Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਗਵੀਰ ਸਿੰਘ ਮੱਲ੍ਹੀ ਦੀਆਂ ਪੁਰਾਣੀਆਂ ਤਸਵੀਰਾਂ

ਐਬਟਸਫੋਰਡ 'ਚ ਨਿਰਦੋਸ਼ ਨੌਜਵਾਨ ਗੈਂਗ ਹਿੰਸਾ ਦੀ ਭੇਟ ਚੜ੍ਹਨ ਲੱਗੇ

Posted on November 16th, 2018


ਪੁਲੀਸ, ਪ੍ਰਸ਼ਾਸਨ ਅਤੇ ਸਿਆਸਤਦਾਨਾਂ ਪ੍ਰਤੀ ਲੋਕਾਂ 'ਚ ਭਾਰੀ ਰੋਹ

ਐਬਟਸਫੋਰਡ (ਗੁਰਪ੍ਰੀਤ ਸਿੰਘ ਸਹੋਤਾ)- ਬੀਤੇ ਲੌਂਗ ਵੀਕਐਂਡ ਦੌਰਾਨ ਲੋਅਰ ਮੇਨਲੈਂਡ ਵਿੱਚ ਗੋਲੀਆਂ ਚੱਲਣ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਚੋਂ ਦੋ ਵਾਰਦਾਤਾਂ ਜਾਨਲੇਵਾ ਸਾਬਤ ਹੋਈਆਂ। ਐਬਟਸਫੋਰਡ 'ਚ ਇੱਕ ਨਿਰਦੋਸ਼ ਨੌਜਵਾਨ ਨੂੰ ਮਿੱਥ ਕੇ ਮਾਰਨਾ ਭਾਈਚਾਰੇ ਨੂੰ ਧੁਰ ਅੰਦਰ ਤੱਕ ਹਿਲਾ ਗਿਆ ਹੈ, ਜਿਸ ਕਾਰਨ ਭਾਈਚਾਰੇ 'ਚ ਪੁਲੀਸ, ਪ੍ਰਸ਼ਾਸਨ ਅਤੇ ਸਿਆਸਤਦਾਨਾਂ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਸ਼ੁੱਕਰਵਾਰ ਵੱਡੇ ਤੜਕੇ ਸਰੀ ਦੀ 142 ਸਟਰੀਟ ਅਤੇ 70 ਐਵੇਨਿਊ ਲਾਗੇ ਇੱਕ 22 ਸਾਲਾ ਨੌਜਵਾਨ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਜਿਸਦੀ ਪਛਾਣ ਹਾਰਵੀ ਥਿੰਦ ਵਜੋਂ ਹੋਈ ਹੈ ਜਦਕਿ ਸਰੀ ਦੇ ਹੀ ਨਿਊਟਨ ਅਤੇ ਫਲੀਟਵੁੱਡ ਇਲਾਕਿਆਂ 'ਚ ਸ਼ਨੀਵਾਰ ਅਤੇ ਐਤਵਾਰ ਵਾਪਰੀਆਂ ਦੋ ਵਾਰਦਾਤਾਂ ਦੌਰਾਨ ਦੋ ਗੱਡੀਆਂ ਵਿਚਲੇ ਸਵਾਰਾਂ ਵਲੋਂ ਇੱਕ-ਦੂਜੇ 'ਤੇ ਗੋਲੀਆਂ ਚਲਾਈਆਂ ਗਈਆਂ, ਉਹ ਵੀ ਇਹ ਪ੍ਰਵਾਹ ਕੀਤੇ ਬਿਨਾਂ ਕਿ ਗੋਲੀ ਕਿਸੇ ਰਾਹਗੀਰ ਦੇ ਲੱਗ ਸਕਦੀ ਹੈ। ਇੱਕ ਗੋਲੀ ਇੱਕ ਘਰ ਦੀ ਕੰਧ ਪਾੜ ਕੇ ਬੇਸਮੈਂਟ 'ਚ ਜਾ ਵੜੀ ਅਤੇ ਜਦਕਿ ਇੱਕ ਹੋਰ ਗੋਲੀ ਸੜਕ ਕੰਢੇ ਖੜ੍ਹੀ ਗੱਡੀ ਦੇ ਸ਼ੀਸ਼ੇ 'ਚ ਜਾ ਵੱਜੀ। ਸੋਮਵਾਰ ਦੁਪਿਹਰ ਐਬਟਸਫੋਰਡ ਦੀ ਸਿੰਪਸਨ ਰੋਡ ਅਤੇ ਰੌਸ ਰੋਡ ਲਾਗੇ ਇੱਕ 19 ਸਾਲਾ ਨੌਜਵਾਨ ਜਗਵੀਰ ਸਿੰਘ ਮੱਲ੍ਹੀ ਨੂੰ ਦਿਨ-ਦਿਹਾੜੇ ਕਤਲ ਕੀਤਾ ਗਿਆ, ਜਦ ਉਹ ਰੀਅਲ ਅਸਟੇਟ ਕੋਰਸ ਦੀ ਪੜ੍ਹਾਈ ਕਰਨ ਲਈ ਹਾਲੇ ਨਜ਼ਦੀਕ ਸਥਿਤ ਆਪਣੇ ਘਰੋਂ ਨਿੱਕਲਿਆ ਹੀ ਸੀ।

ਇੱਥੋਂ ਦੇ ਡਬਲਿਊ. ਜੇ. ਮੋਇਟ ਸੈਕੰਡਰੀ ਸਕੂਲ ਤੋਂ ਗਰੈਜੂਏਟ ਅਤੇ ਸਕੂਲ ਸਮੇਂ ਸੂਬੇ ਦੇ ਬਾਸਕਟਬਾਲ ਦੇ ਸਭ ਤੋਂ ਚੰਗੇ 10 ਖਿਡਾਰੀਆਂ 'ਚ ਗਿਣਿਆ ਜਾਣ ਵਾਲਾ ਜਗਵੀਰ ਸਿੰਘ ਮੱਲ੍ਹੀ ਹੁਣ ਐਬਟਸਫੋਰਡ ਸਥਿਤ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿਖੇ ਕ੍ਰਿਮਨੌਲਜੀ ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਜ਼ਿਲ੍ਹਾ ਜਲੰਧਰ ਦੇ ਪਿੰਡ ਮਹੇੜੂ ਤੋਂ ਪਰਵਾਸ ਕਰਕੇ ਕੈਨੇਡਾ ਪੁੱਜੇ ਸ. ਕੁਲਵਿੰਦਰ ਸਿੰਘ ਮੱਲ੍ਹੀ ਦੇ ਇਸ ਛੋਟੇ ਬੇਟੇ 'ਜੱਗੀ' ਦਾ ਨਾ ਤਾਂ ਕੋਈ ਅਪਰਾਧਿਕ ਪਿਛੋਕੜ ਸੀ ਅਤੇ ਨਾ ਹੀ ਕਿਸੇ ਗੈਰਕਨੂੰਨੀ ਸਰਗਰਮੀ 'ਚ ਉਹ ਕਦੇ ਸ਼ਾਮਲ ਰਿਹਾ। ਪਰ ਫਿਰ ਵੀ ਉਸਦਾ ਦਿਨ ਦਿਹਾੜੇ ਮਿੱਥ ਕੇ ਕਤਲ ਕਰਨਾ ਸਥਾਨਕ ਪੰਜਾਬੀ ਮਾਪਿਆਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਇੱਕ ਵੱਡਾ ਭਰਾ ਛੱਡ ਗਿਆ ਹੈ।

ਐਬਟਸਫੋਰਡ ਦੇ ਲੋਕਾਂ, ਜਗਵੀਰ ਮੱਲ੍ਹੀ ਦੇ ਦੋਸਤਾਂ, ਉਸ ਨਾਲ ਯੂਨੀਵਰਸਿਟੀ ਪੜ੍ਹਦੇ ਵਿਦਿਆਰਥੀਆਂ, ਸਕੂਲ 'ਚ ਪੜ੍ਹਦੇ ਰਹੇ ਸਾਬਕਾ ਜਮਾਤੀਆਂ, ਅਧਿਆਪਕਾਂ ਸਮੇਤ ਉਸ ਨਾਲ ਬਾਸਕਟਬਾਲ ਖੇਡਦੇ ਰਹੇ ਬੱਚਿਆਂ ਦਾ ਵਾਰ-ਵਾਰ ਇਹੀ ਕਹਿਣਾ ਹੈ ਕਿ ਉਹ ਇੱਕ ਚੰਗਾ ਨੌਜਵਾਨ ਸੀ, ਜਿਸਦਾ ਗੈਂਗ ਹਿੰਸਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਸਦੇ ਸਾਬਕਾ ਅਧਿਆਪਕ ਮਾਈਕਲ ਐਂਜ਼ੋ ਨੇ ਕਿਹਾ ਕਿ ਉਹ ਇੱਕ ਹੋਣਹਾਰ ਬੱਚਾ ਸੀ, ਜਿਸਦਾ ਗੈਂਗਾਂ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ। ਉਸਦੇ ਦੋਸਤਾਂ ਨੇ ਦੱਸਿਆ ਕਿ ਜੱਗੀ ਕ੍ਰਿਮਨੌਲਜੀ ਕਰਕੇ ਜੇਲ੍ਹ ਸੁਧਾਰ ਅਧਿਕਾਰੀ (ਕੁਰੈਕਸ਼ਨਲ ਅਫਸਰ) ਬਣਨਾ ਚਾਹੁੰਦਾ ਸੀ ਅਤੇ ਇਸ ਵਕਤ ਉਹ ਰੀਅਲ ਅਸਟੇਟ ਦਾ ਕੋਰਸ ਕਰ ਰਿਹਾ ਸੀ ਤਾਂ ਕਿ ਡਿਗਰੀ ਪੂਰੀ ਕਰਨ ਲਈ ਕੁਝ ਕਮਾਈ ਕਰਕੇ ਮਾਪਿਆਂ ਦਾ ਭਾਰ ਵੰਡਾ ਸਕੇ।

ਜਗਵੀਰ ਨੂੰ ਜਾਨਣ ਵਾਲੇ ਦੋਸਤ ਅਤੇ ਹੋਰ ਲੋਕ ਇਸ ਗੱਲੋਂ ਖਫਾ ਹਨ ਕਿ ਪੁਲਿਸ ਝੱਟ ਬਿਆਨ ਦੇ ਦਿੰਦੀ ਹੈ ਕਿ ਕਤਲ ''ਗੈਂਗ ਹਿੰਸਾ ਨਾਲ ਸਬੰਧਿਤ'' ਸੀ ਪਰ ਇਹ ਨੀ ਦੱਸਦੀ ਕਿ ਮਰਨ ਵਾਲੇ ਦਾ ਗੈਂਗ ਹਿੰਸਾ ਨਾਲ ਕਿਹੋ ਜਿਹਾ ਅਤੇ ਕੀ ਸਬੰਧ ਸੀ? ਉਹ ਗਲਤ ਕੰਮ ਕਰਦਾ ਸੀ? ਜਾਂ ਉਸਨੂੰ ਵੈਸੇ ਹੀ ਕਿਸੇ ਕਾਰਨ ਮਾਰ ਦਿੱਤਾ ਗਿਆ। ਉਨ੍ਹਾਂ ਮੁਤਾਬਿਕ ਪੁਲਿਸ ਦਾ ਜਾਂਚ ਦਸਤਾ 'ਆਈਹਿੱਟ' ਇਸਨੂੰ ਗੈਂਗ ਹਿੰਸਾ ਨਾਲ ਜੋੜ ਕੇ ਆਪਣੇ ਗਲ਼ੋਂ ਗੱਲ ਲਾਹੁਣਾ ਚਾਹੁੰਦਾ ਹੈ। ਜੇ ਜਗਵੀਰ ਬਾਰੇ ਉਨ੍ਹਾਂ ਨੂੰ ਕੁਝ ਪਤਾ ਹੈ ਤਾਂ ਖੁੱਲ੍ਹ ਕੇ ਦੱਸਣ, ਵਰਨਾ ਇਹ ਮੰਨਣ ਕਿ ਐਬਟਸਫੋਰਡ 'ਚ ਨਿਰਦੋਸ਼ ਮਾਰੇ ਜਾਣ ਲੱਗੇ ਹਨ ਅਤੇ ਇਸ 'ਤੇ ਕਾਬੂ ਪਾਉਣ 'ਚ ਉਹ ਨਾਕਾਮ ਸਿੱਧ ਹੋ ਰਹੇ ਹਨ। ਆਪਣੀਆਂ ਨਾਕਾਮੀਆਂ ਲੁਕੌਣ ਲਈ ਉਹ ਕਿਸੇ ਚੰਗੇ ਬੱਚੇ ਦੀ ਮੌਤ ਦਾ ਸਹਾਰਾ ਨਾ ਲੈਣ।

ਬੀਤੇ ਅਗਸਤ ਮਹੀਨੇ ਤੋਂ ਹੁਣ ਤੱਕ ਐਬਟਸਫੋਰਡ 'ਚ ਚਾਰ ਮੌਤਾਂ ਹੋ ਚੁੱਕੀਆਂ ਹਨ। ਅਗਸਤ 'ਚ ਗਗਨ ਧਾਲੀਵਾਲ ਨੂੰ ਉਸਦੇ ਘਰ ਜਾ ਕੇ ਮਾਰਿਆ ਗਿਆ। ਅਕਤੂਬਰ ਦੇ ਪਹਿਲੇ ਹਫਤੇ ਵਰਿੰਦਰਪਾਲ ਗਿੱਲ ਉਰਫ ਵੀਪੀ ਨੂੰ ਮਿਸ਼ਨ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਜਦ ਕਿ ਅਕਤੂਬਰ ਦੇ ਤੀਜੇ ਹਫ਼ਤੇ ਮਨਦੀਪ ਗਰੇਵਾਲ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ, ਜਦ ਉਹ ਸ਼ਾਮ ਵੇਲੇ ਬੈਂਕ 'ਚੋਂ ਨਿਕਲ ਰਿਹਾ ਸੀ। ਸਾਰਾ ਸ਼ਹਿਰ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਮਨਦੀਪ ਦੇ ਭਰਾ ਗਲਤ ਕੰਮਾਂ 'ਚ ਸ਼ਾਮਲ ਹੋਣਗੇ ਪਰ ਇਹ ਨੌਜਵਾਨ ਬਿਲਕੁਲ ਵੀ ਕੋਈ ਗਲਤ ਕੰਮ ਨਹੀਂ ਸੀ ਕਰਦਾ। ਅਜਿਹਾ ਹੀ ਕੁਝ ਮਹੀਨੇ ਪਹਿਲਾਂ ਕਤਲ ਕੀਤੇ ਗਏ ਸਹਿਜ ਸਿੱਧੂ ਬਾਰੇ ਸੁਣਨ ਨੂੰ ਮਿਲਿਆ ਹੈ ਕਿ ਉਹ ਸਾਊ ਮੁੰਡਾ ਸੀ।

ਮਨਦੀਪ ਗਰੇਵਾਲ ਅਤੇ ਜਗਵੀਰ ਮੱਲੀ ਦੇ ਕਤਲ ਤੋਂ ਬਾਅਦ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਕੀ ਹੁਣ ਇਹ ਗੈਂਗ-ਵਾਰ ਪਰਿਵਾਰਾਂ ਤੱਕ ਪੁੱਜੇਗੀ? ਕੀ ਗੈਂਗਸਟਰ ਬਦਲਾ ਲੈਣ ਲਈ ਹੁਣ ਵਿਰੋਧੀ ਦੇ ਪਰਿਵਾਰ ਵਾਲਿਆਂ ਨੂੰ ਮਾਰ ਦਿਆ ਕਰਨਗੇ? ਫਿਰ ਐਬਟਸਫੋਰਡ ਤੇ ਮੈਕਸੀਕੋ 'ਚ ਕੀ ਫਰਕ ਰਹਿ ਗਿਆ?  ਐਬਟਸਫੋਰਡ ਪੁਲਿਸ ਅਤੇ ਸਥਾਨਕ ਸਿਆਸਤਦਾਨਾਂ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ। ਲੋਕ ਸ਼ਹਿਰੀ, ਸੂਬਾਈ ਅਤੇ ਕੇਂਦਰੀ ਸਿਆਸਤਦਾਨਾਂ ਤੋਂ ਜਵਾਬਤਲਬੀ ਕਰ ਰਹੇ ਹਨ ਕਿ ਹੋਰ ਕਿੰਨੇ ਕੁ ਨੌਜਵਾਨਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਦੀ ਜਾਗ ਖੁੱਲ੍ਹੇਗੀ ਤਾਂ ਕਿ ਕਨੂੰਨ ਅਤੇ ਗੈਂਗ ਹਿੰਸਾ ਕਾਬੂ ਕਰਨ ਦੇ ਤੌਰ-ਤਰੀਕਿਆਂ 'ਚ ਕੋਈ ਬਦਲਾਅ ਲਿਆਂਦਾ ਜਾ ਸਕੇ।

ਜਗਵੀਰ ਸਿੰਘ ਮੱਲ੍ਹੀ ਦੀ ਮ੍ਰਿਤਕ ਦੇਹ ਦਾ ਸਸਕਾਰ 23 ਨਵੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.30 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ, 2061- ਰਿਵਰਸਾਈਡ ਰੋਡ, ਐਬਟਸਫੋਰਡ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਉਸੇ ਦਿਨ ਬਾਅਦ ਦੁਪਹਿਰ 2 ਵਜੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ, ਐਬਟਸਫੋਰਡ ਵਿਖੇ ਹੋਵੇਗੀ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES