Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੰਬ ਧਮਾਕੇ ਸਬੰਧੀ ਫੜੇ ਨੌਜਵਾਨਾਂ ਬਾਰੇ ਪੁਲਿਸ ਦੀ ਕਹਾਣੀ ਨੂੰ ਪਿੰਡ ਵਾਲੇ ਮੰਨਣ ਲਈ ਤਿਆਰ ਨਹੀਂ

Posted on November 23rd, 2018


ਸ੍ਰੀ ਅੰਮ੍ਰਿਤਸਰ ਸਾਹਿਬ- ਪਿੰਡ ਅਦਲੀਵਾਲ 'ਚ ਐਤਵਾਰ ਵਾਲੇ ਦਿਨ ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਬੰਬ ਧਮਾਕੇ ਸਬੰਧੀ ਇੱਕ ਸਿੱਖ ਨੌਜਵਾਨ ਦੀ ਵਿਖਾਈ ਗ੍ਰਿਫਤਾਰੀ ਅਤੇ ਇਕ ਹੋਰ ਨੌਜੁਆਨ ਦੇ ਭਗੌੜਾ ਹੋਣ ਦੀ ਕਹਾਣੀ ਪਿੰਡ ਚੱਕ ਮਿਸ਼ਰੀ ਖਾਨ ਅਤੇ ਧਾਰੀਵਾਲ ਦੇ ਵਸਨੀਕਾਂ ਦੇ ਸੰਘ ਹੇਠ ਹੀ ਨਹੀ ਲਹਿ ਰਹੀ। 8 ਕਿੱਲ੍ਹੇ ਜ਼ਮੀਨ ਵਿੱਚ ਵਾਹੀ ਕਰਕੇ ਪਹਿਲਾਂ ਆਪਣੇ ਵੱਡੇ ਭਰਾ ਨੂੰ ਕੈਨੇਡਾ ਭੇਜਣ ਵਾਲੇ ਤੇ ਹੁਣ ਆਪ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਬਿਕਰਮਜੀਤ ਸਿੰਘ ਦਾ ਖੁੱਲ੍ਹੇ ਵਿਹੜੇ ਵਾਲਾ ਮਕਾਨ, ਅੰਦਰੂਨੀ ਦਰਦ ਨਾਲ ਭਰੇ ਹੋਏ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨਾਲ ਭਰਿਆ ਹੋਇਆ ਹੈ।

ਮਾਤਾ ਸੁਖਵਿੰਦਰ ਕੌਰ, ਤਾਇਆ ਪਿਆਰਾ ਸਿੰਘ, ਤਾਈ, ਭੈਣਾਂ-ਭਰਾ ਤੇ ਹੋਰ ਰਿਸ਼ਤੇਦਾਰਾਂ ਵਲੋਂ ਇੱਕ ਹੀ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਪੁਲਿਸ ਨੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੇ ਬਰਾਮਦ ਵਸਤਾਂ ਬਾਰੇ ਐਨਾ ਵੱਡਾ ਕੁਫਰ ਕਿਉਂ ਤੋਲਿਆ? ਬਿਕਰਮਜੀਤ ਸਿੰਘ ਦੀ ਕਥਿਤ ਗ੍ਰਿਫਤਾਰੀ ਬਾਰੇ ਜਾਣਕਾਰੀ ਲੈਣ ਲਈ ਪਹੁੰਚਣ ਵਾਲੇ ਹਰ ਪੱਤਰਕਾਰ ਸਾਹਮਣੇ ਅਜਿਹੇ ਸਵਾਲਾਂ ਦਾ ਮੀਂਹ ਜਰੂਰ ਪੈਂਦਾ ਹੈ। ਮਾਤਾ ਸੁਖਵਿੰਦਰ ਕੌਰ ਦੱਸਦੀ ਹੈ ਕਿ ਐਤਵਾਰ ਤੇ ਸੋਮਵਾਰ ਸਾਰਾ ਦਿਨ ਹੀ ਬਿਕਰਮਜੀਤ ਸਿੰਘ ਖੇਤਾਂ ਵਿੱਚ ਕਣਕ ਬੀਜਣ ਵਿੱਚ ਕਾਮਿਆਂ ਨਾਲ ਰੁੱਝਾ ਰਿਹਾ।

ਸੋਮਵਾਰ ਰਾਤ ਦੇ ਦਸ ਸਾਢੇ ਦਸ ਵਜੇ ਦਾ ਸਮਾਂ ਹੋਵੇਗਾ ਕਿ ਪੁਲਿਸ ਦੀ ਇੱਕ ਵੱਡੀ ਧਾੜ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਆਣ ਵੜੀ ਤੇ ਕਮਰਿਆਂ ਦੇ ਬੂਹੇ ਖੜਕਾਉਣੇ ਸ਼ੁਰੂ ਕਰ ਦਿੱਤੇ। ਅੱਬੜਵਾਹੇ ਸਾਰਾ ਟੱਬਰ ਜਾਗ ਗਿਆ। ਬਿਕਰਮਜੀਤ ਸਿੰਘ ਵੀ ਅੱਧ-ਪਚੱਧੇ ਕੱਪੜਿਆਂ ਨਾਲ ਜਿਵੇਂ ਸੁੱਤਾ ਸੀ, ਉੱਠਿਆ। ਪੁਲਿਸ ਪਾਰਟੀ ਨੇ ਬਿਨ੍ਹਾਂ ਕੁਝ ਪੁੱਛਿਆਂ ਹੀ ਉਸਨੂੰ ਫੜ੍ਹ ਲਿਆ ਅਤੇ ਗੱਡੀ ਵਿੱਚ ਸੁੱਟ ਲਿਆ। ਇਸ ਉਪਰੰਤ ਪੁਲਿਸ ਤਕਰੀਬਨ ਦੋ ਘੰਟੇ ਘਰ ਦੀ ਤਲਾਸ਼ੀ ਲੈਂਦੀ ਰਹੀ ਪਰ ਪੁਲਿਸ ਦੇ ਹੱਥ ਕੁਝ ਨਾ ਆਇਆ। ਜਾਣ ਲੱਗਿਆਂ ਇੱਕ ਪੁਲਿਸ ਵਾਲੇ ਦੀ ਨਿਗਾਹ ਵਿਹੜੇ ਵਿੱਚ ਪਏ ਮੋਟਰ ਸਾਈਕਲ 'ਤੇ ਪਈ ਤੇ ਕਿੱਕ ਮਾਰ ਕੇ ਨਾਲ ਹੀ ਤੋਰ ਲਿਆ। ਤਾਇਆ ਪਿਆਰਾ ਸਿੰਘ ਦੱਸਦੇ ਹਨ ਕਿ ਸਵੇਰ ਤੀਕ ਕੋਈ ਸੂਹ ਨਹੀ ਮਿਲੀ ਕਿ ਕਿਹੜੀ ਪੁਲਿਸ ਬਿਕਰਮਜੀਤ ਨੂੰ ਲੈ ਗਈ ਹੈ। ਮੰਗਲਵਾਰ ਸ਼ਾਮ ਨੂੰ ਇੱਕ ਹੋਰ ਪੁਲਿਸ ਪਾਰਟੀ ਆਈ ਤੇ ਬਿਕਰਮਜੀਤ ਸਿੰਘ ਦੀ ਪੈਂਟ ਕਮੀਜ਼, ਦਸਤਾਰ ਤੇ ਨਾਈਕੀ ਦੇ ਬੂਟ ਤੀਕ ਮੰਗ ਲਏ, 'ਅਖੇ ਉਸਨੇ ਮੰਗਾਏ ਹਨ'।

ਮੰਗਲਵਾਰ ਦੀ ਸ਼ਾਮ ਹੀ ਪਰਿਵਾਰ ਨੂੰ ਪਤਾ ਲੱਗ ਸਕਿਆ ਕਿ ਬਿਕਰਮਜੀਤ ਸਿੰਘ ਮਾਲ ਮੰਡੀ ਪੁਲਿਸ ਕੋਲ ਹੈ। ਬਿਕਰਮਜੀਤ ਦੇ ਕਰੀਬੀ ਰਿਸ਼ਤੇਦਾਰਾਂ ਵਿੱਚ ਇੱਕ ਭਰਾ ਪੁਲਿਸ ਵਿੱਚ ਹੈ ਤੇ ਇਸੇ ਪਿੰਡ ਚੱਕ ਮਿਸ਼ਰੀ ਖਾਨ ਵਿੱਚ ਰਹਿ ਰਿਹੈ। ਉਸਤੋਂ ਪਤਾ ਲਗਾ ਕਿ ਸੋਮਵਾਰ ਹੀ ਕਿਸੇ ਪੁਲਿਸ ਅਫਸਰ ਨੇ ਫੋਨ ਕੀਤਾ ਸੀ 'ਤੇਰੇ ਘਰ ਚਾਹ ਪੀਣ ਆ ਰਹੇ ਆਂ'। ਪੁਲਿਸ ਮੁਲਾਜ਼ਮ ਆਏ ਤੇ ਸਰਸਰੀ ਜਿਹੀ ਗੱਲ ਕੀਤੀ ਕਿ ਤੇਰੇ ਪਿੰਡ ਦਾ ਕੋਈ ਬਿਕਰਮਜੀਤ ਸਿੰਘ ਹੈ, ਉਸਦਾ ਨਾਮ ਬੰਬ ਧਮਾਕੇ ਵਿੱਚ ਬੋਲਦਾ। ਰਿਸ਼ਤੇਦਾਰ ਭਰਾ ਨੇ ਦੱਸਿਆ 'ਮੇਰਾ ਭਰਾ ਹੈ' ਐਹ ਨਾਲ ਈ ਗੁਰਦੁਆਰਾ ਐ, ਉਸਦੇ ਨਾਲ ਦਾ ਵੱਡਾ ਜਿਹਾ ਘਰ'। ਪੁਲਿਸ ਮੁਲਾਜ਼ਮ ਨੇ ਕਿਹਾ ਜੇ ਉਹ ਘਰ ਹੋਇਆ ਤਾਂ ਸਮਝੋ ਬੇਕਸੂਰ, ਜੇ ਨਾ ਹੋਇਆ ਤਾਂ ਕਸੂਰਵਾਰ'। ਐਨੀ ਗੱਲ ਕਰਦਿਆਂ ਹੀ ਡਾਹਢੀ ਦੁਖੀ ਤਾਈ ਦੁਹੱਥੜ ਤੀਕ ਮਾਰਨ ਜਾਂਦੀ ਹੈ 'ਫੜਿਆ ਤਾਂ ਘਰੋਂ ਆ, ਮਿਲਿਆ ਕੁਝ ਨਹੀ ਤੇ ਫਿਰ ਐਨਾ ਕੁਫਰ ਤੋਲਣ ਦੀ ਕੀ ਲੋੜ ਸੀ। ਜਿਸਨੇ ਕਦੀ ਉੱਚੀ ਸਾਹ ਨਹੀ ਲਿਆ ਉਹ ਅੱਤਵਾਦੀ ਤੇ ਜਿਹੜੇ ਮੇਰੇ ਪੁੱਤ ਨੂੰ ਬਿਨ੍ਹਾ ਵਜ੍ਹਾ ਚੁੱਕ ਕੇ ਲੈ ਗਏ ਉਹ ਸੱਤਵਾਦੀ।

ਤਾਈ ਤਾਂ ਐਥੌਂ ਤੀਕ ਕਹਿ ਰਹੀ ਸੀ 'ਐਹ ਟੱਬਰ ਨਹੀ ਮੰਨਿਆਂ ਨਹੀ ਤਾਂ 4-5 ਪਿੰਡ ਕੱਠੇ ਕਰਕੇ ਮੂੰਹ ਭੰਨ ਆਈਦਾ ਇਹੌ ਜਿਹੇ ਝੂਠਿਆਂ ਦਾ।' ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਬੰਬ ਧਮਾਕੇ ਦੀ ਖਬਰ ਦੇ ਬਾਅਦ ਹੀ ਪੁਲਿਸ ਸਾਰੇ ਹੀ ਪਿੰਡਾਂ ਵਿੱਚ ਨੌਜੁਆਨ ਸਿੱਖ ਮੁੰਡਿਆਂ ਦੀ ਸ਼ਨਾਖਤ ਕਰਨ ਨਿਕਲ ਤੁਰੀ ਸੀ। ਰਾਤੋ-ਰਾਤ ਥਾਣੇ ਭਰਕੇ ਅਫਸਰਾਂ ਦੀ ਸ਼ਾਬਾਸ਼ ਲੈਣ ਦਾ ਦੌਰ ਸ਼ੁਰੂ ਹੋ ਗਿਆ। ਵੱਡੀ ਗਿਣਤੀ ਪਿੰਡਾਂ ਦੇ ਨੌਜੁਆਨ ਘਰਾਂ ਨੂੰ ਪਰਤ ਆਏ ਨੇ ਪਰ ਇਹ ਪਿੰਡ ਅਜੇ ਵੀ ਸਦਮੇ ਵਿੱਚ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਕਦੇ ਬਿਕਰਮਜੀਤ ਸਿੰਘ ਨੂੰ ਅਵਤਾਰ ਸਿੰਘ ਨਾਮੀ ਨਿਹੰਗ ਬਾਣੇ ਵਾਲਾ ਕੋਈ ਸ਼ਖਸ਼ ਮਿਲਣ ਆਇਆ ਤਾਂ ਹਰ ਪਾਸਿਓਂ ਹੀ ਜਵਾਬ ਸੀ । 'ਨਾ ਉਹ ਕਦੇ ਕਿਸੇ ਦੇ ਘਰ ਜਾਵੇ, ਨਾ ਉਸਦੇ ਵੱਲ ਕੋਈ ਆਵੇ। ਉਸਦੇ ਸਾਥੀ ਤਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਸਨ ਤੇ ਨਾ ਕਦੇ ਕੋਈ ਓਪਰਾ ਬੰਦਾ ਉਸਨੂੰ ਮਿਲਣ ਆਇਆ ਈ ਆ।'

ਬਿਕਰਮਜੀਤ ਸਿੰਘ ਦੇ ਪਿੰਡ ਧਾਰੀਵਾਲ ਤੋਂ ਕੋਈ 12-15 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਚੱਕ ਮਿਸ਼ਰੀ ਖਾਨ ਪੁੱਜਣ ਲਈ ਕਈਂ ਟੇਢੀਆਂ-ਮੇਢੀਆਂ ਸੜਕਾਂ ਲੰਘਣੀਆਂ ਪੈਂਦੀਆਂ ਹਨ। ਪੁੱਛਣ 'ਤੇ ਪਤਾ ਲਗਦੈ ਕਿ ਐਹ ਮੋੜ ਮੁੜਕੇ ਪਹਿਲਾ ਘਰ ਹੈ ਡਾ. ਅਵਤਾਰ ਸਿੰਘ ਖਾਲਸੇ ਦਾ। ਘਰ ਦਾ ਮੁੱਖ ਗੇਟ ਅਤੇ ਵਿਹੜਾ ਪਾਰ ਕਰਕੇ ਬਣੇ ਤਿੰਨ-ਚਾਰ ਕਮਰੇ ਖੁੱਲ੍ਹੇ ਪਏ ਹਨ। ਪੁਲਿਸ ਦੀ ਇੱਕ ਪੱਕੀ ਚੌਕੀ ਵਾਲਾ ਮਾਹੌਲ ਹੈ। ਵਰਾਂਡੇ ਵਿੱਚ ਇਕ ਮੇਜ 'ਤੇ ਨਿਹੰਗ ਬਾਣੇ ਵਿੱਚ ਅਵਤਾਰ ਸਿੰਘ, ਉਸਦੀ ਪਤਨੀ ਤੇ ਇੱਕ ਛੋਟੀ ਬੱਚੀ ਦੀ ਤਸਵੀਰ ਪਈ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਦ ਉਹ ਆਏ ਤਾਂ ਘਰ ਖੁੱਲਾ ਪਿਆ ਸੀ ਪਰ ਦੱਬੀ ਜੀਭ ਨਾਲ ਪਿੰਡ ਵਾਲੇ ਦੱਸਦੇ ਹਨ ਕਿ ਘਰ ਦੇ ਤਾਲੇ ਤਾਂ ਪੁਲਿਸ ਨੇ ਹੀ ਭੰਨੇ ਹਨ। ਕਮਰਿਆਂ ਵਿੱਚ ਖਿੱਲਰਿਆ ਸਮਾਨ ਵੀ ਇਹੀ ਤਸਦੀਕ ਕਰਦਾ ਹੈ ਕਿ ਤਲਾਸ਼ੀ ਮੁਹਿੰਮ ਚੱਲੀ ਹੈ। ਕੋਈ 250- 300 ਗਜ ਦੇ ਕਰੀਬ ਥਾਂ ਵਿੱਚ ਬਣੀ ਇਹ ਹਵੇਲੀ ਨੁਮਾ ਕੋਠੀ ਪੂਰੀ ਤਰ੍ਹਾਂ ਸੁੰਨ ਸਾਨ ਹੈ ਤੇ ਨਾਲ ਹੀ ਡਾ. ਖਾਲਸਾ ਦੀ ਉਹ ਦੁਕਾਨ, ਜਿਥੇ ਉਹ ਆਰ.ਐਮ.ਪੀ ਵਜੋਂ ਬੈਠਦੇ ਹਨ। 

ਬਲਾਕ ਚੋਗਾਵਾਂ ਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਮੌਕੇ 'ਤੇ ਪੁੱਜ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪਿੰਡ 'ਚ ਖੇਤੀਬਾੜੀ ਦੇ ਨਾਲ-ਨਾਲ ਆਪਣੇ ਘਰ ਦੇ ਸਾਹਮਣੇ ਡਾਕਟਰੀ ਤੇ ਕਰਿਆਨੇ ਦੀ ਦੁਕਾਨ ਕਰਕੇ ਆਪਣਾ ਘਰ ਪਰਿਵਾਰ ਪਾਲ ਰਿਹਾ ਸੀ। ਉਸ ਦਾ ਪਿਤਾ ਗੁਰਦਿਆਲ ਸਿੰਘ ਧਰਮੀ ਫ਼ੌਜੀ ਹੈ ਅਤੇ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫ਼ੌਜ ਵਲੋਂ ਕੀਤੇ ਗਏ ਹਮਲੇ ਦੌਰਾਨ ਰੋਸ ਵਜੋਂ ਨੌਕਰੀ ਛੱਡ ਕੇ ਆ ਗਿਆ ਸੀ, ਜਿਸ ਨੂੰ ਭਾਰਤੀ ਫ਼ੌਜ ਨੇ ਫੜ ਕੇ ਦੇਸ਼ ਧ੍ਰੋਹੀ ਦਾ ਕੇਸ ਬਣਾ ਕੇ ਜੋਧਪੁਰ ਜੇਲ੍ਹ 'ਚ ਬੰਦ ਕਰ ਦਿੱਤਾ ਸੀ।

ਅਵਤਾਰ ਸਿੰਘ ਦੇ ਘਰ ਦੋ ਬੇਟੀਆਂ ਕਮਲਪ੍ਰੀਤ ਕੌਰ (8) ਤੇ ਹਰਮਨ ਕੌਰ (5) ਸਾਲ ਹਨ, ਇਕ ਭਰਾ ਵਿਦੇਸ਼ 'ਚ ਹੈ। ਅਵਤਾਰ ਸਿੰਘ ਦੇ ਘਰ ਪੁਲਿਸ ਦਾ ਸਖ਼ਤ ਪਹਿਰਾ ਲੱਗਾ ਹੋਇਆ ਹੈ। ਪਿੰਡ ਵਾਸੀਆਂ ਜਿਨ੍ਹਾਂ 'ਚ ਉਸ ਦਾ ਭਤੀਜਾ ਭੁਪਿੰਦਰ ਸਿੰਘ ਤੇ ਹੋਰ ਰੁਪਿੰਦਰ ਸਿੰਘ, ਕੁਲਦੀਪ ਸਿੰਘ, ਸਾਹਿਬਦੀਪ ਸਿੰਘ, ਕੁਲਬੀਰ ਕੌਰ, ਹਰਪ੍ਰੀਤ ਕੌਰ ਆਦਿ ਸਮੇਤ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਅਵਤਾਰ ਸਿੰਘ ਪਿੰਡ 'ਚ ਰਹਿ ਕੇ ਜਿੱਥੇ ਖੇਤੀਬਾੜੀ ਨਾਲ ਦੁਕਾਨ ਕਰ ਰਿਹਾ ਸੀ, ਉਹ ਦੋਵੇ ਟਾਇਮ ਗੁਰੂ ਘਰ ਜਾਂਦਾ ਸੀ ਤੇ ਉਸ ਦਾ ਪਿਤਾ ਗੁਰਦਿਆਲ ਸਿੰਘ ਪਿੰਡ ਦੇ ਗੁਰਦੁਆਰੇ ਸਾਹਿਬ ਵਿਖੇ ਕੀਰਤਨ ਕਰਦਾ ਸੀ। ਸਾਰਾ ਪਰਿਵਾਰ ਘਰ ਤੋਂ ਗਾਇਬ ਹੈ, ਪਤਾ ਨਹੀਂ ਉਨ੍ਹਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਜਾਂ ਹੋਰ ਖ਼ੁਫ਼ੀਆ ਏਜੰਸੀਆਂ ਕਿਧਰੇ ਲੈ ਗਈਆਂ, ਇਸ ਬਾਰੇ ਕੋਈ ਪਤਾ ਨਹੀਂ ਲੱਗਾ।

ਅਵਤਾਰ ਸਿੰਘ ਦੇ ਘਰ ਅੱਗੇ ਲੱਗੇ ਪੁਲਿਸ ਦੇ ਪਹਿਰੇ ਕਾਰਨ ਪਿੰਡ ਵਾਸੀ ਹੈਰਾਨ ਹਨ ਕਿਉਂਕਿ ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਨੇ ਅਵਤਾਰ ਸਿੰਘ ਨੂੰ ਕਦੇ ਵੀ ਕਿਸੇ ਮਾੜੇ ਅਨਸਰ ਨਾਲ ਘੁੰਮਦੇ ਫ਼ਿਰਦੇ ਨਹੀਂ ਸੀ ਵੇਖਿਆ ਉਹ ਆਪਣੇ ਘਰ ਦੇ ਕੰਮਾਂ 'ਚ ਮਘਨ ਰਹਿੰਦਾ ਸੀ। ਪਿੰਡ ਵਾਸੀ ਅਵਤਾਰ ਸਿੰਘ ਨੂੰ ਅਦਲੀਵਾਲ ਗ੍ਰਨੇਡ ਹਮਲੇ 'ਚ ਸ਼ਾਮਿਲ ਕੀਤੇ ਜਾਣ 'ਤੇ ਯਕੀਨ ਨਹੀਂ ਕਰ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਸ਼ਾਮ ਅਵਤਾਰ ਸਿੰਘ ਦੇ ਘਰ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਪੁਲਿਸ ਆਪਣੇ ਨਾਲ ਲੈ ਗਈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES