Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿਆਲ ਸਿੰਘ ਕੋਲਿਆਂਵਾਲੀ

ਰਸੂਖ਼ਵਾਨ ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਲਈ ਛੇਤੀ ਵੱਜਣਗੇ ਢੋਲ

Posted on May 7th, 2018ਬਠਿੰਡਾ, 5 ਮਈ- ਦੋ ਦਰਜਨ ਰਸੂਖਵਾਨ ਡਿਫਾਲਟਰਾਂ ਦੀ ਜ਼ਮੀਨ ਦੀ ਨਿਲਾਮੀ ਇਸੇ ਮਹੀਨੇ ਹੋਵੇਗੀ, ਜਿਨ੍ਹਾਂ ਦੀ ਜ਼ਮੀਨ ਦੀ ਨਿਲਾਮੀ ਦੇ ਕੇਸ ਤਿਆਰ ਹੋ ਚੁੱਕੇ ਹਨ। ਖੇਤੀ ਵਿਕਾਸ ਬੈਂਕ ਵੱਲੋਂ ਸ਼ੁਰੂਆਤ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਤੋਂ ਕੀਤੀ ਜਾ ਰਹੀ ਹੈ, ਜਿਸ ਦੀ ਜ਼ਮੀਨ ਦੀ ਨਿਲਾਮੀ 16 ਮਈ ਨੂੰ ਹੋਵੇਗੀ। ਸਾਬਕਾ ਮੰਤਰੀ ਵੱਲ ਕਰੀਬ 57 ਲੱਖ ਤੋਂ ਜ਼ਿਆਦਾ ਕਰਜ਼ਾ ਖੜ੍ਹਾ ਹੈ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਦੇ 25 ਰਸੂਖਵਾਨ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ’ਚੋਂ 23 ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਦੇ ਕੇਸ ਤਿਆਰ ਕੀਤੇ ਜਾ ਚੁੱਕੇ ਹਨ। ਖੇਤੀ ਵਿਕਾਸ ਬੈਂਕ ਦੇ ਐਮਡੀ ਨੇ ਅੱਜ ਤੋਂ ਪੰਜਾਬ ਦਾ ਦੌਰਾ ਸ਼ੁਰੂ ਕੀਤਾ ਹੈ, ਜਿਨ੍ਹਾਂ ਨੇ ਮੈਨੇਜਰਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ ਹੈ। ਵੇਰਵਿਆਂ ਅਨੁਸਾਰ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੇ ਪਰਿਵਾਰ ਦੇ ਚਾਰ ਜੀਅ ਡਿਫਾਲਟਰ ਹਨ, ਜਿਨ੍ਹਾਂ ਦੀ 27 ਏਕੜ ਜ਼ਮੀਨ ਬੈਂਕ ਕੋਲ ਗਹਿਣੇ ਪਈ ਹੈ। ਸਹਾਇਕ ਰਜਿਸਟਰਾਰ ਨੇ ਦਿਆਲ ਸਿੰਘ ਕੋਲਿਆਂਵਾਲੀ ਅਤੇ ਉਨ੍ਹਾਂ ਦੀ ਪਤਨੀ ਦੀ ਜ਼ਮੀਨ ਦੀ ਨਿਲਾਮੀ ਦਾ ਕੇਸ ਤਿਆਰ ਕਰ ਦਿੱਤਾ ਹੈ, ਜਦੋਂਕਿ ਉਨ੍ਹਾਂ ਦੇ ਲੜਕੇ ਤੇ ਨੂੰਹ ਦਾ ਕੇਸ ਪ੍ਰਕਿਰਿਆ ਅਧੀਨ ਹੈ। ਖੇਤੀ ਵਿਕਾਸ ਬੈਂਕ ਵੱਲੋਂ ਸੋਮਵਾਰ ਨੂੰ ਕੋਲਿਆਂਵਾਲੀ ਪਰਿਵਾਰ ਦੀ ਜ਼ਮੀਨ ਨਿਲਾਮੀ ਦੀ ਤਰੀਕ ਤੈਅ ਕੀਤੀ ਜਾਣੀ ਹੈ। ਇਸੇ ਤਰ੍ਹਾਂ ਬਾਕੀ ਰਸੂਖਵਾਨ ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਦੀ ਤਰੀਕ ਤੈਅ ਕੀਤੀ ਜਾ ਰਹੀ ਹੈ।

ਐਤਕੀਂ ਖੇਤੀ ਵਿਕਾਸ ਬੈਂਕ ਨੇ ਪੰਜਾਬ ਭਰ ’ਚੋਂ ਕਰੀਬ 1800 ਕਰੋੜ ਵਸੂਲਣੇ ਹਨ, ਜਿਨ੍ਹਾਂ ’ਚੋਂ ਹੁਣ ਤੱਕ 108 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਕੱਲ੍ਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਅੱਜ ਕਾਫ਼ੀ ਰਕਮ ’ਤਾਰ ਦਿੱਤੀ ਹੈ। ਇੱਕ ਕਿਸਾਨ ਨੇ 17 ਲੱਖ ’ਚੋਂ 11 ਲੱਖ ਰੁਪਏ ਅਤੇ ਦੂਜੇ ਕਿਸਾਨ ਨੇ 4 ਲੱਖ ’ਚੋਂ ਡੇਢ ਲੱਖ ਭਰ ਦਿੱਤੇ ਹਨ। ਖੇਤੀ ਵਿਕਾਸ ਬੈਂਕਾਂ ਦੇ ਐਮਡੀ ਹਰਿੰਦਰ ਸਿੰਘ ਸਿੱਧੂ ਨੇ ਅੱਜ ਖੇਤੀ ਵਿਕਾਸ ਬੈਂਕ ਦੀਆਂ ਸ਼ਾਖ਼ਾਵਾਂ ਦੇ ਮੈਨੇਜਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਤਹਿਤ ਅੱਜ ਜਲੰਧਰ ਡਿਵੀਜ਼ਨ ਦੀ ਮੀਟਿੰਗ ਕੀਤੀ ਗਈ ਹੈ।  ਐਮ.ਡੀ ਸਿੱਧੂ ਵੱਲੋਂ ਸੋਮਵਾਰ ਨੂੰ ਫ਼ਿਰੋਜ਼ਪੁਰ ਡਿਵੀਜ਼ਨ ਦੀ ਮੋਗਾ ਵਿੱਚ ਅਤੇ ਬੁੱਧਵਾਰ ਨੂੰ ਪਟਿਆਲਾ ਡਿਵੀਜ਼ਨ ਦੀ ਮੀਟਿੰਗ ਪਟਿਆਲਾ ਵਿੱਚ ਰੱਖੀ ਗਈ ਹੈ। ਅੱਜ ਦੀ ਮੀਟਿੰਗ ਵਿੱਚ ਮੈਨੇਜਰਾਂ ਨੂੰ ਤਾੜਨਾ ਕੀਤੀ ਹੈ ਕਿ ਰਸੂਖਵਾਨ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ’ਚ ਦੇਰੀ ਨਹੀਂ ਹੋਣੀ ਚਾਹੀਦੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES