Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਤੋਂ ਵਿਆਹ ਕਰਾਉਣ ਆਏ ਨੌਜਵਾਨ ਵਿਰੁੱਧ ਕੇਸ ਦਰਜ

Posted on December 29th, 2017ਜਲੰਧਰ- ਕੈਨੇਡਾ ਤੋਂ ਵਿਆਹ ਕਰਵਾਉਣ ਲਈ ਆਏ ਐਨਆਰਆਈ ਵਿਰੁੱਧ ਪੰਜਾਬ ਪੁਲੀਸ ਨੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਥਾਣਾ ਬਿਲਗਾ ਵਿੱਚ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਇਸੇ ਪਰਿਵਾਰ ਦੇ ਕੈਨੇਡਾ ਤੋਂ ਆਏ ਤਿੰਨ ਹੋਰ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। 

ਹਲਕਾ ਨਕੋਦਰ ਦੇ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਇੱਥੇ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਪਿੰਡ ਤਲਵਣ ਦਾ ਰਹਿਣ ਵਾਲਾ ਤਰਨਜੀਤ ਸਿੰਘ ਰਾਜਾ 25 ਦਸੰਬਰ ਨੂੰ ਕੈਨੇਡਾ ਤੋਂ ਆਇਆ ਸੀ। ਉਸ ਵਿਰੁੱਧ 28 ਦਸੰਬਰ ਨੂੰ ਥਾਣਾ ਬਿਲਗਾ ਵਿੱਚ ਸਰਕਾਰੀ ਕੰਮ ’ਚ ਵਿਘਨ ਪਾਉਣ ਦਾ ਕੇਸ ਦਰਜ ਕੀਤਾ ਗਿਆ। ਇਸ ਨੌਜਵਾਨ ਦਾ 3 ਜਨਵਰੀ ਨੂੰ ਵਿਆਹ ਰੱਖਿਆ ਹੋਇਆ ਹੈ ਤੇ ਨਵੇਂ ਸਾਲ ਵਾਲੇ ਦਿਨ ਪਹਿਲੀ ਤਰੀਕ ਨੂੰ ਸ਼ਗਨ ਲੱਗਣਾ ਹੈ। ਇਸ ਪਰਿਵਾਰ ਦੇ ਜਿਹੜੇ ਹੋਰ ਮੈਂਬਰਾਂ ਖ਼ਿਲਾਫ਼ ਕੇਸ ਕੀਤਾ ਗਿਆ ਹੈ, ਉਨ੍ਹਾਂ ਵਿੱਚ ਐਨਆਰਆਈ ਸਾਧੂ ਸਿੰਘ, ਚੇਤਨ ਸਿੰਘ ਤੇ ਭੁਪਿੰਦਰ ਸਿੰਘ ਸ਼ਾਮਲ ਹਨ। ਪੁਲੀਸ ਨੇ ਇਸ ਕੇਸ ਵਿੱਚ ਚਾਰ ਐਨਆਰਆਈਜ਼ ਤੋਂ ਇਲਾਵਾ ਤਲਵਣ ਵਾਸੀ ਨੂੰ ਨਾਮਜ਼ਦ ਕੀਤਾ ਹੈ। 

ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪਿੰਡ ਤਲਵਣ ਵਿੱਚ ਸਤਿੰਦਰ ਕੁਮਾਰ ਪੁੱਤਰ ਕਸ਼ਮੀਰੀ ਲਾਲ ਨੇ ਆਪਣੇ ਘਰ ਅੱਗੇ ਬਣਾਏ ਗੇਟ ਸਾਹਮਣੇ ਕੰਕਰੀਟ ਦਾ ਫਰਸ਼ ਪਾਇਆ ਹੋਇਆ ਸੀ। ਇਸ ਨੂੰ ਸਰਪੰਚ ਬਲਵਿੰਦਰ ਸਿੰਘ ਆਪ ਹਥੌੜਾ ਲੈ ਕੇ ਭੰਨਣ ਲੱਗ ਪਿਆ। ਜਦੋਂ ਉਨ੍ਹਾਂ ਨੂੰ ਇਸ ਤੋਂ ਰੋਕਿਆ ਗਿਆ ਕਿ ਉਨ੍ਹਾਂ ਦੀ ਮਾਲਕੀ ਵਾਲੀ ਥਾਂ ਤੋਂ ਉਹ ਕਿਉਂ ਫਰਸ਼ ਤੋੜ ਰਹੇ ਹਨ ਤਾਂ ਸਰਪੰਚ ਨੇ ਪੰਚਾਇਤ ਵਿੱਚ ਮਤਾ ਪਾ ਕੇ ਸਤਿੰਦਰ ਕੁਮਾਰ ਅਤੇ ਉਨ੍ਹਾਂ ਦੇ ਕੈਨੇਡਾ ਤੋਂ ਆਏ ਗੁਆਂਢੀਆਂ ਵਿਰੁੱਧ ਕਾਰਵਾਈ ਕਰਨ ਲਈ ਬੀਡੀਪੀਓ ਨੂੰ ਭੇਜ ਦਿੱਤਾ ਕਿ ਉਕਤ ਵਿਅਕਤੀਆਂ ਨੇ ਸਰਕਾਰੀ ਕੰਮ ਵਿੱਚ ਦਖ਼ਲ ਦਿੱਤਾ ਹੈ। ਬੀਡੀਪੀਓ ਨੇ ਇਸ ਮਤੇ ਨੂੰ ਆਧਾਰ ਬਣਾ ਕੇ ਪੁਲੀਸ ਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਤੇ ਚਾਰਾਂ ਖ਼ਿਲਾਫ਼ ਕੇਸ ਦਰਜ ਹੋ ਗਿਆ।  

ਥਾਣਾ ਬਿਲਗਾ ਦੇ ਐਸਐਚਓ ਨੇ ਦੱਸਿਆ ਕਿ ਪੰਚਾਇਤ ਵੱਲੋਂ ਗਲੀ ਨੂੰ ਪੱਕਾ ਕਰਨ ਦਾ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਨਰੇਗਾ ਤਹਿਤ ਲੇਬਰ ਕੰਮ ਕਰ ਰਹੀ ਸੀ। ਦੂਜੀ ਧਿਰ ਨੇ ਗਲੀ ਨਾ ਪੁੱਟਣ ਲਈ ਕਿਹਾ। ਇਸੇ ਕਾਰਨ ਸਰਪੰਚ ਨਾਲ ਉਨ੍ਹਾਂ ਦੀ ਤੂੰ-ਤੂੰ ਮੈਂ-ਮੈਂ ਹੋ ਗਈ। ਥਾਣੇਦਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES