Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਲਜ ਤੇ ਯੂਨੀਵਰਸਿਟੀ ਪੱਧਰ ’ਤੇ ਵੀ ਪੰਜਾਬੀ ਭਾਸ਼ਾ ਦੀ ਵੁੱਕਤ ਘਟਣ ਲੱਗੀ

Posted on November 24th, 2017


ਚੰਡੀਗੜ੍ਹ, 24 ਨਵੰਬਰ- ਸਕੂਲ ਪੱਧਰ ’ਤੇ ਪੰਜਾਬੀ ਭਾਸ਼ਾ ਦੀ ਮਾੜੀ ਹਾਲਤ ਹੋਣ ਮਗਰੋਂ ਕਾਲਜ ਤੇ ਯੂਨੀਵਰਸਿਟੀ ਪੱਧਰ ’ਤੇ ਵੀ ਪੰਜਾਬੀ ਭਾਸ਼ਾ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ। ਪਿਛਲੇ ਇੱਕ ਦਹਾਕੇ ਦੌਰਾਨ ਗਰੈਜੂਏਟ ਤੇ ਪੋਸਟ ਗਰੈਜੂਏਟ ਪੱਧਰ ਤੱਕ ਪੰਜਾਬੀ ਸਾਹਿਤ ਪੜ੍ਹਨ ਵਾਲਿਆਂ ਦੀ ਗਿਣਤੀ ਹੀ ਅੱਧੀ ਨਹੀਂ ਰਹੀ, ਬਲਕਿ ਪਿਛਲੇ 15 ਸਾਲਾਂ ਤੋਂ ਇਸ ਵਿਸ਼ੇ ਦੇ ਅਧਿਆਪਕਾਂ ਦੀ ਪੱਕੀ ਭਰਤੀ ਵੀ ਨਹੀਂ ਹੋਈ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਜੀਐੱਨਡੀਯੂ) ਵੱਲੋਂ ਗਰੈਜੂਏਟ ਕੋਰਸਾਂ ’ਚ ਪੰਜਾਬੀ ਲਾਜ਼ਮੀ ਕੀਤੀ ਹੋਈ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (ਪੀਯੂ) ਵੱਲੋਂ ਹਾਲਾਂਕਿ ਪੰਜਾਬੀ ਜਾਂ ਫਿਰ ਪੰਜਾਬ ਹਿਸਟਰੀ ਐਂਡ ਕਲਚਰ ’ਚੋਂ ਕੋਈ ਇੱਕ ਵਿਸ਼ਾ ਪੜ੍ਹਨ ਦੀ ਛੋਟ ਹੈ, ਪਰ ਪੰਜਾਬੀ ਸਾਹਿਤ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹਨ ਦਾ ਰੁਝਾਨ ਘਟਦਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ’ਚ ਸਾਲ 2007 ’ਚ 13,725 ਵਿਦਿਆਰਥੀ ਪੰਜਾਬੀ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹ ਰਹੇ ਸਨ, ਪਰ ਹੁਣ ਇਹ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 12,500 ਰਹਿ ਗਈ ਹੈ।  

ਜੀਐਨਡੀਯੂ ’ਚ ਇਹ ਅੰਕੜਾ 12,425 ਤੋਂ 12,000 ਜਦਕਿ ਪੀਯੂ ’ਚ 14000 ਤੋਂ 13,035 ਹੋ ਗਿਆ ਹੈ। ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਪੀਯੂ ਵੱਲੋਂ ਕਾਲਜਾਂ ਦੀ ਗਿਣਤੀ 182 ਤੋਂ 196 ਕਰਨ ਅਤੇ ਪਟਿਆਲਾ ਯੂਨੀਵਰਸਿਟੀ ਵੱਲੋਂ 110 ਤੋਂ 278 ਕਰਨ ਦੇ ਬਾਵਜੂਦ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀਐਸ ਘੁੰਮਣ ਨੇ ਮੰਨਿਆ ਕਿ ਪੰਜਾਬੀ ਦੇ ਵਿਦਿਆਰਥੀਆਂ ਦੀ ਗਿਣਤੀ ਹੋਰ ਵਿਸ਼ੇ ਪੜ੍ਹਨ ਵਾਲੇ ਵਿਦਿਆਰਥੀਆਂ ਵਾਂਗ ਨਹੀਂ ਵੱਧ ਰਹੀ।

ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਪੰਜਾਬੀ ਨੂੰ ਚੋਣਵੇਂ ਵਿਸ਼ੇ ਵਜੋਂ ਇਸ ਕਰਕੇ ਨਹੀਂ ਪੜ੍ਹਾ ਰਹੇ ਕਿਉਂਕਿ ਵਿਦਿਆਰਥੀ ਸਿਰਫ਼ ਉਨ੍ਹਾਂ ਕੋਰਸਾਂ ਵੱਲ ਧਿਆਨ ਦਿੰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਪੜ੍ਹਨ ਵਾਲੇ ਘਟਦੇ ਜਾ ਰਹੇ ਹਨ, ਇਸ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਭਾਸ਼ਾ ਦਾ ਕੋਈ ਕੋਰਸ ਨਹੀਂ ਕਰਾਉਂਦੀਆਂ। ਪੀਯੂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਇਹ ਬਹੁਤ ਦੁਖ ਦੀ ਗੱਲ ਹੈ ਕਿ ਚੰਗੇ ਵਿਦਿਆਰਥੀ ਵੀ ਪੰਜਾਬੀ ਨਹੀਂ ਪੜ੍ਹ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ ਸਮੇਂ ’ਚ ਦੋ ਵਾਰ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਵਿਭਾਗ ’ਚ ਪੜ੍ਹਾਉਣ ਲਈ ਢੁੱਕਵਾਂ ਉਮੀਦਵਾਰ ਨਹੀਂ ਮਿਲ ਰਿਹਾ ਹੈ।

ਪੰਜਾਬ ਐਜੂਕੇਸ਼ਨਲਿਸਟ ਫੋਰਮ ਦੇ ਚੇਅਰਪਰਸਨ ਤਰਸੇਮ ਬਾਹੀਆ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਖਰੀ ਵਾਰ 1987-88 ’ਚ ਪੰਜਾਬੀ ਦੇ ਅਧਿਆਪਕਾਂ (229) ਦੀ ਪੱਕੀ ਭਰਤੀ ਕੀਤੀ ਗਈ ਸੀ। ਸੂਬੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਇਸ ਸਮੇਂ ਮਨਜ਼ੂਰਸ਼ੁਦਾ 5000 ਅਧਿਆਪਕਾਂ ਦੀਆਂ ਅਸਾਮੀਆਂ ਮੁਕਾਬਲੇ ਸਿਰਫ਼ 1200 ਪੱਕੇ ਅਧਿਆਪਕ ਹਨ। ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਤੇ ਸ਼ਾਇਰ ਸੁਰਜੀਤ ਪਾਤਰ ਨੇ ਪੰਜਾਬੀ ਭਾਸ਼ਾ ਦੀ ਦੁਰਦਸ਼ਾ ’ਤੇ ਫਿਕਰਮੰਦੀ ਜ਼ਾਹਰ ਕੀਤੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES