Posted on August 16th, 2017
ਲੁਧਿਆਣਾ 15 ਅਗਸਤ- ਉਂਝ ਤਾਂ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀ ਅਤੇ ਅੱਜ ਆਪਾਂ ਭਾਰਤ ਦੀ ਆਜ਼ਾਦੀ ਦੀ 70ਵੀਂ ਵਰੇਗੰਢ ਮਨਾ ਰਹੇ ਹਾਂ। ਪਰ ਆਜ਼ਾਦੀ ਦਿਵਸ ਦੇ ਨਾਮ ਤੇ ਉਸ ਵੇਲੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਜਾਂਦਾ ਹੈ, ਜਦੋਂ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ਨੂੰ ਹੀ ਆਪਣੇ ਵਿਚਾਰ ਪੇਸ਼ ਕਰਨ ਅਤੇ ਆਪਣੀ ਮਾਂ-ਬੋਲੀ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਨਹੀਂ ਮਿਲਦੀ। ਇਸਦੀ ਇੱਕ ਉਦਾਹਰਣ ਅੱਜ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਕੈਨੇਡਾ ਸਰਕਾਰ ਤੋਂ ਪ੍ਰਸ਼ੰਸਾ ਪੱਤਰ ਦਾ ਸਨਮਾਨ ਪ੍ਰਾਪਤ ਕਰ ਚੁੱਕੇ ਮਾਂ-ਬੋਲੀ ਪੰਜਾਬੀ ਦੇ ਮੰਨੇ-ਪ੍ਰਮੰਨੇ ਪ੍ਰਚਾਰਕ ਸ. ਮਹਿੰਦਰ ਸਿੰਘ ਸੇਖੋਂ ਨੂੰ ਉਹਨਾਂ ਦੇ ਹੀ ਰਾਜ ਦੀ ਪੁਲਿਸ ਨੇ ਨਾ ਸਿਰਫ ਪੰਜਾਬੀ ਬੋਲੀ ਦਾ ਪ੍ਰਚਾਰ ਕਰਨ ਤੋਂ ਰੋਕਿਆ, ਬਲਕਿ ਅਪ-ਸ਼ਬਦ ਵਰਤਦੇ ਅਤੇ ਧੱਕਾ ਮੁੱਕੀ ਕਰਦੇ ਹੋਏ ਸ. ਸੇਖੋਂ ਨੂੰ ਗੱਡੀ ਵਿੱਚ ਬਿਠਾ ਕੇ ਸਰਾਭਾ ਨਗਰ ਥਾਣੇ ਲੈ ਗਏ ਅਤੇ ਤਕਰੀਬਨ 2 ਘੰਟੇ ਤੱਕ ਉੱਥੇ ਹੀ ਬਿਠਾਈ ਰੱਖਿਆ।
ਇਸ ਸੰਬੰਧੀ ਜਾਣਕਾਰੀ ਮਿਲਦਿਆਂ ਮੇਰੀ ਮਾਂ-ਬੋਲੀ ਪੰਜਾਬੀ ਸਭਾ ਦੇ ਮੀਤ ਪ੍ਰਧਾਨ ਨਿਸ਼ਾਂਤ ਸਿੰਘ ਅਤੇ ਜਗਦੀਪ ਸਿੰਘ ਘੁੰਮਣ, ਸਹਿ ਸਕੱਤਰ ਗੁਰਦੀਪ ਸਿੰਘ ਸੈਂਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਆਪਣੇ ਕਈ ਸਾਥੀਆਂ ਸਮੇਤ ਜਿਵੇਂ ਹੀ ਥਾਣੇ ਵਿੱਚ ਪਹੁੰਚੇ ਤਾਂ ਪੁਲਿਸ ਕੋਲ, ਬਿਨਾ ਕਿਸੇ ਅਧਾਰ ਤੋਂ ਜਬਰਦਸਤੀ ਚੁੱਕ ਕੇ ਥਾਣੇ ਲਿਆਂਦੇ ਗਏ ਮਹਿੰਦਰ ਸਿੰਘ ਸੇਖੋਂ ਨੂੰ ਛੱਡਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ।
ਇਸ ਤੋਂ ਬਾਅਦ ਸ. ਸੇਖੋਂ ਗੋਆ ਦੇ ਮਹਾਨ ਸ਼ਹੀਦ ਸ. ਕਰਨੈਲ ਸਿੰਘ ਜੀ ਦੀ ਯਾਦ ਵਿੱਚ ਈਸੜੂ ਵਿਖੇ ਹੋ ਰਹੀ ਕਾਨਫ੍ਰੰਸ ਲਈ ਰਵਾਨਾ ਹੋ ਗਏ। ਉੱਥੇ ਸ਼ਹੀਦ ਕਰਨੈਲ ਸਿੰਘ ਜੀ ਦੇ ਬੁੱਤ ਕੋਲ ਜਦੋਂ ਉਹ ਪੰਜਾਬੀ ਬੋਲੀ ਦੇ ਪ੍ਰਚਾਰ ਵਾਲੇ ਬੈਨਰ ਲੈ ਕੇ ਖੜ੍ਹੇ ਹੋਏ ਤਾਂ ਉੱਥੇ ਵੀ ਪੁਲਿਸ ਨੇ ਉਹਨਾਂ ਨੂੰ ਪੰਜਾਬੀ ਬੋਲੀ ਦਾ ਪ੍ਰਚਾਰ ਕਰਨ ਤੋਂ ਰੋਕਿਆ ਅਤੇ ਜ਼ਬਰਦਸਤੀ ਉੱਥੋਂ ਖਦੇੜ ਦਿੱਤਾ।
ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ 67 ਸਾਲਾ ਮਹਿੰਦਰ ਸਿੰਘ ਸੇਖੋਂ ਸਾਬਕਾ ਮਰਚੇਂਟ ਨੇਵੀ ਅਫਸਰ ਹਨ ਅਤੇ ਉਹ 'ਮੇਰੀ ਮਾਂ-ਬੋਲੀ ਪੰਜਾਬੀ ਸਭਾ ਪੰਜਾਬ (ਰਜਿ:)' ਦੇ ਸਰਪ੍ਰਸਤ ਹਨ। ਸ. ਸੇਖੋਂ ਸਮੇਂ-ਸਮੇਂ ਤੇ ਪੰਜਾਬੀ ਬੋਲੀ ਦੇ ਹੱਕ ਵਿੱਚ ਜਗ੍ਹਾ-ਜਗ੍ਹਾ ਜਾ ਕੇ ਪ੍ਰਚਾਰ ਕਰਦੇ ਰਹਿੰਦੇ ਹਨ। ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਆਪਣਾ ਯੋਗਦਾਨ ਦੇਣ ਲਈ ਸ. ਸੇਖੋਂ ਨੂੰ ਕਨੇਡਾ ਦੀ ਸਰਕਾਰ ਵਲੋਂ ਪ੍ਰਸ਼ੰਸਾ ਪੱਤਰ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਸ. ਸੇਖੋਂ ਦਾ ਚੰਗਾ ਸਨਮਾਨ ਅਤੇ ਰੁਤਬਾ ਹੈ।
ਇਸ ਮੋਕੇ ਵਧੇਰੇ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਆਜ਼ਾਦੀ ਦਿਵਸ ਦੇ ਮੋਕੇ ਤੇ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਫੁੱਟ-ਪਾਥ ਤੇ ਬੈਨਰ ਫੜ੍ਹ ਕੇ ਪੰਜਾਬੀ ਬੋਲੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ, ਕਿ 2 ਕੁ ਮਿੰਟ ਬਾਅਦ ਹੀ ਕੁੱਝ ਪੁਲਿਸ ਵਾਲਿਆਂ ਨੇ ਉੱਥੇ ਪਹੁੰਚਕੇ ਉਹਨਾਂ ਦੇ ਹੱਥੋਂ ਬੈਨਰ ਖੋਹ ਕੇ ਤੋੜ ਮਰੋੜ ਦਿੱਤੇ ਅਤੇ ਸ. ਸੇਖੋਂ ਨੂੰ ਉੱਥੇ ਖੜ੍ਹੇ ਹੋ ਕੇ ਪੰਜਾਬੀ ਬੋਲੀ ਦਾ ਪ੍ਰਚਾਰ ਕਰਨ ਤੋਂ ਰੋਕਿਆ। ਉਹਨਾਂ ਕਿਹਾ ਕਿ ਉਸੇ ਵੇਲੇ ਇੱਕ ਐਸ. ਪੀ. ਉੱਥੇ ਆਇਆ ਅਤੇ ਉਸ ਨੇ ਅਪਸ਼ਬਦ ਵਰਤਦੇ ਹੋਏ ਡਿਊਟੀ ਤੇ ਤੈਨਾਤ ਪੁਲਿਸ ਵਾਲਿਆ ਨੂੰ ਸ. ਸੇਖੋਂ ਨੂੰੂ ਉੱਥੋਂ ਲੈ ਕੇ ਜਾਣ ਲਈ ਕਿਹਾ। ਐਸ. ਪੀ. ਦੇ ਹੁਕਮ ਤੇ ਉਹਨਾਂ ਨੂੰੂੰ ਪੁਲਿਸ ਵਾਲੇ ਧੱਕਾ-ਮੁੱਕੀ ਕਰਦੇ ਹੋਏ ਗੱਡੀ ਵਿੱਚ ਬਿਠਾਕੇ ਸਰਾਭਾ ਨਗਰ ਥਾਣੇ ਲੈ ਗਏੇ। ਸ. ਸੇਖੋਂ ਨੂੰ ਛੱਡਣ ਵੇਲੇ ਪੁਲਿਸ ਵਾਲਿਆਂ ਨੇ ਕਿਹਾ ਕਿ ਉਹ ਲਿਖ ਕੇ ਦੇਣ ਕਿ ਉਹ ਅੱਗੇ ਤੋਂ ਇਸ ਤਰਾਂ ਨਹੀਂ ਕਰਨਗੇ, ਤਾਂ ਸ. ਸੇਖੋਂ ਨੇ ਕਿਹਾ ਕਿ ਉਹ ਇੱਕ ਵਾਰ ਨਹੀਂ ਬਲਕਿ ਹਜ਼ਾਰ ਵਾਰ ਮਾਂ-ਬੋਲੀ ਦੇ ਹੱਕ-ਸੱਚ ਦੀ ਗੱਲ ਕਰਨਗੇ।
ਇਸ ਸਾਰੇ ਘਟਨਾ-ਕ੍ਰਮ ਦਾ, ਮੇਰੀ ਮਾਂ-ਬੋਲੀ ਪੰਜਾਬੀ ਸਭਾ ਪੰਜਾਬ (ਰਜਿ:) ਦੇ ਪ੍ਰਧਾਨ ਰਾਜ ਫ਼ਤਿਹ ਸਿੰਘ, ਪੰਜਾਬੀ ਬੋਲੀ ਦੇ ਮੂਰੀਦ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ, ਆਰ. ਬੀ. ਐਸ. ਰੂਟ ਸੰਸਥਾ ਦੇ ਕੋਆਰਡੀਨੇਟਰ ਡਾ: ਅਮਨਦੀਪ ਸਿੰਘ ਬੈਂਸ, ਉੱਘੇ ਲੇਖਕ ਮੇਜਰ ਗੁਰਦੀਪ ਸਿੰਘ ਸਮਰਾ ਅਤੇ ਪੰਜਾਬ, ਪੰਜਾਬੀ ਬੋਲੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹੋਰ ਕਈ ਪਤਵੰਤੇ ਸੱਜਣਾ ਨੇ ਪੂਰਜ਼ੋਰ ਨਿਖੇਧੀ ਕਰਦਿਆਂ ਪ੍ਰਸ਼ਾਸਨ ਦੇ ਇਸ ਤਰਾਂ ਦੇ ਪੰਜਾਬੀ ਬੋਲੀ ਤੇ ਹਮਲਾ ਰੂਪੀ ਵਤੀਰੇ ਦਾ ਸਖਤ ਵਿਰੋਧ ਕੀਤਾ।
Posted on February 15th, 2019
Posted on February 15th, 2019
Posted on February 8th, 2019
Posted on February 8th, 2019
Posted on February 1st, 2019
Posted on February 1st, 2019