Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀਰੀਆ ’ਤੇ ਨਾਟੋ ਸੈਨਾਵਾਂ ਦਾ ਜ਼ੋਰਦਾਰ ਹਵਾਈ ਹਮਲਾ

Posted on April 14th, 2018


ਦਮਸ਼ਕ, 14 ਅਪਰੈਲ- ਸੀਰੀਆ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਰਸਾਇਣਕ ਹਮਲਿਆਂ ਦੇ ਜਵਾਬ ’ਚ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਬਸ਼ਰ ਅਲ ਅਸਦ ਹਕੂਮਤ ਖ਼ਿਲਾਫ਼ ਕਈ ਹਵਾਈ ਹਮਲੇ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਸਾਇਣਕ ਹਮਲੇ ‘ਦਾਨਵੀ ਅਪਰਾਧ’ ਕਰਾਰ ਦਿੱਤੇ ਹਨ। ਟਰੰਪ ਨੇ ਵ੍ਹਾਈਟ ਹਾਊਸ ਤੋਂ ਹਮਲਿਆਂ ਦਾ ਐਲਾਨ ਕੀਤਾ।

ਰੂਸ ਦੀ ਚਿਤਾਵਨੀ ਦੇ ਬਾਵਜੂਦ ਇਹ ਹਮਲੇ ਕੀਤੇ ਗਏ। ਉਧਰ ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਗਠਜੋੜ ਫ਼ੌਜਾਂ ਨੇ 103 ਮਿਜ਼ਾਈਲਾਂ ਦਾਗ਼ੀਆਂ ਪਰ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਨੇ 71 ਨੂੰ ਰਾਹ ’ਚ ਹੀ ਫੁੰਡ ਦਿੱਤਾ। ਉਂਜ ਸੀਰੀਆ ਨੇ ਦਾਅਵਾ ਕੀਤਾ ਹੈ ਕਿ ਤਿੰਨ ਲੋਕ ਇਸ ਹਮਲੇ ’ਚ ਜ਼ਖ਼ਮੀ ਹੋਏ ਹਨ।

ਟਰੰਪ ਵੱਲੋਂ ਹਵਾਈ ਹਮਲਿਆਂ ਦਾ ਐਲਾਨ ਕਰਨ ਮਗਰੋਂ ਸੀਰੀਆ ਦੀ ਰਾਜਧਾਨੀ ਦਮਸ਼ਕ ’ਚ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਨ੍ਹਾਂ ਹਮਲਿਆਂ ਨੇ ਸੱਤ ਸਾਲ ਦੇ ਗ੍ਰਹਿ ਯੁੱਧ ਦੇ ਨਵੇਂ ਪੰਨੇ ਖੁੱਲ੍ਹਣ ਦੇ ਸੰਕੇਤ ਦਿੱਤੇ ਹਨ। ਸ਼ਹਿਰ ’ਚ ਮੌਜੂਦ ਖ਼ਬਰ ਏਜੰਸੀ ਦੇ ਪੱਤਰਕਾਰ ਨੇ ਸਥਾਨਕ ਸਮੇਂ ਅਨੁਸਾਰ ਤੜਕੇ ਚਾਰ ਵਜੇ ਲਗਾਤਾਰ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਜਿਸ ਮਗਰੋਂ ਜਹਾਜ਼ ਉੱਡਣ ਲੱਗ ਪਏ ਅਤੇ ਰਾਜਧਾਨੀ ਦੇ ਪੂਰਬੀ ਅਤੇ ਉੱਤਰੀ ਇਲਾਕਿਆਂ ਤੋਂ ਆਸਮਾਨ ’ਚ ਧੂੰਆਂ ਉਠਦਾ ਦੇਖਿਆ ਗਿਆ। 

ਜ਼ਿਕਰਯੋਗ ਹੈ ਕਿ ਦੂਮਾ ਕਸਬੇ ’ਚ ਇਕ ਹਫ਼ਤੇ ਪਹਿਲਾਂ ਰਸਾਇਣਕ ਹਥਿਆਰਾਂ ਦੇ ਹਮਲੇ ’ਚ 40 ਤੋਂ ਵਧ ਵਿਅਕਤੀ ਮਾਰੇ ਗਏ ਸਨ। ਵਾਸ਼ਿੰਗਟਨ ਦੇ ਸੀਨੀਅਰ ਜਨਰਲ ਜੋਜ਼ੇਫ ਡਨਫੋਰਡ ਨੇ ਕਿਹਾ ਕਿ ਹਮਲਿਆਂ ’ਚ ਦਮਸ਼ਕ ਅਤੇ ਹੋਮਸ ਸੂਬੇ ’ਚ ਵਿਗਿਆਨਕ ਖੋਜ ਕੇਂਦਰ, ਭੰਡਾਰਨ ਕੇਂਦਰਾਂ ਅਤੇ ਇਕ ਕਮਾਂਡ ਚੌਕੀ ਸਮੇਤ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸੀਰੀਆ ਨੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਜਵਾਬੀ ਕਾਰਵਾਈ ਕੀਤੀ ਪਰ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 

ਸੀਰੀਆਈ ਸਰਕਾਰੀ ਮੀਡੀਆ ਨੇ ਕਿਹਾ ਕਿ ਹਮਲੇ ਨੂੰ ਰੋਕਣ ਲਈ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕੀਤਾ ਗਿਆ ਅਤੇ ਉਨ੍ਹਾਂ ਰਾਜਧਾਨੀ ’ਚ ਧੂੰਆਂ ਉੱਠਣ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ। ਟਰੰਪ ਨੇ ਰੂਸ ਅਤੇ ਇਰਾਨ ਨੂੰ ਸੀਰੀਆ ’ਚ ਆਪਣੇ ਸਹਿਯੋਗੀ ਨਾਲ ਖੜ੍ਹੇ ਨਾ ਹੋਣ ਦੀ ਚਿਤਾਵਨੀ ਦਿੱਤੀ। ਰੱਖਿਆ ਮੰਤਰੀ ਜਿਮ ਮੈਟਿੱਸ ਨੇ ਕਿਹਾ ਕਿ ਹੋਰ ਹਮਲੇ ਕਰਨ ਦੀ ਕੋਈ ਯੋਜਨਾ ਨਹੀਂ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES