Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੈਂਗ ਹਿੰਸਾ ਦਾ ਕੱਚ-ਸੱਚ

Posted on September 1st, 2017


- ਗੁਰਪ੍ਰੀਤ ਸਿੰਘ ਸਹੋਤਾ

ਇਸ ਹਫਤੇ ਦੋ ਹੋਰ ਪੰਜਾਬੀ ਮੁੰਡੇ ਗੈਂਗ ਹਿੰਸਾ ਦਾ ਸ਼ਿਕਾਰ ਹੋ ਗਏ। ਮੰਗਲਵਾਰ ਰਾਤ 22 ਸਾਲਾ ਪਰਦੀਪ ਸਿੰਘ ਨੂੰ ਉਸਦੇ ਕਲੋਵਰਡੇਲ (ਸਰੀ) ਸਥਿਤ ਘਰ ਦੇ ਬਾਹਰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਜਦਕਿ ਉਸਤੋਂ ਦੋ ਦਿਨ ਬਾਅਦ ਐਬਟਸਫੋਰਡ ਵਿਖੇ ਵੀਰਵਾਰ ਸ਼ਾਮੀਂ 18-19 ਸਾਲਾ ਦੇ ਸਹਿਜ ਸਿੱਧੂ ਨੂੰ ਮਿੱਥ ਕੇ ਕਤਲ ਕਰ ਦਿੱਤਾ ਗਿਆ। ਬੇਸ਼ੱਕ ਦੋਵਾਂ ਕਤਲਾਂ ਦਾ ਆਪਸ 'ਚ ਸਿੱਧਾ ਸਬੰਧ ਨਾ ਹੋਵੇ ਪਰ ਇਹ ਸਬੰਧ ਹੈ ਕਿ ਦੋਵੇਂ ਪੰਜਾਬੀ ਸਨ ਅਤੇ ਦੋਵੇਂ ਗੈਂਗ ਹਿੰਸਾ ਦੀ ਭੇਟ ਚੜ੍ਹੇ। 

ਸ਼ੁੱਕਰਵਾਰ ਸਵੇਰ ਇਹ ਕਾਲਮ ਝਰੀਟ ਰਿਹਾ ਸਾਂ ਤਾਂ ਨਾਲ 'ਬਰੇਕਿੰਗ ਨਿਊਜ਼' ਚੱਲ ਰਹੀ ਸੀ ਕਿ ਲੈਂਗਲੀ ਦੀ 232 ਸਟਰੀਟ ਅਤੇ 64 ਐਵੇਨਿਊ ਲਾਗੇ ਇੱਕ ਲਾਲ ਰੰਗ ਦੀ ਜੀਪ 'ਚੋਂ ਗੋਲੀਆਂ ਵਿੰਨੀਆਂ ਦੋ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ 'ਚੋਂ ਇੱਕ ਮਰਦ ਹੈ ਤੇ ਇੱਕ ਔਰਤ। ਪਛਾਣ ਬਾਰੇ ਜਾਣਕਾਰੀ ਨਹੀਂ ਮਿਲ ਸਕੀ। 

ਦੂਰ-ਨੇੜੇ ਬੈਠੇ ਪੁੱਛ ਰਹੇ ਹਨ ਕਿ ਸਰੀ ਜਾਂ ਐਬਟਸਫੋਰਡ ਇੰਨੇ ਪੰਜਾਬੀ ਮੁੰਡੇ ਕਿਓਂ ਮਰ ਰਹੇ ਨੇ? ਕੌਣ ਮਰ ਰਹੇ ਨੇ? ਤਾਂ ਦੱਸ ਦਿਆਂ ਕਿ ਮਰਨ ਵਾਲਿਆਂ 'ਚ ਬਹੁਤਾਤ ਕੈਨੇਡੀਅਨ ਜੰਮਪਲ ਬੱਚਿਆਂ ਦੀ ਹੈ ਜਾਂ ਫਿਰ ਛੋਟੇ ਹੁੰਦੇ ਕੈਨੇਡਾ ਆਇਆਂ ਦੀ। ਸ਼ੁਕਰ ਮਨਾਓ ਕਿ ਪੰਜਾਬ ਤੋਂ ਆਉਂਦੇ ਸਟੂਡੈਂਟ ਇਸ ਭੈੜੀ ਵਾਦੀ ਦਾ ਸ਼ਿਕਾਰ ਨਹੀਂ ਬਣੇ ਹਾਲੇ ਪਰ ਜਿਸ ਕਦਰ ਉਨ੍ਹਾਂ 'ਤੇ ਵੀ ਸਪੋਰਟਸ ਕਾਰਾਂ ਦਾ ਭੂਤ ਸਵਾਰ ਹੁੰਦਾ ਦਿਖਾਈ ਦੇ ਰਿਹਾ ਹੈ, ਗੈਂਗਾਂ ਵਾਲੇ ਇਨ੍ਹਾਂ ਨੂੰ ਵੀ ਆਪਣੇ ਧੰਦੇ ਵੱਲ ਖਿੱਚਣ ਦੀ ਕੋਸ਼ਿਸ਼ ਜ਼ਰੂਰ ਕਰਨਗੇ।

ਰਹੀ ਗੱਲ ਕਿ ਭਾਈਚਾਰਾ ਜਾਂ ਮਾਪੇ ਕੀ ਕਰਦੇ ਹਨ? ਤਾਂ ਦੱਸ ਦਿਆਂ ਕਿ ਅਸੀਂ ਹਾਲੇ ਮੇਲੇ, ਟੂਰਨਾਮੈਂਟ, ਸਨਮਾਨ ਸਮਾਰੋਹ, ਵੱਡੇ ਵਿਆਹ ਕਰਨ 'ਚ ਬਿਜ਼ੀ ਹਾਂ। ਪੰਜਾਬੀ ਤੇ ਫਿਰ ਜੱਟ ਹੋਣ ਦਾ ਕੀਲਾ ਹੀ ਸਾਡੀ ਧੌਣ 'ਚੋਂ ਨਹੀਂ ਨਿੱਕਲ ਰਿਹਾ। ਆਪਣੀਆਂ ਸਿਫਤਾਂ ਆਪ ਹੀ ਕਰਦੇ ਗਾਣੇ ਸੁਣਨ ਵਾਲੇ ਹਾਂ ਅਸੀਂ। ਧਰਮ ਦੇ ਮਨੁੱਖਤਾਵਾਦੀ ਸੰਦੇਸ਼ ਤੋਂ ਕੋਹਾਂ ਦੂਰ।

ਪੁਲਿਸ ਨੇ ਮਹੀਨਾ ਪਹਿਲਾਂ 5 ਪੰਜਾਬੀ ਮੁੰਡਿਆਂ ਦੀਆਂ ਤਸਵੀਰਾਂ ਜਾਰੀ ਕਰਕੇ ਦੱਸਿਆ ਸੀ ਕਿ ਇਹ ਮਾਰੇ ਜਾ ਸਕਦੇ ਹਨ ਜਾਂ ਇਹ ਕਿਸੇ ਨੂੰ ਮਾਰਨਗੇ। ਇਨ੍ਹਾਂ ਦਾ ਬਾਈਕਾਟ ਕਰੋ ਜਾਂ ਇਨ੍ਹਾਂ ਬਾਰੇ ਕੋਈ ਜਾਣਕਾਰੀ ਦਿਓ। ਪੂਰੇ ਭਾਈਚਾਰੇ 'ਚੋਂ ਇੱਕ ਵੀ ਫ਼ੋਨ ਨੀ ਗਿਆ ਪੁਲਿਸ ਨੂੰ। ਫਿਰ ਪੁਲਿਸ ਕੀ ਕਰੇ? ਜਿੰਨੇ ਜੋਗੀ ਹੈਗੀ, ਲੱਗੀ ਹੋਈ ਆ। ਬਹਾਨਾ ਮਿਲ ਜਾਂਦਾ ਉਨ੍ਹਾਂ ਨੂੰ ਵੀ, ਜਵਾਬ ਦੇਣ ਦਾ ਕਿ ਤੁਸੀਂ ਤਾਂ ਸਾਡੀ ਮੱਦਦ ਹੀ ਨਹੀਂ ਕਰ ਰਹੇ। ਕਿਸੇ ਨੌਜਵਾਨ ਦੇ ਗੋਲੀ ਵੱਜਦੀ ਤਾਂ ਪੁਲਿਸ ਪੁੱਛਦੀ ਹੈ ਕਿ ਕਿਸਨੇ ਮਾਰੀ ਤਾਂ ਕਹਿ ਦਿੰਦੇ ਨੇ ਕਿ ਅਸੀਂ ਆਪੇ ਨਜਿੱਠ ਲਵਾਂਗੇ, ਤੁਸੀਂ ਨਾ ਫਿਕਰ ਕਰੋ। ਜਦੋਂ ਓਹਦੇ ਵੱਜੀਆਂ, ਤੁਹਾਨੂੰ ਪਤਾ ਲੱਗ ਜਾਊ ਕਿ ਸਾਡੇ ਕਿਸਨੇ ਮਾਰੀਆਂ ਸਨ।

ਮਾਪੇ ਪੈਸੇ ਦੁਆਲੇ ਹੋਏ ਨੇ। ਹਰ ਥਾਂ ਪੰਜਾਬਣਾਂ ਕੋਲ ਸੂਟਾਂ ਦੀਆਂ ਗੱਲਾਂ ਤੇ ਬੰਦਿਆਂ ਕੋਲ ਹੋਰ ਘਰ ਲੈਣ ਦੀਆਂ। ਬੱਚਿਆਂ ਨੂੰ ਇਹ ਲਗਦਾ ਕਿ ਪੈਸਾ ਕੋਲ ਹੋਣਾ ਹੀ ਸਭ ਕੁਝ ਹੈ, ਇਹੀ ਮਕਸਦ ਹੋਣਾ ਚਾਹੀਦਾ। ਪੈਸੇ ਨਾਲ ਹੀ ਡੈਡੀ ਹੁਣੀ ਬੰਦੇ ਦੀ ਇੱਜ਼ਤ ਕਰਦੇ ਆ। ਗਰੀਬ ਬੇਸ਼ੱਕ ਸਕਾ ਭਰਾ ਹੋਵੇ, ਓਹਦੇ ਨਾਲ਼ੋਂ ਦੂਰ ਦੇ ਅਮੀਰ ਰਿਸ਼ਤੇਦਾਰ ਨਾਲ ਵਰਤਣਗੇ। ਦਿਖਾਉਣਗੇ ਕਿ ਸਾਡੀ ਤਾਂ ਅਮੀਰਾਂ ਨਾਲ ਇੱਕ ਗੱਲ ਹੈ। ਏਨੇ ਫੁਕਰੇ ਹਾਂ ਅਸੀਂ।

ਸਾਡੇ ਲੋਕਲ ਲੀਡਰ ਦੇਖ ਕੇ ਅਸੀਂ ਉਨ੍ਹਾਂ ਦੀਆਂ ਲਾਲ਼ਾਂ ਚੱਟਣ ਤੱਕ ਜਾਂਦੇ ਆਂ ਕਿ ਬੱਸ ਸਾਡੇ ਨਾਲ ਹੱਥ ਮਿਲਾ ਲਵੇ। ਕਦੇ ਪੁੱਛਿਆ ਇਨ੍ਹਾਂ ਨੂੰ, ਕਿਸੇ ਮੇਲੇ ਜਾਂ ਸਭਾ 'ਚ ਘੇਰ ਕੇ, ਕਿ ਕੀ ਕਰਦੇ ਨੇ ਇਹ ਇਸ ਬਾਰੇ? ਬੜਾ ਹੁੱਬ ਕੇ ਦੱਸਦੇ ਹੋ ਕਿ ਮੈਂ ਚਾਰ ਵਾਰ ਜਿੱਤਿਆਂ ਤੇ ਮੈਂ ਦੋ ਵਾਰ ਪਰ ਗੈਂਗ ਹਿੰਸਾ ਦੇ ਖਾਤਮੇ ਲਈ ਕੀ ਕੀਤਾ? ਬਾਕੀ ਸਰਕਾਰਾਂ ਅਤੇ ਕਾਨੂੰਨ ਨਰਮ ਹਨ ਪਰ ਸਖ਼ਤ ਕਰੂ ਕੌਣ? ਜਿਨ੍ਹਾਂ ਦੀਆਂ ਲਾਲ਼ਾਂ ਚੱਟਦੇ ਹੋ ਕਿ ਬੱਸ ਚਿੱਠੀ ਮਿਲਜੇ, ਕੋਈ ਰਿਸ਼ਤੇਦਾਰ ਸੱਦ ਲਈਏ ਵਿਜਟਰ ਵੀਜ਼ੇ 'ਤੇ, ਇਨ੍ਹਾਂ ਨੂੰ ਖੜਾ-ਖੜਾ ਲੋਕਾਂ 'ਚ ਪੁੱਛੋਂਗੇ ਤਾਂ ਇਹੀ ਕਰਵਾ ਸਕਦੇ ਨੇ ਕਨੂੰਨ ਸਖਤ।

ਬੀਤੇ ਦਿਨੀਂ ਵੈਨਕੂਵਰ ਦੇ ਇੱਕ ਪੰਜਾਬੀ ਟੱਬਰ ਦੀ ਪੰਜ ਮਿਲੀਅਨ ਮੁੱਲ ਦੀ ਜਾਇਦਾਦ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ ਕੋਰਟ ਨੇ। ਪਿਓ, ਪੁੱਤ, ਭਤੀਜੇ ਸਭ ਇਸੇ ਧੰਦੇ ਲੱਗੇ ਹੋਏ ਹਨ, ਰੋਕਣ ਗੁਆਂਢੀ? ਜਦ ਸਾਰਾ ਟੱਬਰ ਹੀ ਇਸ ਪਾਸੇ ਲੱਗਿਆ ਹੋਇਆ। ਗੱਲਾਂ ਸਾਡੀਆਂ ਇਹ ਹੁੰਦੀਆਂ ਕਿ ਆਹ ਤਾਂ ਪਿੰਡ ਸਾਡਿਓਂ ਲੱਸੀ ਮੰਗਣ ਆਉਂਦੇ ਹੁੰਦੇ ਸੀ, ਇੱਥੇ ਕਿੱਦਾਂ ਸਾਡੇ ਤੋਂ ਅੱਗੇ ਲੰਘ ਗਏ? ਬੱਸ ਫਿਰ ਆਪਾਂ ਵੀ ਅੱਗੇ ਲੰਘਣਾ, ਚਾਹੇ ਕੁਝ ਕਰਨਾ ਪਵੇ। ਜਦ ਪਿਓ ਪੁੱਤ ਨੂੰ ਆਖੇ ਕਿ ਤੂੰ ਮਰਿਆਂ, ਕਰ ਲੈ ਕੁਝ। ਚਾਚੇ ਤੇਰੇ ਦੇਖ ਕੀ ਕੁਝ ਬਣਾ ਗਏ.........ਤਾਂ ਓਥੇ ਕੀ ਬਣੂੰ? ਇਹ ਨੀ ਦੇਖਣਾ ਕਿ ਚਾਚੇ ਆਏ ਵੀ 30 ਸਾਲ ਦੇ ਹਨ ਕੈਨੇਡਾ ਤੇ ਤੁਸੀਂ 2-3 ਸਾਲ ਪਹਿਲਾਂ ਆਏ ਹੋ ਪਰ ਬਰਾਬਰੀ ਕਰਨੀ ਹੈ। 

ਫਿਕਰ ਵਾਲੀ ਗੱਲ ਇਹ ਹੈ ਕਿ ਪਹਿਲਾਂ ਮਰਨ ਵਾਲਿਆਂ ਦੀ ਉਮਰ ਪੱਚੀ ਤੋਂ ਉਪਰ ਹੁੰਦੀ ਸੀ ਤੇ ਹੁਣ ਅਠਾਰਾਂ। ਜਿਹੜਾ ਅਠਾਰਾਂ ਦਾ ਹੋ ਕੇ ਮਰ ਗਿਆ, ਮਤਲਬ ਸੋਲਾਂ ਦਾ ਤਾਂ ਹੋਊ, ਜਦੋਂ ਤੋਂ ਇਸ ਕੰਮ 'ਚ ਪਿਆ। ਕੋਈ ਇੱਕ ਕਾਰਨ ਨਹੀਂ, ਇਸ ਸਮੱਸਿਆ ਦਾ। ਉਪਰ ਦੱਸੇ ਕਈ ਕਾਰਨ ਹਨ। ਹੁਣ ਕਈਆਂ ਦੇ ਮਨ 'ਚ ਸਵਾਲ ਆਊ ਕਿ ਪੰਜਾਬੀ ਤਾਂ ਇੰਗਲੈਂਡ ਵੀ ਰਹਿੰਦੇ ਹਨ, ਅਮਰੀਕਾ ਵੀ, ਅਸਟਰੇਲੀਆ ਵੀ ਤੇ ਕੈਨੇਡਾ ਦੇ ਹੋਰ ਸ਼ਹਿਰਾਂ ਟਰਾਂਟੋ, ਐਡਮਿੰਟਨ, ਕੈਲਗਰੀ ਵੀ ਪਰ ਬੱਚੇ ਮਰਦੇ ਕੇਵਲ ਸਰੀ ਜਾਂ ਐਬਟਸਫੋਰਡ 'ਚ ਹੀ ਨੇ, ਉਹ ਕਿਓਂ? ਤਾਂ ਉਹਦਾ ਕਾਰਨ ਵੀ ਸੁਣ ਲਓ। ਲੰਡੇ ਨੂੰ ਮੀਣੇ ਟੱਕਰਨ ਵਾਲੀ ਗੱਲ ਹੋਈ ਪਈ ਹੈ। ਸਰੀ ਅਤੇ ਐਬਟਸਫੋਰਡ ਦੇ ਪੰਜਾਬੀ ਗੜ੍ਹ ਵਾਲੇ ਸਕੂਲਾਂ 'ਚ 90 ਫੀਸਦੀ ਪੰਜਾਬੀ ਬੱਚੇ ਪੜ੍ਹਦੇ ਹਨ, ਜੋ ਆਪਸ 'ਚ ਹੀ ਜੁੱਟ ਬਣਾ ਕੇ ਰਹਿੰਦੇ ਹਨ। ਸਕੂਲ 'ਚ ਵੀ ਤੇ ਬਾਹਰ ਵੀ। ਗੋਰਿਆਂ, ਚੀਨਿਆਂ, ਫਿਲਪੀਨਿਆਂ ਨਾਲ ਕੋਈ ਸਰੋਕਾਰ ਹੀ ਹੈ ਨੀ। 

ਜੇ ਜੁੱਟ 'ਚ ਪੰਜ ਜਣੇ ਹਨ ਤਾਂ ਸਾਰਿਆਂ ਦੇ ਪੰਜਾਬੀ ਡੈਡੀ ਲਾਟਾਂ ਲੈ ਕੇ ਫਲਿੱਪ ਕਰਨ ਜਾਂ ਹੋਰ ਘਰ ਖਰੀਦਣ ਵਿੱਚ ਹੀ ਬਿਜ਼ੀ ਹਨ ਜਾਂ ਲੀਡਰਾਂ ਦੀਆਂ ਵੋਟਾਂ ਬਣਾਉਣ ਮਗਰ। ਵੋਟਾਂ ਕਦੇ ਐਮ.ਪੀ. ਦੀਆਂ ਆ ਗਈਆਂ, ਕਦੇ ਐਮ.ਐਲ.ਏ. ਦੀਆਂ, ਕਦੇ ਕੌਂਸਲ ਦੀਆਂ, ਕਦੇ ਗੁਰਦੁਆਰੇ ਦੀਆਂ। ਕਦੇ ਮੇਲੇ ਦੀ ਉਗਰਾਹੀ ਆ ਗਈ ਤੇ ਕਦੇ ਟੂਰਨਾਮੈਂਟ ਦੀ। ਮਾਂਵਾਂ ਜਾਂ ਤਾਂ ਕੰਮ 'ਚ ਬਿਜ਼ੀ ਹਨ ਜਾਂ ਕੇਬਲ 'ਤੇ ਚਲਦੇ ਹਿੰਦੀ ਸੀਰੀਅਲ ਦੇਖਣ 'ਚ ਜਾਂ ਬੁਟੀਕਾਂ ਤੋਂ ਸੂਟ ਆਰਡਰ ਕਰਨ 'ਚ ।

ਜਿਹੜੀਆਂ ਮਾਵਾਂ ਬੱਚਿਆਂ ਨੂੰ ਖੇਡਾਂ 'ਤੇ ਲਈ ਫਿਰਦੀਆਂ, ਕੰਮਾਂ ਤੋਂ ਆਣ ਕੇ ਵੀ, ਇਨ੍ਹਾਂ ਨੇ ਸਾਂਭ ਜਾਣੇ ਆਪਣੇ ਬੱਚੇ। ਮਾਂ ਹੀ ਬੱਚੇ ਨੂੰ ਸਭ ਤੋਂ ਵਧੀਆ ਸਬਕ ਦੇ ਸਕਦੀ ਹੁੰਦੀ ਹੈ। ਬੱਚੇ ਦਾ ਵਿਗੜਨਾ ਤੇ ਸੰਵਰਨਾ ਇਸ ਗੱਲ 'ਤੇ ਬਹੁਤ ਨਿਰਭਰ ਕਰਦਾ ਕਿ ਬੱਚੇ ਮਾਂ ਨਾਲ ਕਿੰਨਾ ਕੁ ਜੁੜੇ ਹੋਏ ਹਨ। ਪਿਓ ਦਾ ਫਰਜ਼ ਬਣਦਾ ਕਿ ਉਹ ਆਪ ਵੱਧ ਕੰਮ ਕਰੇ ਤੇ ਮਾਂ ਤੋਂ ਘੱਟ ਕੰਮ ਕਰਵਾ ਕੇ ਉਸਦਾ ਵਧੇਰੇ ਸਮਾਂ ਬੱਚਿਆਂ ਨਾਲ ਗੁਜ਼ਾਰਨ ਦਾ ਪ੍ਰਬੰਧ ਕਰੇ। ਘਰ 'ਚ ਘਰੇਲੂ ਹਿੰਸਾ ਬਿਲਕੁਲ ਨਾ ਹੋਵੇ। 

ਦੇਖਣ 'ਚ ਆਇਆ ਕਿ ਹਰ ਪੰਜਾਬੀ ਘਰ 'ਚ ਇੱਕੋ ਜਿਹੀਆਂ ਆਦਤਾਂ ਹਨ ਲਗਭਗ, ਹਰ ਵੇਲੇ ਈਰਖਾ ਦੀਆਂ ਗੱਲਾਂ ਕਰਨੀਆਂ ਬੱਚਿਆਂ ਸਾਹਮਣੇ। ਰਿਸ਼ਤੇਦਾਰਾਂ ਦੇ ਜਾਣਾ ਵੀ ਜ਼ਰੂਰ ਹੈ ਤੇ ਪਿੱਠ ਮੋੜਦਿਆਂ ਹੀ ਉਨ੍ਹਾਂ ਦੀਆਂ ਬਦਖੋਹੀਆਂ ਸ਼ੁਰੂ ਕਰ ਦਿੰਦੇ ਹਨ, ਬੱਚਿਆਂ ਸਾਹਮਣੇ। ਪੈਸਾ ਹੀ ਸਭ ਤੋਂ ਵੱਡਾ ਪੈਮਾਨਾ ਬਣਾ ਕੇ ਰੱਖਣਾ ਕਿ ਜਿਸ ਕੋਲ ਪੈਸਾ ਬਹੁਤ ਹੁੰਦਾ, ਓਹੀ ਵਧੀਆ ਬੰਦਾ ਹੁੰਦਾ। ਜਦ ਉਦਾਹਰਨ ਦੇਣਗੇ ਬਿਲ ਗੇਟਸ ਦੀ, ਮਾਰਕ ਜ਼ਕਰਬਰਗ ਦੀ, ਵਾਰਨ ਬਫੇ ਦੀ ਦੇਣਗੇ ਕਿ ਦੇਖ ਲੈ ਕਿੰਨੇ ਪੈਸੇ ਬਣਾ ਗਿਆ। ਕਿਸੇ ਸਾਇੰਸਦਾਨ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ, ਲੋੜਵੰਦਾਂ ਦੀ ਮੱਦਦ ਕਰਨ ਵਾਲੇ ਜਾਂ ਮਹਾਨ ਲੇਖਕ ਦਾ ਤਾਂ ਤਾਂ ਨਾਮ ਤੱਕ ਨੀ ਪਤਾ ਹੁੰਦਾ ਸਾਨੂੰ। ਸਾਡੇ ਕੋਲ ਗੁਰੂਆਂ, ਪੀਰਾਂ, ਰਹਿਬਰਾਂ, ਜਰਨੈਲਾਂ ਦਾ ਅਮੁੱਕ ਖਜ਼ਾਨਾ ਹੈ ਸਾਂਝਾ ਕਰਨ ਵਾਸਤੇ ਪਰ ਕਦੇ ਸਾਂਝਾ ਨਹੀਂ ਕਰਾਂਗੇ, ਕਿਉਂਕਿ ਉਹਦੇ ਨਾਲ ਪੈਸੇ ਨਹੀਂ ਬਣਦੇ। ਕੋਈ ਸਾਹਿਤ ਜਾਂ ਧਰਮ ਦੀ ਗੱਲ ਨੀ ਕਰਨੀ ਘਰ ਵਿੱਚ, ਫਿਰ ਬੱਚੇ ਚੰਗੀ ਗੱਲ ਕਿੱਥੋਂ ਸਿੱਖ ਜਾਣਗੇ? ਉਨ੍ਹਾਂ ਨੂੰ ਅਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਸਮਾਜ 'ਚ ਉਸ ਬੰਦੇ ਦੀ ਸਾਰੇ ਇੱਜ਼ਤ ਕਰਦੇ ਹਨ, ਜਿਸ ਕੋਲ ਪੈਸਾ ਹੁੰਦਾ। ਇਹੀ ਕਾਰਨ ਹੈ ਕਿ ਸਾਡੇ ਬੱਚੇ ਫਿਰ ਸੋਚਦੇ ਹਨ ਕਿ ਪੈਸਾ ਕਮਾ ਲਓ, ਕਿਸੇ ਤਰਾਂ ਵੀ।

ਜਿਨ੍ਹਾਂ ਸ਼ਹਿਰਾਂ 'ਚ ਮਿਕਸ ਭਾਈਚਾਰਾ ਹੈ, ਉਹ ਅਸਲੀ ਕੈਨੇਡਾ ਹੈ। ਓਥੇ ਸਕੂਲ 'ਚ ਬੱਚਿਆਂ ਦੇ ਜੁੱਟ ਹਨ, ਇੱਕ ਜੁੱਟ 'ਚ ਇੱਕ ਪੰਜਾਬੀ, ਇੱਕ ਚੀਨਾ, ਇੱਕ ਗੋਰਾ, ਇੱਕ ਕਾਲਾ, ਇੱਕ ਕੋਈ ਹੋਰ। ਸਭ ਦੀਆਂ ਚੰਗੀਆਂ-ਮਾੜੀਆਂ ਸਿੱਖ ਜਾਂਦਾ ਬੱਚਾ। ਓਹਨੂੰ ਹੋਰ ਸੱਭਿਆਚਾਰਾਂ ਦੀ ਜੀਵਨ ਜਾਚ ਅਤੇ ਸਫਲਤਾ ਦੇ ਢੰਗਾਂ ਦਾ ਗਿਆਨ ਹੋ ਜਾਂਦਾ। ਪਰ ਇਹ ਨਹੀਂ ਬਈ ਫੁਕਰੇ ਪੰਜਾਬੀ ਗਾਇਕਾਂ ਦੇ ਗੀਤ ਸੁਣਕੇ ਆਪਣੇ ਆਪ ਨੂੰ ਹੀ ਜਿਓਣਾ ਮੌੜ ਸਮਝੀ ਜਾਂਦਾ। ਇਹ ਇੱਕ ਵੱਡਾ ਕਾਰਨ ਹੈ।

ਹੱਲ ਇਹੀ ਹੈ ਕਿ ਜਿਨ੍ਹਾਂ ਨੂੰ ਪਤਾ ਕਿ ਉਨ੍ਹਾਂ ਦੇ ਮੁੰਡੇ ਵਿਗੜੇ ਹਨ ਜਾਂ ਤਾਂ ਉਨ੍ਹਾਂ ਨੂੰ ਕਿਤੇ ਹੋਰ ਲੈ ਜਾਓ। ਇਸ ਤਰ੍ਹਾਂ ਬਚੇ ਹਨ ਕਈ ਤੇ ਜਾਂ ਫਿਰ ਗੱਡੀ ਚੁੱਕ ਕੇ ਇਨ੍ਹਾਂ ਦੇ ਮਗਰ ਹੋ ਜਾਓ, ਕੰਮ ਛੱਡ ਕੇ। ਬਈ ਚੱਲ ਮੈਂ ਵੀ ਨਾਲ ਹੀ ਚੱਲਦਾਂ। ਜਿਨ੍ਹਾਂ ਦੇ ਨਹੀਂ ਲੱਗੇ ਹਾਲੇ, ਜਦੋਂ ਮਰਦਾ ਹੁੰਦਾ ਕੋਈ, ਤਾਂ ਓਹਦੀ ਖ਼ਬਰ ਪੜ੍ਹਾਇਆ ਕਰੋ ਬੱਚਿਆਂ ਨੂੰ। ਬੱਚਿਆਂ ਨਾਲ ਬਹਿ ਕੇ ਉਸਦੀ ਮੌਤ ਵਿਚਾਰਿਆ ਕਰੋ ਕਿ ਡਰੱਗ ਦੇ ਧੰਦੇ ਦਾ ਇਹ ਨਤੀਜਾ ਹੁੰਦਾ, ਤੇ ਸਮਝਾਇਆ ਕਰੋ ਕਿ ਸਕੂਲ 'ਚ ਕਿਸੇ ਮਗਰ ਨੀ ਲੱਗਣਾ, ਜੋ ਚਾਹੀਦਾ ਸਾਡੇ ਤੋਂ ਮੰਗ। ਨਾ ਬੱਚਿਆਂ ਨੂੰ ਭੂਏ ਕਰੋ ਤੇ ਨਾ ਬਿਨਾ ਗੱਲੋਂ ਤਰਸਾਓ। ਇਨ੍ਹਾਂ ਨੂੰ ਖੇਡਾਂ ਜਾਂ ਹੋਰ ਕਾਰਜਾਂ 'ਚ ਰੁੱਝੇ ਰੱਖੋ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ। 14-15 ਸਾਲ ਦਾ ਬੱਚਾ ਜੇਬ ਖਰਚ ਚਾਹੁੰਦਾ ਹੁੰਦਾ, ਓਹਨੂੰ ਕਹੋ ਕਿ ਪਾਰਟ ਟਾਇਮ ਕੰਮ ਲੱਭ, ਇਸ ਤਰ੍ਹਾਂ ਓਹਨੂੰ ਕੰਮ ਦੀ ਚੂੰਢ ਵੀ ਪੈ ਜਊ ਪਰ ਸਾਡੇ ਕਹਿ ਦਿੰਦੇ ਹਨ, ਜਾ ਓਏ ਮੈਂ ਕਰੀ ਤਾਂ ਜਾਨਾਂ ਕੰਮ, ਤੂੰ ਪੜ੍ਹਾਈ ਕਰ ਸਿਰਫ। ਜੇ ਹਫਤੇ 'ਚ 8-10 ਘੰਟੇ ਕੰਮ ਕਰ ਲਊ ਤਾਂ ਨੁਕਸਾਨ ਨਹੀਂ ਕੋਈ। ਕਈ ਵਾਰ ਬੱਚੇ ਸੰਗਦੇ ਹਨ, ਵਾਰ-ਵਾਰ ਪੈਸੇ ਮੰਗਦਿਆਂ। ਖਾਸਕਰ ਜਦੋਂ ਅਸੀਂ ਹਰ ਵਾਰ ਪੈਸੇ ਮੰਗਣ 'ਤੇ ਬੱਚੇ ਨੂੰ ਜ਼ਲੀਲ ਕਰਨ ਲੱਗ ਪੈਂਦੇ ਹਾਂ। ਉਸਨੂੰ ਸਮੇਂ ਦਾ ਸੁਯੋਗ ਪ੍ਰਬੰਧ ਕਰਨ ਦਾ, ਪੈਸੇ ਦਾ ਹਿਸਾਬ ਰੱਖਣ ਦਾ, ਸਮੇਂ ਸਿਰ ਕੰਮ 'ਤੇ ਜਾਣ ਦਾ ਅਤੇ ਜ਼ਿੰਮੇਵਾਰ ਹੋਣ ਦਾ ਗਿਆਨ ਹੋ ਜਾਂਦਾ। ਕੰਮ ਪੈਸੇ ਲਈ ਨਹੀਂ, ਉਸਨੂੰ ਗਿਆਨ ਦੇਣ ਲਈ ਕਰਵਾਉਣਾ ਤੇ ਕੰਮ ਦੀ ਚੂੰਢ ਪਵਾਉਣ ਲਈ ਕਰਾਉਣਾ ਹੈ। 

ਬੱਚੇ ਸਕੂਲਾਂ ਦੇ ਵਾਸ਼ਰੂਮਾ 'ਚ ਘਸੁੰਨ-ਮੁੱਕੀ ਤੋਂ ਸ਼ੁਰੂਆਤ ਕਰਕੇ ਫੇਰ ਇੱਕ ਦੂਜੇ ਦੇ ਘਰਾਂ 'ਤੇ ਆਂਡੇ ਮਾਰ ਕੇ ਜਿੱਤਣ ਲਈ, ਗੱਲ ਗੋਲੀਆ ਤੱਕ ਲੈ ਜਾਂਦੇ ਨੇ। ਨੋ ਸਨਿੱਚਿੰਗ (ਘਰਦਿਆਂ ਨੂੰ ਨਹੀਂ ਦੱਸਣਾ) ਦਾ ਇੱਕ ਬਹੁਤ ਵੱਡਾ ਰੁਝਾਨ ਚੱਲ ਰਿਹਾ ਸਕੂਲਾਂ 'ਚ। ਜੇ ਕੋਈ ਕੁਝ ਦੱਸਣਾ ਵੀ ਚਾਹੁੰਦਾ ਤਾਂ ਉਸਨੂੰ ਬਾਕੀ 'ਰੈਟ' (ਚੂਹਾ) ਕਹਿ ਕੇ ਛੇੜਦੇ ਹਨ ਕਿ ਘਰ ਨੀ ਦੱਸਣਾ ਕੁਝ ਕਿ ਸਕੂਲ 'ਚ ਕੀ ਹੋਇਆ। ਇਸ ਰੁਝਾਨ ਨੂੰ ਤੋੜਨਾ ਪੈਣਾ। ਜੇ ਕੋਈ ਚਾਚਾ, ਮਾਮਾ ਜਾਂ ਦੋਸਤ ਆ ਕੇ ਬੱਚੇ ਬਾਰੇ ਦੱਸਦਾ ਤਾਂ ਉਸ ਦਾ ਧੰਨਵਾਦ ਕਰੋ ਨਾ ਕਿ ਉਹਦੇ ਨਾਲ ਰੁੱਸ ਜਾਓ ਕਿ ਸਾਡੇ ਮੁੰਡੇ ਜਾਂ ਕੁੜੀ ਦੀ ਬਦਨਾਮੀ ਕਰਦਾ। 

ਮਾਪਿਆਂ ਨੂੰ ਸਕੂਲਾਂ ਦੀ ਘੇਰਾਬੰਦੀ ਕਰਨੀ ਪੈਣੀ। ਸਕੂਲ ਦੁਆਲੇ ਇਕ ਸਰਕਲ ਤਿਆਰ ਕਰਨਾ ਪਊ, ਜਾਂ ਪੁਲਿਸ 'ਤੇ ਜ਼ੋਰ ਪਾਉਣਾ ਪਊ ਕਿ ਹਰ ਵੱਡੇ ਸਕੂਲ 'ਚ ਇੱਕ ਪੁਲਿਸ ਅਫਸਰ ਦੀ ਤਾਇਨਾਤੀ ਪੱਕੇ ਤੌਰ 'ਤੇ ਕੀਤੀ ਜਾਵੇ, ਜੋ ਹਰ ਪਲ ਨਜ਼ਰ ਰੱਖੇ। ਸਿਆਸਤਦਾਨਾਂ ਨੂੰ ਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣਾ ਪਊ। ਛੱਡ ਦਿਓ ਸਿਆਸਤਦਾਨਾਂ ਦੀਆਂ ਚਾਪਲੂਸੀਆਂ ਕਰਨੀਆਂ। ਇਹ ਸਾਡੇ ਨੁਮਾਇੰਦੇ ਹਨ - ਜਨਤਾ ਦੇ ਨੌਕਰ ਹਨ, ਬਾਦਸ਼ਾਹ ਨਹੀਂ। ਸਤਿਕਾਰ ਕਰੋ ਪਰ ਕੰਮਾਂ ਲਈ ਜਵਾਬਦੇਹ ਵੀ ਬਣਾਓ, ਜਿਨ੍ਹਾਂ ਕੰਮਾਂ ਲਈ ਚੁਣਿਆ।

ਜਾਗੋ ਪੰਜਾਬੀਓ! ਵਰਨਾ ਬਹੁਤ ਪਛਤਾਓਂਗੇ।

- ਗੁਰਪ੍ਰੀਤ ਸਿੰਘ ਸਹੋਤਾ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES