Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰਵੀ ਤੋਂ ਰਵੀ ਸਿੰਘ, ਤੋਂ ਰਵੀ ਸਿੰਘ ਖ਼ਾਲਸਾ, ਤੋਂ ਰਵੀ ਸਿੰਘ ਖ਼ਾਲਸਾ ਏਡ!

Posted on May 31st, 2018


ਗੱਲ 1988-89 ਦੀ ਹੋਵੇਗੀ, ਮੇਰੀ ਜ਼ਿੰਦਗੀ ਇੰਗਲੈਂਡ ਵਿਚ ਆਰਾਮ ਦੀ ਗੁਜ਼ਰ ਰਹੀ ਸੀ। ਜੁਆਨੀ ਵਿਚ ਮੁੰਡਿਆਂ-ਖੁੰਡਿਆਂ ਦੇ ਸਾਰੇ ਸ਼ੌਕ ਪੂਰੇ ਜੋਬਨ ਤੇ ਸਨ। ਸ਼ੀਸ਼ੇ ਮੂਹਰੇ ਅਕਸਰ ਹੀ ਘੰਟਿਆਂਬੱਧੀ ਖਲੋਤਾ ਆਪਣੇ ਆਪ ਨੂੰ ਨਿਹਾਰਦਾ ਰਹਿੰਦਾ ਸਾਂ।

ਇੱਕ ਦਿਨ ਅਚਾਨਕ ਮੇਰੀ ਨਜ਼ਰ ਕੋਲ ਪਏ ਪੰਜਾਬੀ ਅਖ਼ਬਾਰ ਦੇ ਪੰਨੇ ਵਿਚ ਛਪੀਆਂ ਹੋਈਆਂ ਕੁੱਝ ਸਾਬਤ ਸੂਰਤ ਸਿੱਖ ਨੌਜੁਆਨਾਂ ਦੀਆਂ ਬਲੈਕ ਐਂਡ ਵਾਈਟ ਫ਼ੋਟੋਆਂ ਵੱਲ ਗਈ। ਸਾਹਮਣੇ ਇੱਕ ਜਾਣੀ ਪਹਿਚਾਣੀ ਜਿਹੀ ਤਸਵੀਰ ਸੀ, ਮੇਰੇ ਪਿੰਡ ਦੇ ਗੱਭਰੂ ਚਰਨਜੀਤ ਸਿੰਘ ਚੰਨੀ ਦੀ, ਮੇਰੇ ਨਿੱਕੇ ਹੁੰਦਿਆਂ ਦਾ ਪੱਕਾ ਯਾਰ.....ਗਹੁ ਨਾਲ ਵਿਸਥਾਰ ਪੜ੍ਹਿਅ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ..........ਇਹ ਸਾਰੇ ਨੌਜੁਆਨ ਪੰਜਾਬ ਪੁਲਸ ਵੱਲੋਂ ਵੱਖੋ-ਵੱਖ ਥਾਵਾਂ 'ਤੇ ਝੂਠੇ ਮੁਕਾਬਲੇ ਬਣਾ ਕੇ ਮੁਕਾ ਦਿੱਤੇ ਸਨ।

ਉਸੇ ਵੇਲੇ ਮਾਂ ਨੂੰ ਫ਼ੋਨ ਲਾਇਆ, ਪੁੱਛਿਆ ਮਾਂ ਚੰਨੀ ਨੂੰ ਕੀ ਹੋ ਗਿਆ, ਅੱਗੋਂ ਆਂਹਦੀ ਕੁੱਝ ਨੀ ਪੁੱਤ.... ਤੂੰ ਆਪਣੀ ਜ਼ਿੰਦਗੀ ਜੀਵੀ ਚੱਲ, ਤੈਨੂੰ ਇਹਨਾਂ ਗੱਲਾਂ ਨਾਲ ਕੀ?

ਮੇਰੀਆਂ ਆਂਦਰਾਂ ਨੂੰ ਸੇਕ ਲੱਗ ਚੁੱਕਾ ਸੀ, ਉਸੇ ਵੇਲੇ ਦੋਸਤਾਂ ਮਿੱਤਰਾਂ ਨੂੰ ਫ਼ੋਨ ਕਰ ਅਸਲ ਕਹਾਣੀ ਪੁੱਛੀ......ਆਖਣ ਲੱਗੇ ਕੇ ਕੌਮ ਦੀ ਅਣਖ ਖ਼ਾਤਰ ਪੁਲਸ ਦਾ ਭਾਰੀ ਤਸ਼ੱਦਦ ਸਹਿੰਦਾ ਹੋਇਆ ਜਾਨ ਵਾਰ ਗਿਆ। ਹੋਰ ਘੋਖ ਕੀਤੀ ਤਾਂ ਕਾਲਜੇ ਦਾ ਰੁੱਗ ਭਰਿਆ ਗਿਆ......ਹੁਸ਼ਿਆਰਪੁਰ ਜ਼ਿਲ੍ਹੇ ਦੇ ਪੰਜ ਥਾਣਿਆਂ ਦੀ ਪੁਲਸ ਨੇ ਅੰਨ੍ਹਾ ਤਸ਼ੱਦਦ ਕੀਤਾ ਸੀ ......ਸਰੀਰ ਨਿਚੋੜ ਸੁੱਟਿਆ......ਆਖ਼ਰੀ ਥਾਣਾ, ਜਿੱਥੇ ਉਸਦੀ ਜਾਨ ਨਿਕਲੀ, ਉਸੇ ਅਜੀਤ ਸਿੰਘ ਸੰਧੂ ਦੇ ਕੰਟਰੋਲ ਵਾਲਾ ਸੀ, ਜਿਹੜਾ ਸ਼ਰਾਬ ਦਾ ਘੁੱਟ ਅੰਦਰ ਲੰਘਾਉਂਦਾ ਹੋਇਆ ਅਗਲੇ ਦੀ ਮੌਤ ਦੇ ਪਰਵਾਨੇ 'ਤੇ ਦਸਤਖ਼ਤ ਕਰ ਦਿਆ ਕਰਦਾ ਸੀ...,,,,

ਉਹੀ ਅਜੀਤ ਸਿੰਘ ਸੰਧੂ, ਜਿਸਨੇ ਕਾਰ ਸੇਵਾ ਵਾਲਾ ਬਜ਼ੁਰਗ ਬਾਬਾ ਚਰਨ ਸਿੰਘ ਦੋ ਵੱਖੋ ਵੱਖ ਜੀਪਾਂ ਨਾਲ ਬੰਨ੍ਹ ਮਗਰੋਂ ਜੀਪਾਂ ਦੋ ਵੱਖੋ ਵੱਖ ਦਿਸ਼ਾਵਾਂ ਵੱਲ ਚਲਵਾ ਕੇ ਸਰੀਰ ਵਿਚੋਂ ਪੜਵਾ ਦਿੱਤਾ ਸੀ।

ਦੱਸਦੇ ਉਸਨੇ ਕਾਫ਼ੀ ਦਿਨ ਚੰਨੀ 'ਤੇ ਖ਼ੁਦ ਆਪ ਤਸ਼ੱਦਦ ਕੀਤਾ। ਜਦੋਂ ਸਰੀਰ ਪੂਰੀ ਤਰਾਂ ਨਕਾਰਾ ਹੋ ਗਿਆ ਤਾਂ ਦਰਿਆ ਕੰਢੇ ਖੜ ਗੋਲੀ ਮਾਰ ਦਿੱਤੀ ਤੇ ਛਾਤੀ 'ਤੇ ਏ. ਕੇ. ਸੰਤਾਲੀ ਰੱਖ ਅਖ਼ਬਾਰ ਵਿਚ ਖ਼ਬਰ ਲੁਆ ਦਿੱਤੀ ਕੇ ਇੱਕ ਕੱਟੜ ਅੱਤਵਾਦੀ ਮੁਕਾਬਲੇ ਵਿਚ ਪਾਰ ਬੁਲਾਇਆ।

ਇਹ ਬਿਰਤਾਂਤ ਸੁਣ ਮੇਰਾ ਵਜੂਦ ਧੁਆਂਖਿਆ ਗਿਆ....ਰੂਹ ਬੇਚੈਨ ਹੋ ਉੱਠੀ...ਉਸ ਦਿਨ ਚੰਗੀ ਤਰਾਂ ਪਤਾ ਲੱਗਾ ਕੇ ਜੂਨ ਚੁਰਾਸੀ ਵਿਚ ਕੀ ਹੋਇਆ ਸੀ ਤੇ ਮਗਰੋਂ ਨਵੰਬਰ ਚੁਰਾਸੀ ਵਿਚ ਸਿੱਖਾਂ ਦਾ ਸੰਗਠਿਤ ਤਰੀਕੇ ਨਾਲ ਕਿੱਦਾਂ ਘਾਣ ਹੋਇਆ.....ਕਿੱਦਾਂ ਬੀਬੀਆਂ ਦੀ ਬੇਪਤੀ ਹੋਈ....ਮੇਰਾ ਸਰੂਪ ਬਦਲ ਗਿਆ......ਸੋਚ ਬਦਲ ਗਈ...ਅੰਦਰ ਨਵਾਂ ਸੰਕਲਪ ਜਨਮ ਲੈ ਚੁੱਕਾ ਸੀ...ਸੱਚ ਨੂੰ ਸੱਚ ਆਖਣ ਵਾਲਾ ਸੰਕਲਪ.....ਭੁੱਖਿਆਂ ਦਾ ਢਿੱਡ ਭਰਨ ਵਾਲਾ ਸੰਕਲਪ.....ਸਿੱਖੀ ਤੇ ਸਿੱਖ ਦੀ ਅਸਲ ਪਹਿਚਾਣ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਣ ਵਾਲਾ ਸੰਕਲਪ।

ਅੱਜ ਪਤਾ ਲੱਗਾ ਕੇ ਮੈਨੂੰ 'ਇੰਡੀਅਨ ਆਫ਼ ਦਾ ਯੀਅਰ' ਐਵਾਰਡ ਨਾਲ ਸਨਮਾਨਿਤ ਕੀਤਾ...ਪੁਲਸ ਦੁਆਰਾ ਝੂਠੇ ਮੁਕਾਬਲੇ ਵਿਚ ਮਾਰਿਆ ਚੰਨੀ ਉਸੇ ਵੇਲੇ ਅੱਖਾਂ ਅੱਗੇ ਆ ਗਿਆ.......ਨਵੰਬਰ ਚੁਰਾਸੀ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਹੱਸਦੇ ਹੋਏ ਤੁਰੇ ਫਿਰਦੇ ਨਜ਼ਰ ਆਏ.......ਉਸੇ ਵੇਲੇ ਟਵੀਟ ਕੀਤਾ ਮੈਂ ਇੰਡੀਅਨ ਹੈ ਹੀ ਨਹੀਂ......ਪੰਜਾਬੀ ਮੇਰੀ ਪਹਿਚਾਣ ਹੈ। ਹਾਂ ਆਪਣੇ ਨਾਮ ਦੇ ਪਿੱਛੋਂ ਖ਼ਾਲਸਾ ਹਟਾ ਕੇ ਇੰਡੀਅਨ ਲਿਖਵਾ ਲਵਾਂਗਾ, ਜੇ ਮੇਰੀਆਂ ਤਿੰਨ ਮੰਗ ਪੂਰੀਆਂ ਕਰੋ ਤਾਂ;

ਨੰਬਰ ਇੱਕ: 

ਸੰਨ 1982 ਤੋਂ ਲੈ ਕੇ ਹੁਣ ਤੱਕ ਮੁਕਾਬਲਿਆਂ ਵਿਚ ਮਾਰੇ ਗਏ ਸਾਰੇ ਸਿੱਖ ਨੌਜੁਆਨਾਂ ਦੇ ਕੇਸਾਂ ਦੀ ਜੁਡੀਸ਼ੀਅਲ ਇਨਕੁਆਰੀ ਹੋਵੇ ਅਤੇ ਦੋਸ਼ੀ ਪੁਲਸ ਵਾਲਿਆਂ ਨੂੰ ਸਜਾਵਾਂ ਦਿੱਤੀਆਂ ਜਾਣ।

ਨੰਬਰ ਦੋ:

ਜੂਨ ਚੁਰਾਸੀ ਦੇ ਘੱਲੂਘਾਰੇ ਦੇ ਦੋਸ਼ੀ ਅਤੇ ਨਵੰਬਰ ਚੁਰਾਸੀ ਦੇ ਕਤਲਾਂ ਦੇ ਸਾਰੇ ਜਿੰਦਾ ਬਚ ਗਏ ਦੋਸ਼ੀ ਫਾਹੇ ਟੰਗੇ ਜਾਣ।

ਨੰਬਰ ਤਿੰਨ: 

ਸਿੱਖੀ ਤੇ ਸਿੱਖਾਂ ਨੂੰ ਇੱਕ ਜ਼ੁੰਮੇਵਾਰ ਮੰਚ ਤੋਂ ਇੱਕ ਅਲੱਗ ਕੌਮ ਅਤੇ ਅਲੱਗ ਰੇਸ ਮੰਨਿਆ ਜਾਵੇ।

ਆਖ਼ਰੀ ਗੱਲ; ਬਹੁਤਿਆਂ ਨੂੰ ਭੁਲੇਖਾ ਏ ਕਿ ਜਿਸ ਦਿਨ ਦੁਨੀਆ ਦੇ ਕਿਸੇ ਖ਼ਿੱਤੇ ਵਿਚ ਏਡ ਵੰਡਦਿਆਂ ਰਵੀ ਸਿੰਘ ਦੇ ਚੀਥੜੇ ਉੱਡ ਗਏ ਤਾਂ ਖ਼ਾਲਸਾ ਏਡ ਵੀ ਆਪੇ ਮੁੱਕ ਜੂ......ਪਰ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਹੋਰ ਰਵੀ ਸਿੰਘ ਮੈਂ ਪਹਿਲਾਂ ਹੀ ਤਿਆਰ ਬਰ ਤਿਆਰ ਖੜੇ ਕਰ ਚੁੱਕਾ ਹਾਂ.......ਮੇਰਾ ਪਤਾ ਨਹੀਂ ਪਰ ਖ਼ਾਲਸਾ ਏਡ ਕਦੇ ਨਹੀਂ ਮਰ ਸਕਦੀ।

ਵਾਹਿਗੁਰੂ ਜੀ ਕਾ ਖ਼ਾਲਸਾ..ਵਾਹਿਗੁਰੂ ਜੀ ਕੀ ਫ਼ਤਿਹ 

ਗੁਰੂ ਪੰਥ ਦਾ ਦਾਸ,

ਰਵੀ ਸਿੰਘ ਖ਼ਾਲਸਾ ਏਡ

* 29 ਮਈ 2018 ਨੂੰ ਪੰਜਾਬ ਕਲਚਰਲ ਸੈਂਟਰ ਵਿਨੀਪੈਗ ਵਿਚ ਪ੍ਰਗਟਾਏ ਵਿਚਾਰਾਂ ਦਾ ਪਿਛੋਕੜ ਦੇ ਪੰਜਾਬੀ ਅਨੁਵਾਦ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES