Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂ ਕੋਈ ਖਾਲਿਸਤਾਨੀ ਨਹੀਂ- ਜਸਪਾਲ ਸਿੰਘ ਅਟਵਾਲ

Posted on February 23rd, 2018


ਸਰੀ (ਅਕਾਲ ਗਾਰਡੀਅਨ ਬਿਊਰੋ)- ਸਰੀ ਨਿਵਾਸੀ ਜਸਪਾਲ ਸਿੰਘ ਅਟਵਾਲ, ਜਿਸਦੇ ਕਾਰਨ ਟਰੂਡੋ ਦੀ ਫੇਰੀ ਵਿਵਾਦਾਂ 'ਚ ਘਿਰ ਗਈ, ਨੇ ਸਪੱਸ਼ਟ ਕੀਤਾ ਹੈ ਕਿ ਉਹ ਕੋਈ ਖਾਲਿਸਤਾਨੀ ਨਹੀਂ। ਅਟਵਾਲ ਨੇ ਸਪੱਸ਼ਟ ਕੀਤਾ ਕਿ ਇਹ ਸੱਚ ਹੈ ਕਿ 32 ਸਾਲ ਪਹਿਲਾਂ ਕੈਨੇਡਾ ਵਿਚ 1986 ਵਿੱਚ ਇਕ ਗੋਲੀਬਾਰੀ ਦੀ ਘਟਨਾ ਵਿੱਚ ਉਸ ਨੂੰ ਸ਼ਜਾ ਹੋਈ ਸੀ। 1984 ਦੇ ਫੌਜੀ ਹਮਲੇ ਕਾਰਨ ਉਦੋਂ ਸਿੱਖਾਂ 'ਚ ਬਹੁਤ ਗੁੱਸਾ ਸੀ। ਉਸਨੇ ਜੋ ਗਲਤੀ ਕੀਤੀ, ਉਸਦੀ ਸਜ਼ਾ ਭੁਗਤਣ ਉਪਰੰਤ ਉਹ ਇਕ ਚੰਗਾ ਸ਼ਹਿਰੀ ਬਣ ਚੁੱਕਾ ਹੈ ਤੇ ਉਸਦਾ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਹੀਂ। 

ਉਸਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਫਦ ਵਿਚ ਸ਼ਾਮਿਲ ਨਹੀਂ ਹੈ। ਉਹ ਆਪਣੇ ਕਿਸੇ ਕੰਮ ਲਈ ਇਸ 11 ਫਰਵਰੀ ਨੂੰ ਭਾਰਤ ਆਇਆ ਸੀ। ਉਸ ਦਾ ਨਾਮ ਕਿਸੇ ਵੀ ਭਾਰਤੀ ਕਾਲੀ ਸੂਚੀ ਵਿਚ ਸ਼ਾਮਿਲ ਨਹੀਂ ਹੈ। 

ਇਸ ਇਲਾਕੇ 'ਚ ਪੁਰਾਣੇ ਵਸਦੇ ਲੋਕ ਜਾਣਦੇ ਹਨ ਕਿ ਜਸਪਾਲ ਅਟਵਾਲ ਦੀ ਪਿਛਲੇ 20 ਸਾਲਾਂ 'ਚ ਕੋਈ ਵੀ ਖਾਲਿਸਤਾਨੀ ਪੱਖੀ ਸਰਗਰਮੀ ਨਹੀਂ ਰਹੀ। ਉਹ ਨਾ ਕਿਸੇ ਖਾਲਸਿਤਾਨ ਸਮਰਥਕ ਜਥੇਬੰਦੀ ਦਾ ਮੈਂਬਰ ਰਿਹਾ ਅਤੇ ਨਾ ਹੀ ਕਿਸੇ ਅਜਿਹੇ ਗੁਰਦੁਆਰੇ ਦਾ ਪ੍ਰਬੰਧਕ, ਜੋ ਖਾਲਿਸਤਾਨ ਦਾ ਸਮਰਥਨ ਕਰਦਾ ਹੋਵੇ। ਇਸਦੇ ਉਲਟ ਉਸਦੀ ਭਾਰਤ ਪੱਖੀ ਸਥਾਨਕ ਆਗੂਆਂ ਅਤੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਚੰਗੀ ਜਾਣ-ਪਛਾਣ ਹੈ। 2006 ਵਿੱਚ ਵੀ ਉਸਨੂੰ ਵੀਜ਼ਾ ਦਿਵਾਉਣ ਲਈ ਭਾਰਤ ਪੱਖੀ ਆਗੂ ਉੱਜਲ ਦੁਸਾਂਝ ਨੇ ਕੋਸ਼ਿਸ਼ ਕੀਤੀ ਸੀ ਅਤੇ ਇਤੋਂ ਇਲਾਵਾ ਭਾਰਤੀ ਐਮ. ਪੀ. ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਉਸਨੂੰ ਵੀਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸਦਾ ਨਾਮ ਹੁਣੇ ਹੀ ਕਾਲੀ ਸੂਚੀ 'ਚੋਂ ਨਹੀਂ ਨਿਕਲਿਆ, ਬਲਕਿ ਕੁਝ ਸਮੇਂ ਦਾ ਨਿਕਲਿਆ ਹੋਇਆ ਹੈ ਅਤੇ ਉਹ ਇਸਤੋਂ ਪਹਿਲਾਂ ਵੀ ਭਾਰਤ ਜਾ ਚੁੱਕਾ ਹੈ।

ਜਸਪਾਲ ਅਟਵਾਲ ਦੇ ਮਸਲੇ ਨੂੰ ਮਸਾਲਾ ਲਾ ਕੇ ਕੈਨੇਡਾ ਅਤੇ ਭਾਰਤ ਦੇ ਮੀਡੀਏ ਵਿੱਚ ਬੈਠੇ ਸਿੱਖ ਵਿਰੋਧੀ ਸੋਚ ਵਾਲੇ ਪੱਤਰਕਾਰਾਂ ਨੇ ਉਛਾਲਿਆ ਤਾਂ ਕਿ ਇਸ ਤਰਾਂ ਟਰੂਡੋ ਨੂੰ ਖਾਲਸਿਤਾਨੀ ਸਮਰਥਕ ਸਿੱਧ ਕੀਤਾ ਜਾ ਸਕੇ ਪਰ ਇੱਕ ਦਿਨ ਵਿੱਚ ਹੀ ਇਹ ਅਸਲੀਅਤ ਤੱਥਾਂ ਸਹਿਤ ਬਾਹਰ ਆ ਗਈ ਕਿ ਜਸਪਾਲ ਅਟਵਾਲ ਖਾਲਿਸਤਾਨੀ ਨਹੀਂ ਹੈ।

ਜਸਪਾਲ ਅਟਵਾਲ ਨੂੰ ਸੱਦਾ ਦੇਣ ਬਾਰੇ ਸੰਸਦ ਮੈਂਬਰ ਰਣਦੀਪ ਸਰਾਏ ਨੇ ਜ਼ਿੰਮੇਵਾਰੀ ਕਬੂਲੀ

ਸਰੀ ਨਿਵਾਸੀ ਜਸਪਾਲ ਅਟਵਾਲ ਨੂੰ ਟਰੂਡੋ ਦੀ ਭਾਰਤ ਫੇਰੀ ਮੌਕੇ ਮੁੰਬਈ ਅਤੇ ਦਿੱਲੀ 'ਚ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੱਦਾ ਦਿੱਤੇ ਜਾਣ ਦੇ ਉਜਾਗਰ ਹੋਏ ਮਾਮਲੇ 'ਤੇ ਟਰੂਡੋ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਸੱਦਾ ਦੇਣ ਵਾਲੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ  ਨੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ ਕਿ ਇਹ ਕੇਵਲ ਉਨ੍ਹਾਂ ਦੀ ਗਲਤੀ ਹੈ। ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਰਾਜਦੂਤ ਵਲੋਂ ਅਟਵਾਲ ਨੂੰ ਭੇਜਿਆ ਗਿਆ ਸੱਦਾ ਰੱਦ ਕਰ ਦਿੱਤਾ ਗਿਆ। 

ਰਣਦੀਪ ਸਰਾਏ ਦੀ ਇਸ ਅਣਭੋਲ ਗਲਤੀ ਦੀ ਜਿਸ ਤਰਾਂ ਉਨ੍ਹਾਂ ਤੁਰੰਤ ਜ਼ਿੰਮੇਵਾਰੀ ਚੁੱਕ ਲਈ, ਉਸਤੋਂ ਕੈਨੇਡੀਅਨ ਪੰਜਾਬੀ ਅਤੇ ਉਸਦੇ ਹਲਕੇ ਦੇ ਬਹੁਤੇ ਲੋਕ ਸੰਤੁਸ਼ਟ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਾਏ ਨੇ ਗਲਤੀ ਕੀਤੀ ਅਤੇ ਨਾਲ ਹੀ ਉਸਦੀ ਜ਼ਿੰਮੇਵਾਰੀ ਲੈ ਕੇ ਗਲਤੀ ਵੀ ਮੰਨ ਲਈ, ਉਸਨੇ ਸਫਾਈਆਂ ਦੇ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਪਾਰਟੀ ਇਸ ਸਬੰਧੀ ਜੋ ਵੀ ਕਦਮ ਚੁੱਕੇਗੀ, ਉਹ ਸਿਰ ਝੁਕਾ ਕੇ ਕਬੂਣਲਣਗੇ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES