Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

 'ਗਿੱਲ ਗਰੁੱਪ' ਕੋਲੋਂ ਫੜੇ ਗਏ ਖ਼ਤਰਨਾਕ ਹਥਿਆਰ

ਸਰੀ 'ਚ ਕਤਲ ਹੋਇਆ ਨੌਜਵਾਨ ਪੰਜਾਬੀ ਨਿਕਲਿਆ

Posted on May 18th, 2018


-'ਗਿੱਲ ਗਰੁੱਪ' ਦੇ ਮੋਹਰੀ ਸਮੇਤ ਚਾਰ ਪੰਜਾਬੀ ਨੌਜਵਾਨ ਹਿੰਸਾ ਦੇ ਹੋਰ ਮਾਮਲੇ 'ਚ ਲਪੇਟੇ-

ਸਰੀ- ਲੰਘੀ 15 ਮਈ ਨੂੰ ਗੁਆਂਢੀ ਸ਼ਹਿਰ ਲੈਂਗਲੀ ਦੇ ਇੱਕ ਗੈਸ ਸਟੇਸ਼ਨ 'ਤੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਪੁਲਿਸ ਨੇ 31 ਸਾਲਾ ਅਮਨਜੋਤ ਹਾਂਸ ਵਜੋਂ ਕੀਤੀ ਹੈ, ਜਿਸ ਦੇ ਭਰਾ ਹਰਕਿੰਦਰ ਹਾਂਸ ਦਾ ਦਸ ਸਾਲ ਪਹਿਲਾਂ ਸਰੀ ਦੇ ਹੀ ਇੱਕ ਗੌਲਫ਼ ਕੋਰਸ 'ਚ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਅੱਜ ਤੱਕ ਕਾਤਲਾਂ ਦੀ ਭਾਲ ਨਹੀਂ ਕਰ ਸਕੀ। ਕਾਲੇ ਰੇਂਜ ਰੋਵਰ 'ਚ ਸਵਾਰ ਅਮਨਜੋਤ ਰਾਤ ਵੇਲੇ ਹਾਈਵੇਅ ਵੰਨ ਅਤੇ 232 ਸਟਰੀਟ ਦੇ ਨਜ਼ਦੀਕ ਮੌਜੂਦ ਗੈਸ ਸਟੇਸ਼ਨ 'ਤੇ ਸੀ ਜਦ ਗੱਡੀ 'ਚ ਬੈਠਿਆਂ ਹੀ ਉਸਦੇ ਗੋਲੀਆਂ ਮਾਰੀਆਂ ਗਈਆਂ, ਸਿੱਟੇ ਵਜੋਂ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। 

ਮਾਰਚ 2008 'ਚ ਵੱਡੇ ਭਰਾ ਹਰਕਿੰਦਰ ਦੀ ਮੌਤ ਵੇਲੇ ਪਿਤਾ ਬਲਵੰਤ ਸਿੰਘ ਹਾਂਸ ਨੇ ਆਪਣੇ ਬੇਟੇ ਨੂੰ ਯੂਨੀਵਰਸਿਟੀ ਪੜ੍ਹਦਾ ਨਿਰਦੋਸ਼ ਨੌਜਵਾਨ ਦੱਸਿਆ ਸੀ, ਜੋ ਕਿਸੇ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਗਿਆ। ਪੁਲਿਸ ਮੁਤਾਬਿਕ ਅਮਨਜੋਤ ਦਾ ਵੀ ਸੂਬੇ 'ਚ ਕੋਈ ਅਪਰਾਧਿਕ ਰਿਕਾਰਡ ਨਹੀਂ ਲੱਭਾ ਪਰ ਉਸਦੀ ਮੌਤ 'ਤੇ ਬਦਨਾਮ ਗੈਂਗ 'ਹੈੱਲਜ਼ ਏਂਜਲਜ਼' ਨਾਲ ਜੁੜੇ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਏ 'ਤੇ ਦੁੱਖ ਪ੍ਰਗਟਾਇਆ ਗਿਆ ਹੈ। ਪੁਲਿਸ ਹੁਣ ਗੈਸ ਸਟੇਸ਼ਨ 'ਤੇ ਲੱਗੇ ਕੈਮਰਿਆਂ ਅਤੇ ਉਸ ਸਮੇਂ ਦੇ ਰਾਹਗੀਰਾਂ ਦੀਆਂ ਗੱਡੀਆਂ 'ਚ ਲੱਗੇ ਕੈਮਰਿਆਂ ਰਾਹੀਂ ਕਾਤਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇਗੀ। 

ਇਸ ਵਾਰਦਾਤ ਤੋਂ ਥੋੜੀ ਦੂਰ ਪੁਲਿਸ ਨੂੰ ਇੱਕ ਪਿਕਅੱਪ ਟਰੱਕ ਬੁਰੀ ਤਰਾਂ ਜਲਿਆ ਮਿਲਿਆ, ਜਿਸ ਬਾਰੇ ਇਸ ਵਾਰਦਾਤ ਨਾਲ ਸਬੰਧਿਤ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅੱਜਕੱਲ੍ਹ ਕਾਤਲ ਵਾਰਦਾਤ ਤੋਂ ਬਾਅਦ ਸਬੂਤ ਮਿਟਾਉਣ ਲਈ ਅਕਸਰ ਆਪਣੀ ਗੱਡੀ ਨੂੰ ਅੱਗ ਲਾ ਜਾਂਦੇ ਹਨ।

ਦੂਜੇ ਪਾਸੇ ਅੱਜ ਪੁਲਿਸ ਨੇ ਗੈਂਗ ਹਿੰਸਾ 'ਚ ਸ਼ਾਮਲ 'ਗਿੱਲ ਗਰੁੱਪ' ਦੇ ਮੋਹਰੀ ਤਕਦੀਰ ਗਿੱਲ (21) ਸਮੇਤ 7 ਜਣਿਆਂ 'ਤੇ ਅੱਡ-ਅੱਡ ਦੋਸ਼ ਲਾਉਣ ਬਾਰੇ ਦੱਸਿਆ ਹੈ, ਜਿਨ੍ਹਾਂ 'ਚੋਂ ਚਾਰ ਪੰਜਾਬੀ ਹਨ ਅਤੇ ਇਨ੍ਹਾਂ ਦੀ ਉਮਰ 17 ਤੋਂ 21 ਸਾਲਾਂ ਵਿਚਕਾਰ ਹੈ। ਪੁਲਿਸ ਨੇ ਇਨ੍ਹਾਂ ਤੋਂ ਖ਼ਤਰਨਾਕ ਹਥਿਆਰ ਫੜੇ ਜਾਣ ਦਾ ਖ਼ੁਲਾਸਾ ਵੀ ਕੀਤਾ ਹੈ। ਤਕਦੀਰ ਗਿੱਲ ਤੋਂ ਇਲਾਵਾ ਫੜੇ ਗਏ ਪੰਜਾਬੀ ਮੁੰਡਿਆਂ ਦੇ ਨਾਮ ਹਿਤਕਰਨ ਜੌਹਲ (19), ਸਿਮਰਤ ਲਾਲੀ (20) ਅਤੇ ਪਵਨਦੀਪ ਚੋਪੜਾ (20) ਦੱਸੇ ਗਏ ਹਨ ਜਦਕਿ ਇਨ੍ਹਾਂ 'ਚੋਂ ਦੋ ਦੀ ਉਮਰ 17 ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਅਤੇ ਸੱਤਵਾਂ 23 ਸਾਲਾ ਮੁੰਡਾ ਗੈਰ-ਪੰਜਾਬੀ ਹੈ। 

ਪੁਲਿਸ ਵਲੋਂ ਇਨ੍ਹਾਂ 'ਤੇ ਹੋਰ ਧੜਿਆਂ ਦੇ ਨੌਜਵਾਨਾਂ ਉੱਤੇ ਗੋਲੀਆਂ ਚਲਾਉਣ, ਕਤਲਾਂ ਦੀ ਕੋਸ਼ਿਸ਼ ਕਰਨ ਅਤੇ ਨਜਾਇਜ਼ ਅਸਲਾ ਰੱਖਣ ਸਮੇਤ ਕਈ ਦੋਸ਼ ਲਾਏ ਗਏ ਹਨ। ਇਨ੍ਹਾਂ 'ਚੋਂ ਕੁਝ ਨੂੰ ਬੀਤੇ ਸਾਲ ਅਕਤੂਬਰ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਜਾਂਚ ਦੌਰਾਨ ਹੁਣ ਹੋਰ ਨੌਜਵਾਨ ਫੜੇ ਗਏ। ਦੋਸ਼ ਲਗਾਉਣ ਤੋਂ ਬਾਅਦ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਨ੍ਹਾਂ 'ਚੋਂ ਕੁਝ ਨੂੰ ਜ਼ਮਾਨਤ ਮਿਲ ਚੁੱਕੀ ਹੈ ਜਦਕਿ ਕੁਝ ਹਾਲੇ ਵੀ ਅੰਦਰ ਹੀ ਹਨ।

ਨਵੀਂ ਗੱਲ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ-ਵੈਨਕੂਵਰ-ਐਬਟਸਫੋਰਡ ਇਲਾਕੇ 'ਚ ਅੱਜਕੱਲ੍ਹ ਗੋਤਾਂ ਦੇ ਨਾਮ ਹੇਠ ਗੈਂਗ ਚੱਲ ਰਹੇ ਹਨ, ਜਿਵੇਂ ਕਿ ਗਿੱਲ ਗਰੁੱਪ, ਸੰਧੂ ਗਰੁੱਪ, ਧਾਲੀਵਾਲ ਗਰੁੱਪ ਆਦਿ, ਜੋ ਕਿ ਮਾਪਿਆਂ ਅਤੇ ਭਾਈਚਾਰੇ ਲਈ ਸਿਰਦਰਦ ਅਤੇ ਨਮੋਸ਼ੀ ਦੇ ਕਾਰਨ ਬਣੇ ਹੋਏ ਹਨ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES