Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੇਕਅੱਪ ਸਰੀ ਨੇ ਸ਼ਹਿਰ ਲਈ 40 ਮਿਲੀਅਨ ਡਾਲਰ ਦੀ ਫੈਡਰਲ ਫੰਡਿੰਗ ਮੰਗੀ ; ਟਰੂਡੋ ਤੋਂ ਮੁਲਾਕਾਤ ਲਈ ਸਮਾਂ ਮੰਗਿਆ

Posted on August 3rd, 2018ਸਰੀ (ਅਕਾਲ ਗਾਰਡੀਅਨ ਬਿਊਰੋ)- 18 ਜੁਲਾਈ ਤੋਂ 25 ਜੁਲਾਈ ਤੱਕ ਵੇਕਅੱਪ ਸਰੀ ਵਲੋਂ ਕਰਵਾਏ ਗਏ ਇੱਕ ਆਨ-ਲਾਈਨ ਸਰਵੇਖਣ ਵਿੱਚ 97 ਫੀਸਦੀ ਸ਼ਹਿਰ ਵਾਸੀਆਂ ਨੇ ਸਿਟੀ ਆਫ ਸਰੀ ਲਈ ਮੰਗੀ ਜਾ ਰਹੀ 40 ਮਿਲੀਅਨ ਡਾਲਰ ਦੀ ਫੈਡਰਲ ਫੰਡਿੰਗ ਦੀ ਹਮਾਇਤ ਕੀਤੀ ਹੈ। ਵੇਕਅੱਪ ਸਰੀ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਗਲੇ ਪੰਜ ਸਾਲ ਕੈਨੇਡਾ ਸਰਕਾਰ ਹਰ ਸਾਲ 8 ਮਿਲੀਅਨ ਡਾਲਰ ਦੀ ਸਹਾਇਤਾ ਸਰੀ ਨੂੰ ਦੇਵੇ, ਜੋ ਕਿ ਬਹੁਤ ਹੀ ਜ਼ਰੂਰੀ ਹੈ। ਇਹ ਸਹਾਇਤਾ ਪੁਲਿਸ ਜਾਂ ਗੈਂਗ ਟਾਸਕ ਫੋਰਸ ਲਈ ਨਹੀਂ ਬਲਕਿ ਹੋਰ ਲੋੜਾਂ ਦੀ ਪੂਰਤੀ ਲਈ ਹੈ।

ਵੇਕਅੱਪ ਸਰੀ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ 13 ਜੂਨ, 2018 ਨੂੰ ਸਰੀ ਦੇ ਸਿਟੀ ਹਾਲ ਦੇ ਬਾਹਰ ਹਜ਼ਾਰਾਂ ਮਾਪਿਆਂ ਨੇ ਇਕੱਠੇ ਹੋ ਕੇ ਗੈਂਗ ਹਿੰਸਾ ਨੂੰ ਰੋਕਣ ਦਾ ਤਹੱਈਆ ਕੀਤਾ ਸੀ। ਵੇਕਅੱਪ ਸਰੀ ਦੇ ਵਲੰਟੀਅਰ ਹੁਣ ਤੱਕ 50 ਦੇ ਕਰੀਬ ਮੁਲਾਕਾਤਾਂ ਸਬੰਧਿਤ ਧਿਰਾਂ ਨਾਲ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਚੁਣੇ ਹੋਏ ਸਿਆਸੀ ਨੁਮਾਇੰਦੇ, ਨਾਨ-ਪ੍ਰਾਫਿਟ ਸੰਸਥਾਵਾਂ, ਸਕੂਲ ਅਧਿਆਪਕ ਅਤੇ ਪ੍ਰਿੰਸੀਪਲ, ਸਿਟੀ ਕੌਂਸਲਰ, ਸਬੰਧਿਤ ਮਾਪੇ ਅਤੇ ਬੱਚਿਆਂ ਨਾਲ ਕੰਮ ਕਰਦੀਆਂ ਸੰਸਥਾਵਾਂ ਅਤੇ ਮਾਨਸਿਕ ਸਿਹਤ ਦੇ ਮਾਹਰ ਸ਼ਾਮਲ ਹਨ। ਇਨ੍ਹਾਂ ਮੁਲਾਕਾਤਾਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਅਤੇ ਮਾਪਿਆਂ ਦੇ ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਸਮਝਾਉਣ ਅਤੇ ਮਦਦ ਦੇਣ ਵਾਲੀਆਂ ਸੰਸਥਾਵਾਂ ਕੋਲ ਲੋੜੀਂਦੇ ਫੰਡ ਨਹੀਂ ਹਨ।

ਬੀਤੇ ਅੱਠ ਹਫਤਿਆਂ ਦੇ ਕੰਮ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਕੋਲ ਲੋੜਵੰਦ ਬੱਚੇ ਜਾਂ ਮਾਪੇ ਮਦਦ ਲਈ ਜਾਂਦੇ ਹਨ, ਉਨ੍ਹਾਂ ਨੂੰ ਵੇਟਿੰਗ ਲਿਸਟ 'ਤੇ ਪਾ ਦਿੰਦੀਆਂ ਹਨ, ਜੋ ਕਿ ਕਈ ਵਾਰ ਚਾਰ ਮਹੀਨੇ ਤੋਂ ਲੈ ਕੇ ਤੇਰਾਂ ਮਹੀਨੇ ਤੱਕ ਲੰਬੀਆਂ ਹੁੰਦੀਆਂ ਹਨ। ਜਿਸ ਕਾਰਨ ਇਹ ਬੱਚੇ ਜਾਂ ਮਾਪੇ ਕੌਂਸਲਿੰਗ ਨਹੀਂ ਲੈ ਸਕਦੇ ਅਤੇ ਸਿੱਟੇ ਵਜੋਂ ਕਈ ਬੱਚੇ ਗਲਤ ਰਾਹ ਪੈ ਕੇ ਹੋਰ ਵਿਗੜ ਜਾਂਦੇ ਹਨ।

ਵੇਕਅੱਪ ਸਰੀ ਦੇ ਬੁਲਾਰੇ ਸੁੱਖੀ ਸੰਧੂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਆਨ-ਲਾਈਨ ਸਰਵੇਖਣ ਵਿੱਚ 1500 ਗੰਭੀਰ ਨਾਗਰਿਕਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ 97 ਫੀਸਦੀ ਨੇ ਸਹਿਮਤੀ ਪ੍ਰਗਟਾਈ ਕਿ ਵੇਕਅੱਪ ਸਰੀ ਵਲੋਂ ਅਗਲੇ ਪੰਜ ਸਾਲਾਂ ਲਈ ਕੈਨੇਡਾ ਸਰਕਾਰ ਤੋਂ ਮੰਗੀ ਜਾ ਰਹੀ ਫੰਡਿੰਗ ਜਾਇਜ਼ ਹੈ। ਜੇਕਰ ਅਸੀਂ ਇਸ ਸਮਾਜਿਕ ਬੁਰਾਈ ਦਾ ਖਾਤਮਾ ਕਰਨਾ ਹੈ ਤਾਂ ਸਾਨੂੰ ਸਮਾਜ ਵਿੱਚ ਕੰਮ ਕਰਨ ਲਈ ਹੋਰ ਕਾਮਿਆਂ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਇਹ ਲਹਿਰ ਕੁਝ ਤੁਰੰਤ ਹੱਲ ਅਤੇ ਕੁਝ ਲੰਮੇ ਅਰਸੇ ਦੇ ਹੱਲ ਚਾਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਫੰਡ ਸਿੱਧੇ ਸਿਟੀ ਆਫ ਸਰੀ ਨੂੰ ਜਾਣ, ਜਿੱਥੋਂ ਉਨ੍ਹਾਂ ਦਾ ਇੱਕ ਵਿਸ਼ੇਸ਼ ਵਿਭਾਗ ਅਗਾਂਹ ਲੋੜਵੰਦ ਸੰਸਥਾਵਾਂ ਨੂੰ ਫੰਡਿੰਗ ਕਰੇ ਤਾਂ ਕਿ ਸਾਲ ਬਾਅਦ ਫੰਡਿੰਗ ਲੈਣ ਵਾਲਿਆਂ ਦੀ ਜਵਾਬਦੇਹੀ ਕੀਤੀ ਜਾ ਸਕੇ ਕਿ ਉਨ੍ਹਾਂ ਇੱਕ ਸਾਲ ਵਿੱਚ ਕੀ ਕੀਤਾ ਅਤੇ ਨਾਲ ਹੀ ਪੈਸੇ ਦੇ ਲੈਣ-ਦੇਣ ਵਿੱਚ ਪਾਰਦਰਸ਼ਤਾ ਵੀ ਦਿਖਾਈ ਦੇਵੇ।

ਕੈਨੇਡਾ ਸਰਕਾਰ ਵਲੋਂ ਨੈਸ਼ਨਲ ਕ੍ਰਾਈਮ ਪਰਵੈਨਸ਼ਨ ਫੰਡਿੰਗ ਦੇ ਅਧੀਨ ਐਲਾਨੇ ਗਏ 326 ਮਿਲੀਅਨ ਡਾਲਰ ਸਬੰਧੀ ਵੇਕਅੱਪ ਸਰੀ ਮੁਹਿੰਮ ਦੇ ਵਲੰਟੀਅਰ ਕਨਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਦੇ ਨਾਲ ਪਹਿਲਾਂ ਹੀ ਮੁਲਾਕਾਤ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਐਨ. ਡੀ. ਪੀ. ਦੇ ਕੌਮੀ ਆਗੂ ਜਗਮੀਤ ਸਿੰਘ ਨੂੰ ਵੀ ਮਿਲ ਰਹੇ ਹਨ ਤਾਂ ਕਿ ਸਭ ਦਾ ਧਿਆਨ ਇਸ ਵਿਸ਼ੇ ਵੱਲ ਦੁਆਇਆ ਜਾ ਸਕੇ। 
ਵੇਕਅੱਪ ਸਰੀ ਵਲੋਂ ਪ੍ਰਧਾਨ ਮੰਤਰੀ ਦਫਤਰ ਦੇ ਚੀਫ ਆਫ ਸਟਾਫ ਕੇਟੀ ਟੈਲਫਰਡ ਨਾਲ ਰਾਬਤਾ ਕਾਇਮ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ ਤਾਂ ਕਿ ਗੈਂਗ ਹਿੰਸਾ ਨਾਲ ਪੀੜਤ ਪਰਿਵਾਰਾਂ ਅਤੇ ਭਾਈਚਾਰੇ ਦੀ ਮੰਗ ਸਿੱਧੇ ਤੌਰ 'ਤੇ ਜਸਟਿਨ ਟਰੂਡੋ ਤੱਕ ਪਹੁੰਚਾਈ ਜਾ ਸਕੇ।

ਅਖੀਰ ਵਿੱਚ ਗੁਰਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਵੇਕਅੱਪ ਸਰੀ ਇੱਕ ਗੈਰ-ਸਿਆਸੀ ਲਹਿਰ ਹੈ, ਜਿਸ ਦਾ ਮਕਸਦ ਸਾਡੇ ਬੱਚਿਆਂ ਨੂੰ ਬਚਾਉਣਾ ਹੈ। ਕਈ ਵਾਰੀ ਇਹ ਮੁੱਦਾ ਚੁੱਕਦਿਆਂ ਸਾਨੂੰ ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਸਖਤ ਪੁਜ਼ੀਸ਼ਨ ਵੀ ਲੈਣੀ ਪੈਂਦੀ ਹੈ ਅਤੇ ਸਖਤ ਸਵਾਲ ਵੀ ਕਰਨੇ ਪੈਂਦੇ ਹਨ, ਪਰ ਅਸੀਂ ਹਰ ਵੇਲੇ ਸਹਿਯੋਗ ਅਤੇ ਸਾਥ ਦੀ ਮੰਗ ਵੀ ਕਰਦੇ ਰਹਿੰਦੇ ਹਾਂ ਅਤੇ ਖੁਦ ਵੀ ਸਹਿਯੋਗ ਅਤੇ ਸਾਥ ਦੇਣ ਲਈ ਤਿਆਰ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਕੋਈ ਲਿਬਰਲ, ਕਨਜ਼ਰਵੇਟਿਵ ਜਾਂ ਐਨ. ਡੀ. ਪੀ. ਦਾ ਮੁੱਦਾ ਨਹੀਂ ਬਲਕਿ ਸਾਡਾ ਸਾਰਿਆਂ ਦਾ ਸਾਂਝਾ ਮੁੱਦਾ ਹੈ, ਜਿਸ ਲਈ ਸਾਨੂੰ ਸਭ ਨੂੰ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਪਵੇਗਾ, ਤਾਂ ਹੀ ਅਸੀਂ ਵਧ ਰਹੀ ਗੈਂਗ ਹਿੰਸਾ 'ਤੇ ਕਾਬੂ ਪਾ ਸਕਾਂਗੇ।

ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਸਾਨੂੰ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ 'ਤੇ ਪੂਰਨ ਭਰੋਸਾ ਹੈ ਕਿ ਉਹ ਇਸ ਗਰਮਾ ਚੁੱਕੇ ਸਮਾਜਿਕ ਮੁੱਦੇ 'ਤੇ ਗੱਲਬਾਤ ਕਰਨ ਲਈ ਸਾਨੂੰ ਮੁਲਾਕਾਤ ਦਾ ਮੌਕਾ ਜ਼ਰੂਰ ਦੇਣਗੇ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES