Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਸੀਂ ਕੌਮ ਵਿਚ ਏਕਤਾ ਚਾਹੁੰਦੇ ਹਾਂ ਨਾ ਕਿ ਭਰਾ ਮਾਰੂ ਜੰਗ- ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ

Posted on June 20th, 2017


ਨਵੀਂ ਦਿੱਲੀ 20 ਜੂਨ (ਮਨਪ੍ਰੀਤ ਸਿੰਘ ਖ਼ਾਲਸਾ)- ਕੁੱਝ ਦਿਨ ਪਹਿਲਾ ਫੜੇ ਗਏ ਭਾਈ ਰਮਨਦੀਪ ਸਿੰਘ ਸੰਨੀ ਖ਼ਾਲਸਾ ਅਤੇ ਪਰਮਿੰਦਰ ਹੈਰੀ ਨੇ ਬੀਤੇ ਦਿਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ ਵਿੱਚ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਕੋਝੀਆਂ ਚਾਲਾਂ ਚੱਲ ਕੇ ਬੇਕਸੂਰ ਸਿੱਖ ਨੌਜੁਆਨਾਂ ਨੂੰ ਮੁੜ ਖਾੜਕੂ ਬਣਨ ਲਈ ਮਜਬੂਰ ਕਰ ਰਹੀ ਹੈ ਤੇ ਨਾਲ ਹੀ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡਦੇ ਹੋਏ ਕੌਮ ਅੰਦਰ ਭਰਾ ਮਾਰੂ ਜੰਗ ਛਿੜਨ ਦੇ ਹਾਲਾਤ ਪੈਦਾ ਕਰ ਰਹੀ ਹੈ । 

ਉਨ੍ਹਾਂ ਕਿਹਾ ਕਿ ਅਸੀਂ ਚੱਲ ਰਹੇ ਇੱਕ ਕੇਸ ਕਰਕੇ ਰੁਟੀਨ ਵਿਚ ਬਠਿੰਡੇ ਥਾਣੇ ਵਿਚ ਹਾਜ਼ਰੀ ਲਵਾਉਣ ਲਈ 29 ਮਈ ਨੂੰ ਗਏ ਸੀ, ਜਿੱਥੋਂ ਲੋਕਲ ਥਾਣੇ ਦੀ ਪੁਲਿਸ ਨੇ ਸਾਨੂੰ ਬਿਨਾ ਕਿਸੇ ਵਾਰਨਿੰਗ ਦੇ ਨਾਜਾਇਜ਼ ਹਿਰਾਸਤ ਵਿਚ ਲੈ ਕੇ ਮੋਹਾਲੀ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸਦੀ ਸਾਡੇ ਘਰਦਿਆਂ ਨੂੰ ਵੀ ਕਿਸੇ ਕਿਸਮ ਦੀ ਇਤਲਾਹ ਨਹੀਂ ਦੇਣ ਦਿੱਤੀ। ਪੰਜਾਬ ਪੁਲਿਸ ਵੱਲੋਂ ਛੇ ਸੱਤ ਦਿਨਾਂ ਦੀ ਨਾਜਾਇਜ਼ ਹਿਰਾਸਤ ਤੋਂ ਬਾਅਦ ਸਾਨੂੰ ਮੋਹਾਲੀ ਤੋ ਗ੍ਰਿਫ਼ਤਾਰ ਦਿਖਾਇਆ ਗਿਆ ਤੇ ਨਾਲ ਹੀ ਸਾਡੇ ਤੇ ਇੱਕ ਪ੍ਰਚਾਰਕ ਨੂੰ ਮਾਰਨ ਦੀ ਸਾਜਿਸ਼ ਦਾ ਦੋਸ਼ ਲਗਾ ਦਿੱਤਾ ਗਿਆ ਜਦਕਿ ਸਾਡਾ ਉਸ ਪ੍ਰਚਾਰਕ ਦੇ ਨਾਲ ਦੂਰ ਦੂਰ ਤਕ ਕੋਈ ਵਾਸਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਣਾਈ ਗਈ ਮਨਘੜਤ ਕਹਾਣੀ ਨਾਲ ਜਿੱਥੇ ਕੌਮ ਵਿਚ ਭਰਾ ਮਾਰੂ ਜੰਗ ਛਿੜਨ ਦੇ ਆਸਾਰ ਪੈਦਾ ਹੋ ਗਏ ਸਨ, ਉੱਥੇ ਖਾੜਕੂ ਧਿਰਾਂ ਉੱਤੇ ਭਰਾ ਮਾਰੂ ਜੰਗ ਛੇੜਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ। ਇਸ ਨਾਲ ਸਰਕਾਰ ਦੇ ਦੋਨਾਂ ਹੱਥਾਂ ਵਿਚ ਲੱਡੂ ਆ ਗਏ ਸਨ ਤੇ ਅਸੀਂ ਬਿਨਾਂ ਸੱਚ ਜਾਣੇ ਆਪਸੀ ਬਿਆਨਬਾਜ਼ੀ ਵਿਚ ਉਲਝਦੇ ਰਹਿ ਗਏ। 

ਉਨ੍ਹਾਂ ਕਿਹਾ ਕਿ ਅਸੀਂ ਕੌਮ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਦ ਅਸੀਂ ਰੁਟੀਨ ਹਾਜ਼ਰੀ ਲਈ ਥਾਣੇ ਗਏ ਸੀ ਤਦ ਸਾਡੇ ਕੋਲ ਕਿਸੇ ਕਿਸਮ ਦਾ ਕੋਈ ਅਸਲਾ ਨਹੀਂ ਸੀ ਤੇ ਨਾ ਹੀ ਅਸੀਂ ਕਿਸੇ ਕਿਸਮ ਦੀ ਕੋਈ ਸਾਜਿਸ਼ ਬਣਾ ਰਹੇ ਸੀ, ਜੇਕਰ ਅਸੀਂ ਕਿਸੇ ਕਿਸਮ ਦੀ ਕੋਈ ਕਾਰਵਾਈ ਕਰਨੀ ਹੁੰਦੀ ਤਾਂ ਕਿ ਆਪਣੇ ਆਪ ਨੂੰ ਪੁਲਿਸ ਕੋਲ ਜਾ ਕੇ ਪੇਸ਼ ਕਰਦੇ? 

ਉਨ੍ਹਾਂ ਸਰਕਾਰ ਅਤੇ ਪੰਜਾਬ ਪੁਲਿਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਦੋਨੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਕਰਕੇ ਹੋਈ ਆਪਣੀ ਕਿਰਕਰੀ ਦਾ ਬਦਲਾ ਬੇਕਸੂਰ ਸਿੱਖ ਨੌਜੁਆਨਾਂ ਤੋਂ ਲੈ ਕੇ ਬੇਅੰਤ ਸਰਕਾਰ ਦੀ ਯਾਦ ਦਿਵਾ ਰਹੇ ਹਨ। 

ਅੰਤ ਵਿਚ ਉਨ੍ਹਾਂ ਸਮੂਹ ਪੰਥਕ, ਰਾਜਸੀ ਅਤੇ ਮਨੁੱਖੀ ਅਧਕਿਾਰ ਕਾਰਕੁੰਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਬੀਤੇ ਦਿਨਾਂ ਵਿਚ ਹੋਈ ਸਾਰੀਆਂ ਗ੍ਰਿਫ਼ਤਾਰੀਆਂ ਦੇ ਸੱਚ ਦੀ ਤਹਿ ਤਕ ਜਾ ਕੇ ਫੜੇ ਗਏ ਬੇਕਸੂਰਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾਏ, ਜਿਸ ਨਾਲ ਉਨ੍ਹਾਂ ਨੂੰ ਕਿਸੇ ਕਿਸਮ ਦਾ ਸੰਤਾਪ ਨਾ ਭੋਗਣਾ ਪਵੇ।    

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES