Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਤਲ ਕੀਤੇ ਗਏ ਵਰਿੰਦਰਪਾਲ ਗਿੱਲ ਉਰਫ ਵੀਪੀ ਗਿੱਲ ਦੀਆਂ ਪੁਰਾਣੀਆਂ ਤਸਵੀਰਾਂ

ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਕਤਲ

Posted on October 5th, 2018


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੁੱਧਵਾਰ ਰਾਤ ਇੱਥੋਂ ਤਕਰੀਬਨ 50 ਕਿੱਲੋਮੀਟਰ ਦੂਰ ਸਥਿਤ ਮਿਸ਼ਨ ਸ਼ਹਿਰ ਦੇ ਇੱਕ ਸਿਨੇਮੇ ਦੀ ਪਾਰਕਿੰਗ ਲਾਟ 'ਚ ਖੜ੍ਹੇ ਪਿਕਅੱਪ ਟਰੱਕ 'ਚੋਂ ਗੋਲ਼ੀਆਂ ਵਿੰਨ੍ਹੀ ਲਾਸ਼ ਮਿਲੀ ਹੈ, ਜਿਸਦੀ ਪਛਾਣ ਨਜ਼ਦੀਕੀ ਸ਼ਹਿਰ ਐਬਟਸਫੋਰਡ ਨਾਲ ਸਬੰਧਤ 19 ਸਾਲਾ ਨੌਜਵਾਨ ਵਰਿੰਦਰਪਾਲ ਗਿੱਲ ਉਰਫ ਵੀਪੀ ਗਿੱਲ ਵਜੋਂ ਹੋਈ ਹੈ। ਵੀਪੀ ਗਿੱਲ ਦਾ ਪਿਛਲਾ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਸੀ।

ਇੱਕ ਮਹੀਨਾ ਪਹਿਲਾਂ ਐਬਟਸਫੋਰਡ 'ਚ 20 ਸਾਲਾ ਨੌਜਵਾਨ ਗਗਨ ਧਾਲੀਵਾਲ ਦੇ ਕਤਲ ਮਗਰੋਂ ਭਾਈਚਾਰੇ 'ਚ ਇਹ ਚਰਚਾ ਜ਼ੋਰਾਂ 'ਤੇ ਸੀ ਕਿ ਇਸ ਕਤਲ ਪਿੱਛੇ ਵੀਪੀ ਗਿੱਲ ਦਾ ਹੱਥ ਹੋ ਸਕਦਾ ਹੈ। ਗਗਨ ਧਾਲੀਵਾਲ ਦਾ ਕਤਲ ਉਸਦੇ ਘਰ ਵੜ ਕੇ ਕੀਤਾ ਗਿਆ ਸੀ ਜਦ ਉਹ ਆਪਣੇ ਮਾਪਿਆਂ ਨਾਲ ਸਰੀ ਤੋਂ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਐਬਟਸਫੋਰਡ ਆਪਣੇ ਘਰ ਪੁੱਜਾ ਸੀ। ਇਸਤੋਂ ਬਾਅਦ ਐਬਟਸਫੋਰਡ ਪੁਲਿਸ ਨੇ ਵੀਪੀ ਗਿੱਲ ਨੂੰ ਆਮ ਲੋਕਾਂ ਲਈ ਖਤਰਾ ਦੱਸਦਿਆਂ ਉਸਤੋਂ ਲਾਂਭੇ ਰਹਿਣ ਦੀ ਤਾਕੀਦ ਵੀ ਕੀਤੀ ਸੀ। ਉਹ ਐਬਟਸਫੋਰਡ ਅੰਦਰ ਪੰਜਾਬੀ ਗੈਂਗਸਟਰਾਂ ਦਰਮਿਆਨ ਚੱਲ ਰਹੀ ਖੂਨੀ ਜੰਗ ਦੀ ਇੱਕ ਅਹਿਮ ਕੜੀ ਸੀ। ਚਸ਼ਮਦੀਦ ਗਵਾਹਾਂ ਮੁਤਾਬਿਕ ਸਿਨਮੇ ਦੀ ਪਾਰਕਿੰਗ ਲਾਟ 'ਚ ਖੜ੍ਹੇ ਟਰੱਕ 'ਚ ਬੈਠੇ ਵੀਪੀ ਗਿੱਲ ਦੇ ਚਾਰ ਗੋਲੀਆਂ ਮਾਰਨ ਤੋਂ ਬਾਅਦ ਹਮਲਾਵਰ ਕਾਰ 'ਚ ਫਰਾਰ ਹੋ ਗਏ ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਦੁਬਾਰਾ ਕੁਝ ਮਿੰਟ ਦੇ ਵਕਫੇ ਬਾਅਦ ਫਿਰ ਮੁੜੇ ਅਤੇ ਤਿੰਨ ਗੋਲੀਆਂ ਹੋਰ ਮਾਰ ਕੇ ਗਏ। 

ਐਬਟਸਫੋਰਡ 'ਚ ਲਗਾਤਾਰ ਹੋ ਰਹੇ ਪੰਜਾਬੀ ਮੁੰਡਿਆਂ ਦੇ ਕਤਲਾਂ ਨੇ ਸਥਾਨਕ ਪੰਜਾਬੀਆਂ ਦੀਆਂ ਚਿੰਤਾਵਾਂ ਬਹੁਤ ਵਧਾ ਦਿੱਤੀਆਂ ਹਨ। ਜਿੱਥੇ ਪੰਜਾਬੀ ਮਾਪੇ ਆਪਣੀ ਔਲਾਦ ਦੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ, ਉੱਥੇ ਪਹਿਲਾਂ ਹੋਏ ਕਤਲਾਂ ਸਬੰਧੀ ਇਨਸਾਫ਼ ਨਾ ਮਿਲਣ ਕਰਕੇ ਭਾਈਚਾਰੇ 'ਚ ਡਾਢਾ ਰੋਸ ਪਾਇਆ ਜਾ ਰਿਹਾ ਹੈ। 

ਉਧਰ ਐਬਟਸਫੋਰਡ ਤੋਂ ਥੋੜੀ ਦੂਰ ਸਥਿਤ ਸ਼ਹਿਰ ਚਿਲਾਵੈਕ 'ਚ ਦਿਨ ਦਿਹਾੜੇ ਹੋਈ ਗੋਲੀਬਾਰੀ 'ਚ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਮੁਤਾਬਿਕ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਹਮਲਾ ਬੁੱਧਵਾਰ ਰਾਤ ਨਜ਼ਦੀਕੀ ਸ਼ਹਿਰ ਮਿਸ਼ਨ 'ਚ ਕਤਲ ਕੀਤੇ ਪੰਜਾਬੀ ਨੌਜਵਾਨ ਵਰਿੰਦਰਪਾਲ ਗਿੱਲ ਨਾਲ ਸਬੰਧਿਤ ਹੈ, ਜਾਂ ਨਹੀਂ। ਮ੍ਰਿਤਕ ਦੀ ਪਛਾਣ ਇੱਕ 27 ਸਾਲਾ ਗੋਰੇ ਨੌਜਵਾਨ ਵਜੋਂ ਹੋਈ ਹੈ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES