Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਦੀ 'ਜਾਗੋ ਅਤੇ ਜਗਾਓ' ਰੈਲੀ ਨੂੰ ਮਿਲੀ ਭਰਪੂਰ ਸਫਲਤਾ; ਗੈਂਗ ਹਿੰਸਾ ਦੀ ਰੋਕਥਾਮ ਲਈ ਹਜ਼ਾਰਾਂ ਲੋਕ ਅੱਗੇ ਆਏ

Posted on June 15th, 2018ਸਰੀ (ਅਕਾਲ ਗਾਰਡੀਅਨ ਬਿਊਰੋ) - ਬੀਤੇ ਬੁੱਧਵਾਰ ਸ਼ਾਮ ਨੂੰ ਸਰੀ ਦੇ ਸਿਟੀ ਹਾਲ ਦੇ ਪਿਛਵਾੜੇ ਹਜ਼ਾਰਾਂ ਸਰੀ ਨਿਵਾਸੀਆਂ ਨੇ ਇਕੱਤਰ ਹੋ ਕੇ 'ਜਾਗੋ ਅਤੇ ਜਗਾਓ' ਰੈਲੀ ਨੂੰ ਭਰਪੂਰ ਸਫਲਤਾ ਬਖਸ਼ੀ ਅਤੇ ਗੈਂਗ ਹਿੰਸਾ ਦੀ ਰੋਕਥਾਮ ਲਈ ਪੂਰਨ ਸਹਿਯੋਗ ਦੇਣ ਦਾ ਅਹਿਦ ਕੀਤਾ। 

ਰੈਲੀ ਦੀ ਮੁੱਖ ਸਟੇਜ ਤੋਂ ਹਾਲ ਹੀ ਵਿੱਚ ਕਤਲ ਕੀਤੇ ਗਏ ਨੌਜਵਾਨਾਂ ਜਸਕਰਨ ਸਿੰਘ ਝੁੱਟੀ (16) ਅਤੇ ਜਸਕਰਨ ਸਿੰਘ ਭੰਗਲ (17) ਦੇ ਮਾਪਿਆਂ ਸਮੇਤ ਜਦ 2011 'ਚ ਕਤਲ ਕੀਤੇ ਗਏ ਗੋਰੇ ਨੌਜਵਾਨ ਡੈਵਿਨ ਦੀ ਮਾਂ ਸਿੰਥੀਆ ਬੈੱਲ ਨੇ ਸੰਬੋਧਨ ਕੀਤਾ ਤਾਂ ਹਰ ਅੱਖ ਰੋਂਦੀ ਨਜ਼ਰ ਆਈ। ਇਸ ਮੌਕੇ ਬੁਲਾਰਿਆਂ ਨੇ ਮਾਪਿਆਂ, ਪੁਲਿਸ, ਪ੍ਰਸਾਸ਼ਨ ਅਤੇ ਸਰਕਾਰਾਂ ਨੂੰ ਜਗਾਉਣ ਲਈ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਅਤੇ ਤੱਥ ਪੇਸ਼ ਕੀਤੇ, ਜਿਨ੍ਹਾਂ ਨੂੰ ਹਾਜ਼ਰੀਨਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। 

ਇਸ ਮੌਕੇ ਸ਼ਹਿਰੀ ਅਤੇ ਸੂਬਾਈ ਸਿਆਸਤ ਨਾਲ ਸਬੰਧਿਤ ਕੁਝ ਸਿਆਸਤਦਾਨ ਵੀ ਹਾਜ਼ਰ ਸਨ, ਜਿਨ੍ਹਾਂ ਨੇ ਰੈਲੀ ਵਿਚਲੀਆਂ ਤਕਰੀਰਾਂ ਸੁਣ ਕੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਵਧਾਈ। ਪ੍ਰਬੰਧਕਾਂ ਵਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਇਹ ਰੈਲੀ ਕਿਸੇ ਪਾਰਟੀ ਜਾਂ ਵਿਅਕਤੀ ਦੇ ਵਿਰੁੱਧ ਨਹੀਂ ਅਤੇ ਨਾ ਹੀ ਕਿਸੇ ਪਾਰਟੀ ਜਾਂ ਵਿਅਕਤੀ ਨੂੰ ਚਮਕਾਉਣ ਲਈ ਹੈ। ਇਸ ਗੱਲ ਉੱਤੇ ਪੂਰਾ ਪਹਿਰਾ ਦਿੱਤਾ ਗਿਆ ਅਤੇ ਕਿਸੇ ਵੀ ਸਿਆਸਤਦਾਨ ਨੂੰ ਜਾਂ ਸਿਆਸਤ ਵਿੱਚ ਜਾਣ ਦੇ ਚਾਹਵਾਨ ਵਿਅਕਤੀ ਨੂੰ ਬੋਲਣ ਦਾ ਸੱਦਾ ਨਹੀਂ ਦਿੱਤਾ ਗਿਆ। 

ਪ੍ਰਬੰਧਕਾਂ ਨੇ ਦੱਸਿਆ ਕਿ ਇਹ ਇੱਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਉਹ ਅਗਾਂਹ ਵੀ ਸਕੂਲ ਬੋਰਡ, ਪੁਲਿਸ ਅਤੇ ਪ੍ਰਸਾਸ਼ਨ ਨਾਲ ਮੁਲਾਕਾਤਾਂ ਕਰਕੇ ਜਿੱਥੇ ਉਨ੍ਹਾਂ 'ਤੇ ਗੈਂਗ ਹਿੰਸਾ ਨੂੰ ਰੋਕਣ ਲਈ ਅਤੇ ਗੈਂਗਾਂ ਵਿੱਚ ਬੱਚਿਆਂ ਦੀ ਭਰਤੀ ਨੂੰ ਰੋਕਣ ਲਈ ਦਬਾਅ ਬਣਾਉਂਦੇ ਰਹਿਣਗੇ, ਉੁੱਥੇ ਨਾਲ ਹੀ ਉਨ੍ਹਾਂ ਤੋਂ ਜਾਣਕਾਰੀ ਲੈ ਕੇ ਮਾਪਿਆਂ ਤੱਕ ਵੀ ਪਹੁੰਚਾਉਂਦੇ ਰਹਿਣਗੇ ਕਿ ਆਪਣੇ ਬੱਚਿਆਂ ਨੂੰ ਗੈਂਗਾਂ ਅਤੇ ਨਸ਼ਿਆਂ ਤੋਂ ਦੂਰ ਕਿਵੇਂ ਰੱਖਣਾ, ਜੋ ਉਸ ਪਾਸੇ ਜਾ ਰਹੇ ਹਨ ਉਨ੍ਹਾਂ ਨੂੰ ਕਿਵੇਂ ਰੋਕਣਾ ਅਤੇ ਜੋ ਪਹਿਲਾਂ ਹੀ ਨਸ਼ਿਆਂ ਅਤੇ ਗੈਂਗਾਂ ਦਾ ਸ਼ਿਕਾਰ ਹੋ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੀ ਕਰਨਾ। ਪ੍ਰਬੰਧਕਾਂ ਮੁਤਾਬਿਕ ਇਹ 20 ਸਾਲਾਂ ਦਾ ਖਿਲਾਰਾ 20 ਘੰਟਿਆਂ ਜਾਂ ਵੀਹ ਦਿਨਾਂ ਵਿੱਚ ਹੱਲ ਹੋਣ ਵਾਲਾ ਨਹੀਂ, ਇਸ ਲਈ ਸਮਾਂ ਲੱਗੇਗਾ ਅਤੇ ਮਾਪਿਆਂ ਸਮੇਤ ਸਕੂਲ ਸਿਸਟਮ, ਪੁਲਿਸ ਅਤੇ ਸਰਕਾਰਾਂ ਨੂੰ ਸਰਗਰਮ ਹੋ ਕੇ ਕੁਝ ਨਵਾਂ ਕਰਨਾ ਪਵੇਗਾ। ਇਸ ਸਬੰਧੀ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਪਹੁੰਚਾਈ ਜਾਂਦੀ ਰਹੇਗੀ। 

ਪ੍ਰਬੰਧਕਾਂ ਨੇ ਦੱਸਿਆ ਕਿ ਝੁੱਟੀ ਅਤੇ ਭੰਗਲ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਅਤੇ ਸਰਕਾਰਾਂ ਨੂੰ 6 ਹਫਤੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਵੀ ਜੇਕਰ ਉਹ ਕਿਸੇ ਸਿੱਟੇ 'ਤੇ ਨਾ ਪੁੱਜੇ ਤਾਂ ਲੋਕ ਦੁਬਾਰਾ ਕੋਈ ਕਦਮ ਚੁੱਕਣ ਬਾਰੇ ਸੋਚਣਗੇ। ਪ੍ਰਬੰਧਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਖੇਡਾਂ ਅਤੇ ਕੰਮਾਂ ਵੱਲ ਪ੍ਰੇਰਿਤ ਕੀਤਾ ਜਾਵੇ। ਧਾਰਮਿਕ ਸਥਾਨਾਂ 'ਤੇ ਜਾ ਕੇ ਸੇਵਾ ਕਰਵਾਈ ਜਾਵੇ ਤਾਂ ਕਿ ਬੱਚਿਆਂ 'ਚ ਮਨੁੱਖਤਾ ਦਾ ਦਰਦ ਅਤੇ ਸਾਂਝ ਪਾਉਣ ਦੀ ਬਿਰਤੀ ਉਜਾਗਰ ਹੋਵੇ। 

ਇਸ ਦੇ ਨਾਲ ਹੀ ਬੱਚਿਆਂ ਦੇ ਸੌਕਰ ਅਤੇ ਫੀਲਡ ਹਾਕੀ ਮੁਕਾਬਲੇ ਕਰਵਾਉਣ ਬਾਰੇ ਕਲੱਬਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਟੂਰਨਾਮੈਂਟਾਂ ਦੇ ਆਗਾਜ਼ ਅਤੇ ਅੰਤ 'ਤੇ ਪੁਲਿਸ ਅਫਸਰਾਂ ਅਤੇ ਸਕੂਲ ਬੋਰਡ ਦੇ ਅਧਿਕਾਰੀਆਂ ਨੂੰ ਬੁਲਾਉਣ ਲਈ ਸੱਦੇ ਦੇਣ ਤਾਂ ਕਿ ਉਹ ਬੱਚਿਆਂ ਨੂੰ ਆ ਕੇ ਅੰਗਰੇਜ਼ੀ 'ਚ ਫਾਇਦੇ-ਨੁਕਸਾਨ ਸਮਝਾ ਸਕਣ। ਆਉਣ ਵਾਲੇ ਦਿਨਾਂ ਵਿੱਚ ਪ੍ਰਬੰਧਕ ਸ਼ਹਿਰੀ, ਸੂਬਾਈ ਅਤੇ ਕੇਂਦਰੀ ਸਰਕਾਰਾਂ ਦੇ ਮੁੱਖ ਨੁਮਾਇੰਦਿਆਂ ਨਾਲ ਮਿਲ ਕੇ ਤੱਥ ਅਤੇ ਜਾਣਕਾਰੀ ਸਾਂਝੀ ਕਰਨਗੇ ਅਤੇ ਉਨ੍ਹਾਂ 'ਤੇ ਗੈਂਗ ਹਿੰਸਾ ਅਤੇ ਨਸ਼ਿਆਂ ਦੀ ਰੋਕਥਾਮ ਲਈ ਕੁਝ ਸਾਰਥਕ ਕਰਨ ਵਾਸਤੇ ਦਬਾਅ ਵਧਾਉਣਗੇ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES