Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦੀ ਰਾਜਨੀਤੀ ਦਾ ਇਕ ਅੰਦਾਜਾ

Posted on March 26th, 2018- ਡਾ. ਸੇਵਕ ਸਿੰਘ

ਪਿਛਲੇ ਦਹਾਕੇ ਵਿੱਚ ਜਦੋ ਸਭ ਤੋਂ ਸਾਊ ਭਾਰਤੀ ਸਿੱਖ ਨੇ ਰਾਜਸੀ ਢਾਂਚੇ ਦੇ ਨੁਮਾਇੰਦੇ ਵਜੋਂ ਸਿਖ ਕਤਲੇਆਮ ਦੀ ‘ਜੇ’ ਅਤੇ ‘ਪਰ’ ਲਾ ਲਾ ਕੇ ਰਾਜਨੀਤਕ ਮੁਆਫੀ ਮੰਗੀ ਤਾਂ ਓਹੀ ਦੌਰ ਸਾਹਮਣੇ ਆਇਆ ਜੋ 84 ਵੇਲੇ ਸ਼ੁਰੂ ਹੋਇਆ ਸੀ। ਉਸ ਦੌਰ ਵਿੱਚ ਕੁਝ ਅਫਸਰਾਂ ਨੇ ਆਪਣੇ ਅਹੁਦੇ ਛੱਡੇ ਸਨ। ਉਹਨਾਂ ਵਿਚੋਂ ਦੋ ਵਾਰ ਅਸਤੀਫਾ ਦੇਣ ਵਾਲਾ, ਦੂਜੀ ਵਾਰ ਪੰਜਾਬ ਦਾ ਮੁੱਖ ਮੰਤਰੀ ਗਿਆ ਹੈ। ਹੁਣ ਇਕ ਵੱਖਰੀ ਕਿਸਮ ਦੇ ਅਸਤੀਫੇ ਮੁਆਫੀ ਦੀ ਚਰਚਾ ਹੈ ਜਿਸ ਨਾਲ ਰਾਜਨੀਤੀ ਦਾ ਨਵਾਂ ਗੇੜ ਸ਼ੁਰੂ ਹੁੰਦਾ ਜਾਪਦਾ ਹੈ। ਮਾਨੋ ਦਿੱਲੀ ਰਾਜੀਵ ਗਾਂਧੀ ਦੇ ਪੂਰਨ ਬਹੁਮਤ ਵਾਲੇ ਵੇਲੇ ਵਾਂਗ ਪੰਜਾਬ ਲਈ ਆਪਣੇ ਘੋੜੇ ਫਿਰ ਤੋਂ ਸਿੰਗਾਰ ਰਹੀ ਹੈ। ਨਵੇਂ ਚਿਹਰਿਆਂ ਜਾਂ ਪੁਰਾਣਿਆਂ-ਅਧੋਰਾਣਿਆਂ ਨੂੰ ਨਵੇਂ ਨਾਂ ਹੇਠ ਪੇਸ਼ ਕਰਨ ਦੀ ਕਸਰਤ ਪਹਿਲਾਂ ਵੀ ਕਈ ਵਾਰ ਕਈ ਰੂਪਾਂ ਵਿੱਚ ਹੋਈ ਹੈ, ਹਰ ਵਾਰ ਅਸਤੀਫੇ ਹੁੰਦੇ ਰਹੇ ਹਨ।

ਭਾਰਤੀ ਰਾਜਨੀਤੀ ਦੇ ਨਵੇਂ ਰਾਜਸੀ ਦਲ ਦਾ ਭਵਿੱਖ ਮੁਆਫੀਨਾਮੇ ਕਰਕੇ ਪੰਜਾਬ ਵਿਚ ਫਿਰ ਤੋਂ ਪਰਾਲੀ ਦੇ ਧੂੰਏ ਵਾਂਗ ਚਰਚਾ ਵਿੱਚ ਹੈ। ਬਿਜਲ ਸੱਥ ਤੋਂ ਲੈ ਕੇ ਭਾਰਤ ਦੇ ਵੱਡੇ ਅਖਬਾਰਾਂ ਤੱਕ ਸਭ ਨੇ ਇਸ ਮੁਆਫੀਨਾਮੇ ਬਾਰੇ ਭਾਂਤ ਸੁਭਾਂਤੀ ਚਰਚਾ, ਆਪਣੇ ਆਪਣੇ ਹਿਸਾਬੇ ਕੀਤੀ ਹੈ। ਪੰਜਾਬ ਵਿੱਚ ਮੁਆਫੀ ਦਾ ਇਹ ਧੂੰਆ ਝੋਨੇ ਵਾਂਗ ਬੇਲੋੜੇ ਪਰ ਵਿਕਣਯੋਗ ਰਾਜਸੀ ਪਰਸੰਗ ਅਤੇ ਕੇਂਦਰੀ ਹਕੂਮਤ ਦੇ ਖਰੀਦਣ ਵਾਲੇ ਪਰਸੰਗ ਤੋਂ ਬਿਨਾ ਸਮਝ ਨਹੀਂ ਆ ਸਕਦਾ।

ਪੰਜਾਬੀ ਸੂਬਾ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ, ਪੁਰਾਣਾ ਅਤੇ ਅਸਲੀ ਕਹਾਉਣ ਵਾਲਾ ਅਕਾਲੀ ਦਲ ਨਾ ਸੱਤਾਧਾਰੀ ਧਿਰ ਹੈ ਅਤੇ ਨਾ ਹੀ ਵਿਰੋਧੀ ਧਿਰ। ਸੱਤਾ ਦੀ ਸੱਥ ਵਿੱਚ ਤੀਜੀ ਜਾਂ ਆਖਰੀ ਥਾਂ ਉਹਨਾਂ ਨੂੰ ਨਾ ਹੀ ਹਾਜਮ ਆਈ ਅਤੇ ਨਾ ਹੀ ਸਮਝ ਆ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਪੰਜ ਵਾਰ ਮੁਖ ਮੰਤਰੀ ਰਹੇ ਅਤੇ ਆਪਣੀ ਚੁੱਪ ਲਈ ਮਸ਼ਹੂਰ ਅਕਾਲੀ ਨੇਤਾ ਨੇ ਵੀ ਅਸਤੀਫਿਆਂ ਵਾਲੀ ਫੁੱਟ ਬਾਰੇ, ਖੁਸ਼ੀ ਦੇ ਬੋਲ ਬੋਲੇ ਹਨ। ਉਹਨਾਂ ਨੇ ਦੂਹਰੀ ਖੁਸ਼ੀ ਮਨਾਈ ਹੈ ਮੁਆਫੀ ਮੰਗਾਉਣ ਦੀ ਵੀ ਅਤੇ ਮੁਆਫੀ ਮੰਗਣ ਵਾਲਿਆਂ ਦੇ ਘਰ ਕਲੇਸ਼ ਪੈਣ ਦੀ ਵੀ। ਰਾਜਨੀਤੀ ਵਿੱਚ ਇਹੋ ਜਿਹੇ ਸਮੇਂ ਨਾਜੁਕ ਮੌਕੇ ਹੁੰਦੇ ਹਨ ਜਦੋਂ ਕਿਸੇ ਤੀਜੇ ਦੇ ਨੁਕਸਾਨ ਹੋਣ ਉੱਤੇ ਆਪਣੇ ਆਪ ਨੂੰ ਸਭ ਤੋਂ ਵੱਡੇ ਸਮਝਣ ਵਾਲੇ, ਲੋਕਾਂ ਵਿੱਚ ਖੁਸ਼ੀ ਜਾਹਰ ਕਰਦੇ ਹਨ। ਅਜਿਹੀ ਖੁਸ਼ੀ ਰਾਜਨੀਤਿਕ ਕੱਚਪੁਣਾ ਹੁੰਦੀ ਹੈ ਭਾਵੇਂ ਤਜਰਬੇ ਦੀ ਉਮਰ ਕਿੰਨੀ ਵੱਡੀ ਹੋਵੇ।

ਮੁਆਫੀ ਅਸਲ ਵਿੱਚ ਓਦੋਂ ਹੀ ਮੁਆਫੀ ਹੁੰਦੀ ਹੈ ਜਦੋਂ ਮੰਗਣ ਵਾਲਾ ਸਕੂਨ ਮਹਿਸੁਸ ਕਰੇ। ਇਹ ਮੁਆਫੀ ਨਿਰੋਲ਼ ਨੈਤਿਕ/ਧਾਰਮਿਕ ਮਾਹੌਲ ਵਿੱਚ ਮੰਗੀ ਜਾਂਦੀ ਹੈ ਜਿਥੇ ਲੋਕ ਆਪਣੀ ਅੰਤਰ ਅਵਾਜ ਦੇ ਸਹਾਰੇ ਚਲਣ ਕਰਕੇ ਕਿਸੇ ਦੇ ਅਚੇਤ ਨੁਕਸਾਨ ਹੋਣ ਤੇ ਨਿਵ ਜਾਂਦੇ ਹਨ, ਜਿਸਨੂੰ ਪਛਤਾਵੇ ਵਜੋਂ ਬੋਝ ਤੋਂ ਮੁਕਤ ਹੋਣਾ ਮੰਨਿਆ ਜਾਂਦਾ ਹੈ। ਮਿਸਾਲ ਵਜੋਂ ਪੱਛਮੀ ਮੁਲਕਾਂ ਵਿੱਚ ਨਿੱਕੀ ਨਿੱਕੀ ਗੱਲ ਲਈ ‘ਸੌਰੀ’ ਕਹਿਣਾ ਬਹੁਤੇ ਲੋਕਾਂ ਦੇ ਅਚੇਤ ਵਿੱਚ ਹੀ ਵਸਿਆ ਹੁੰਦਾ ਹੈ। ਜਿਥੇ ਪਹਿਲਾ ਰਾਹ ਆਪ ਝੁਕ ਜਾਣ ਦਾ ਹੈ ਓਥੇ ਮੁਆਫੀ ਦਾ ਦੂਜਾ ਰਾਹ ਜੋਰ ਨਾਲ ਝੁਕਾਉਣ ਦਾ ਹੁੰਦਾ ਹੈ। ਕਿਸੇ ਨੂੰ ਅਣਚਾਹੇ ਤਰੀਕੇ ਨਾਲ ਮੁਆਫੀ ਮੰਗਣ ਲਈ ਤਿਆਰ ਕਰਨ ਨੂੰ ਬਦਮਾਸ਼ੀ ਵੀ ਕਹਿੰਦੇ ਹਨ ਅਤੇ ਰਾਜਨੀਤੀ ਵੀ। ਕਿਸੇ ਬਦਮਾਸ਼ ਦੀ ਧੌਂਸ ਓਨਾ ਚਿਰ ਨਹੀਂ ਜੰਮਦੀ ਜਿੰਨਾ ਚਿਰ ਲੋਕ ਨੂੰ ਉਸ ਨੂੰ ਬਦਮਾਸ਼ ਕਹਿੰਦੇ ਰਹਿੰਦੇ ਹਨ। ਜਦੋਂ ਉਹਦੇ ਜੋਰ ਦਾ ਡਰ ਪੱਕ ਜਾਂਦਾ ਹੈ ਤਾਂ ਉਹ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ ਤਾਂ ਹੀ ਉਹ ਅਸਲ ਬਦਮਾਸ਼ ਹੁੰਦਾ ਹੈ। ਮੁਆਫੀ ਮੰਗਾਉਣਾ ਧੌਂਸ ਜੰਮਾਉਣ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਜੇ ਲੋਕ ਕਿਸੇ ਬਦਮਾਸ਼ ਸਾਹਵੇਂ ਛੋਟੀ ਜਿੰਨੀ ਕੁਤਾਹੀ ਦੀ ਲੰਮੇ ਪੈ ਕੇ ਮੁਆਫੀ ਨਹੀਂ ਮੰਗਦੇ ਤਾਂ ਉਹਦੀ ਬਦਮਾਸ਼ੀ ਦੀ ਤੂਤੀ ਨਹੀਂ ਬੋਲਦੀ।

ਚੋਣ ਰਾਜਨੀਤੀ ਵਿੱਚ ਗਠਜੋੜ ਕਰਨ, ਪਾਸਾ ਬਦਲਣ ਅਤੇ ਧੋਖੇ ਦਾ ਮੁੱਲ ਵਧੇਰੇ ਹੁੰਦਾ ਹੈ। ਚਾਲੂ ਰਾਜਨੀਤੀ ਵਿੱਚ ਕਿਸੇ ਦੀ ਭੰਡੀ ਕਰਨ ਜਾਂ ਨੁਕਸਾਨ ਕਰਨ ਮਗਰੋਂ ਮੁਆਫੀ ਮੰਗਣੀ ਉਸੇ ਦੀ ਦੂਹਰੀ ਬੇਇੱਜਤੀ ਕਰਨ ਦੀ ਕਲਾ ਗਿਣੀ ਜਾਂਦੀ ਹੈ। ਇਹ ਮੁਆਫੀ ਦਾ ਤੀਜਾ ਰਾਹ ਹੁੰਦਾ ਹੈ, ਜਿਥੇ ਕਿਸੇ ਭਵਿੱਖਮੁਖੀ ਨਫੇ ਨੁਕਸਾਨ ਨੂੰ ਰੱਖ ਕੇ ਕਿਸੇ ਨਾਲ ਦੋਸਤੀ ਦੁਸ਼ਮਣੀ ਕੀਤੀ ਜਾਂਦੀ ਹੈ।

ਅੱਜਕੱਲ੍ਹ ਚਰਚਿਤ ਮੁਆਫੀ ਨੂੰ ਪੰਜਾਬ ਦੇ ਬਹੁਤੇ ਲੋਕ ਗੀਦੀਪੁਣਾ, ਮੌਕਾਪ੍ਰਸਤੀ ਜਾਂ ਬੇਸਮਝੀ ਮੰਨ ਰਹੇ ਹਨ। ਇਹ ਰਾਜਨੀਤੀ ਬਾਰੇ ਭਾਵੁਕ ਪਰਗਟਾਵਾ ਹੈ ਕਿਉਂਕਿ ਉਹ ਇਸ ਗੱਲ ਨੂੰ ਅਣਖ ਨਾਲ ਜੋੜ ਰਹੇ ਹਨ।ਅਣਖ ਦਾ ਸਵਾਲ ਕਿਸੇ ਸਭਿਆਚਾਰਕ ਜਾਂ ਧਾਰਮਿਕ ਘੇਰੇ ਵਿਚਲੇ ਪੱਕੇ ਯਕੀਨ ਨਾਲ ਜੁੜਿਆ ਹੁੰਦਾ ਹੈ, ਜੀਹਨੂੰ ਉਲ਼ੰਘਣਾ ਸੰਭਵ ਨਹੀਂ ਹੁੰਦਾ ਪਰ ਉਹਦੇ ਲਈ ਮਰਨਾ ਮਾਰਨਾ ਸੰਭਵ ਹੁੰਦਾ ਹੈ। ਅਣਖੀ ਬੰਦੇ ਆਪ ਤਾਂ ਕੀ ਦੂਜੇ ਤੋਂ ਵੀ ਮੁਆਫੀ ਮੰਗਾ ਕੇ ਰਾਜੀ ਨਹੀਂ ਹੁੰਦੇ। ਅਣਖ ਦਾ ਸਬੰਧ ਸਦਾ ਹੀ ਉਹਨਾਂ ਮਾਨਤਾਵਾਂ ਨਾਲ ਹੁੰਦਾ ਹੈ ਜਿਹੜੀਆਂ ਕਾਨੂੰਨ ਤੋਂ ਉਪਰ ਹੁੰਦੀਆਂ ਹਨ। ਚੋਣ ਰਾਜਨੀਤੀ ਹਮੇਸ਼ਾਂ ਹੀ ਕਾਨੂੰਨ ਨੂੰ ਪੱਕੇ ਕਰਨ ਜਾਂ ਉਹਦੀ ਮਾਨਤਾ ਵਿਖਾਉਣ ਵਿੱਚ ਹੁੰਦੀ ਹੈ। ਇਸ ਕਰਕੇ ਮੌਜੂਦਾ ਮੁਆਫੀ ਪਰਸੰਗ ਦੇ ਦੋਵੇਂ ਬੰਦੇ ਹੀ ਅਣਖ ਦੇ ਘੇਰੇ ਤੋਂ ਬਾਹਰ ਹਨ। ਵਿਖਾਵੇ ਮਾਤਰ ਅਜਾਦੀ ਵਾਲੇ ਮੁਲਕਾਂ ਵਿਚ ਅਣਖ ਵਰਗੀ ਮਾਨਤਾ ਰਾਜਸੀ ਲੋਕਾਂ ਲਈ ਹਾਸੇ ਠੱਠੇ ਦੀ ਸ਼ੈਅ ਹੁੰਦੀ ਹੈ। ਮੁਆਫੀ ਮੰਗਣੀ ਜਾਂ ਦੇਣੀ ਧਾਰਮਿਕ/ਸਭਿਆਚਾਰਕ ਪਰਸੰਗ ਵਿਚ ਇਕ ਵੱਡਾ ਕਰਮ ਹੈ ਪਰ ਨਸ਼ੇ, ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਵਰਗਿਆਂ ਮਾਮਲਿਆਂ ਵਿਚ ਲਿਬੜੇ ਜਾਂ ਉਹਨਾਂ ਉਤੇ ਰਾਜਨੀਤੀ ਕਰਨ ਵਾਲੇ ਲੋਕਾਂ ਲਈ ਇਹ ਗੱਲ ਦੂਜੇ ਤੀਜੇ ਦਰਜੇ ਦਾ (ਨੀਤੀ ਜਾਂ ਧੌਂਸ ਦਾ) ਰਾਹ ਹੀ ਹੋ ਸਕਦੀ ਹੈ।

ਅਸਤੀਫੇ ਅਤੇ ਮੁਆਫੀ ਆਪੋ ਵਿੱਚ ਜੁੜੇ ਤਾਂ ਸਭ ਨੂੰ ਦਿਸਦੇ ਹਨ ਪਰ ਇਹ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਨਾਲ ਕਿੰਨਾ ਕੁ ਜੁੜੇ ਹਨ ਇਹ ਨੂੰ ਸਮਝਣਾ ਹਰੇਕ ਦੀ ਆਪਣੀ ਸਮਝ ਤੇ ਨਿਰਭਰ ਕਰਦਾ ਹੈ। ਅਸਲ ਵਿੱਚ ਤਾਂ ਆਉਣ ਵਾਲੇ ਸਮੇਂ ਤੇ ਨਿਰਭਰ ਕਰਦਾ ਹੈ ਪਰ ਇਹਨਾਂ ਗੱਲਾਂ ਨਾਲ ਕਈ ਕੁਝ ਅਜਿਹਾ ਜੁੜਿਆ ਹੈ ਜਿਸ ਬਾਰੇ ਅੰਦਾਜੇ ਲਾਏ ਜਾ ਸਕਦੇ ਹਨ ਅਤੇ ਲਾਉਣੇ ਵੀ ਚਾਹੀਦੇ ਹਨ।ਕੁਝ ਬੇਲੋੜੀਆਂ ਜਾਂ ਆਮ ਜਿਹੀਆਂ ਖਬਰਾਂ ਨੂੰ ਜੋੜ ਕੇੇ ਕੋਈ ਵੱਡੀ ਸਾਜਿਸ਼ ਮੰਨ ਲੈਣਾ ਆਮ ਰੁਝਾਨ ਹੈ ਪਰ ਇਹਨੂੰ ਬਿਮਾਰੀ ਮੰਨ ਕੇ ਹੀ ਲੋਕ ਕਈ ਵਾਰ ਬਹੁਤ ਅਹਿਮ ਜਾਂ ਵੱਡੀਆਂ ਗੱਲਾਂ ਨੂੰ ਵੀ ਵੇਖਣ ਤੋਂ ਵੀ ਰਹਿ ਜਾਂਦੇ ਹਨ। ਵਖਤੋਂ ਖੁੰਝਣ ਕਾਰਨ ਕਈ ਵਾਰ ਚਿਰਾਂ ਮਗਰੋਂ ਕੋਈ ਖੋਜ ਵਜੋਂ ਪੇਸ਼ ਕਰਦਾ ਹੈ ਕਿ ਇਹ, ਫਲਾਣੀ ਵੱਡੀ ਘਟਨਾ ਤੋਂ ਪਹਿਲਾਂ ਦੇ ਨਿਸ਼ਾਨ ਸਨ।

ਭਾਰਤ ਵਰਗੇ ਰਾਜਸੀ ਢਾਂਚੇ ਵਿੱਚ ਜਦੋਂ ਕੋਈ ਆਗੂ ਤਜਰਬੇ ਜਾਂ ਹਾਲਾਤ ਵਿਚਲਾ ਸੱਚ ਕਹਿੰਦਾ ਹੈ ਤਾਂ ਇਹ ਬਿਆਨਣਾ ਉਹਦੀ ਅੰਦਰਲੀ ਉਥਲ ਪੁਥਲ ਜਾਂ ਬਾਹਰਲੇ ਅਣਦਿਸਦੇ ਦਬਾਅ ਜਾਂ ਭਵਿੱਖਮੁਖੀ ਪੈਂਤੜੇਬਾਜੀ ਵੀ ਸਕਦੀ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਖਜਾਨਾ ਮੰਤਰੀ ਨੇ ਪੰਜਾਬ ਦੇ ਮਾਲੀ ਹਾਲਾਤ ਬਾਰੇ ਫਿਰ ਓਹੋ ਸੱਚਾ ਬਿਆਨ ਦਿੱਤਾ ਜੋ ਅਕਾਲੀ ਦਲ ਦੀ ਸਰਕਾਰ ਵਿਚ ਖਜਾਨਾ ਮੰਤਰੀ ਹੁੰਦਿਆਂ ਦਿੱਤਾ ਸੀ। ਇਹ ਬਿਆਨ ਓਦੋਂ ਤਾਂ ਆਪਣੇ ਖਾਨਦਾਨੀ ਧੜੇ ਨੂੰ ਛੱਡਣ ਲਈ ਸੀ ਪਰ ਹੁਣ ਇਹ ਬਿਆਨ ਕਾਹਦੇ ਲਈ ਏ? ਖਜਾਨਾ ਮੰਤਰੀ ਜੀ ਇਕ ਵਾਰ ਸੁੱਧ ਭਾਰਤੀ ਲੀਹਾਂ ਉੱਤੇ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਦੀ ਜੋਰ ਅਜਮਾਈ ਕਰ ਚੁੱਕੇ ਹਨ। ਕੀ ਇਹ ਬਿਆਨ ਫਿਰ ਤੋਂ ਅਗਲੇ ਬਦਲ ਲਈ ਜਮੀਨ ਤਿਆਰ ਕਰ ਰਿਹਾ ਹੈ ਜਾਂ ਸਿਰਫ ਤਤਕਾਲੀ ਦਬਾਅ ਹੀ ਏ?

ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ, ਜੋ ਭਗਵੇ ਸੰਘ ਦੀ ਸੇਵਾ ਵਜੋਂ ਗੱਦੀ ਬੈਠੇ ਹਨ ਉਹਨਾਂ ਨੇ ਵਿਵਾਦੀ ਨਹਿਰ ਲਈ ਸੌ ਕਰੋੜ ਰਾਖਵੇਂ ਰੱਖਣ ਦਾ ਬਿਆਨ ਦਿੱਤਾ। ਉਹਨਾਂ ਨੇ ਐਸ. ਵਾਈ. ਐਲ਼. ਦਾ ਅਰਥ ‘ਸੱਤਾ ਯੂੰ ਲੰੂਗਾ’ ਕਿਉਂ ਕੀਤੇ ਹਨ? ਕੀ ਉਹ ਵੀ ਪੰਜਾਬ ਵਿੱਚ ਪਾਣੀ ਦਾ ਸਿਹਰਾ ਆਪਣੇ ਨਾਂ ਬੰਨ੍ਹਣ ਵਾਲੀ ਕਿਸੇ ਨਵੀਂ ਧਿਰ ਲਈ ਜਮੀਨ ਤਿਆਰੀ ਵਿੱਚ ਸਹਾਇਤਾ ਕਰ ਰਹੇ ਹਨ ਜਾਂ ਪੁਰਾਣੇ ਮੁਰਦਿਆਂ ਵਿਚ ਜਾਨ ਫੂਕਣ ਦੀ ਜੋਰ ਅਜਮਾਈ ਹੈ। ਏਦਾਂ ਦੇ ਟੁਟਵੇਂ ਟੁਟਵੇਂ ਬਿਆਨ ਕਈ ਵਾਰ ਰਾਜਨੀਤੀ ਦੇ ਧੁਰ ਅੰਦਰ ਉਬਲਦੇ ਲਾਵੇ ਦੇ ਚਿਣਗ ਹੁੰਦੇ ਹਨ ਜੋ ਬੰਨ੍ਹੇ ਹੋਏ ਘੇਰੇ ਤੋਂ ਬਾਹਰ ਜਾ ਡਿੱਗਦੇ ਹਨ। ਹਾਲਾਤ ਉਤੇ ਨਿਗਾ ਰੱਖਣੀ ਇਸ ਲਈ ਜਰੂਰੀ ਹੁੰਦੀ ਹੈ ਕਿਉਂਕਿ ਰਾਜਨੀਤੀ ਦਾ ਚਰਖ ਸਮੇਂ ਦੇ ਗੇੜ ਵਾਂਗ ਪੂਣੀ ਕਤਦਾ ਹੀ ਰਹਿੰਦਾ ਹੈੇ ਇਥੇ ਕੋਈ ਛੁੱਟੀ ਜਾਂ ਛੋਟ ਨਹੀਂ ਹੁੰਦੀ।

ਛੋਟੇ ਛੋਟੇ ਧਰਨਿਆਂ ਜਾਂ ਮੁੱਦਿਆਂ ਨਾਲ ਪੰਜਾਬ ਜਾਂ ਪੰਥ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਕਈ ਬੰਦੇ ਜਾਂ ਧੜੇ ਹਨ। ਇਹ ਲੋਕ ਪੰਜਾਬ ਵਿੱਚ ਪੁਰਾਣੇ ਦਲ ਦੀ ਡਿਗਦੀ ਸਾਖ ਨੂੰ ਵੇਖ ਕੇ ਆਪਣੀ ਸਮਰੱਥਾ ਨਾਲੋਂ ਮੌਕਾ ਲੱਗਣ ਦੀ ਮਾਨਤਾ ਤੇ ਵਧੇਰੇ ਯਕੀਨ ਕਰ ਰਹੇ ਹਨ। ਇਹਨਾਂ ਚ ਬਹੁਤੇ ਅਗਲਾ ਬਦਲ ਬਣਨ ਲਈ ਕੇਂਦਰ ਸਾਹਮਣੇ ਜਾਂ ਕੇਂਦਰ ਦੇ ਦਲਾਲ ਜਾਪਦੇ ਕਿਸੇ ਬੰਦੇ ਸਾਹਮਣੇ ਵੀ, ਸਿਰ ਭਾਰ ਹੋਣ ਲਈ ਤਿਆਰ ਹਨ। ਇਹਨਾਂ ਨੂੰ ਰਾਜਨੀਤੀ ਦੇ ਜੰਗਲ ਵਿੱਚ ਕਿਸੇ ਪੱਤੇ ਦੇ ਖੜਕਣ ਨਾਲ ਇਕ ਪਲ ਡਰ ਆਉਂਦਾ ਹੈ ਅਤੇ ਦੂਜੇ ਪਲ ਹੀ ਆਸਾਂ ਨੂੰ ਬੂਰ ਪੈਂਦਾ ਜਾਪਦਾ ਹੈ।ਇਸ ਕਰਕੇ ਚਾਹੇ ਵਿਧਾਨ ਸਭਾ ਦੀ ਅਗੇਤੀ ਤਿਆਰੀ ਵਾਲੇ ਹੋਣ, ਚਾਹੇ ਗੁਰਦੁਆਰਾ ਚੋਣਾਂ ਦੀ ਚਿਰੋਕੀ ਉਡੀਕ ਵਾਲੇ ਹੋਣ ਜਾਂ ਪੁਰਾਣੇ ਲਾੜਿਆਂ ਦੇ ਨਵੇਂ ਸਰਬਾਲੇ ਬਣਨ ਵਾਲੇ ਹੋਣ, ਇਕ ਵਾਰ ਖੁਸ਼ੀ ਸਭ ਨੂੰ ਹੋਈ ਹੈ ਭਾਵੇਂ ਕਿਸੇ ਨੂੰ ਮੁਆਫੀ ਤੋਂ ਅਤੇ ਕਿਸੇ ਨੂੰ ਅਸਤੀਫਿਆਂ ਤੋਂ ਹੋਈ ਹੈ।

ਪੰਜਾਬ ਦੇ ਮਾਹੌਲ ਦਾ ਉਹ ਪਰਸੰਗ ਵੀ ਵੇਖਣਾ ਬਣਦਾ ਹੈੇ ਜੋ ਮੌਜੂਦਾ ਸਰਕਾਰ ਦੇ ਬਦਮਾਸ਼ਾਂ ਨੂੰ ਮਾਰਨ ਵਾਲੇ ਨਵੇਂ ਕਾਨੂੰਨ ਨਾਲ ਜੁੜਿਆ ਹੈ। ਇਹ ਸਭ ਨੂੰ ਪਤਾ ਹੈ ਕਿ ਮੁਆਫੀ ਮੰਗਣ ਦਾ ਪਰਸੰਗ ਵੀ ਨਸ਼ੇ ਅਤੇ ਬਦਮਾਸ਼ੀ ਨਾਲ ਜੁੜਿਆ ਹੋਇਆ ਹੈ। ਕਾਨੂੰਨ, ਰਾਜਨੀਤੀ ਅਤੇ ਸਮਾਜਕ ਮਾਨਤਾ ਵਿੱਚ ਬਦਮਾਸ਼ ਦੇ ਅਰਥ ਵੱਖ ਵੱਖ ਹੁੰਦੇ ਹਨ। ਜੇ ਕਾਨੂੰਨੀ ਪੱਖ ਵੇਖੀਏ ਤਾਂ ਫਰਵਰੀ 2018 ਵਿੱਚ ਯੂ.ਪੀ. ਪੁਲਸ ਦਾ 48 ਘੰਟਿਆਂ ਵਿਚ ਹੀ ਬਦਮਾਸ਼ਾਂ ਨਾਲ 15 ਥਾਈਂ ਮੁਕਾਬਲਾ ਹੋਇਆ ਅਤੇ ਸਿਰਫ ਇਕ ਬਦਮਾਸ਼ ਮਾਰਿਆ ਗਿਆ ਕਿਉਂਕਿ ਉਹਨਾਂ ਦੀ ਪਹਿਲ ਫੜਣ ਦੀ ਹੈ ਇਸ ਲਈ ਉਹਨਾਂ ਨੇ 24 ਬੰਦੇ ਫੜ ਲਏ। ਯੂ.ਪੀ. ਪੁਲਸ ਨੇ ਪਿਛਲੇ 10 ਮਹੀਨਿਆਂ ਵਿੱਚ 1100 ਤੋਂ ਵੱਧ ਮੁਕਾਬਲੇ ਕੀਤੇ ਅਤੇ ਕੁੱਲ 34 ਬੰਦੇ ਮਾਰੇ ਅਤੇ ਢਾਈ ਸੌ ਜਖਮੀ ਹੋਏ। ਪੁਲਸ ਮੁਕਾਬਲਿਆਂ ਰਾਹੀਂ 2700 ਤੋਂ ਵੱਧ ਬਦਮਾਸ਼ ਫੜੇ ਗਏ ਇਹਨਾਂ ਵਿਚੋਂ 1800 ਤੋਂ ਵੱਧ ਇਨਾਮੀ ਭਗੌੜੇ ਸਨ। ਯਾਦ ਰਹੇ ਕਿ ਭਾਰਤ ਵਿੱਚ ਸਭ ਤੋਂ ਵਧੇਰੇ ਕਤਲ ਅਤੇ ਨਾਜਾਇਜ ਹਥਿਆਰ ਉਤਰ ਪ੍ਰਦੇਸ਼ ਨਾਲ ਹੀ ਜੁੜੇ ਹੋਏ ਹਨ ਪੰਜਾਬ ਨਾਲ ਨਹੀਂ। ਏਨੇ ਸਭ ਕੁਝ ਦੇ ਬਾਵਜੂਦ ਯੂ.ਪੀ. ਦੀ ਸਰਕਾਰ ਨੇ ਬਦਮਾਸ਼ਾਂ ਨਾਲ ਨਜਿੱਠਣ ਦੇ ਨਾਂ ਹੇਠ ਕੋਈ ਵੱਖਰਾ ਕਾਨੂੰਨ ਨਹੀਂ ਬਣਾਇਆ ਕਿਉਂਕਿ ਹਾਲੇ ਤੱਕ ਬਦਮਾਸ਼ੀ ਉਹਨਾਂ ਲਈ ਕਾਨੂੰਨੀ ਮਸਲਾ ਹੀ ਹੈੇ। ਪੰਜਾਬ ਸਰਕਾਰ ਮਹਾਂਰਾਸਟਰ ਦੀ ਤਰਜ ਤੇ ਬਦਮਾਸ਼ਾਂ ਨੂੰ ਮਾਰਨ ਲਈ ਖਾਸ ਕਾਨੂੰਨ ਬਣਾ ਰਹੀ ਹੈ। ਮਹਾਂਰਾਸਟਰ ਦੇ ਬਦਨਾਮ ਕਾਨੂੰਨ ਦੀ ਵਜਹ ਬੰਬਈ ਦਾ ਦੁਨੀਆ ਵਿੱਚ ਮਸ਼ਹੂਰ ਅਪਰਾਧ ਜਗਤ ਸੀ ਜਿਸ ਕਰਕੇ ਉਹਨਾਂ ਦੀ ਕੋਈ ਦਲੀਲ ਬਣਦੀ ਸੀ ਭਾਵੇਂ ਮੰਨਣਯੋਗ ਨਾ ਹੀ ਸਹੀ। ਪੰਜਾਬ ਵਿੱਚ ਖਾਸ ਕਾਨੂੰਨ ਲਈ ਕਿਹੜੀ ਵਜਹ ਹੈ ਸਿਵਾਏ ਰਾਜਨੀਤੀ ਦੇ? ਆਖਰ ਪੰਜਾਬ ਦਾ ਪੁਲਸ ਮਹਿਕਮਾ, ਬਦਮਾਸ਼ੀ ਰੋਕੂ ਕਾਨੂੰਨ ਦੇ ਨਾਂ ਹੇਠ 7000 ਬੰਦੇ ਜਾਸੂਸੀ ਅਤੇ ਛਾਣਬੀਣ ਲਈ, ਸਰਕਾਰੀ ਨੇਮਾਂ ਵਿਚ ਢਿੱਲ਼ ਵਰਤ ਕੇ ਕਿਉਂ ਭਰਤੀ ਕਰਨਾ ਚਾਹੁੰਦਾ ਹੈੇ? ਕੀ ਸਚਮੁਚ ਪੰਜਾਬ ਦੇ ਹਾਲਤ ਏਨੇ ਮਾੜੇ ਹਨ? ਪੰਜਾਬ ਪੁਲਸ ਯੂ.ਪੀ. ਅਤੇ ਮਹਾਂਰਾਸਟਰ ਦੇ ਮੁਕਾਬਲੇ ਹਰ ਮੁਕਾਬਲੇ ਵਿਚ ਔਸਤਨ ਇਕ ਤੋਂ ਵੱਧ ਬਦਮਾਸ਼ਾਂ ਨੂੰ ਮਾਰ ਰਹੀ ਹੈ। ਕੀ ਇਹ ਸਿਰਫ ਇਤਕਾਫ ਹੈ ਕਿ ਮੁਕਾਬਲੇ ਵਿੱਚ ਫੜੇ ਜਾਣ ਨਾਲੋਂ ਮਾਰੇ ਜਾਣ ਦੇ ਹਿਸਾਬ ਨਾਲ ਪੰਜਾਬ ਪੁਲਸ ਭਾਰਤ ਦੇ ਸਾਰੇ ਰਾਜਾਂ ਦੀ ਪੁਲਸ ਤੋਂ ਉਪਰ ਹੈ? ਹਾਲਾਂਕਿ ਖਬਰਾਂ ਅਨੁਸਾਰ ਪਿਛਲੇ ਸਾਲਾਂ ਵਿੱਚ ਭਾਰਤ ਵਿੱਚ ਹੋਏ ਕੁੱਲ ਝੂਠੇ ਪੁਲਸ ਮੁਕਾਬਲਿਆਂ ਵਿਚੋਂ 40 ਫੀਸਦੀ ਤੋਂ ਵੱਧ ਯੂ.ਪੀ. ਵਿੱਚ ਹੋਏ ਹਨ। ਪੰਜਾਬ ਦੀ ਸਰਕਾਰ ਜਿਸ ਤਰੀਕੇ ਨਾਲ ਬਦਮਾਸ਼ਾਂ ਦਾ ਮਸਲਾ ਉਭਾਰ ਰਹੀ ਹੈ ਉਹ ਖਤਰੇ ਨੂੰ ਖਤਮ ਕਰਨ ਨਾਲੋਂ ਉਸ ਨੂੰ ਵੱਡਾ ਅਤੇ ਪੱਕਾ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ।

ਨਸ਼ੇ ਅਤੇ ਭ੍ਰਿਸ਼ਟਾਚਾਰ ਬਿਨਾ ਬਦਮਾਸ਼ੀ ਦੇ ਕੋਈ ਮਾਅਨੇ ਨਹੀਂ ਹਨ। ਨਸ਼ੇ ਦੇ ਚਲਣ ਲਈ ਬਦਮਾਸ਼ਾਂ ਅਤੇ ਨੇਤਾਵਾਂ ਦਾ ਗਠਜੋੜ ਜਰੂਰੀ ਹੁੰਦਾ ਹੈ। ਜੇ ਇਹ ਮੁੱਦੇ ਹੀ ਪੰਜਾਬ ਦੀ ਰਾਜਨੀਤੀ ਦੇ ਅਸਲੀ ਮੁੱਦੇ ਬਣਨਗੇ ਤਾਂ ਹੀ ਪੰਜਾਬ ਵਿਚ ਨਵੇਂ ਰਾਜਸੀ ਦਲ ਦੀ ਪੈਰ ਧਰਨ ਦੀ ਥਾਂ ਬਣੇਗੀ। ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਇਕ ਬਦਨਾਮ ਅਕਾਲੀ ਤੋਂ ਮੁਆਫੀ ਮੰਗ ਕੇ ਇਸ ਗੱਲ ਤੇ ਦੂਹਰੀ ਮੋਹਰ ਲਾਈ ਹੈ ਕਿ ਬਦਮਾਸ਼ੀ ਦਾ ਸਵਾਲ ਪੰਜਾਬ ਵਿੱਚ ਨਵਾਂ ਮਸਲਾ ਬਣ ਰਿਹਾ ਹੈ। ਨਵੇਂ ਰਾਜਸੀ ਮੁੱਦੇ ਬਣਨ ਨਾਲ ਪੰਜਾਬ ਦੀਆਂ ਅਸਲ ਮੁਸ਼ਕਲਾਂ ਹੋਰ ਵਿਸਰ ਜਾਣਗੀਆਂ। ਜੋ ਪੰਜਾਬ ਦੀਆਂ ਮੁਸ਼ਕਲਾਂ ਹਨ ਉਹਨਾਂ ਦਾ ਅੱਜ ਕੇਂਦਰੀ ਜਾਂ ਸੂਬਾ ਰਾਜਨੀਤੀ ਵਿੱਚ ਕਿੰਨਾ ਮੁੱਲ ਹੈ? ਕੀ ਉਹ ਮੁਸ਼ਕਲਾਂ ਪੁਲਸ ਨੂੰ ਪਹਿਲਾਂ ਵਾਂਗ ਕਾਨੂੰਨੀ ਖੁੱਲ ਮਿਲਣ ਨਾਲ ਠੀਕ ਹੋ ਜਾਣਗੀਆਂ ਜਾਂ ਕੀ ਇਹ ਮੁਸ਼ਕਲਾਂ ਭੀੜਾਂ ਸਾਹਮਣੇ ਕੀਤੀਆਂ ਤਕਰੀਰਾਂ ਰਾਹੀਂ ਦੂਜਿਆਂ ਨੂੰ ਦੋਸ਼ੀ ਕਹਿਣ ਨਾਲ ਠੀਕ ਹੋ ਜਾਣਗੀਆਂ ਜਾਂ ਨੇਤਾਵਾਂ ਦੇ ਇਕ ਦੂਜੇ ਤੋਂ ਮੁਆਫੀ ਮੰਗਣ ਮੰਗਾਉਣ ਨਾਲ ਠੀਕ ਹੋ ਜਾਣਗੀਆਂ? ਮੁੁਆਫੀ ਅਤੇ ਅਸਤੀਫੇ ਅਸਲ ਮੁਸ਼ਕਲਾਂ ਨੂੰ ਲਾਂਭੇ ਕਰਕੇ ਨਵੀਆਂ ਮੁਸ਼ਕਲਾਂ ਪੇਸ਼ ਕਰਨ ਦਾ ਰਾਹ ਵੀ ਹਨ ਤਾਂਕਿ ਮੁੜ ਦਲ ਬਣਨ ਅਤੇ ਉਹਨਾਂ ਵਲੋਂ ਨਵੇਂ ਹੱਲ ਦੱਸੇ ਜਾ ਸਕਣ।

ਆਪਣੇ ਆਪ ਨੂੰ ਮਹਾਤਮਾ ਗਾਂਧੀ ਸਮਝਣ ਵਾਲੇ ਬੰਦੇ ਦਾ ਮੁਆਫੀ ਮੰਗਣਾ ਡਰ ਜਾਂ ਅਕੇਵੇਂ ਵਾਲੀ ਗੱਲ ਨਹੀਂ ਹੈ। ਭਾਰਤੀ ਰਾਜਨੀਤੀ ਦੇ ਪਿਛੇ ਵੱਲ ਵੇਖਣਾ ਚਾਹੀਦਾ ਹੈ ਕਿ ਕਿਹੜੇ ਬੰਦਿਆਂ ਨੇ ਕਿਸ ਵੇਲੇ ਕਿਸ ਤੋਂ ਮੁਆਫੀ ਮੰਗੀ। ਅਸਲ ਵਿੱਚ ਵੱਡੇ ਅਫਸਰਸ਼ਾਹਾਂ ਅਤੇ ਰਾਜਨੀਤਕਾਂ ਦੇ ਅਸਤੀਫੇ ਜਾਂ ਮੁਆਫੀਨਾਮੇ ਕਦੇ ਗੁੱਸੇ, ਡਰ ਜਾਂ ਮਨ ਕਰੇ ਦੇ ਅਨੁਸਾਰ ਨਹੀਂ ਹੁੰਦੇ ਸਗੋਂ ਇਹ ਡੂੰਘੀ ਰਾਜਨੀਤੀ ਹੁੰਦੇ ਹਨ। ਇਹ ਗੱਲ ਵੱਖਰੀ ਹੈ ਕਿ ਇਹ ਨੀਤੀ ਕਈ ਵਾਰ ਪੂਰਨ ਰੂਪ ਵਿੱਚ ਸਿਰੇ ਨਹੀਂ ਚੜ੍ਹਦੀ। ਜਿਵੇਂ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਕਿਸੇ ਹੋਰ ਵੱਡੇ ਅਹੁਦੇ ਲਈ ਰੁਤਬਿਆਂ ਤੋਂ ਅਸਤੀਫਾ ਦੇ ਛੱਡਣਾ ਹਰ ਵਾਰ ਸਫਲ ਨਹੀਂ ਹੁੰਦਾ ਉਵੇਂ ਮੁਆਫੀ ਦੀ ਚਾਲ ਵੀ ਹਰ ਵਾਰ ਸਫਲ ਨਹੀਂ ਹੁੰਦੀ।

ਪੰਜਾਬ ਦੇ ਲੋਕ ਰਾਜਨੀਤੀਕ ਬੰਦਿਆਂ ਨੂੰ ਆਪਣੇ ਦਲ ਜਾਂ ਬਿਆਨ ਬਦਲਦੇ ਵੇਖ ਕੇ ਅਕਸਰ ਉਹਨਾਂ ਨੂੰ ਘਟੀਆ ਆਖਦੇ ਹਨ। ਇਹ ਭਾਵਨਾ ਉਹਨਾਂ ਦੀ ਰਾਜਨੀਤੀਕ ਸਮਝ ਨਹੀਂ ਹੁੰਦੀ ਸਗੋਂ ਆਪਣੇ ਮਨ ਅੰਦਰ ਸੱਚ ਜਾਣੀ ਕਿਸੇ ਮਾਨਤਾ ਦੇ ਟੁਟਣ ਦਾ ਆਪਣੇ ਆਪ ਨਾਲ ਗੁੱਸਾ ਹੁੰਦਾ ਹੈ। ਆਗੂ ਲਈ ਆਪਣਾ ਅਸਰ ਛੱਡਣਾ ਜਰੂਰੀ ਹੁੰਦਾ ਹੈ ਇਹ ਚਾਹੇ ਚੰਗਾ ਹੋਵੇ ਚਾਹੇ ਮਾੜਾ। ਇਹ ਗੱਲ ਹਰ ਆਗੂ ਜਾਣਦਾ ਹੁੰਦਾ ਏ ਕਿ ਲੋਕਾਂ ਦਾ ਚੇਤਾ ਬੜਾ ਕਮਜੋਰ ਹੁੰਦਾ ਹੈ ਅਤੇ ਉਹਨਾਂ ਦੀ ਰਾਇ ਬੜੀ ਭਾਵਕ ਕਿਸਮ ਦੀ ਹੁੰਦੀ ਹੈ। ਲੋਕ ਅਕਸਰ ਛੇਤੀ ਭੁਲਦੇ ਅਤੇ ਬਦਲਦੇ ਹਨ। ਜੇ ਲੋਕ ਭੁੱਲਦੇ ਅਤੇ ਬਦਲਦੇ ਨਾ ਹੋਣ ਤਾਂ ਕਿਸੇ ਆਗੂ ਦੀ ਹਿੰਮਤ ਨਹੀਂ ਹੋ ਸਕਦੀ ਕਿ ਉਹ ਗੱਲ ਗੱਲ ਤੇ ਮਹਾਤਮਾ ਗਾਂਧੀ ਵਾਂਗ ਬਦਲਦਾ ਰਹੇ। ਭਾਰਤੀ ਰਾਜਨੀਤੀ ਦੀ ਮੁੱਖਧਾਰਾ ਦੇ ਮੋਢੀ ਮਹਾਤਮਾ ਜੀ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਉਹਨਾਂ ਨੇ ਸੈਂਕੜੇ ਹਜਾਰਾਂ ਗੱਲਾਂ ਤੇ ਆਪਣੀ ਰਾਇ ਪਰਗਟ ਕੀਤੀ ਅਤੇ ਅਣਗਿਣਤ ਵਾਰ ਉਹ ਆਪਣੀ ਗੱਲ ਤੋਂ ਬਦਲੇ। ਲੋਕਾਂ ਦੇ ਪੁੱਛਣ ਤੇ ਉਹਨਾਂ ਦਾ ਬੜਾ ਸਿੱਧਾ ਜਵਾਬ ਹੁੰਦਾ ਸੀ ਕਿ ਜਿਸ ਗੱਲ ਬਾਰੇ ਵੀ ਮੈਂ ਆਖਰੀ ਵਾਰ ਜੋ ਕੁਝ ਕਿਹਾ ਹੈ ਉਹਨੂੰ ਹੀ ਸਹੀ ਮੰਨੋ। ਅੱਜ ਭਾਰਤ ਵਿੱਚ ਬਹੁਤੇ ਨੇਤਾ ਇਸੇ ਚਲਣ ਦੇ ਹਨ ਕਿ ਉਹਨਾਂ ਦੀ ਆਖਰੀ ਵਾਰ ਕਹੀ ਗੱਲ ਨੂੰ ਹੀ ਮੰਨੋ ਜੇ ਉਹ ਕੱਲ ਨੂੰ ਫਿਰ ਬਦਲ ਜਾਣ ਤਾਂ ਕੱਲ ਵਾਲੀ ਗੱਲ ਹੀ ਸੱਚ ਹੋਏਗੀ। ਇਸ ਕਰਕੇ ਰਾਜਨੀਤੀ ਵਿੱਚ ਮੁਆਫੀ ਮੰਗਣਾ ਵੀ ਰਾਇ ਬਦਲਣ ਵਾਂਗ ਹੀ ਹੈ।

ਪੰਜਾਬ ਦੇ ਮਾਮਲੇ ਵਿੱਚ ਭਾਰਤੀ ਹਾਕਮ ਹੁਣ ਏਨੀ ਗੱਲ ਦਾ ਵੀ ਜਿਕਰ ਨਹੀਂ ਚਾਹੁੰਦੇ ਕਿ ਕਿਸੇ ਰਾਜਸੀ ਦਲ ਨੇ ਐਮਰਜੈਂਸੀ ਵੇਲੇ ਕੇਂਦਰੀ ਹਕੂਮਤ ਦਾ ਵਿਰੋਧ ਕੀਤਾ ਸੀ। ਉਹ ਵੱਖਰੀ ਪਛਾਣ ਦੇ ਹਰ ਮੁੱਦੇ ਨੂੰ ਖਿੱਚ ਕੇ ਦੇਸ਼ ਵਿਰੋਧੀ ਪਾਲ਼ੇ ਵਿਚ ਖੜ੍ਹਾ ਕਰਨ ਲੱਗੇ ਹੋਏ ਹਨ। ਨੋਟਬੰਦੀ ਦੇ ਕਾਰਨ ਅਤੇ ਅਸਰ ਜੋ ਮਰਜੀ ਰਹੇ ਹੋਣ ਪਰ ਕੇਂਦਰ ਸਰਕਾਰ ਨੇ ਉਹ ਕਰ ਲਿਆ ਹੈ ਜੋ ਐਮਰਜੈਂਸੀ ਵੇਲੇ ਵੀ ਨਹੀਂ ਹੋਇਆ ਸੀ। ਉਹਨਾਂ ਨੇ ਰੁਪਈਆਂ ਉੱਤੇ ਦੇਵਨਾਗਰੀ ਅੱਖਰ ਛਾਪ ਲਏ ਹਨ, ਪੰਜਾਬੀ ਦੇ ਕਿਸੇ ਮੁਦਈ ਨੇ ਭੋਰਾ ਵਿਰੋਧ ਨਹੀਂ ਕੀਤਾ।

ਜੋ ਕੇਂਦਰੀ ਪੱਧਰ ਤੇ ਚੱਲ ਰਿਹਾ ਹੈ ਜੇ ਓਹੀ ਖੇਤਰੀ ਪੱਧਰ ਤੇ ਚੱਲੇ ਤਾਂ ਹਾਲਾਤ ਕਿੰਨੇ ਵੀ ਮਾੜੇ ਹੋਣ ਪਰ ਰਾਜਸੀ ਢਾਂਚਾ ਤਰੱਕੀ ਹੀ ਕਰਦਾ ਹੈ। ਮਿਸਾਲ ਵਜੋਂ ਜੇ ਲੋਕ ਸਭਾ ਵਿੱਚ ਬੈਠਣ ਵਾਲੇ ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਲਈ ਬਦਨਾਮ ਹਨ ਅਤੇ ਜੇ ਇਹੋ ਮੁੱਦਾ ਪੰਜਾਬ ਵਿੱਚ ਭਾਰੂ ਹੈ ਤਾਂ ਇਹਦੇ ਨਾਲ ਪੰਜਾਬ ਦੀ ਵੱਖਰੀ ਪਛਾਣ ਬੇਮਾਅਨਾ ਹੁੰਦੀ ਹੈ। ਇਸ ਤਰ੍ਹਾਂ ਦੀ ਰਾਜਨੀਤੀ ਨਾਲ ਕੇਂਦਰੀ ਢਾਂਚਾ ਅਸਲ ਵਿੱਚ ਮਜਬੂਤ ਹੁੰਦਾ ਹੈ ਬੰਦੇ ਜਾਂ ਰਾਜਸੀ ਦਲ ਜਿੰਨੇ ਮਰਜੀ ਬਦਨਾਮ ਹੋਈ ਜਾਣ। ਜਦੋਂ ਕੋਈ ਵੱਖਰੀ ਪਛਾਣ ਰੱਖਣ ਵਾਲਾ ਰਾਜਸੀ ਦਲ ਵਿਕਾਸ, ਨਸ਼ੇ, ਬਦਮਾਸ਼ੀ ਜਾਂ ਭ੍ਰਿਸ਼ਟਾਚਾਰ ਦੇ ਮੁੱਦੇ ਦੀ ਰਾਜਨੀਤੀ ਕਰਦਾ ਹੈ ਤਾਂ ਉਹ ਆਪਣੀ ਵੱਖਰਤਾ ਦੀ ਜੜ੍ਹ ਆਪ ਹੀ ਪੁੱਟ ਰਿਹਾ ਹੁੰਦਾ ਹੈ। ਮੌਜੂਦਾ ਪੰਜਾਬ ਸਰਕਾਰ ਦੀਆਂ ਚਾਲਾਂ ਪਹਿਲੀਆਂ ਸਰਕਾਰਾਂ ਨਾਲੋਂ ਵੱਖਰੀਆਂ ਨਹੀਂ ਹਨ। ਇਕ ਦਲ ਵਲੋਂ ਦੂਜੇ ਦੀ ਨਿੰਦਿਆ ਨੇਤਾਵਾਂ ਜਾਂ ਉਹਨਾਂ ਦੇ ਕੁਝ ਪੱਕੇ ਹਿਮਾਇਤੀਆਂ ਦੀ ਮਨਪਸੰਦ ਖੇਡ ਹੋ ਸਕਦੀ ਹੈ। ਹੁਣ ਧੁਰ ਅਣਪੜ੍ਹਾਂ ਤੱਕ ਲੋਕ ਇਹ ਗੱਲ ਜਾਣ ਗਏ ਹਨ ਕਿ ਇਹਨਾਂ ਨੇਤਾਵਾਂ ਦਾ ਆਪਸੀ ਵਿਰੋਧ ਵਿਖਾਵੇ ਦਾ ਹੈ ਉਹ ਪੰਜਾਬ ਦੀ ਹਾਲਤ ਨੂੰ ਮਾੜਾ ਕਰਨ ਲਈ ਇਕ ਦੂਜੇ ਤੋਂ ਵੱਖਰੇ ਨਹੀਂ ਹਨ। ਪੰਜਾਬ ਦੇ ਮੌਜੂਦਾ ਹਾਲਾਤ ਦੀ ਜੜ੍ਹ ਇਸ ਗੱਲ ਵਿੱਚ ਪਈ ਹੈ ਕਿ ਰਾਜਸੀ ਦਲਾਂ ਦੇ ਮੁੱਦੇ ਕੇਂਦਰੀ ਹਕੂਮਤ ਦੀ ਸੇਧ ਅਨੁਸਾਰ ਬਦਲਦੇ ਜਾ ਰਹੇ ਹਨ।

ਕਿਸੇ ਵੇਲੇ ਅੰਗਰੇਜਾਂ ਨੇ ਸੜਕਾਂ, ਪਟੜੀਆਂ ਅਤੇ ਤਾਰਾਂ ਦੇ ਜਾਲ ਵਿਛਾ ਕੇ ਤਰੱਕੀ ਦੇ ਨਾਂ ਹੇਠ ਲੋਕਾਂ ਨੂੰ ਏਨਾ ਹੈਰਾਨ ਕਰ ਦਿੱਤਾ ਕਿ ਆਮ ਲੋਕ ਆਪਣੀ ਪਛਾਣ ਜਾਂ ਅਜਾਦੀ ਦਾ ਮਾਮਲਾ ਭੁੱਲ ਗਏ ਸਨ। ਹੁਣ ਪਿਛਲੀਆਂ ਚਾਰ ਕੇਂਦਰੀ ਸਰਕਾਰਾਂ ਨੇ ਸੜਕਾਂ ਨੂੰ ਚੌੜੀਆਂ ਲੰਮੀਆਂ ਕਰਨ ਅਤੇ ਅੰਗਰੇਜਾਂ ਵਾਂਗ ਤਾਰਾਂ ਵਿਛਾ ਕੇ ਤਰੱਕੀ ਕਰ ਦਿੱਤੀ ਹੈ। ਪੰਜਾਬ ਦੀਆਂ ਪਿਛਲੀਆਂ ਦੋ ਸਰਕਾਰਾਂ ਲਗਾਤਾਰ ਸੜਕਾਂ ਅਤੇ ਪੁੱਲਾਂ ਨੂੰ ਵਪਾਰੀਆਂ ਕੋਲ ਵੇਚ ਕੇ ਵੀ, ਤਰੱਕੀ ਦੀਆਂ ਤੀਆਂ ਮਨਾਉਂਦੀਆਂ ਰਹੀਆਂ ਹਨ। ਅੰਗਰੇਜਾਂ ਵੇਲੇ ਸੈਂਕੜੇ ਰਿਆਸਤਾਂ ਦਾ ਇਕ ਰਾਜ ਬਣਿਆ ਸੀ ਉਹ ਰਾਜ ਹੁਣ ਇਕ ਦੇਸ਼ ਬਣ ਰਿਹਾ ਹੈ। ਜੇ ਖੇਤਰੀ ਅਤੇ ਕੇਂਦਰੀ ਪੱਧਰ ਉੱਤੇ ਬੁਨਿਆਦੀ ਫਰਕਾਂ ਦੇ ਬਾਵਜੂਦ ਰਾਜਸੀ ਮੁੱਦੇ ਸਾਂਝੇ ਹੀ ਹੋਣ ਤਾਂ ਕੇਂਦਰੀ ਤਰੱਕੀ ਖੇਤਰੀ ਰੂਪ ਵਿੱਚ ਤਬਾਹੀ ਹੀ ਹੁੰਦੀ ਹੈ।

ਨਸ਼ੇ, ਭ੍ਰਿਸ਼ਟਾਚਾਰ ਅਤੇ ਬਦਮਾਸ਼ੀ ਕੌਮਾਂਤਰੀ ਮੁੱਦੇ ਹਨ। ਸਾਰੀਆਂ ਸਰਕਾਰਾਂ ਇਹਨਾਂ ਨੂੰ ਜਿਉਂਦਾ ਰਖਦੀਆਂ ਹਨ ਤਾਂਕਿ ਲੋਕਾਂ ਦੇ ਅਸਲ ਮਸਲੇ ਇਹਨਾਂ ਰਾਹੀਂ ਪੈਦਾ ਕੀਤੇ ਖੌਫ ਹੇਠ ਲੁਕੇ ਰਹਿਣ। ਮੀਡੀਏ ਲਈ ਤਾਜਾ ਖਬਰਾਂ ਦਾ ਚਾਰਾ ਵੀ ਏਥੋਂ ਹੀ ਪੈਦਾ ਹੁੰਦਾ ਹੈ। ਰਾਖੀ ਅਤੇ ਚੌਕਸੀ ਮਹਿਕਮਿਆਂ ਲਈ ਕਾਨੂੰਨੀ ਖੁੱਲ੍ਹਾਂ ਅਤੇ ਖੁੱਲ਼ੇ ਪੈਸੇ ਵੀ ਏਸੇ ਤਿਕੜਮ ਵਿਚੋਂ ਮਿਲਦੇ ਹਨ। ਰਾਜਨੀਤਕਾਂ ਲਈ ਦੂਸ਼ਣਬਾਜੀ ਅਤੇ ਦੂਜਿਆਂ ਨੂੰ ਵੱਸ ਕਰਨ ਦੇ ਸੌਖੇ ਰਾਹ ਵੀ ਨਸ਼ੇ, ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਵਿਚੋਂ ਹੀ ਨਿਕਲਦੇ ਹਨ। ਜੇ ਪੰਜਾਬ ਵਿੱਚ ਇਹਨਾਂ ਮੁੱਦਿਆਂ ਨੂੰ ਮੁਖ ਰਾਜਸੀ ਮੁੱਦੇ ਬਣਾਉਣ ਦਾ ਚਲਣ ਸ਼ੁਰੂ ਹੁੰਦਾ ਹੈ ਤਾਂ ਪੰਥਕ ਰਾਜਨੀਤੀ ਦਾ ਨਾਮਧਰੀਕ ਖਾਤਾ ਵੀ ਬੰਦ ਹੋਏਗਾ ਅਤੇ ਛੇਤੀ ਹੀ ਪੰਜਾਬੀ ਰਾਜਨੀਤੀ ਦਾ ਖਾਤਮਾ ਵੀ ਹੋਏਗੀ ਅਤੇ ਨਿਰੋਲ ਕੇਂਦਰੀ ਮੁੱਦਿਆਂ ਦੀ ਰਾਜਨੀਤੀ ਰਹਿ ਜਾਏਗੀ। 

ਇਸ ਹਿਸਾਬ ਨਾਲ ਪੰਜਾਬ ਵਿੱਚ ਨਵੇਂ ਰਾਜਸੀ ਦਲ ਦੀ ਹੋਂਦ ਬਣੇਗੀ ਜੋ ਸੁਭਾਅ ਪੱਖੋ ਅਪੰਥਕ ਅਤੇ ਅਪੰਜਾਬੀ ਹੋਏਗਾ ਉਹਦਾ ਕਾਰਜ ਖੇਤਰ ਭਾਵੇਂ ਪੰਜਾਬ ਹੀ ਹੋਊ। ਕੇਜਰੀਵਾਲ ਦਾ ਮੁਆਫੀ ਮੰਗਣਾ ਇਹ ਸੰਕੇਤ ਵੀ ਹੋ ਸਕਦਾ ਹੈੇ ਕਿ ਉਹਦੀ ਜਥੇਬੰਦੀ ਪੰਜਾਬ ਵਿੱਚ ਰਾਜਸੀ ਧਿਰ ਬਣਨ ਨਾਲੋਂ ਕਿਸੇ ਨਵੀਂ ਧਿਰ ਲਈ ਥਾਂ ਪੈਦਾ ਕਰਨ ਲਈ ਰਾਜੀ ਹੈ। ਮੱਧ ਭਾਰਤ ਦੀ ਰਾਜਨੀਤੀ ਭਾਰਤੀ ਮੱੁਖਧਾਰਾ ਦੀ ਰਾਜਨੀਤੀ ਹੈ। ਇਸ ਕਰਕੇ ਉਹਦੇ ਨਾਲ ਨਿਭਣ ਲੱਗਿਆਂ ਵੱਖਰੀ ਪਛਾਣ ਦੀ ਰਾਜਨੀਤੀ ਵਾਲੇ ਖਿੱਤਿਆਂ ਵਿਚ ਸੱਤਾ ਨਹੀਂ ਮਾਣੀ ਜਾ ਸਕਦੀ। ਕੇਂਦਰ ਸਰਕਾਰ ਨੂੰ ਵੀ ਇਹਨਾਂ ਖਿੱਤਿਆਂ ਵਿਚ ਵੱਖਰੀ ਪਛਾਣ ਵਾਲੇ ਦਲ ਹੀ ਸੂਤ ਬੈਠਦੇ ਹਨ ਪਰ ਉਹ ਏਨੇ ਪੱਕੇ ਨਹੀਂ ਚਾਹੀਦੇ ਕਿ ਆਪਣੀ ਪਛਾਣ ਲਈ ਭਾਰਤੀ ਢਾਚੇ ਨੂੰ ਬਦਲਣ ਜਾਂ ਤੋੜਣ ਦਾ ਸੁਪਨਾ ਲੈਣ। 

ਇਸ ਕਰਕੇ ਕੇਂਦਰੀ ਹਕੂਮਤ ਪਿਛਲੇ ਦਹਾਕੇ ਤੋਂ ਵੱਖਰੀ ਪਛਾਣ ਲਈ ਲੜਣ ਵਾਲੇ ਸੂਬਿਆਂ ਵਿਚ ਆਪਣੀ ਮਰਜੀ ਦੇ ਨਵੇਂ ਦਲ ਘੜਣ ਦੀ ਕਸਰਤ ਕਰ ਰਹੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਖਤਮ ਜਾਂ ਕਮਜੋਰ ਹੋਣ ਉੱਤੇ ਖੁਸ਼ ਹੋਣ ਵਾਲਿਆਂ ਨੂੰ ਜਾਨਣਾ ਚਾਹੀਦਾ ਹੈ ਕਿ ਪੰਜਾਬ ਪਾਰਟੀ ਜਾਂ ਆਮ ਆਦਮੀ ਪਾਰਟੀ ਦਾ ਟੁੱਟਣਾ, ਪੰਜਾਬ ਦੇ ਲੋਕਾਂ ਦੀ ਬਦਲਾਅ ਦੀ ਆਸ ਦਾ ਟੁਟਣਾ ਨਹੀਂ ਹੈ ਅਤੇ ਨਾ ਹੀ ਕੇਂਦਰ ਦੀ ਪੰਜਾਬ ਦੇ ਨਵੇਂ ਆਗੂ ਥਾਪਣ ਦੀ ਕੋਸ਼ਿਸ਼ ਦਾ ਰੁਕਣਾ ਹੈ। ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਬਦਲਾਅ ਚਾਹੁੰਦੇ ਹਨ ਇਹਦੀ ਪਰਵਾਹ ਨਾ ਪੁਰਾਣਿਆਂ ਨੇ ਕੀਤੀ ਹੈੇ ਅਤੇ ਨਾ ਹੀ ਨਵਿਆਂ ਤੋਂ ਸੰਭਾਵਨਾ ਹੈ। ਸਮਝਣ ਵਾਲਾ ਫਰਕ ਇਹ ਹੈ ਕਿ ਲੋਕ ਸਿਰਫ ਬਦਲਾਅ ਭਾਲਦੇ ਹਨ ਅਤੇ ਕੇਂਦਰ ਆਪਣੀ ਮਰਜੀ ਦਾ ਬਦਲਾਅ ਭਾਲਦਾ ਹੈ। ਇਸ ਕਰਕੇ ਲੋਕਾਂ ਤੋਂ ਵਧੇਰੇ ਇੱਛਾ ਕੇਂਦਰ ਸਰਕਾਰ ਦੀ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਆਵੇ। ਵੱਖਰੀ ਪਛਾਣ ਵਾਲਿਆਂ ਨੂੰ ਉਹਨਾਂ ਦੇ ਘਰ ਪੈਦਾ ਹੋਣ ਵਾਲੇ ਹੀ ਮਾਰਨ, ਬਦਨਾਮ ਕਰਨ ਜਾਂ ਛੱਡ ਜਾਣ, ਕੇਂਦਰ ਲਈ ਸਭ ਤੋਂ ਵਧੀਆ ਹੱਲ ਇਹੋ ਹੈ।

ਕਿਸੇ ਮੁਲਕ ਵਿੱਚ ਬਦਮਾਸ਼ਾਂ ਦਾ ਜੋਰ ਹੋਣਾ, ਵੱਖਰਤਾਵਾਂ ਦਾ ਵਿਰੋਧ ਝੱਲਣ ਵਾਲੀਆਂ ਹਕੂਮਤਾਂ ਲਈ ਬਹੁਤ ਲਾਹੇਵੰਦ ਹੁੰਦਾ ਹੈ। ਜਿਹੜੇ ਲੋਕ ਵੀ ਕਦੇ ਕਿਸੇ ਸਰਕਾਰ ਖਿਲਾਫ ਲੜੇ ਹਨ ਓਥੇ ਬਦਮਾਸ਼ਾਂ ਦਾ ਪੈਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ। ਕਿਸੇ ਹਕੂਮਤ ਲਈ ਬਾਗੀਆਂ ਦੀ ਅਗਲੀ ਪੀੜ੍ਹੀ ਨੂੰ ਬਦਮਾਸ਼ੀ ਵਿਚ ਬਦਲਣ ਤੋਂ ਬਿਹਤਰ ਕੋਈ ਰਾਹ ਨਹੀਂ ਹੁੰਦਾ। ਯਾਦ ਰਹੇ ਕਿ ਪੰਜਾਬ ਨੂੰ ਬਦਮਾਸ਼ੀ ਵੱਲ ਧੱਕਣ ਦਾ ਪਹਿਲਾ ਸਰਕਾਰੀ ਪੜਾਅ ਖਾੜਕੂ ਲਹਿਰ ਦੇ ਡਿੱਗਣ ਨਾਲ ਹੀ ਸ਼ੁਰੂ ਹੋ ਗਿਆ ਸੀ। ਪੰਜਾਬ ਵਿੱਚ ਨਸ਼ੇ ਅਤੇ ਲੱਚਰ ਗਾਇਕੀ ਦਾ ਚੱਲਣ ਉਸ ਵੇਲੇ ਪੁਲਸ ਜਤਨਾਂ ਨਾਲ ਸ਼ੁਰੂ ਹੋਇਆ ਸੀ। ਪੰਜਾਬ ਦੇ ਹਰ ਮਾੜੇ ਮੋਟੇ ਗਾਇਕ ਨੂੰ ਏ.ਅੇਸ.ਆਈ. ਬਣਾ ਦਿੱਤਾ ਗਿਆ ਸੀ। ਪੰਜਾਬ ਦੇ ਕਈ ਦਰਜਨਾਂ ਗਾਇਕਾਂ ਨੂੰ ਧੌਸ ਨਾਲ ਪੁਲਸ ਦਾ ਅਹੁਦਾ ਦਿੱਤਾ ਗਿਆ। ਧੱਕੇ ਨਾਲ ਅਖਾੜੇ ਲਾਏ ਲਵਾਏ ਗਏ ਸਨ। ਅੱਜ ਜੋ ਨਸ਼ੇ ਅਤੇ ਬਦਮਾਸ਼ੀ ਦਾ ਮੁੱਦਾ ਉਭਰਿਆ ਹੈ ਇਹ ਉਹਦਾ ਹੀ ਫਲ਼ ਹੈ। ਜਿਵੇਂ ਪੰਜਾਬ ਦੇ ਹੱਕ ਲਈ ਲੜਣ ਵਾਲੇ ਲੋਕ ਅਤਿਵਾਦੀਆਂ ਵਜੋਂ ਭੰਡੇ ਅਤੇ ਮਾਰੇ ਗਏ, ਉਵੇਂ ਪੰਜਾਬ ਦੀ ਅਗਲੀ ਪੀੜ੍ਹੀ ਨਸ਼ੇੜੀਆਂ ਅਤੇ ਬਦਮਾਸ਼ਾਂ ਦੇ ਰੂਪ ਵਿੱਚ ਮਾਰੀ ਜਾ ਰਹੀ ਹੈ।ਪੰਜਾਬ ਤੋਂ ਬਾਹਰ ਵੀ ਪੰਜਾਬੀ ਲੋਕ ਨਸ਼ੇ ਅਤੇ ਬਦਮਾਸ਼ੀ ਦੀ ਜੰਗ ਵਿੱਚ ਮਰ ਰਹੇ ਹਨ ਇਹ ਸਿਰਫ ਇਤਫਾਕ ਨਹੀਂ ਹੈ। ਡਾ. ਗੁਰਭਗਤ ਸਿੰਘ ਦੇ ਦੱਸਣ ਅਨੁਸਾਰ ਖਾੜਕੂ ਲਹਿਰ ਦੇ ਖਾਤਮੇ ਦੇ ਐਲਾਨ ਤੋਂ ਬਾਅਦ ਬੇਅੰਤ ਸਿੰਘ ਦੇ ਜਿਉਂਦਿਆਂ ਪਟਿਆਲੇ ਦੇ ਪੁਲਸ ਅਫਸਰ ਨੇ ਉਹਨਾਂ ਨੂੰ ਸੱਦ ਕੇ ਕਿਹਾ ਸੀ ‘ਹੁਣ ਬੰਦੇ ਨਸ਼ੇ ਨਾਲ ਮਰਨਗੇ, ਤੁਸੀਂ ਕਰ ਲਓ ਜੋ ਹੁੰਦਾ ਏ’।

ਆਮ ਆਦਮੀ ਪਾਰਟੀ ਦੇ ਉਭਾਰ ਨੇ ਪੰਜਾਬ ਵਿੱਚ ਕੇਂਦਰੀ ਹਕੂਮਤ ਦਾ ਇਕ ਵੱਡਾ ਕੰਮ ਕਰ ਦਿੱਤਾ ਹੈ ਕਿ ਸਿਰੇ ਦੇ ਕਾਮਰੇਡਾਂ ਤੋਂ ਲੈ ਕੇ ਖਾਲਸਤਾਨ ਬਣਾਉਣ ਵਾਲਿਆਂ ਤੱਕ ਨੂੰ ਚੋਣ ਰਾਜਨੀਤੀ ਦੀ ਇਕੋ ਟੋਪੀ ਪਾ ਦਿੱਤੀ। ਪੰਜਾਬ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਮੁਸ਼ਕਲ ਇਹ ਸੀ ਕਿ ਇਹਨਾਂ ਦੇ ਆਗੂ ਸਿੱਖ ਨਹੀਂ ਲਗਦੇ ਸਨ। ਇਸ ਕਰਕੇ ਉਹ ਸਿੱਖ ਮਸਲੇ ਦੇ ਹੱਲ ਲਈ ਪੰਜਾਬ ਦੇ ਸਿੱਖਾਂ ਅਤੇ ਦੁਨੀਆ ਦੇ ਲੋਕਾਂ ਸਾਹਮਣੇ ਢੁਕਵੇਂ ਨਹੀਂ ਜਾਪਦੇ ਸਨ। ਪੰਜਾਬ ਦੀ ਰਾਜਨੀਤੀ ਵਿਚੋਂ ਸਿੱਖ ਮਸਲਾ ਖਤਮ ਕਰਨ ਲਈ ਸਿੱਖ ਸ਼ਕਲ ਵਾਲਾ ਬੰਦਾ ਵਧੇਰੇ ਜਰੂਰੀ ਹੈ। ਪਿਉ ਪੁੱਤ ਦੀ ਜੋੜੀ ਇਸ ਤੋਂ ਜਿਆਦਾ ਸਿੱਖੀ ਤੱਤ ਨਹੀਂ ਮਾਰ ਸਕਦੀ। ਬਾਹਰਲੇ ਸਿੱਖ ਪੰਜਾਬ ਦੀ ਰਾਜਨੀਤੀ ਲਈ ਵਧੇੇਰੇ ਤਤਪਰ ਹਨ ਇਸ ਕਰਕੇ ਕੇਂਦਰ ਸਰਕਾਰ ਨੂੰ ਅਜਿਹੇ ਬੰਦੇ ਦੀ ਲੋੜ ਹੈ ਜੀਹਦੇ ਨਾਲ ‘ਜੂਝਣ ਵਰਗਾ’ ਕੁਝ ਜੁੜਿਆ ਹੋਵੇ ਤਾਂਕਿ ਉਹ ਬੰਦੇ ਨੂੰ ਲੋਕ ਇਕ ਵਾਰ ਆਪ ਹੁਲਾਰਾ ਦੇਣ ਜਿਵੇਂ ਪੰਜਾਬ ਪਾਰਟੀ ਜਾਂ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ।

ਕੇਂਦਰ, ਪੰਜਾਬ ਦੀ ਰਾਜਨੀਤੀ ਦੇ ਉਹਨਾਂ ਨਵੇਂ ਖਿਡਾਰੀਆਂ ਨੂੰ ਥਾਪੀ ਦਏਗਾ ਜਿਹੜੇ ਨਸ਼ੇ, ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਵਰਗੇ ਨਵੇਂ ਪੰਜਾਬ ਮੁੱਦਿਆਂ ਦੇ ਹੱਲ ਨਾਲ ਤਰੱਕੀ ਦਾ ਦਾਅਵਾ ਕਰਨਗੇ ਅਤੇ ਕਿਸੇ ਵੀ ਪਹਿਲੀ ਮੁਸ਼ਕਲ ਨੂੰ ਹੱਲ ਕੀਤੇ ਬਿਨਾ ਲੋਕਾਂ ਨੂੰ (ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਬਿਜਲੀ ਪਾਣੀ ਅਤੇ ਚੁਰਾਸੀ ਦੇ ਇਨਸਾਫ ਆਦਿ) ਕੁੱਲ ਮਸਲਿਆਂ ਦਾ ਹੱਲ ਵੇਚਣਗੇ। ਹਿੰਦੀ ਫਿਲਮ ਰਕਤ ਚਰਿਤਰ ਵਿੱਚ ਨੇਤਾ ਪਾਤਰ ਇਹੋ ਬੋਲਦਾ ਹੈ ਕਿ ਗੁੰਡਾਗਰਦੀ ਸਿਰਫ ਸਭ ਤੋਂ ਵੱਡਾ ਗੁੰਡਾ ਹੀ ਖਤਮ ਕਰ ਸਕਦਾ ਹੈ। ਬਦਮਾਸ਼ੀ, ਨਸ਼ੇ ਜਾਂ ਭ੍ਰਿਸ਼ਟਾਚਰ ਵਰਗੇ ਮਾਮਲਿਆਂ ਨੂੰ ਖਤਮ ਕਰਨ ਦਾ ਦਾਅਵਾ ਵਧੇਰੇ ਬਦਮਾਸ਼ ਜਾਂ ਵਧੇਰੇ ਭ੍ਰਿਸ਼ਟ ਬੰਦੇ ਦਾ ਹੀ ਮਜਬੂਤ ਹੁੰਦਾ ਹੈ ਕਿਉਂਕਿ ਉਹਦੀ ਇਕੋ ਗੱਲ ਲੋਕਾਂ ਨੂੰ ਕਾਟ ਕਰਦੀ ਹੈ ਕਿ ‘ਮੈਨੂੰ ਸਭ ਅੰਦਰਲਾ ਭੇਤ ਪਤੈ, ਮੈਂ ਕਰੂੰ ਸਿੱਧੇ’। ਪੰਜਾਬ ਦੇ ਅਜੋਕੇ ਹਾਲਾਤ ਵਿਚ ਇਹ ਸਿੱਕਾ ਚਲਣ ਦੀ ਸੰਭਾਵਨਾ ਪਈ ਹੈ ਕਿਉਂਕਿ ਪੁਰਾਣੇ ਦੋਵਾਂ ਦਲਾਂ ਵਲੋਂ ਵਾਰ ਵਾਰ ਵਾਅਦਾ ਖਿਲਾਫੀ ਕਰਨ ਕਾਰਣ ਲੋਕਾਂ ਨੂੰ ਹੁਣ ਕੋਈ ਫਰਕ ਨਹੀਂ ਕਿ ਕਿਹੜਾ ਸੱਤਾ ਵਿੱਚ ਹੈ ਅਤੇ ਕਿਹੜਾ ਸੱਤਾ ਤੋਂ ਬਾਹਰ। ਦੋਵਾਂ ਦਲਾਂ ਦਾ ਲੋਕਾਂ, ਪੰਜਾਬ ਅਤੇ ਕੇਂਦਰ ਨਾਲ ਵਤੀਰੇ ਵਿੱਚ ਕੋਈ ਫਰਕ ਨਹੀਂ ਰਿਹਾ। ਇਹੋ ਮਾਹੌਲ ਨਵੇਂ ਪਲਟੇ ਨੂੰ ਰਾਸ ਆਏਗਾ ਬੇਸ਼ੱਕ ਉਹ ਹੁਣੇ ਹੋਈ ਬਦਲਾਅ ਦੀ ਕਸਰਤ ਨਾਲੋਂ ਵੀ ਮਾੜਾ ਹੋਵੇ।

ਕੇਜਰੀਵਾਲ ਦੇ ਮੁਆਫੀ ਮੰਗਣ ਤੋਂ ਬਾਅਦ ਬਿਜਲ ਸੱਥ ਵਿਚ ਲੋਕਾਂ ਵਲੋਂ ਟਿੱਚਰ ਅਤੇ ਨਫਰਤ ਨਾਲ ‘ਲਾਲਾ ਜੀ’ ਕਹਿਣਾ ਆਪਣੇ ਆਪ ਵਿਚ ਇਹ ਗੱਲ ਨੂੰ ਸਹੀ ਸਿੱਧ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਗਪੌੜੀ ਜਾਂ ਭੰਡੀ ਨਹੀਂ ਸਗੋਂ ਅਸਲ ਸਰਦਾਰ ਲੱਗਣ ਵਾਲਾ ਆਗੂ ਚਾਹੀਦਾ ਹੈ। ਰੱਦਿਆ ਹੋਇਆ ਕਪਤਾਨ ਗੁਟਕਾ ਅਤੇ ਖੂੰਡਾ ਫੜਕੇ ਲੋਕਾਂ ਦੇ ਮਨ ਨੂੰ ਇਸ ਕਰਕੇ ਭਾਅ ਗਿਆ ਕਿ ਲੋਕ, ਉਹਨੂੰ ਨਹੀਂ ਸਗੋਂ ਉਸ ਤਰ੍ਹਾਂ ਦੇ ਆਗੂ ਨੂੰ ਭਾਲਦੇ ਹਨ ਜਿਹੜਾ ਪੰਜਾਬ ਦੀ ਵਿਰਾਸਤ ਦੇ ਹਿਸਾਬ ਨਾਲ ਬੰਦਾ ਲਗਦਾ ਹੋਵੇ। ਪੰਜਾਬ ਲਈ ਅਗਲਾ ਆਗੂ ਲੋਕਾਂ ਤੋਂ ਪਹਿਲਾਂ ਚੰਡੀਗੜ੍ਹ, ਹਰਿਆਣੇ ਅਤੇ ਕੇਂਦਰ ਦੀ ਹਕੂਮਤ ਨੇ ਭਾਲਣਾ ਸ਼ੁਰੂ ਕੀਤਾ ਹੋਇਆ ਹੈ ਜੋ ਬਦਮਾਸ਼ੀ, ਨਸ਼ੇ ਜਾਂ ਭ੍ਰਿਸ਼ਟਾਚਰ ਨੂੰ ਨੱਥ ਪਾਉਣ ਦੀ ਝੰਡੀ ਚੁੱਕੇਗਾ। ਹੋ ਸਕਦੈ ਕੋਈ ਮੁਆਫੀ ਵਾਲਾ ਈ ਫੋਤੇਦਾਰ ਵਾਂਗ ਆਪਣੇ ਸਿਰ ਸਿਹਰਾ ਲਏਗਾ ਕਿ ਉਹਨੇ ਅਗਲੇ ਆਗੂ ਦੀ ਚੋਣ ਕੀਤੀ ਹੈ ਜਾਂ ਫਿਰ ਮਰਹੂਮ ਦਾਰਸ਼ਨਿਕ ਸਾਇਰ ਹਰਿੰਦਰ ਸਿੰਘ ਮਹਿਬੂਬ ਦੇ ਕਹਿਣ ਵਾਂਗ ਪੰਜਾਬ ਦੀ ਧਰਤੀ ਸਿਮਰਨ ਵਿੱਚ ਉਡੀਕ ਰਹੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES