Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦਾ ਸੂਰਬੀਰ ਸਪੂਤ: ਸ਼ਹੀਦ ਮਦਨ ਲਾਲ ਢੀਂਗਰਾ

Posted on August 16th, 2017


ਸ਼ਹੀਦ ਦੀ ਸ਼ਹਾਦਤ ਅਤੇ ਸੋਚ ਨੂੰ ਕੋਟਨ ਕੋਟਿ ਪ੍ਰਣਾਮ।

ਮਦਨ ਲਾਲ ਢੀਂਗਰਾ ਦਾ ਜਨਮ ਡਾ. ਸਾਹਿਬ ਦਿੱਤਾ ਮੱਲ ਦੇ ਘਰ ਸੰਨ 1883 'ਚ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਵਿਖੇ ਹੋਇਆ। ਜੰਮੂ-ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ ਦੇ ਆਨਰੇਰੀ ਸ਼ਾਹੀ ਡਾਕਟਰ ਅਤੇ ਹੋਰ ਪ੍ਰਮੁੱਖ ਅਹੁਦਿਆਂ 'ਤੇ ਨਿਯੁਕਤ ਰਹੇ ਡਾ. ਸਾਹਿਬ ਦਿੱਤਾ ਮੱਲ ਅੰਮ੍ਰਿਤਸਰ ਵਿਚ ਵੀ ਲੰਮੇ ਸਮੇਂ ਤਕ ਅੱਖਾਂ ਦੇ ਮਾਹਿਰ ਡਾਕਟਰ ਵਜੋਂ ਪ੍ਰੈਕਟਿਸ ਕਰਦੇ ਰਹੇ।

ਸ਼ਹਿਰ ਦੇ ਰੀਜੈਂਟ ਸਿਨੇਮਾ ਦੇ ਨਾਲ ਲੱਗਦੇ ਕੱਟੜਾ ਸ਼ੇਰ ਸਿੰਘ ਦੇ ਉਸੇ ਘਰ ਜਿਥੇ ਸ਼੍ਰੀ ਮਦਨ ਲਾਲ ਦਾ ਜਨਮ ਹੋਇਆ, ਵਿਚ ਕੁਝ ਮਹੀਨੇ ਪਹਿਲਾਂ ਤਕ ਮਦਨ ਲਾਲ ਢੀਂਗਰਾ ਦੇ ਵੱਡੇ ਭਰਾ ਡਾ. ਕੁੰਦਨ ਲਾਲ ਢੀਂਗਰਾ ਦੇ ਪੁੱਤਰ ਸ਼੍ਰੀ ਮੁਕੰਦ ਲਾਲ ਦੀ ਪਤਨੀ ਸ਼੍ਰੀਮਤੀ ਵਿਮਲਾ ਦੇਵੀ ਆਪਣੇ ਪਰਿਵਾਰ ਸਹਿਤ ਰਹਿ ਰਹੇ ਹਨ ਪਰ ਹੁਣ ਉਨ੍ਹਾਂ ਵਲੋਂ ਇਹ ਵਿਰਾਸਤੀ ਘਰ ਵੇਚ ਦਿੱਤੇ ਜਾਣ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਨਾਲ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ।

ਇਸ ਘਰ ਨੂੰ ਢਾਹੇ ਜਾਣ ਦੇ ਦੋ ਮਹੀਨੇ ਬਾਅਦ 18 ਮਈ 2012 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਾ ਸਿਰਫ ਇਸ ਘਰ ਦੇ ਵੇਚੇ ਜਾਣ 'ਤੇ ਪਾਬੰਦੀ ਲਗਾਈ ਬਲਕਿ ਪੰਜਾਬ ਸਰਕਾਰ ਨੂੰ ਇਸ 'ਜੱਦੀ ਘਰ' ਨੂੰ ਸੁਰੱਖਿਆ ਦੇਣ ਅਤੇ ਰਾਸ਼ਟਰੀ ਸਮਾਰਕ ਘੋਸ਼ਿਤ ਕੀਤੇ ਜਾਣ ਦਾ ਵੀ ਹੁਕਮ ਸੁਣਾਇਆ ਹੈ।

ਸ਼੍ਰੀ ਮਦਨ ਲਾਲ ਢੀਂਗਰਾ ਨੇ ਸਕੂਲ ਅਤੇ ਕਾਲਜ ਦੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਅਤੇ ਬਾਅਦ 'ਚ ਕੁਝ ਸਮੇਂ ਲਈ ਗੌਰਮਿੰਟ ਕਾਲਜ ਲਾਹੌਰ ਵਿਚ ਬੀ. ਐੱਸ. ਸੀ. ਵਿਚ ਵੀ ਦਾਖਲਾ ਲਿਆ। ਸ਼੍ਰੀ ਢੀਂਗਰਾ ਨੇ ਪਰਿਵਾਰ ਤੋਂ ਅਲੱਗ ਹੋ ਕੇ ਕਸ਼ਮੀਰ ਸੈਟਲਮੈਂਟ ਬੈਂਕ ਵਿਚ ਕਲਰਕ ਦੀ ਨੌਕਰੀ ਅਤੇ ਬਾਅਦ ਵਿਚ ਟਾਂਗਾ ਚਲਾਉਣ, ਮਿੱਲ ਮਜ਼ਦੂਰ ਤੇ ਬੰਬੇ ਦੀ ਕਿਸ਼ਤੀ ਚਲਾਉਣ ਦੀ ਨੌਕਰੀ ਕਰਨ ਵਰਗੇ ਵੀ ਕੰਮ ਕੀਤੇ। ਵੱਡੇ ਭਰਾ ਦੇ ਕਹਿਣ 'ਤੇ 10 ਅਕਤੂਬਰ 1906 ਨੂੰ ਇੰਗਲੈਂਡ ਦੇ ਲੰਡਨ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਲੈ ਲਿਆ।

ਮਦਨ ਲਾਲ ਢੀਂਗਰਾ ਭਾਰਤੀ ਵਿਦਿਆਰਥੀਆਂ 'ਤੇ ਨਜ਼ਰ ਰੱਖਣ ਲਈ ਖਾਸ ਖੁਫੀਆ ਪੁਲਸ ਦਾ ਪ੍ਰਬੰਧ ਕਰਨ ਵਾਲੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਦੇ ਏਡ-ਡੀ-ਕਾਪ ਸਰ ਕਰਜ਼ਨ ਵਾਇਲੀ ਵਲੋਂ ਚਲਾਈ ਹਿੰਦੁਸਤਾਨੀ ਵਿਦਿਆਰਥੀਆਂ ਦੀ ਸਭਾ ਵਿਚ ਸ਼ਾਮਲ ਹੋ ਗਏ। ਸਾਵਰਕਰ ਦੇ ਬਾਕੀ ਸਾਥੀਆਂ ਨੇ ਢੀਂਗਰਾ ਨੂੰ ਦੇਸ਼-ਧ੍ਰੋਹੀ, ਦੇਸ਼ ਘਾਤਕ ਅਤੇ ਹੋਰ ਵੀ ਬਹੁਤ ਕੁਝ ਕਿਹਾ ਪਰ ਇਸ ਦਾ ਕਿਸੇ ਨੂੰ ਚਾਨਣਾ ਨਹੀਂ ਸੀ ਕਿ ਉਹ ਦਿਲ ਹੀ ਦਿਲ ਵਿਚ ਕੀ ਖਿਚੜੀ ਪਕਾ ਰਿਹਾ ਸੀ।

ਅੰਤ 1 ਜੁਲਾਈ 1909 ਦੀ ਰਾਤ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ 'ਚ ਇੰਪੀਰੀਅਲ ਇੰਸਟੀਚਿਊਟ ਦੇ ਜਹਾਂਗੀਰ ਹਾਲ ਵਿਚ ਸਰ ਕਰਜਨ ਵਾਇਲੀ ਨੂੰ ਗੋਲੀ ਮਾਰ ਕੇ ਉਸ ਨੇ ਆਪਣਾ ਅੰਗਰੇਜ਼ੀ ਹਕੂਮਤ ਪ੍ਰਤੀ ਗੁੱਸਾ ਸ਼ਾਂਤ ਕਰਦੇ ਹੋਏ ਇਕ ਸੱਚੇ ਦੇਸ਼ਭਗਤ ਹੋਣ ਦਾ ਸਬੂਤ ਦੇ ਦਿਤਾ। ਅਸਲ ਵਿਚ ਮਦਨ ਲਾਲ ਢੀਂਗਰਾ ਉਸ ਦਿਨ ਲਾਰਡ ਕਰਜ਼ਨ (ਭਾਰਤ ਦਾ ਸਾਬਕਾ ਵਾਇਸਰਾਏ), ਲਾਰਡ ਮਾਰਲੀ (ਤਤਕਾਲੀ ਸੈਕ੍ਰੇਟਰੀ ਆਫ ਸਟੇਟ) ਅਤੇ ਸਰ ਕਰਜ਼ਨ ਵਾਇਲੀ, ਤਿੰਨਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਜੇਬ ਵਿਚ ਗੋਲੀਆਂ ਨਾਲ ਭਰੇ ਦੋ ਪਿਸਤੌਲ ਲੈ ਕੇ ਗਿਆ ਸੀ ਪਰ ਉਸ ਸਮਾਗਮ ਵਿਚ ਇਕੱਲਾ ਸਰ ਕਰਜ਼ਨ ਵਾਇਲੀ ਹੀ ਪਹੁੰਚਿਆ।

ਹਾਲਾਂਕਿ ਕਰਜ਼ਨ ਵਾਇਲੀ ਢੀਂਗਰਾ ਪਰਿਵਾਰ ਦਾ ਚੰਗਾ ਜਾਣੂ ਅਤੇ ਹਮਾਇਤੀ ਸੀ ਪਰ ਮਦਨ ਲਾਲ ਉਸ ਨਾਲ ਇਸ ਕਰਕੇ ਨਫਰਤ ਕਰਦਾ ਸੀ ਕਿਉਂਕਿ ਉਸ ਦਾ ਮੁੱਖ ਕੰਮ ਆਪਣੀ ਕੂਟਨੀਤੀ ਨਾਲ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਭਾਰਤੀ ਨੌਜਵਾਨਾਂ ਨੂੰ ਅਲੱਗ-ਅਲੱਗ ਪ੍ਰਕਾਰ ਦੇ ਲਾਲਚ ਦੇ ਕੇ ਉਨ੍ਹਾਂ ਨੂੰ ਕ੍ਰਾਂਤੀ ਦੇ ਰਾਹ ਤੋਂ ਹਟਾਉਣਾ ਹੁੰਦਾ ਸੀ।

ਮਦਨ ਲਾਲ ਨੇ ਆਪਣੀ ਸਹਾਇਤਾ ਲਈ ਕੋਈ ਵਕੀਲ ਨਹੀਂ ਕੀਤਾ। ਦੱਸਿਆ ਜਾਂਦਾ ਹੈ ਕਿ ਜਦੋਂ ਜੱਜ ਨੇ ਮਦਨ ਲਾਲ ਨੂੰ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਇਕ ਫੌਜੀ ਜਵਾਨ ਵਾਂਗ ਜੱਜ ਨੂੰ ਸਲਿਊਟ ਮਾਰ ਕੇ ਮੁਸਕਰਾਉਂਦਿਆਂ ਹੋਇਆਂ ਕਿਹਾ-''ਮਾਈ ਲਾਰਡ, ਸ਼ੁਕਰੀਆ, ਮੈਨੂੰ ਆਪਣੇ ਦੇਸ਼ ਵਾਸੀਆਂ ਲਈ ਮਰਨ ਦਾ ਮਾਣ ਪ੍ਰਾਪਤ ਕਰਨ ਦੀ ਪ੍ਰਸੰਨਤਾ ਹੈ।''

ਅੰਤ ਇਸ ਮਹਾਨ ਦੇਸ਼ਭਗਤ ਨੂੰ 17 ਅਗਸਤ 1909 ਨੂੰ ਪੈਂਟੋਨਵਿਲੀ ਜੇਲ ਵਿਚ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ। ਅੰਮ੍ਰਿਤਸਰ ਦੇ ਇਸ ਮਹਾਨ ਸਪੂਤ ਦੀ ਸ਼ਹਾਦਤ ਦੇ 67 ਵਰ੍ਹਿਆਂ ਬਾਅਦ 13 ਦਸੰਬਰ 1976 ਨੂੰ ਲੰਬੀ ਜੱਦੋ-ਜਹਿਦ ਦੇ ਬਾਅਦ ਲੰਡਨ ਤੋਂ ਉਨ੍ਹਾਂ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ। ਸ਼ਰਧਾਂਜਲੀ ਭੇਟ ਕਰਨ ਹਿੱਤ ਸ਼ਹੀਦ ਦੀਆਂ ਅਸਥੀਆਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚੋਂ ਹੁੰਦੀਆਂ ਹੋਈਆਂ 20 ਦਸੰਬਰ ਨੂੰ ਉਨ੍ਹਾਂ ਦੀ ਜਨਮਭੂਮੀ ਅੰਮ੍ਰਿਤਸਰ 'ਚ ਪਹੁੰਚੀਆਂ।

ਅੰਮ੍ਰਿਤਸਰ ਦੇ ਜੀ. ਟੀ. ਰੋਡ 'ਤੇ ਮਾਲ ਮੰਡੀ ਦੇ ਪਾਸ ਸ਼ਹੀਦ ਢੀਂਗਰਾ ਦਾ ਹਿੰਦੂ ਰਸਮਾਂ ਨਾਲ ਸਸਕਾਰ ਕੀਤਾ ਗਿਆ। 23 ਦਸੰਬਰ 1976 ਨੂੰ ਉਨ੍ਹਾਂ ਦੇ ਫੁੱਲ ਹਰਿਦੁਆਰ ਗੰਗਾ ਜੀ ਵਿਚ ਪ੍ਰਵਾਹ ਕਰ ਦਿੱਤੇ ਗਏ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES