ ਕਰਤਾਰਪੁਰ ਤਕ ਦਾ ਫਾਸਲਾ ਤਕਰੀਬਨ ਚਾਰ ਕਿਲੋਮੀਟਰ ਦਾ ਹੈ।

ਲੋਕਾਂ ਦੀ ਮੰਗ ਹੈ ਕਿ ਇਹ ਲਾਂਘਾ ਕੇਵਲ ਇਸ ਗੁਰਪੁਰਬ ਲਈ ਨਹੀਂ ਬਲਕਿ ਸਦਾ ਲਈ ਖੁੱਲ੍ਹੇ ਅਤੇ ਦੋਵਾਂ ਪੰਜਾਬਾਂ ਵਿਚਲੇ ਹੋਰ ਲਾਂਘੇ ਵੀ ਖੁੱਲ੍ਹਣ ਤਾਂ ਕਿ ਇੱਧਰ ਤੇ ਓਧਰ ਵਸਦਾ ਹਰ ਸਿੱਖ-ਹਿੰਦੂ-ਮੁਸਲਮਾਨ ਵਿਛੋੜੇ ਗਏ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕੇ, ਸਦਾ ਲਈ ਵਿੱਛੜਿਆਂ ਦੇ ਗਲ਼ ਲੱਗਣ ਆ-ਜਾ ਸਕੇ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES