Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਕਾ ਨਕੋਦਰ ਦੇ ਸ਼ਹੀਦਾਂ ਦੀ 32ਵੀਂ ਬਰਸੀ ਗੁਰਦਵਾਰਾ ਸਾਹਿਬ ਫਰੀਮਾਂਟ, ਕੈਲੀਫੋਰਨੀਆ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ

Posted on February 12th, 2018

ਫਰੀਮਾਂਟ, ਕੈਲੀਫੋਰਨੀਆ- ਸਾਕਾ ਨਕੋਦਰ ਦੇ ਸ਼ਹੀਦਾਂ ਦੀ 32ਵੀਂ ਬਰਸੀ ਗੁਰਦਵਾਰਾ ਸਾਹਿਬ ਫਰੀਮਾਂਟ, ਕੈਲੀਫੋਰਨੀਆ ਵਿਖੇ 11 ਫਰਵਰੀ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਸੰਬੰਧੀ ਗੁਰਦਵਾਰਾ ਸਾਹਿਬ ਫਰੀਮਾਂਟ ਵਿਚ ਸਮੂਹ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਤੋਂ ਇਲਾਵਾ ਰਾਗੀ ਜਥੇ ਭਾਈ ਇੰਦਰਜੀਤ ਸਿੰਘ, ਭਾਈ ਹਰਚਰਨ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰੂਦਵਾਰਾ ਸਾਹਿਬ ਫਰੀਮਾਂਟ, ਭਾਈ ਸੁਖਵਿੰਦਰ ਸਿੰਘ ਕਥਾਵਾਚਕ ਦਮਦਮੀ ਟਕਸਾਲ, ਸਾਕਾ ਨਕੋਦਰ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਛੋਟੇ ਭਰਾ ਡਾਕਟਰ ਹਰਿੰਦਰ ਸਿੰਘ (ਸਟੈਂਫਰਡ ਯੂਨੀਵਰਸਿਟੀ) ਨੇ ਹਾਜ਼ਰੀ ਭਰੀ ਅਤੇ ਭਾਈ ਦਵਿੰਦਰ ਸਿੰਘ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ।  
ਕਥਾਵਾਚਕ ਭਾਈ ਸੁਖਵਿੰਦਰ ਸਿੰਘ ਨੇ ਸਿੱਖ ਕੌਮ ਦੇ ਅਣਗੌਲੇ ਹੀਰੇ ਸ਼ਾਮ ਸਿੰਘ ਅਟਾਰੀ ਵਾਲੇ, ਅਤੇ ਭਾਈ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਹੀਦੀ ਬਾਰੇ ਸੰਖੇਪ ਵਿਚ ਚਾਨਣਾ ਪਾਇਆ ਅਤੇ ਸਾਕਾ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।  ਇਸ ਸ਼ਰਧਾਂਜਲੀ ਸਮਾਰੋਹ ਵਿਚ ਡਾ. ਹਰਿੰਦਰ ਸਿੰਘ ਵਲੋਂ ਸਾਕਾ ਨਕੋਦਰ ਦੌਰਾਨ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਹੋਏ ਸਿੱਖ ਪ੍ਰਤੀਕਰਮ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਕੀਤੀ ਗਈ। ਡਾ. ਹਰਿੰਦਰ ਸਿੰਘ ਨੇ ਸਾਕੇ ਦਾ ਹਾਲ ਸੰਗਤਾਂ ਨੂੰ ਵਰਨਣ ਕਰਦਿਆਂ ਦੱਸਿਆ ਕਿ ਪੁਲਿਸ ਅਤੇ ਨੀਮ ਫ਼ੌਜੀ ਦਸਤਿਆਂ ਨੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਦੁਸ਼ਟਾਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਕੀਤੇ ਸਰੂਪਾਂ ਦੀ ਸੰਭਾਲ਼ ਹਿੱਤ ਜਾ ਰਹੀਆਂ ਸਨ, ਉੱਪਰ ਬਿਨਾਂ ਕਿਸੇ ਭੜਕਾਹਟ ਜਾਂ ਚਿਤਾਵਨੀ ਦੇ ਗੋਲ਼ੀਆਂ ਦੀ ਬੁਸ਼ਾੜ ਕਰ ਦਿੱਤੀ। ਪੁਲਿਸ ਨੇ ਨੇੜੇ ਦੇ ਪਿੰਡਾਂ ਸ਼ੇਰਪੁਰ, ਹੁਸੈਨਪੁਰ ਤੱਕ ਜਾਕੇ ਸਿੱਖ ਨੌਜਵਾਨਾਂ ਨੂੰ ਘਰਾਂ ਅਤੇ ਖੂਹਾਂ/ਡੇਰਿਆਂ ਤੋਂ ਫੜ ਕੇ ਝੂਠੇ ਕੇਸ ਪਾਏ ਅਤੇ ਅਣਮਨੁੱਖੀ ਤਸ਼ੱਦਦ ਵੀ ਕੀਤਾ । 
ਡਾ. ਹਰਿੰਦਰ ਸਿੰਘ ਨੇ ਸ਼ਹੀਦ ਸਿੰਘਾਂ ਭਾਈ ਹਰਮਿੰਦਰ ਸਿੰਘ ਚਲੂਪੁਰ ਅਤੇ ਭਾਈ ਬਲਧੀਰ ਸਿੰਘ ਜੀ ਦੀਆਂ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ ਤੇ ਇਨ੍ਹਾਂ ਸਿੰਘਾਂ ਦੇ ਅਤੇ ਸਿੰਘਾਂ ਦੇ ਪਿਤਾ ਜੀ ਦੇ ਨਾਮ ਅਤੇ ਉਨ੍ਹਾਂ ਦੇ ਪਤੇ ਵੀ ਦਰਜ ਹਨ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਭਾ ਦੀ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਮੌਕੇ ਦੇ ਐੱਸ.ਡੀ. ਐੱਮ. ਨੇ ਮੰਨਿਆ ਹੈ ਕਿ ਤਿੰਨ ਸ਼ਹੀਦ ਸਿੰਘਾਂ ਦੀ ਪਹਿਚਾਣ 4 ਫਰਵਰੀ ਦੀ ਸ਼ਾਮ ਨੂੰ ਹੋ ਗਈ ਸੀ। ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਭਾਈ ਹਰਮਿੰਦਰ ਸਿੰਘ ਚਲੂਪੁਰ ਨੂੰ ਪੁਲੀਸ ਅਧਿਕਾਰੀਆਂ ਵਲੋਂ ਫੜ ਕੇ ਕਤਲ ਕੀਤਾ ਗਿਆ। ਯਾਦ ਰਹੇ ਕਿ ਪੁਲੀਸ ਵਲੋਂ ਉਸ ਮੌਕੇ ਇਨ੍ਹਾਂ ਸਿੰਘਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ। ਡਾ. ਹਰਿੰਦਰ ਸਿੰਘ ਵਲੋਂ ਇਹ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕਰਕੇ ਇਹ ਸਾਬਤ ਕੀਤਾ ਕਿ ਪੁਲੀਸ ਨੇ ਇਨ੍ਹਾਂ ਸਿੰਘਾਂ ਦੀ ਪਛਾਣ ਨਾ ਹੋਣ ਬਾਰੇ ਝੂਠ ਬੋਲਿਆ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਜੀ ਉਸ ਸਮੇਂ ਮੌਕੇ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਵਲੋਂ ਆਪਣੇ ਪੁੱਤਰ ਦੀ ਪਹਿਚਾਣ ਕਰਕੇ ਪੁਲੀਸ ਤੋਂ ਆਪਣੇ ਪੁੱਤਰ ਦਾ ਮ੍ਰਿਤਕ ਸਰੀਰ ਲੈਣ ਲਈ ਮੰਗ ਕੀਤੀ ਸੀ, ਜੋ ਇਹ ਸਾਬਿਤ ਕਰਦਾ ਹੈ ਕਿ ਪੁਲੀਸ ਵਲੋਂ ਇਨ੍ਹਾਂ ਸਿੰਘਾਂ ਨੂੰ ਜਾਣ ਬੁੱਝ ਕੇ ਲਾਵਾਰਿਸ ਕਰਾਰ ਦਿੱਤਾ ਗਿਆ। ਡਾ. ਹਰਿੰਦਰ ਸਿੰਘ ਵਲੋਂ ਪੇਸ਼ ਕੀਤੀਆਂ ਚਾਰੇ ਪੋਸਟ ਮਾਰਟਮ ਰਿਪੋਰਟਾਂ ਵਿੱਚ ਲਿਖਿਆ ਹੈ ਕਿ ਪੁਲੀਸ ਵਲੋਂ ਤਿੰਨ ਸਿੰਘਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰੀਆਂ ਸਨ ਅਤੇ ਇੱਕ ਸਿੰਘ ਦੇ ਮੂੰਹ ਵਿੱਚ ਗੋਲੀਆਂ ਮਾਰੀਆਂ ਸਨ।

ਡਾਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਜੇ 32 ਸਾਲ ਬਾਦ ਵੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਨਿਹੱਥੇ ਸਿੰਘਾਂ ਦੀਆਂ ਸ਼ਹੀਦੀਆਂ ਦਾ ਇਨਸਾਫ ਨਹੀਂ ਮਿਲਿਆ ਤਾਂ ਅੱਗੋਂ ਵੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਆਖਿਆ ਕਿ ਇਨਸਾਫ ਤਾਂ ਕੀ ਸਗੋਂ ਸਰਕਾਰ ਵਲੋਂ ਸਬੂਤ ਤੱਕ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣਾ ਇਤਿਹਾਸ ਨਾਂ ਜਾਣ ਸਕਣ ਅਤੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਉਹ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਨੇ। ਉਨ੍ਹਾਂ ਆਖਿਆ ਕਿ ਇਹ ਸਰੀਰ ਨਾਸ਼ਵਾਨ ਹੈ ਅਤੇ ਮੌਤ ਅਤੇ ਮੌਤ ਦਾ ਸਮਾਂ ਨਿਸ਼ਚਿਤ ਹੈ। ਇਸ ਲਈ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸ਼ਹੀਦਾਂ ਦੇ ਨਕਸ਼ੇ ਕਦਮਾਂ ਉਪਰ ਚਲਦਿਆਂ ਸ਼ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੀ ਕਮਾਂਡ ਆਪਣੇ ਹੱਥਾਂ ਵਿਚ ਲੈਣ ਅਤੇ ਕੌਮ ਦਾ ਆਪਣਾ ਘਰ ਬਨਾਉਣ ਲੋੜ ਹੈ। ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਾਂਧਜਲੀ ਹੋਵੇਗੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES