Posted on March 16th, 2018
ਦਿੱਲੀ ਦੀ ਥਾਂ ਪੰਜਾਬ ਦੇ ਹਿਤਾਂ ਨਾਲ ਖੜ੍ਹੇ ਹਾਂ ਅਤੇ ਅਹੁਦਿਆਂ ਦੀ ਕੋਈ ਪ੍ਰਵਾਹ ਨਹੀਂ- ਆਪ ਵਿਧਾਇਕ
ਚੰਡੀਗੜ੍ਹ- ਬਿਕਰਮ ਸਿੰਘ ਮਜੀਠੀਆ ਕੋਲੋਂ ਨਾਟਕੀ ਢੰਗ ਨਾਲ ਮੁਆਫ਼ੀ ਮੰਗਣ ਕਾਰਨ ਪਾਰਟੀ ਦੀ ਪੰਜਾਬ ਇਕਾਈ ਵਿੱਚ ਚੁਫੇਰਿਓਂ ਬਗ਼ਾਵਤੀ ਸੁਰਾਂ ਉੱਠ ਗਈਆਂ ਹਨ। ਅਜਿਹੇ ਸੰਕੇਤ ਹਨ ਕਿ ਪੰਜਾਬ ਇਕਾਈ ਦੇ ਆਗੂ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਹਨ। ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਸਹਿ ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਪਾਰਟੀ ਵਿੱਚ ਤੂਫਾਨ ਲਿਆ ਦਿੱਤਾ ਹੈ। ਸਮੂਹ ਵਿਧਾਇਕਾਂ ਨੇ ਵੀ ਅੱਜ ਮੀਟਿੰਗ ਕਰਕੇ ਕੇਜਰੀਵਾਲ ਨੂੰ ਫਿਟਕਾਰਾਂ ਪਾਈਆਂ ਹਨ। ਕਈ ਹੋਰ ਆਗੂ ਵੀ ਅਸਤੀਫੇ ਦੇਣ ਦੀ ਤਿਆਰੀ ਵਿੱਚ ਹਨ।
ਮੀਟਿੰਗ ਵਿੱਚ ਵਿਧਾਇਕ ਐਚਐਸ ਫੂਲਕਾ ਤੇ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਸਾਰੇ ਵਿਧਾਇਕ ਮੌਜੂਦ ਸਨ।
ਸੂਤਰਾਂ ਅਨੁਸਾਰ ਮੀਟਿੰਗ ਵਿੱਚ 13 ਦੇ ਕਰੀਬ ਵਿਧਾਇਕ ਪੰਜਾਬ ਦਾ ਵੱਖਰਾ ਯੂਨਿਟ ਬਣਾਉਣ ਦੇ ਹਾਮੀ ਸਨ, ਪਰ ਫਿਲਹਾਲ ਅਜਿਹਾ ਫ਼ੈਸਲਾ ਟਾਲ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪੰਜਾਬ ਦੀ ਲੀਡਰਸ਼ਿਪ ਦੀ ਇਸ ਮੁੱਦੇ ਉਪਰ 18 ਮਾਰਚ ਨੂੰ ਦਿੱਲੀ ਵਿੱਚ ਮੀਟਿੰਗ ਸੱਦੀ ਹੈ, ਪਰ ਵਿਧਾਇਕਾਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਰੋਹ ਵਿੱਚ ਆਏ ਵਿਧਾਇਕਾਂ ਨੇ ਹਾਈਕਮਾਂਡ ਵੱਲੋਂ ਪੰਜਾਬ ਲਈ ਬਣਾਈ ਕੋਰ ਕਮੇਟੀ ਨੂੰ ਵੀ ਭੰਗ ਕਰ ਦਿੱਤਾ ਹੈ। ਵਿਧਾਇਕਾਂ ਨੇ ਕਿਹਾ ਕਿ ਉਹ ਹੁਣ ਦਿੱਲੀ ਮੀਟਿੰਗਾਂ ਕਰਨ ਨਹੀਂ ਜਾਣਗੇ ਅਤੇ ਅਜਿਹੀਆਂ ਮੀਟਿੰਗਾਂ ਭਵਿੱਖ ਵਿੱਚ ਪੰਜਾਬ 'ਚ ਹੀ ਕੀਤੀਆਂ ਜਾਣਗੀਆਂ।
ਉਧਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਵਿਧਾਇਕ ਅਮਨ ਅਰੋੜਾ, ਕੰਵਰ ਸੰਧੂ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ 20 ਵਿਧਾਇਕਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇਜਰੀਵਾਲ ਨੇ ਮਜੀਠੀਆ ਮੂਹਰੇ ਆਤਮ ਸਮਰਪਣ ਕਰਕੇ ਪੰਜਾਬ ਨਾਲ ਧੋਖਾ ਕੀਤਾ। ਖਹਿਰਾ ਨੇ ਕਿਹਾ ਕਿ ਸਮੂਹ ਆਗੂ ਦਿੱਲੀ ਦੀ ਥਾਂ ਪੰਜਾਬ ਦੇ ਹਿਤਾਂ ਨਾਲ ਖੜ੍ਹੇ ਹਨ ਅਤੇ ਉਹ ਅਹੁਦਿਆਂ ਦੀ ਕੋਈ ਪ੍ਰਵਾਹ ਨਹੀਂ ਕਰਨਗੇ। ਉਨ੍ਹਾਂ ਸੰਕੇਤ ਦਿੱਤੇ ਕਿ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਕੇਜਰੀਵਾਲ ਦੀ ਇਸ ਭੁੱਲ ਵਿਰੁੱਧ ਅਤੇ ਪੰਜਾਬ ਦੇ ਹਿੱਤਾਂ ਲਈ ਜਲਦੀ ਹੀ ਅਹਿਮ ਫ਼ੈਸਲੇ ਲਵੇਗੀ। ਕੰਵਰ ਸੰਧੂ ਨੇ ਦੱਸਿਆ ਕਿ ਭਗਵੰਤ ਮਾਨ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਅਗਲੀ ਰਣਨੀਤੀ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਘੜੀ ਜਾਵੇਗੀ।
Posted on February 15th, 2019
Posted on February 15th, 2019
Posted on February 8th, 2019
Posted on February 8th, 2019
Posted on February 1st, 2019
Posted on February 1st, 2019