Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਦੀ 'ਖ਼ਾਲਸਾ ਡੇਅ ਪਰੇਡ' 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪਿੱਛੇ ਸੰਗਤ ਦਾ ਠਾਠਾਂ ਮਾਰਦਾ ਇਕੱਠ

ਸਰੀ ਦੀ 'ਖ਼ਾਲਸਾ ਡੇਅ ਪਰੇਡ' 'ਚ ਇਕੱਠ 5 ਲੱਖ ਤੋਂ ਟੱਪਿਆ

Posted on April 24th, 2018


ਕੈਨੇਡਾ ਦੇ ਮੂਲ ਨਿਵਾਸੀ ਕਬੀਲੇ ਦੇ ਮੁਖੀ ਦੀ ਅਰਦਾਸ ਅਤੇ ਕੈਨੇਡੀਅਨ ਫ਼ੌਜ ਦੀ ਸਲਾਮੀ ਨਾਲ ਹੋਈ ਆਰੰਭਤਾ; ਸ਼ਹੀਦ ਪਰਿਵਾਰਾਂ ਦਾ ਹੋਇਆ ਵਿਸ਼ੇਸ਼ ਸਨਮਾਨ

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਖ਼ਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਵਜੋਂ ਮਸ਼ਹੂਰ ਸਰੀ ਦੀ 'ਖ਼ਾਲਸਾ ਡੇਅ ਪਰੇਡ' ਵਿੱਚ ਅੱਜ ਸੰਗਤ ਦਾ ਇਕੱਠ 5 ਲੱਖ ਤੋਂ ਟੱਪਣ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨ ਨੇ ਕੀਤੀ ਹੈ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਲਬਰਟਾ, ਓਂਟਾਰੀਓ, ਕਿਊਬੈਕ ਸੂਬਿਆਂ ਅਤੇ ਅਮਰੀਕਨ ਸੂਬਿਆਂ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਤੋਂ ਵੱਡੀ ਗਿਣਤੀ 'ਚ ਸੰਗਤ ਨੇ ਸ਼ਰਧਾ ਅਤੇ ਉਤਸ਼ਾਹਪੂਰਵਕ ਹਾਜ਼ਰੀ ਭਰੀ। ਇਸ ਨਗਰ ਕੀਰਤਨ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਸਿੱਖ ਸੰਘਰਸ਼ ਦੇ ਅਨੇਕਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੋਇਆ ਅਤੇ ਕੈਨੇਡੀਅਨ ਰਾਜਸੀ ਆਗੂਆਂ ਨੇ ਸੰਗਤ ਨੂੰ ਇਸ ਮਹਾਨ ਪੁਰਬ ਦੀ ਵਧਾਈ ਦਿੱਤੀ। ਨਗਰ ਕੀਰਤਨ 'ਚ ਖ਼ਾਲਿਸਤਾਨ ਸੁਰ ਹਮੇਸ਼ਾ ਵਾਂਗ ਭਾਰੂ ਰਹੀ। ਨਿਰਵਿਘਨਤਾ ਸਹਿਤ ਉਲੀਕੇ ਗਏ ਇਸ ਨਗਰ ਕੀਰਤਨ 'ਚ ਸਿੱਖੀ ਦੀ ਚੜ੍ਹਦੀ ਕਲਾ ਵੇਖ ਕੇ ਹਰ ਪ੍ਰਾਣੀ ਅਸ਼ ਅਸ਼ ਕਰ ਉੱਠਿਆ.

ਅਤਿ ਸੁਹਾਵਣੇ ਮੌਸਮ 'ਚ ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਕੈਨੇਡਾ ਦੇ ਇੱਕ ਮੂਲ ਨਿਵਾਸੀ ਕਬੀਲੇ ਦੇ ਮੁਖੀ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੀ ਜ਼ੁਬਾਨ 'ਚ ਅਰਦਾਸ ਕੀਤੀ ਅਤੇ ਸਿੱਖਾਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਆਖਿਆ ਕਿ ਇਹ ਸਾਂਝ ਹੋਰ ਪਕੇਰੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਕੈਨੇਡੀਅਨ ਫ਼ੌਜ, ਜਲ ਸੈਨਾ ਅਤੇ ਪੁਲਿਸ ਦੀ ਸਾਂਝੀ ਟੁਕੜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਭੇਟ ਕੀਤੀ ਗਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ, ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਅਤੇ ਮੁੱਖ ਫਲੋਟ ਪਿੱਛੇ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਪੰਜਾਬ ਹਿਤੈਸ਼ੀ ਸੰਗਠਨਾਂ ਨੇ ਵੀ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ। ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਗੁਰੂ ਮਹਾਰਾਜ ਦੀ ਸਵਾਰੀ ਵਾਲੇ ਫਲੋਟ 'ਤੇ ਚੌਰ ਦੀ ਸੇਵਾ ਨਿਭਾਈ ਜਦਕਿ ਪੰਜਾਬ ਤੋਂ ਪੁੱਜੇ ਵੱਖ-ਵੱਖ ਕੀਰਤਨੀ ਜਥਿਆਂ ਨੇ ਅੰਮ੍ਰਿਤਮਈ ਗੁਰਬਾਣੀ ਪ੍ਰਵਾਹ ਨਾਲ ਸੰਗਤ ਨੂੰ ਵਾਹਿਗੁਰੂ ਨਾਮ ਜਪਾਇਆ। ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਨੇ ਪੁਰਾਤਨ ਅਤੇ ਵਰਤਮਾਨ ਸਿੱਖ ਜਰਨੈਲਾਂ ਦੀ ਜੋਸ਼ ਭਰਪੂਰ ਵਾਰਾਂ ਗਾਈਆਂ। ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਜਾਏ ਫਲੋਟ ਅਤੇ ਰਸਤੇ 'ਚ ਲੱਗੀਆਂ ਖਾੜਕੂ ਜਰਨੈਲਾਂ ਦੀਆਂ ਤਸਵੀਰਾਂ ਨਾਲ ਲੋਕ ਖੜ੍ਹ-ਖੜ੍ਹ ਤਸਵੀਰਾਂ ਖਿਚਾਉਂਦੇ ਵੇਖੇ ਗਏ। 

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰੇਗਨ, ਐਨ. ਡੀ. ਪੀ. ਆਗੂ ਜਗਮੀਤ ਸਿੰਘ ਅਤੇ ਹੋਰ ਕੇਂਦਰੀ ਅਤੇ ਸੂਬਾਈ ਸਿਆਸਤਦਾਨ ਸੰਗਤ 'ਚ ਤੁਰ-ਫਿਰ ਕੇ ਮੇਲ-ਮਿਲਾਪ ਕਰਦੇ ਨਜ਼ਰ ਆਏ। ਸੂਬੇ ਦੇ ਕਿਰਤ ਮੰਤਰੀ ਹੈਰੀ ਬੈਂਸ, ਵਿਧਾਇਕ ਜਗਰੂਪ ਬਰਾੜ, ਵਿਧਾਇਕ ਰਚਨਾ ਸਿੰਘ ਅਤੇ ਵਿਧਾਇਕ ਗੈਰੀ ਬੈੱਗ ਨੇ ਮੁੱਖ ਸਟੇਜ ਤੋਂ ਸੰਗਤ ਨੂੰ ਵਧਾਈ ਦਿੱਤੀ ਅਤੇ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤੀ ਮਹੀਨਾ' ਐਲਾਨੇ ਜਾਣ ਦਾ ਪ੍ਰਮਾਣ-ਪੱਤਰ ਪ੍ਰਬੰਧਕਾਂ ਨੂੰ ਭੇਟ ਕੀਤਾ।

ਇਸ ਮੌਕੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ, ਸ਼ਹੀਦ ਭਾਈ ਰਛਪਾਲ ਸਿੰਘ ਪੀ. ਏ. ਦੀ ਪਤਨੀ ਬੀਬੀ ਪ੍ਰੀਤਮ ਕੌਰ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਭਤੀਜੇ ਸ. ਭੁਪਿੰਦਰ ਸਿੰਘ ਸਮੇਤ ਕਈ ਸ਼ਹੀਦ ਪਰਿਵਾਰ ਸਨਮਾਨਿਤ ਕੀਤੇ ਗਏ। ਪੰਜਾਬ ਤੋਂ ਪੁੱਜੇ ਮਨੁੱਖੀ ਅਧਿਕਾਰ ਕਾਰਕੁਨ ਅਤੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਦਾ ਉਚੇਚਾ ਸਨਮਾਨ ਕੀਤਾ ਗਿਆ, ਜਿਨ੍ਹਾਂ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਅਤੇ ਜਥੇਦਾਰ ਹਵਾਰਾ ਸਮੇਤ ਪਹਿਲਾਂ ਤੋਂ ਹੀ ਜੇਲ੍ਹਾਂ 'ਚ ਬੰਦ ਸਿੱਖ ਨਜ਼ਰਬੰਦਾਂ ਬਾਰੇ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਅਤੇ 'ਰਾਜ ਕਰੇਗਾ ਖ਼ਾਲਸਾ' ਦੀ ਪੂਰਤੀ ਲਈ ਸਿੱਖਾਂ ਨੂੰ ਆਪਣਾ ਕਿਰਦਾਰ ਹੋਰ ਸੁੱਚਾ ਅਤੇ ਉੱਚਾ ਕਰਨ ਦੀ ਪ੍ਰੇਰਨਾ ਦਿੱਤੀ।

ਕੁੱਝ ਦਿਨ ਪਹਿਲਾਂ ਸੜਕ ਹਾਦਸੇ 'ਚ ਮਾਰੇ ਗਏ ਕੈਨੇਡੀਅਨ ਹਾਕੀ ਖਿਡਾਰੀਆਂ ਅਤੇ ਕਸ਼ਮੀਰ 'ਚ ਬਲਾਤਕਾਰ ਕਰਕੇ ਕਤਲ ਕੀਤੀ ਬੱਚੀ ਆਸਿਫਾ ਦਾ ਮੁੱਦਾ ਵੀ ਚੁੱਕਿਆ ਗਿਆ। ਵੱਖ-ਵੱਖ ਸੰਸਥਾਵਾਂ ਵੱਲੋਂ ਦਸਤਾਰਾਂ ਸਜਾਉਣ ਦੀ ਸੇਵਾ ਅਤੇ ਸਿੱਖ ਵਿੱਦਿਅਕ ਸੰਸਥਾਵਾਂ ਵੱਲੋਂ ਜਾਗਰੂਕਤਾ ਲਈ ਉਤਸ਼ਾਹ ਦਿਖਾਇਆ ਗਿਆ। ਸਰੀ ਸ਼ਹਿਰ ਦੀ ਕੌਂਸਲ, ਰਾਇਲ ਕੈਨੇਡੀਅਨ ਮੌਂਟੇਡ ਪੁਲਿਸ ਅਤੇ ਫ਼ੌਜੀ ਗੱਡੀਆਂ, ਜਲ ਸੈਨਾ ਦੀ ਕਿਸ਼ਤੀ ਸਮੇਤ ਸ਼ਾਮਲ ਹੋਈਆਂ ਕੈਨੇਡੀਅਨ ਫ਼ੌਜ ਦੀਆਂ ਟੁਕੜੀਆਂ ਨੇ ਵੀ ਨਗਰ ਕੀਰਤਨ ਦੀ ਰੌਣਕ 'ਚ ਵਾਧਾ ਕੀਤਾ। ਮੁੱਖ ਪ੍ਰਬੰਧਕ ਭਾਈ ਦਵਿੰਦਰ ਸਿੰਘ ਗਰੇਵਾਲ, ਗਿਆਨ ਸਿੰਘ ਗਿੱਲ, ਜਥੇਦਾਰ ਸਤਿੰਦਰਪਾਲ ਸਿੰਘ ਨੇ ਸਿੱਖਾਂ ਦੇ ਅਜੋਕੇ ਮੁੱਦਿਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਪੂਰਨ ਸਹਿਯੋਗ ਲਈ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੈਂਕੜੇ ਹੀ ਲੰਗਰ ਦੇ ਸਟਾਲ ਸੰਗਤ ਲਈ ਲਗਾਏ ਗਏ, ਜਿੱਥੋਂ ਸਿੱਖਾਂ ਤੋਂ ਇਲਾਵਾ ਸ਼ਾਮਲ ਹੋਏ ਹੋਰਨਾਂ ਭਾਈਚਾਰਿਆਂ ਨੇ ਵੀ ਲੰਗਰ ਛਕਿਆ। ਕੱਲ੍ਹ ਨੂੰ 125 ਤੋਂ ਵੱਧ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਜਾ ਰਹੇ ਹਨ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES