Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

2011 ਦੀ 'ਖਾਲਸਾ ਡੇਅ ਪਰੇਡ' ਨੂੰ ਸਰੀ ਵਿਖੇ ਸੰਬੋਧਨ ਕਰ ਰਹੇ ਡਾ. ਗੁਰਮੀਤ ਸਿੰਘ ਔਲਖ

ਸਿੱਖ ਸੰਘਰਸ਼ ਦੇ ਨਾਇਕ ਡਾ. ਗੁਰਮੀਤ ਸਿੰਘ ਔਲਖ ਨੂੰ ਯਾਦ ਕਰਦਿਆਂ.......

Posted on June 22nd, 2017


ਸਰੀ (ਚੜ੍ਹਦੀ ਕਲਾ ਬਿਊਰੋ)- ਸੰਘਰਸ਼ ਦੇ ਨਾਇਕ ਹੋਣ ਦਾ ਫ਼ੈਸਲਾ ਸੰਘਰਸ਼ ਦੀ ਜਿੱਤ-ਹਾਰ ਨਹੀਂ ਕਰਦੀ। ਇਹ ਫ਼ੈਸਲਾ ਸਮਾਂ ਕਰਦਾ ਹੈ ਕਿ ਕੌਣ ਮਰਦੇ ਦਮ ਤੱਕ ਸੰਘਰਸ਼ ਨਾਲ ਖੜ੍ਹਾ ਰਿਹਾ ਅਤੇ ਕੌਣ ਡਿਗ ਪਿਆ ਜਾਂ ਛੱਡ ਗਿਆ। ਡਾ. ਗੁਰਮੀਤ ਸਿੰਘ ਔਲਖ (79) ਸਾਡੇ ਵਿਚਕਾਰ ਨਹੀਂ ਰਹੇ ਪਰ ਉਹ ਮਰਦੇ ਦਮ ਤੱਕ ਮੌਜੂਦਾ ਸਿੱਖ ਸੰਘਰਸ਼ ਨਾਲ ਜੁੜੇ ਰਹੇ ਅਤੇ ਜੂਝਦੇ ਰਹੇ।

ਸਿੱਖ ਕੌਮ ਦੇ ਮਹਾਨ ਯੋਧੇ ਡਾਕਟਰ ਗੁਰਮੀਤ ਸਿੰਘ ਔਲਖ ਨੇ ਕਈ ਦਹਾਕੇ ਕੌਮੀ ਘਰ ਦੀ ਲੜਾਈ ਸ਼ਾਂਤਮਈ ਤਰੀਕੇ ਨਾਲ ਲੜੀ ਅਤੇ ਲਾਬਿੰਗ ਜ਼ਰੀਏ ਭਾਰਤ 'ਚ ਸਿੱਖਾਂ ਨਾਲ ਹੁੰਦੀ ਜ਼ਾਲਮਾਨਾ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ 'ਤੇ ਆਵਾਜ਼ ਉਠਾਈ। 

ਡਾਕਟਰ ਗੁਰਮੀਤ ਸਿੰਘ ਔਲਖ ਕੌਂਸਲ ਆਫ਼ ਖ਼ਾਲਿਸਤਾਨ ਦੇ ਪ੍ਰਧਾਨ ਸਨ, ਜਿਨ੍ਹਾਂ ਪਿਛਲੇ 33 ਸਾਲਾਂ ਤੋਂ ਕੌਮ ਲਈ ਤੇ ਕੌਮੀ ਘਰ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਸੀ। ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਪਿਛਲੇ ਕੁੱਝ ਸਮੇਂ ਤੋਂ ਡਾਕਟਰ ਸਾਹਿਬ ਦੀ ਸਿਹਤ ਠੀਕ ਨਹੀਂ ਸੀ ਚੱਲ ਰਹੀ ਤੇ ਆਖ਼ਰ 21 ਜੂਨ, 2017 ਦੇ ਦਿਨ ਕੌਮ ਦਾ ਇਹ ਯੋਧਾ, ਕੌਮੀ ਘਰ ਲਈ ਜੂਝਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। 

ਡਾ. ਔਲਖ ਦਾ ਜਨਮ 30 ਜਨਵਰੀ, 1938 ਨੂੰ ਸ਼ਹਿਬਾਜ਼ਪੁਰ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) 'ਚ ਹੋਇਆ। ਮੁੱਢਲੀ ਵਿੱਦਿਆ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਸਰਹਾਲੀ ਕਲਾਂ ਤੋਂ ਲਈ ਤੇ ਫਿਰ ਬੀ. ਐੱਸ. ਸੀ. (ਐਗਰੀਕਲਚਰ ਸਾਇੰਸ) ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ 1958 'ਚ ਕੀਤੀ ਤੇ ਪੰਜਾਬ ਸਰਕਾਰ ਚ ਐਗਰੀਕਲਚਰ ਇੰਸਪੈਕਟਰ ਦੀ ਨੌਕਰੀ ਵੀ ਕੀਤੀ। 1965 'ਚ ਡਾਕਟਰ ਸਾਹਿਬ ਇੰਗਲੈਂਡ ਆ ਗਏ ਤੇ 4 ਸਾਲ ਬਾਅਦ 1969 'ਚ ਅਮਰੀਕਾ ਆ ਗਏ। ਹਾਰਵਰਡ ਯੂਨੀਵਰਸਿਟੀ ਤੋਂ ਐਮ. ਐੱਸ. ਸੀ. ਕਰਕੇ ਇੱਥੋਂ ਹੀ ਪੀ. ਐੱਚ. ਡੀ. ਕੀਤੀ ਅਤੇ ਫਿਰ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ 'ਚ ਨੌਕਰੀ ਕੀਤੀ। ਹਾਰਵਰਡ ਕਾਲਜ ਮੈਡੀਕਲ ਸਕੂਲ ਬੋਸਟਨ 'ਚ ਰਿਸਰਚ ਸਾਇੰਸਦਾਨ ਰਹੇ।

ਜੂਨ 1984 ਤੋਂ ਪਹਿਲਾਂ ਡਾਕਟਰ ਔਲਖ ਦੀ ਪੰਜਾਬ ਜਾਂ ਅਮਰੀਕਾ ਦੀ ਰਾਜਨੀਤੀ 'ਚ ਕੋਈ ਦਿਲਚਸਪੀ ਨਹੀਂ ਸੀ ਪਰ ਜੂਨ 84 ਦੇ ਘੱਲੂਘਾਰੇ ਨੇ ਹੋਰਨਾਂ ਸਿੱਖਾਂ ਵਾਂਗ ਡਾਕਟਰ ਸਾਹਿਬ ਦੇ ਦਿਲ 'ਤੇ ਡੂੰਘੀ ਸੱਟ ਮਾਰੀ ਤੇ ਹੋਰ ਲੱਖਾਂ ਨੌਜਵਾਨਾਂ ਵਾਂਗ ਡਾਕਟਰ ਸਾਹਿਬ ਵੀ ਪੂਰੀ ਤਰਾਂ ਕੌਮ ਨੂੰ ਸਮਰਪਿਤ ਹੋ ਗਏ।

ਨਵੰਬਰ '84 ਦੇ ਸਿੱਖ ਕਤਲੇਆਮ ਤੋਂ ਬਾਅਦ ਡਾਕਟਰ ਸਾਹਿਬ ਨੇ ਵਾਸ਼ਿੰਗਟਨ ਡੀ. ਸੀ. 'ਚ ਅਮਰੀਕਾ ਦੇ ਸੈਨੇਟਰਾਂ ਨਾਲ ਲਾਬਿੰਗ ਕਰਕੇ ਭਾਰਤ 'ਚ ਹੁੰਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਚੁੱਕਿਆ। ਡਾਕਟਰ ਸਾਹਿਬ ਨੇ ਆਪਣੇ ਅਮਰੀਕਨ ਸੈਨੇਟਰ ਦੋਸਤਾਂ ਦੀ ਮੱਦਦ ਨਾਲ ਬਹੁਤ ਸਾਰੇ ਬਿੱਲ ਪਾਸ ਕਰਵਾਏ ਅਤੇ ਆਜ਼ਾਦ ਸਿੱਖ ਰਾਜ ਦੀ ਮੰਗ ਬਾਰੇ ਸਮੇਂ ਸਮੇਂ ਅਮਰੀਕਨ ਸਿਆਸਤਦਾਨਾਂ ਨੂੰ ਜਾਣੂੰ ਕਰਵਾਇਆ।

ਕੌਂਸਲ ਆਫ਼ ਖ਼ਾਲਿਸਤਾਨ ਦੇ ਮੁਖੀ ਡਾ. ਗੁਰਮੀਤ ਸਿੰਘ ਔਲਖ ਨੇ ਬੜੇ ਹੀ ਸੁਚੱਜੇ ਢੰਗ ਨਾਲ ਖ਼ਾਲਿਸਤਾਨ ਦੀ ਆਵਾਜ਼ ਅੰਤਰਰਾਸ਼ਟਰੀ ਪੱਧਰ 'ਤੇ ਬੁਲੰਦ ਕੀਤੀ ਅਤੇ ਕੌਮੀ ਘਰ ਖ਼ਾਲਿਸਤਾਨ ਨੂੰ ਸਦਾ ਸਮਰਪਿਤ ਰਹੇ। ਸਭ ਤੋਂ ਵੱਡੀ ਗੱਲ ਕਿ ਉਹ ਭਾਰਤ ਸਰਕਾਰ ਦੇ ਬਣਾਏ ਭਰਮ ਜਾਲ ਵਿਚ ਨਹੀਂ ਫਸੇ। ਭਾਰਤ ਦਾ ਦਾਖਲਾ ਬੰਦ ਹੋਣ ਤੋਂ ਬਾਅਦ ਉਨ੍ਹਾਂ ਵਤਨ ਵਾਪਸੀ ਦੀ ਚਾਹਤ ਨੂੰ ਆਪਣੇ ਅਸੂਲਾਂ 'ਤੇ ਭਾਰੀ ਨਹੀਂ ਪੈਣ ਦਿੱਤਾ। ਇੱਥੋਂ ਤੱਕ ਕਿ ਉਨ੍ਹਾਂ ਦੇ ਭਰਾ ਸ. ਹਰੀ ਸਿੰਘ ਦਾ ਭਾਰਤ ਦਾਖਲਾ ਬੰਦ ਹੋਣ 'ਤੇ ਉਨ੍ਹਾਂ ਨੇ ਵੀ ਪਿੱਛਾ ਮੁੜ ਕੇ ਨਹੀਂ ਦੇਖਿਆ। 

ਡਾ. ਔਲਖ ਦੇ ਅਕਾਲ ਚਲਾਣੇ 'ਤੇ ਜਥੇਦਾਰ ਸਤਿੰਦਰਪਾਲ ਸਿੰਘ ਗਿੱਲ (ਸਰੀ), ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ ਬੀ. ਸੀ., ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਤੇ ਅਮਰੀਕਾ), ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਡੀ. ਸੀ., ਸਿੱਖ ਯੂਥ ਆਫ਼ ਅਮਰੀਕਾ, ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਹੋਰ ਵੀ ਅਨੇਕਾਂ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਸ਼ੋਕ ਸੁਨੇਹੇ ਭੇਜੇ ਹਨ।

ਸ਼ੋਕ ਸੁਨੇਹਿਆਂ ਵਿਚ ਆਖਿਆ ਗਿਆ ਕਿ ਡਾ. ਔਲਖ ਦੇ ਅਕਾਲ ਚਲਾਣੇ ਨਾਲ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਵੱਡਾ ਘਾਟਾ ਪਿਆ ਹੈ। ਕੌਮ ਦੇ ਇਸ ਯੋਧੇ ਲਈ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਕੌਮ ਸਾਰੇ ਗਿਲੇ ਸ਼ਿਕਵੇ ਭੁੱਲ ਕੌਮੀ ਘਰ ਖ਼ਾਲਿਸਤਾਨ ਲਈ ਇੱਕ ਹੋਵੇ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES