Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਵਿਖੇ ਭੇਦਭਰੀ ਹਾਲਤ 'ਚ ਮਿਲੀ ਨੌਜਵਾਨ ਪੰਜਾਬਣ ਦੀ ਲਾਸ਼

Posted on August 5th, 2017


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੁੱਧਵਾਰ ਸਵੇਰੇ ਕੈਨੇਡਾ ਦੇ ਸ਼ਹਿਰ ਸਾਊਥ ਸਰੀ ਦੀ 188 ਸਟਰੀਟ ਅਤੇ 24 ਐਵੇਨਿਊ ਲਾਗੇ ਮਿੱਥ ਕੇ ਜਲ਼ਾਈ ਗਈ ਇੱਕ ਗੱਡੀ ਵਿੱਚੋਂ ਮਿਲੀ ਲਾਸ਼ ਦੀ ਪਛਾਣ 19 ਸਾਲਾ ਭਵਕਿਰਨ ਕੌਰ ਢੇਸੀ (ਕਿਰਨ) ਵਜੋਂ ਹੋਈ ਹੈ, ਜੋ ਕਿ ਸਰੀ ਦੀ ਕਵਾਂਟਲਨ ਪਾਲੀਟੈਕਨਿਕ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ। ਕਿਰਨ ਹਾਲੇ ਨੌਵੀਂ ਜਮਾਤ ਵਿੱਚ ਹੀ ਪੜ੍ਹਦੀ ਸੀ ਕਿ ਉਸਦੀ ਕਿਡਨੀ ਫ਼ੇਲ੍ਹ ਹੋ ਗਈ ਅਤੇ ਫਿਰ ਉਹ ਲਗਾਤਾਰ ਡਾਇਲਸਸ 'ਤੇ ਰਹੀ। ਅਜੇ ਕੁਝ ਮਹੀਨੇ ਪਹਿਲਾਂ ਹੀ ਉਸਨੂੰ ਨਵੀਂ ਕਿਡਨੀ ਮਿਲੀ ਸੀ, ਜਿਸ ਕਾਰਨ ਉਸ ਦੀ ਸਿਹਤ ਵਿੱਚ ਹੌਲ਼ੀ-ਹੌਲ਼ੀ ਸੁਧਾਰ ਹੋ ਰਿਹਾ ਸੀ ਪਰ ਸ਼ਾਇਦ ਕੁਦਰਤ ਨੂੰ ਉਸ ਦਾ ਹੋਰ ਜਿਊਣਾ ਪ੍ਰਵਾਨ ਨਹੀਂ ਸੀ।

ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੇ ਨਾਮਵਰ ਪਰਿਵਾਰ ਨਾਲ ਸਬੰਧਿਤ ਕਿਰਨ ਢੇਸੀ ਮੰਗਲਵਾਰ ਰਾਤ 9 ਵਜੇ ਦੇ ਕਰੀਬ ਆਪਣੀ ਗੱਡੀ ਵਿੱਚ ਘਰੋਂ ਨਿਕਲੀ ਅਤੇ ਤਕਰੀਬਨ ਡੇਢ-ਦੋ ਘੰਟੇ ਬਾਅਦ ਹੀ ਪੁਲਿਸ ਨੇ ਪਰਿਵਾਰ ਨੂੰ ਇਸ ਅਣਹੋਣੀ ਬਾਰੇ ਸੂਚਿਤ ਕਰ ਦਿੱਤਾ। ਵਾਰਦਾਤ ਵਾਲੇ ਸਥਾਨ 'ਤੇ ਕਿਰਨ ਦੀ ਲਾਸ਼ ਅੱਗਿਓਂ ਸੜੀ ਹੋਈ ਉਸਦੀ ਹੀ ਗੱਡੀ ਵਿੱਚ ਡਰਾਈਵਰ ਵਾਲੀ ਸੀਟ 'ਤੇ ਪਈ ਮਿਲੀ। ਜਾਪਦਾ ਹੈ ਕਿ ਕਤਲ ਕਿਤੇ ਹੋਰ ਹੋਇਆ ਹੈ ਅਤੇ ਫਿਰ ਲਾਸ਼ ਨੂੰ ਇਸ ਸੁੰਨਸਾਨ ਜਗ੍ਹਾ ਲਿਆ ਕੇ ਸਾੜਨ ਦਾ ਯਤਨ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਜਾਂਚ ਏਜੰਸੀ ਆਈਹਿੱਟ ਦੀ ਬੁਲਾਰੀ ਮੇਗਨ ਫੋਸਟਰ ਮੁਤਾਬਿਕ ਕਿਰਨ ਦੀ ਮੌਤ ਹਾਲ ਦੀ ਘੜੀ ਉਨ੍ਹਾਂ ਵਾਸਤੇ ਬੁਝਾਰਤ ਬਣੀ ਹੋਈ ਹੈ ਤੇ ਉਹ ਆਮ ਜਨਤਾ ਅਤੇ ਖ਼ਾਸਕਰ ਉਸ ਦੇ ਦੋਸਤਾਂ ਤੋਂ ਜਾਣਨਾ ਚਾਹੁੰਦੇ ਹਨ ਕਿ ਕਿਰਨ ਦਾ ਮਿਲਣਾ-ਗਿਲਣਾ ਕਿਹੋ ਜਿਹੇ ਦੋਸਤਾਂ ਨਾਲ ਸੀ। ਫੋਸਟਰ ਮੁਤਾਬਿਕ ਹੁਣ ਤੱਕ ਕੀਤੀ ਜਾਂਚ ਤੋਂ ਇਹੀ ਪਤਾ ਲਗਦਾ ਹੈ ਕਿ ਕਿਰਨ ਦਾ ਨਾ ਤਾਂ ਕੋਈ ਅਪਰਾਧਿਕ ਰਿਕਾਰਡ ਸੀ ਅਤੇ ਨਾ ਹੀ ਇਹ ਕੋਈ ਗੈਂਗ ਹਿੰਸਾ ਨਾਲ ਸਬੰਧਿਤ ਮਾਮਲਾ ਜਾਪਦਾ ਹੈ ਪਰ ਫਿਰ ਵੀ ਪੁਲਿਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES