Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਨਸਾਫ ਦੇ ਦੀਵੇ ਦੀ ਲੋਅ ਵਧੀ

Posted on August 25th, 2017


- ਗੁਰਪ੍ਰੀਤ ਸਿੰਘ ਸਹੋਤਾ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 25 ਅਗਸਤ ਨੂੰ ਪੰਚਕੂਲਾ ਅਦਾਲਤ 'ਚ ਪੇਸ਼ੀ ਤੋਂ ਕੁਝ ਘੰਟੇ ਪਹਿਲਾਂ ਡੇਰੇ ਦੇ ਅਸਲ ਸੰਚਾਲਕ ਅਦਿੱਤਿਆ ਇੰਸਾਂ ਉਰਫ ਅਦਿੱਤਿਆ ਬਾਂਸਲ ਨੇ ਸਿੱਧਮ-ਸਿੱਧੀ ਧਮਕੀ ਦਿੰਦਿਆਂ ਆਖਿਆ ਕਿ ਡੇਰੇ 'ਚ ਇਸ ਵਕਤ ਸੱਤ ਕਰੋੜ ਪ੍ਰੇਮੀ ਮੌਜੂਦ ਹਨ, ਜੋ ਬੇਆਰਾਮ ਅਤੇ ਬੇਚੈਨ ਹਨ, ਜੇਕਰ ਫੈਸਲਾ ਗਲਤ ਆਇਆ ਤਾਂ ਉਹ ਕੁਝ ਵੀ ਕਰ ਸਕਦੇ ਹਨ। ਇਸ ਧਮਕੀ ਅਤੇ ਉਸਤੋਂ ਬਾਅਦ ਹੁਣ ਹਰਿਆਣਾ ਅਤੇ ਪੰਜਾਬ 'ਚ ਡੇਰਾ ਪ੍ਰੇਮੀਆਂ ਵਲੋਂ ਮਚਾਏ ਗਏ ਕੋਹਰਾਮ ਨੇ ਇਸ ਡੇਰੇ ਸਬੰਧੀ ਸਾਬਤ ਕਰ ਦਿੱਤਾ ਹੈ ਕਿ ਇਹ ਕੋਈ ਸ਼ਾਂਤੀ ਜਾਂ ਪਿਆਰ ਵੰਡਣ ਵਾਲੀ ਸੰਸਥਾ ਨਹੀਂ, ਜਿਵੇਂ ਕਿ ਪੇਸ਼ ਕੀਤਾ ਜਾਂਦਾ ਰਿਹਾ ਹੈ ਬਲਕਿ ਇੱਕ ਅੱਤਵਾਦੀ ਅਤੇ ਦੇਸ਼ ਧਰੋਹੀ ਜਮਾਤ ਹੈ, ਜਿਸ ਵਿੱਚ ਔਰਤਾਂ ਦੇ ਸ਼ੋਸ਼ਣ, ਕਤਲ ਕਰਨ ਅਤੇ ਮਰਦਾਂ ਨੂੰ ਨਾਮਰਦ ਬਣਾਉਣ ਦੇ ਦੋਸ਼ ਲੱਗੇ ਹਨ ਅਤੇ ਡੇਰਾ ਮੁਖੀ ਵਲੋਂ ਬਲਤਾਕਾਰ ਕਰਨ ਦਾ ਦੋਸ਼ ਤਾਂ ਹੁਣ ਸਿੱਧ ਹੋ ਗਿਆ ਹੈ।

ਪੇਸ਼ੀ ਤੋਂ ਪਹਿਲਾਂ ਜਿਸ ਤਰਾਂ ਦਾ ਅਡੰਬਰ ਮੀਡੀਏ ਰਾਹੀਂ ਦਿਖਾਇਆ ਗਿਆ ਕਿ ਸਾਧ 800 ਗੱਡੀਆਂ ਦੇ ਕਾਫਲੇ ਨਾਲ ਧਾਰਾ 144 ਦੀ ਪਰਵਾਹ ਕੀਤੇ ਬਿਨਾਂ ਡੇਰੇ ਤੋਂ ਪੰਚਕੂਲੇ ਵੱਲ ਨੂੰ ਨਿਕਲਿਆ, ਇਹ ਸਾਧ ਦੀ ਪੇਸ਼ੀ ਨਹੀਂ ਹੋ ਸੀ ਰਹੀ, ਸਰਕਾਰੀ ਖ਼ਰਚੇ 'ਤੇ ਪ੍ਰਮੋਸ਼ਨ ਹੋ ਰਹੀ ਸੀ। ਸਾਧ ਨੇ ਭਾਰਤੀ ਰਾਜ ਪ੍ਰਬੰਧ, ਕਾਨੂੰਨ ਤੇ ਨਿਆਂ ਪਾਲਿਕਾ ਦਾ ਜਲੂਸ ਕੱਢ ਕੇ ਰੱਖ ਦਿੱਤਾ। ਭਾਜਪਾਈ ਹਰਿਆਣਵੀ ਮੁੱਖ ਮੰਤਰੀ ਖੱਟਰ, ਭਾਜਪਾ ਐਮ. ਪੀ. ਸ਼ਾਖਸੀ ਮਹਾਰਾਜ, ਯੂ. ਪੀ. ਦੇ ਮੁੱਖ ਮੰਤਰੀ ਯੋਗੀ ਨੇ ਪੇਸ਼ੀ ਤੋਂ ਕੁਝ ਦਿਨ ਪਹਿਲਾਂ ਸਾਧ ਦੀਆਂ ਸਿਫਤਾਂ ਦੇ ਕਸੀਦੇ ਪੜ੍ਹਦਿਆਂ ਦੱਸਿਆ ਕਿ ਸਾਧ ਨਾਲ ਉਹ ਕਿਸ ਕਦਰ ਬਗਲਗੀਰ ਹਨ। ਹਾਲਾਤ ਦੇਖ ਕੇ ਜਾਪਦਾ ਕਿ ਸਵੇਰੇ ਪੇਸ਼ੀ 'ਤੇ ਤੁਰਨ ਤੋਂ ਪਹਿਲਾਂ ਸਾਧ ਨੂੰ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ 'ਚ ਹੋਰ ਨਾਮਵਰ ਨੇਤਾ ਤੇ ਵੱਡੇ ਅਧਿਕਾਰੀ ਵੀ ਸ਼ਾਮਲ ਰਹੇ ਹੋਣਗੇ, ਸਫਾਈਆਂ ਵੀ ਦਿੱਤੀਆਂ ਹੋਣਗੀਆਂ।

ਜਿਸ ਤਰਾਂ ਲੋਕਾਂ ਨੂੰ ਇੱਕ ਸਾਧ ਬਦਲੇ ਘਰਾਂ 'ਚ ਕੈਦ ਕਰਕੇ ਉਨ੍ਹਾਂ ਦੀ ਆਜ਼ਾਦੀ ਖੋਹੀ ਗਈ, ਉਹ ਵੇਖ ਕੇ ਅਖੌਤੀ ਲੋਕ-ਤੰਤਰ 'ਚ ਆਮ ਲੋਕਾਂ ਦੀ ਲਾਚਾਰਤਾ 'ਤੇ ਤਰਸ ਹੀ ਕੀਤਾ ਜਾ ਸਕਦਾ। ਬਜ਼ਾਰ ਖੁੱਲ੍ਹੇ ਸਨ ਪਰ ਸੁੰਨੇ ਪਏ ਹਨ। ਮਾਂਵਾਂ ਨੇ ਪੁੱਤ ਬਾਹਰ ਨੀ ਜਾਣ ਦਿੱਤੇ।

ਆਪਣੇ ਬਚਾਅ ਵਿੱਚ ਡੇਰਾ ਮੁਖੀ ਨੇ ਅਦਾਲਤ ਵਿੱਚ ਦਿੱਤੀ ਗਵਾਹੀ ਵਿੱਚ ਕਿਹਾ, '1990 ਤੋਂ ਬਾਅਦ ਮੈਡੀਕਲ ਤੌਰ ਉਤੇ ਮੈਂ ਕਿਸੇ ਨਾਲ ਸੰਭੋਗ ਕਰਨ ਦੇ ਯੋਗ ਨਹੀਂ ਹਾਂ। ਮੈਂ ਨਿਪੁੰਸਕ (ਨਾਮਰਦ) ਹਾਂ।' ਜੇਲ੍ਹ ਜਾਣ ਤੋਂ ਬਚਣ ਲਈ ਸਾਧ ਆਪਣੀ ਮਰਦਾਨਗੀ ਵੀ ਦਾਅ 'ਤੇ ਲਾ ਗਿਆ।

ਹੁਣ ਕਰੀਏ ਗੱਲ ਆਪਣੀ। ਬਲਾਤਕਾਰੀ ਸਾਧ ਧਨਵੰਤ ਸਿੰਘ ਸਿੰਘ ਨੂੰ ਜਥੇਦਾਰਾਂ ਬਰੀ ਕੀਤਾ ਤੇ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ। ਇੱਕ ਵਾਰ ਫਿਰ ਉਹੀ ਕੁਝ ਵਾਪਰ ਗਿਆ, ਵੋਟਾਂ ਖ਼ਾਤਰ ਜਿਸ ਸੌਦਾ ਸਾਧ ਨੂੰ ਮਾਫ਼ੀ ਦੁਆਉਣ ਲਈ ਜਥੇਦਾਰਾਂ ਅਤੇ ਅਕਾਲੀ ਲੀਡਰਸ਼ਪਿ ਨੇ ਸਮੁੱਚੀ ਕੌਮ ਦੀ ਪਿੱਠ ਲੁਆਈ, ਉਸਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ। ਸ਼ਰਮ ਨੂੰ ਵੀ ਸ਼ਰਮ ਆਉਂਦੀ ਹੋਣੀ, ਤੁਹਾਨੂੰ ਸ਼ਰਮਿੰਦੇ ਕਰਦਿਆਂ ਜਥੇਦਾਰੋ।

ਸਾਡੇ ਜਥੇਦਾਰਾਂ, ਅਕਾਲੀ ਲੀਡਰਸ਼ਿਪ, ਸਮੇਂ-ਸਮੇਂ ਦੀਆਂ ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਇਸ ਸਾਰੀ ਫਿਲਮ 'ਚ ਖਲਨਾਇਕ ਦੇ ਨਾਲ ਖੜ੍ਹ ਕੇ ਖਲਨਾਇਕ ਦੇ ਸਾਥੀਆਂ ਦੀ ਭੂਮਿਕਾ ਨਿਭਾਈ ਜਦਕਿ ਨਾਇਕਾਂ ਦੀ ਭੂਮਿਕਾ 'ਚ ਸਾਧ ਦਾ ਟਾਕਰਾ ਕਰਨ ਲਈ ਅੱਗੇ ਆਈ ਅਣਪਛਾਤੀ ਅਬਲਾ, ਪੱਤਰਕਾਰ ਛਤਰਪਤੀ ਅਤੇ ਉਸਦੇ ਅਣਪਛਾਤੇ ਸਾਥੀ, ਮੈਨੇਜਰ ਰਣਜੀਤ ਸਿੰਘ ਅਤੇ ਗੁਰਦਾਸ ਸਿੰਘ ਤੂਰ ਸਮੇਤ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਦਿਸ ਰਹੇ ਹਨ। ਇੱਕ ਗੁੰਮਨਾਮ ਚਿੱਠੀ ਤੋਂ ਜਾਂਚ ਆਰੰਭ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਸੀ. ਬੀ. ਆਈ. ਦੇ ਜਾਂਚ ਅਧਿਕਾਰੀ ਵੀ ਨਾਇਕ ਹਨ। ਨਾਲ ਹੀ ਨਾਇਕ ਬਣੇ ਹਨ ਉਹ ਸਿੰਘ ਸੂਰਮੇ, ਜੋ ਇਸ ਪਾਪੀ ਦੇ ਪਾਪਾਂ ਦੀ ਸਜ਼ਾ ਦੇਣ ਲਈ ਇਸਦੇ ਮਗਰ ਲੱਗੇ ਰਹੇ, ਫੜ੍ਹੇ ਗਏ, ਜੇਲ੍ਹਾਂ ਕੱਟੀਆਂ ਜਾਂ ਕੱਟ ਰਹੇ ਹਨ ਅਤੇ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਹਰਮਿੰਦਰ ਸਿੰਘ ਡੱਬਵਾਲੀ, ਭਾਈ ਬਲਕਾਰ ਸਿੰਘ ਜਾਮਾਰਾਏ, ਭਾਈ ਗੁਰਦੇਵ ਸਿੰਘ ਮਨਸੂਰਦੇਵ ਵਰਗੇ, ਜਿਨ੍ਹਾਂ ਦੀ ਸਾਧ ਦੀ ਕੁ-ਚਰਚਾ ਦਾ ਵਿਰੋਧ ਕਰਦਿਆਂ ਸ਼ਹਾਦਤ ਹੋਈ।

ਸੀ. ਬੀ. ਆਈ. ਅਦਾਤਲ ਦੇ ਜੱਜ ਜਗਦੀਪ ਸਿੰਘ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ ਪਰ ਹਾਲੇ ਭਾਰਤੀ ਅਦਾਲਤਾਂ ਨੇ ਗੋਹੜੇ 'ਚੋਂ ਪੂਣੀ ਕੱਤੀ ਹੈ। ਆਸ ਦੀ ਕਿਰਨ ਵਿਖਾਈ ਜ਼ਰੂਰ ਹੈ। ਜੇਕਰ ਹੋਰ ਜੱਜ ਵੀ ਹੋਰ ਕੇਸਾਂ, ਜਿਵੇਂ ਕਿ ਚੌਰਾਸੀ ਕਤਲੇਆਮ, ਗੁਜਰਾਤ ਕਤਲੇਆਮ, ਬਾਬਰੀ ਮਸਜਿਦ ਮਾਮਲਾ, ਪੰਜਾਬ ਦੇ ਪਾਣੀਆਂ ਦੀ ਲੁੱਟ, ਸਮਝੌਤਾ ਐਕਸਪ੍ਰੈਸ-ਮਾਲੇਗਾਓਂ ਧਮਾਕੇ, ਆਸ਼ੂਤੋਸ਼ ਸਸਕਾਰ ਆਦਿ ਮਾਮਲਿਆਂ 'ਚ ਜੁਰਅਤ ਭਰਪੂਰ ਸੱਚੇ ਫ਼ੈਸਲੇ ਲੈਣ ਤਾਂ ਲੋਕਾਂ ਦਾ ਕਾਨੂੰਨ 'ਚ ਯਕੀਨ ਮੁੜ ਸਕਦਾ। ਪਰ ਸਾਰੇ ਜੱਜ ਜਗਦੀਪ ਸਿੰਘ ਨਹੀਂ, ਹਾਲੇ ਪਰਸੋਂ ਤਾਂ ਕਰਨਲ ਪੁਰੋਹਿਤ ਨੂੰ ਛੱਡਿਆ, ਜਿਸ ਨੇ ਹੋਰਨਾਂ ਕੱਟੜ ਹਿੰਦੂਤਵੀਆਂ ਨਾਲ ਰਲ ਕੇ 'ਅਭਿਨਵ ਭਾਰਤ' ਨਾਂ ਦੀ ਜਥੇਬੰਦੀ ਬਣਾ ਕੇ ਕਈ ਥਾਈਂ ਧਮਾਕੇ ਕੀਤੇ ਸਨ ਅਤੇ ਫਿਰ ਇਨ੍ਹਾਂ ਨੂੰ ਫਸਾਉਣ ਵਾਲੇ ਬਹਾਦਰ ਪੁਲਿਸ ਅਫਸਰ ਹੇਮੰਤ ਕਰਕਰੇ ਨੂੰ ਮੁੰਬਈ ਹਮਲੇ ਦੀ ਆੜ 'ਚ ਮਾਰ ਮੁਕਾਇਆ ਗਿਆ । ਹੋਰ ਦਰਜਨਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ, ਭਾਰਤ 'ਚ ਇਨਸਾਫ ਦੇ ਗਰਭਪਾਤ ਦੀਆਂ।

ਦੇਖਦੇ ਹਾਂ ਕਿ ਜੱਜ ਜਗਦੀਪ ਸਿੰਘ ਜੀ ਵਲੋਂ ਜਗਾਏ ਦੀਵੇ ਨੂੰ ਸੁਪਰੀਮ ਕੋਰਟ ਜਗਦਾ ਰੱਖਦੀ ਹੈ ਜਾਂ ਫੂਕਾਂ ਮਾਰਦੀ ਹੈ। ਸਜ਼ਾ 28 ਅਗਸਤ ਨੂੰ ਤੈਅ ਕੀਤੀ ਜਾਣੀ ਹੈ, ਉਸਤੋਂ ਬਾਅਦ ਜ਼ਾਹਰ ਹੈ ਕਿ ਡੇਰਾ ਦੇ ਥਿੰਕ ਟੈਂਕ ਸਾਧ ਨੂੰ ਬਾਹਰ ਕਢਾਉਣ ਲਈ ਉੱਚ ਅਦਾਲਤ 'ਚ ਅਪੀਲ ਦਾਇਰ ਕਰਕੇ ਜ਼ਮਾਨਤ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਹੁਣ ਸਮਾਂ ਮੰਗ ਕਰਦਾ ਹੈ ਕਿ ਹੋਰ ਜੱਜ ਸਾਹਿਬਾਨ ਵੀ ਜੱਜ ਜਗਦੀਪ ਸਿੰਘ ਵਾਂਗ ਜਿਗਰਾ ਦਿਖਾਉਣ, ਤਾਂ ਕਿ ਭਾਰਤ ਦੇ ਸਾਰੇ ਲੋਕ ਅਦਾਲਤਾਂ ਤੋਂ ਇਨਸਾਫ ਦੀ ਆਸ ਰੱਖ ਸਕਣ, ਜੋ ਉਨ੍ਹਾਂ ਦਾ ਮੁਢਲਾ ਹੱਕ ਹੈ। ਸਾਧ ਨੂੰ ਜ਼ਮਾਨਤ ਨਾ ਦੇ ਕੇ ਅਤੇ ਆਸਾਰਾਮ ਵਾਂਗ ਜੇਲ੍ਹ ਅੰਦਰ ਹੀ ਰੱਖ ਕੇ, ਉਸ 'ਤੇ ਚੱਲ ਰਹੇ ਹੋਰ ਮੁਕੱਦਮੇ ਚਲਾਏ ਜਾਣ, ਇਸ ਨਾਲ ਸਾਧ ਦੇ ਪੀੜਤਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES