Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ

Posted on June 8th, 2017


- ਰਵੀਸ਼ ਕੁਮਾਰ (ਅਨੁਵਾਦ ਹਰਸ਼ਰਨ ਕੌਰ)


ਬੀਤੇ ਦਿਨੀਂ ਸੀਬੀਆਈ ਨੇ ਇੱਕ ਪ੍ਰਾਈਵੇਟ ਬੈਂਕ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਾਉਂਦੇ ਹੋਏ ਐਨਡੀਟੀਵੀ ਦੇ ਸੰਸਥਾਪਕ ਡਾ. ਪ੍ਰਣਵ ਰਾਏ ਦੀ ਦਿੱਲੀ ਤੇ ਦੇਹਰਾਦੂਨ ਸਥਿਤ ਰਿਹਾਇਸ਼ ਉੱਤੇ ਛਾਪੇਮਾਰੀ ਕੀਤੀ। ਸੀਬੀਆਈ ਦੀ ਇਸ ਹਰਕਤ ਨੂੰ ਐਨਡੀਟੀਵੀ ਨੇ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ। ਉਸ ਤੋਂ ਬਾਅਦ ਐਨਡੀਟੀਵੀ ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੂੰ ਫੋਨ ਰਾਹੀਂ ਧਮਕੀਆਂ ਮਿਲ ਰਹੀਆਂ ਹਨ, ਜਿਨ੍ਹਾਂ ਦਾ ਖੁਲਾਸਾ ਖੁਦ ਰਵੀਸ਼ ਕੁਮਾਰ ਨੇ ਕੀਤਾ ਹੈ। ਪੇਸ਼ ਹੈ ਰਵੀਸ਼ ਕੁਮਾਰ ਦਾ ਬਿਆਨ…


”ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ। ਮੇਰਾ ਇਹੀ ਛੋਟਾ ਜਿਹਾ ਜਵਾਬ ਹੁੰਦਾ ਹੈ ਜਦ ਕੋਈ ਕਹਿੰਦਾ ਹੈ ਕਿ ਦੇਸ਼ ਵਿੱਚ ਐਮਰਜੈਂਸੀ ਨਹੀਂ, ਐਮਰਜੈਂਸੀ ਦਾ ਵਹਿਮ ਫੈਲਾਇਆ ਜਾ ਰਿਹਾ ਹੈ। ਸੱਤਾ ਦੇ ਆਤੰਕ ਤੇ ਅੰਕੁਸ਼ ਦਾ ਅੰਤਿਮ ਪੈਮਾਨਾ ਐਮਰਜੈਂਸੀ ਨਹੀਂ ਹੈ, ਡਰਾਉਣ ਦੇ ਹੋਰ ਵੀ ਸੌ ਤਰੀਕੇ ਆ ਗਏ ਹਨ ਜੋ ਐਮਰਜੈਂਸੀ ਵੇਲੇ ਨਹੀਂ ਸਨ। ਸਰਕਾਰਾਂ ਸਭ ਨੂੰ ਨਹੀਂ ਡਰਾਉਂਦੀਆਂ, ਸਿਰਫ ਉਨ੍ਹਾਂ ਨੂੰ ਡਰਾਉਂਦੀਆਂ ਹਨ ਜਿਨ੍ਹਾਂ ਤੋਂ ਸਰਕਾਰ ਨੂੰ ਡਰ ਲੱਗਦਾ ਹੈ। ਅਜਿਹੇ ਲੋਕਾਂ ਦੇ ਆਸ-ਪਾਸ ਡਰ ਦਾ ਮਾਹੌਲ ਸਿਰਜਿਆ ਜਾਂਦਾ ਹੈ। ਇਹ ਉਹ ਮਾਹੌਲ ਹੈ ਜਿੱਥੋਂ ਸੱਤਾ ਤੁਹਾਨੂੰ ਡਰਾਉਂਦੀ ਹੈ।


ਯੂਨੀਵਰਸਿਟੀ ਵਿੱਚ ਇੰਟਰਨੈੱਟ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ। ਪਟੇਲ ਅੰਦੋਲਨ ਹੁੰਦਾ ਹੈ ਤਾਂ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ। ਦਲਿਤ ਅੰਦੋਲਨ ਹੁੰਦਾ ਹੈ ਤਾਂ ਵੀ ਇੰਟਰਨੈਟ ਬੰਦ ਹੋ ਜਾਂਦਾ ਹੈ। ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਇੰਟਰਨੈੱਟ ਬੰਦ ਕਰਨ ਦੀ ਕੀ ਤੁਕ ਰਹੀ ਹੋਵੇਗੀ ? ਕੀ ਮੰਦਸੌਰ ਵਿੱਚ ਮਾਸਕੋ ਜਿੰਨੀ ਇੰਟਰਨੈੱਟ ਕਨੈਕਟੀਵਿਟੀ ਹੋਵੇਗੀ ? ਗੋਲੀ ਖਾਣ ਵਾਲੇ ਕਿਸਾਨਾਂ ਦੀ ਡਿਜੀਟਲ ਅਤੇ ਡੇਟਾ ਹਿਸਟਰੀ ਚੈੱਕ ਕੀਤੀ ਜਾਵੇਗੀ ? ਸਰਕਾਰ ਨੂੰ ਜਦੋਂ ਜਨਤਾ ਤੋਂ ਡਰ ਲੱਗਦਾ ਹੈ ਤਾਂ ਉਸ ਦਾ ਵਿਸ਼ਵਾਸ ਇੰਟਰਨੈੱਟ ਤੋਂ ਉੱਠ ਜਾਂਦਾ ਹੈ ਪਰ ਜਦੋਂ ਬਰਮਾ ਤੇ ਬੰਗਲਾਦੇਸ਼ ਦੀਆਂ ਫਰਜ਼ੀ ਤਸਵੀਰਾਂ ਨੂੰ ਲੈ ਕੇ ਫਿਰਕੂਪੁਣਾ ਫੈਲਾਇਆ ਜਾਂਦਾ ਹੈ ਤਾਂ ਇੰਟਰਨੈੱਟ ਬੰਦ ਨਹੀਂ ਕੀਤਾ ਜਾਂਦਾ ਹੈ। ਇਹੀ ਉਹ ਮਾਹੌਲ ਹੈ ਜੋ ਸਾਡੇ ਸਮੇਂ ਵਿੱਚ ਡਰ ਦਾ ਦਸਤਾਵੇਜ਼ ਹੈ, ਜੋ ਫਾਈਲਾਂ ਵਿੱਚ ਨਹੀਂ ਮਿਲੇਗਾ, ਮਾਹੌਲ ਵਿੱਚ ਮਿਲੇਗਾ।


ਫੋਨ ‘ਤੇ ਗਾਲਾਂ ਕੱਢਣ ਵਾਲਾ ਖੁਦ ਨੂੰ ਕੋਲਕਾਤਾ ਦਾ ਦੱਸ ਰਿਹਾ ਸੀ, ਕਹਿ ਰਿਹਾ ਸੀ ਕਿ ਤੁਸੀਂ ਸੁਧਰ ਜਾਓ, ਜਦੋਂ ਮੈਂ 6 ਜੂਨ ਨੂੰ ਕਿਸਾਨਾਂ ਦੀ ਆਮਦਨੀ ‘ਤੇ ਚਰਚਾ ਕਰਕੇ ਸਟੂਡੀਓ ‘ਚੋਂ ਨਿਕਲਿਆ ਸੀ। ਕੀ ਕਿਸਾਨਾਂ ਨੂੰ ਇਹ ਦੱਸਣਾ ਗਲਤ ਹੈ ਕਿ ਤੁਹਾਡੀ ਮਹੀਨਾਵਾਰ ਆਮਦਨ 1600 ਰੁਪਏ ਹੈ। ਸਰਕਾਰ ਨੇ ਲਾਗਤ ਵਿੱਚ 50 ਫੀਸਦ ਜੋੜ ਕੇ ਭਾਅ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਕੀ ਕਿਸਾਨਾਂ ਦੀ ਗੱਲ ਕਰਨ ‘ਤੇ ਗਾਲਾਂ ਕੱਢੀਆਂ ਜਾਣਗੀਆਂ? ਫਿਲਹਾਲ, ਜਿਵੇਂ ਗਾਲਾਂ ਕੱਢੀਆਂ ਗਈਆਂ, ਉਸ ਨੂੰ ਭਾਰਤੀ ਸੰਸਕ੍ਰਿਤੀ ਦਾ ਦੁਰਲੱਭ ਦਸਤਾਵੇਜ਼ ਮੰਨਦਾ ਹਾਂ, ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਕੇ ਸੰਸਦ ਦੇ ਮੇਜ਼ ‘ਤੇ ਰੱਖਿਆ ਜਾਣਾ ਚਾਹੀਦਾ ਹੈ। ਜਦੋਂ ਤੋਂ ਐਨਡੀਟੀਵੀ ਦੇ ਪ੍ਰਮੋਟਰ ਦੇ ਘਰ ਸੀਬੀਆਈ ਦੇ ਛਾਪੇ ਮਾਰੇ, ਉਦੋਂ ਤੋਂ ਅਜਿਹੇ ਫੋਨਾਂ ਦੀ ਗਿਣਤੀ ਹੋਣ ਵਧ ਗਈ ਹੈ। ਐਨਡੀਟੀਵੀ ਨੂੰ ਲੈ ਕੇ ਪਹਿਲਾਂ ਤੋਂ ਝੂਠ ਦੀ ਸਮੱਗਰੀ ਤਿਆਰ ਰਹਿੰਦੀ ਹੈ। ਉਸੇ ਦੀ ਵੰਡ ਸਮੇਂ-ਸਮੇਂ ‘ਤੇ ਚਾਲੂ ਹੋ ਜਾਂਦੀ ਹੈ। ਫੋਨ ‘ਤੇ ਕੋਈ ਮੈਨੂੰ ਮਾਓਵਾਦੀ ਕਹਿੰਦਾ ਹੈ ਤੇ ਕੋਈ ਵੱਖਵਾਦੀ। ਕੋਈ ‘ਦੇਖ ਲਊਂਗਾ’ ਦੀਆਂ ਧਮਕੀਆਂ ਦਿੰਦਾ ਹੈ, ਵਟਸਐਪ ਜ਼ਰੀਏ ਲਗਾਤਾਰ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੈਂ ਮਾਓਵਾਦ ਦਾ ਸਮਰਥਨ ਕਰਦਾ ਹਾਂ।


ਅਹਿਮਦਾਬਾਦ ਏਅਰਪੋਰਟ ‘ਤੇ ਖੁਦ ਨੂੰ ਬੀਜੇਪੀ ਦਾ ਸਮਰਥਕ ਦੱਸਣ ਵਾਲੇ ਇੱਕ ਸੱਜਣ ਨੂੰ ਨਹੀਂ ਸਮਝਾ ਸਕਿਆ ਕਿ ਮੈਂ ਮਾਓਵਾਦ ਦਾ ਸਮਰਥਨ ਨਹੀਂ ਕਰਦਾ। ਵਸਟਐਪ ਜ਼ਰੀਏ ਫੈਲਾਇਆ ਜਾਣ ਵਾਲ ਝੂਠ ਇੱਕ ਦਿਨ ਲੋਕਾਂ ਦੇ ਮਨ ਵਿੱਚ ਰੈਫਰੈਂਸ ਤੱਥ ਬਣ ਜਾਂਦਾ ਹੈ। ਉਹ ਉਸੇ ਚਸ਼ਮੇ ਤੋਂ ਦੇਖਣ ਲੱਗਦੇ ਹਨ, ਜਿਸ ਦਿਨ ਬਹੁਤ ਸਾਰੇ ਲੋਕ ਉਸ ਝੂਠ ‘ਤੇ ਯਕੀਨ ਕਰ ਲੈਣਗੇ। ਮੇਰੇ ਵਰਗੇ ਲੋਕਾਂ ਨੂੰ ਸੜਕਾਂ ‘ਤੇ ਘੇਰ ਕੇ ਮਾਰ ਦਿੱਤਾ ਜਾਵੇਗਾ। ਫਿਰ ਉਨ੍ਹਾਂ ਦੀ ਹੱਤਿਆ ਦਾ ਆਦੇਸ਼ ਗ੍ਰਹਿ ਮੰਤਰਾਲੇ ਦੀ ਫਾਈਲ ਵਿੱਚੋਂ ਨਹੀਂ ਮਿਲੇਗਾ। ਸਿਰਫ ਮਾਹੌਲ ਵਿੱਚੋਂ ਮਿਲੇਗਾ ਜਿਸ ਨੂੰ ਸਿਆਸੀ ਤੌਰ ‘ਤੇ ਰਚਿਆ ਜਾ ਰਿਹਾ ਹੈ। ਅਫਵਾਹ ਫੈਲਾਉਣਾ ਭਾਰਤ ਦਾ ਨਵਾਂ ਰਾਜਨੀਤਕ ਉਦਯੋਗ ਹੈ। ਸਿਆਸੀ ਦਲਾਂ ਦੇ ਵਰਕਰ ਹੁਣ ਇਸ ਅਫਵਾਹ ਨੂੰ ਫੈਲਾਉਣ ਵਾਲੇ ਵੈਂਡਰ ਬਣ ਗਏ ਹਨ। ਸਿਰਫ ਦੋ ਸਵਾਲ ਕਰੋ, ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ।


ਇਹ ਲੋਕ ਕੌਣ ਹਨ ਤੇ ਕਿਹੜੇ ਲੋਕ ਇਨਾਂ ਦਾ ਸਮਰਥਨ ਕਰ ਰਹੇ ਹਨ। ਇਸ ਲਈ ਤੁਹਾਨੂੰ ਵਾਰ-ਵਾਰ ਪ੍ਰਧਾਨ ਮੰਤਰੀ ਮੋਦੀ ਦੇ ਟਵਿੱਟਰ ਹੈਂਡਲ ‘ਤੇ ਜਾ ਕੇ ਚੈੱਕ ਕਰਨ ਦੀ ਲੋੜ ਨਹੀਂ, ਬਹੁਤ ਸਾਰੇ ਗਾਇਕ, ਸਮਾਜ ਸੇਵੀ, ਲੇਖਕ ਬਣ ਕੇ ਘੁੰਮ ਰਹੇ ਲੋਕਾਂ ਦੀ ਟਾਈਮਲਾਈਨ ਤੋਂ ਵੀ ਤੁਸੀਂ ਇਸ ਦੀ ਪੁਸ਼ਟੀ ਕਰ ਸਕਦੇ ਹੋ। ਇਹ ਉਹੀ ਲੋਕ ਹਨ ਜੋ ਕਿਸਾਨਾਂ ਤੇ ਗਰੀਬਾਂ ਦੀ ਗੱਲ ਕਰਨ ‘ਤੇ ਕਿਸੇ ਨੂੰ ਨਕਸਲੀ ਐਲਾਨ ਰਹੇ ਹਨ, ਤਾਂ ਹੀ ਤਾਂ ਮੁੱਖ ਮੰਤਰੀ ਕਹਿ ਪਾਉਂਦੇ ਹਨ ਕਿ ਕਿਸਾਨ ਪੁਲਿਸ ਦੀ ਗੋਲੀ ਨਾਲ ਨਹੀਂ ਮਰੇ, ਗੈਰ ਸਮਾਜੀ ਤੱਤਾਂ ਦੀ ਗੋਲੀ ਨਾਲ ਮਰੇ ਹਨ। ਇੱਕ ਹੋਰ ਮੁੱਖ ਮੰਤਰੀ ਕਹਿੰਦੇ ਹਨ ਕਿ ਲੋਕ ਕਿਸਾਨਾਂ ਨੂੰ ਅੰਦੋਲਨ ਲਈ ਭੜਕਾ ਕੇ ਪਾਪ ਕਰ ਰਹੇ ਹਨ। ਦੇਸ਼ ਭਰ ‘ਚ ਅਨੇਕਾਂ ਥਾਵਾਂ ‘ਤੇ ਕਿਸਾਨ ਅੰਦੋਲਨ ਕਰ ਰਹੇ ਹੁੰਦੇ ਹਨ। ਇੱਕ ਦਿਨ ਉਨ੍ਹਾਂ ਖਿਲਾਫ ਵੀ ਮੁਹਿੰਮ ਚੱਲੇਗੀ ਕਿ ਇਹ ਕਿਸਾਨ ਨਹੀਂ, ਪਾਪੀ ਹੈ।


ਅੱਜਕਲ ਕਈ ਪੱਤਰਕਾਰਾਂ ਨੂੰ ਵਿਰੋਧੀ ਧਿਰ ਦੇ ਕਿਸੇ ਨੇਤਾ ਖਿਲਾਫ ਕੋਈ ਸਟੋਰੀ ਕਰਨ ਲਈ ਦੇ ਦਿਓ, ਫਿਰ ਦੇਖਣਾ ਕਿਵੇਂ ਉਨ੍ਹਾਂ ਦੇ ਚਿਹਰਿਆਂ ‘ਤੇ ਅਧਿਆਤਮਕ ਖੁਸ਼ੀ ਛਾ ਜਾਂਦੀ ਹੈ। ਤੁਸੀਂ ਇਨ੍ਹਾਂ ਪੱਤਰਕਾਰਾਂ ਨੂੰ ਕੇਂਦਰ ਖਿਲਾਫ ਜਾਂ ਸੱਤਾਧਾਰੀਆਂ ਖਿਲਾਫ ਕੋਈ ਸਟੋਰੀ ਦੇ ਦਿਓ, ਤੇ ਫਿਰ ਉਨ੍ਹਾਂ ਦੀ ਚੁੱਪੀ ਦੇਖਿਓ। ਪੱਤਰਕਾਰ ਦਾ ਕੰਮ ਹੁੰਦਾ ਹੈ ਸਰਕਾਰ ਦੇ ਦਾਅਵਿਆਂ ‘ਤੇ ਪਹਿਲਾਂ ਸ਼ੱਕ ਕਰੇ, ਜਾਂਚ ਕਰੇ। ਇਨ੍ਹਾਂ ਦਿਨਾਂ ‘ਚ ਸਰਕਾਰ ਦੀ ਗੱਲ ‘ਤੇ ਯਕੀਨ ਕਰਨ ਵਾਲੇ ਪੱਤਰਕਾਰਾਂ ਦੀ ਗਿਣਤੀ ਵਧ ਗਈ ਹੈ। ਇਨ੍ਹਾਂ ਪੱਤਰਕਾਰਾਂ ਦਾ ਸਭ ਤੋਂ ਵੱਡਾ ਤਰਕ ਇਹੀ ਹੁੰਦਾ ਹੈ ਕਿ ਪਹਿਲਾਂ ਵੀ ਤਾਂ ਇਹੀ ਹੁੰਦਾ ਸੀ।


ਭਾਰਤੀ ਪੱਤਰਕਾਰਤਾ ਵਿੱਚ ਸਰਕਾਰਪ੍ਰਸਤੀ ਵਧ ਗਈ ਹੈ। ਸਰਕਾਰ ਨੂੰ ਪਿਆਰ ਕਰਨ ਵਾਲੇ ਪੱਤਰਕਾਰਾਂ ਦੀ ਪੂਰਤੀ ਮੰਗ ਤੋਂ ਵਧ ਗਈ ਹੈ। ਇਸ ਲਈ ਹੁਣ ਪੱਤਰਕਾਰ ਹਕੂਮਤ ਦੀ ਨਜ਼ਰ ਵਿੱਚ ਆਉਣ ਲਈ ਕੁਝ ਵੀ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਅਜਿਹੇ ਪੱਤਰਕਾਰਾਂ ਵਿੱਚ ਹੋੜ ਮੱਚੀ ਹੈ ਕਿ ਕਿਵੇਂ ਹਕੂਮਤ ਦੀ ਨਜ਼ਰਾਂ ਵਿੱਚ ਆਇਆ ਜਾਵੇ, ਚੀਕ ਕੇ, ਚਿੱਲਾ ਕੇ, ਧਮਕਾ ਕੇ ਜਾਂ ਉਕਸਾ ਕੇ, ਉਹ ਇੱਕ ਦਿਨ ਸਟੂਡੀਓ ਵਿੱਚ ਹੀ ਗੋਲੀ ਚਲਾ ਦੇਣਗੇ। ਜਿਨ੍ਹਾਂ ਦੋਸਤਾਂ ਨਾਲ ਗੱਲ ਕਰਦਾ ਹਾਂ ਉਹ ਹਰ ਦੂਜੀ ਗੱਲ ਤੋਂ ਬਾਅਦ ਇਹੀ ਕਹਿੰਦੇ ਨੇ ਫੋਨ ਤਾਂ ਨਹੀਂ ਰਿਕਾਰਡ ਹੋ ਰਿਹਾ। ਮੇਰੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ ਪਰ ਮਾਹੌਲ ਵਿੱਚ ਇਹ ਗੱਲ ਹੈ ਕਿ ਫੋਨ ਰਿਕਾਰਡ ਹੋ ਰਿਹਾ ਹੈ। ਚੁੱਪ ਰਹਿਣ ਦੀ ਸਲਾਹ ਵਧਦੀ ਜਾ ਰਹੀ ਹੈ। ਜਾਣਦਾ ਹਾਂ ਭੀੜ ਕੁਝ ਵੀ ਕਰ ਸਕਦੀ ਹੈ। ਇਹ ਭੀੜ ਗਊਮਾਸ ਦੇ ਨਾਂ ‘ਤੇ ਕਿਸੇ ਮੁਸਲਮਾਨ ਨੂੰ ਮਾਰ ਸਕਦੀ ਹੈ। ਇਹ ਭੀੜ ਬੱਚਾ ਚੋਰੀ ਦੀ ਅਫਵਾਹ ‘ਤੇ ਕਿਸੇ ਹਿੰਦੂ ਨੂੰ ਮਾਰ ਸਕਦੀ ਹੈ। ਇਹ ਭੀੜ ਲੰਗਰ ਲਈ ਅਨਾਜ ਮੰਗ ਰਹੇ ਕਿਸੇ ਸਿੱਖ ਸੇਵਾਦਾਰ ਦੀ ਪੱਗ ਵੀ ਉਛਾਲ ਸਕਦੀ ਹੈ।


ਯੂਪੀ ਵਿੱਚ ਜਦੋਂ ਪੁਲਿਸ ਅਧਿਕਾਰੀ ਨਹੀਂ ਬਚੇ ਤਾਂ ਮੈਂ ਸੁਰੱਖਿਆ ਕਿਸ ਤੋਂ ਮੰਗਾਂ, ਕਿਤੇ ਅਜਿਹਾ ਨਾ ਹੋ ਜਾਵੇ ਕਿ ਯੂਪੀ ਦਾ ਐਸਐਸਪੀ ਬਜਰੰਗ ਦਲ ਦੇ ਨੇਤਾਵਾਂ ਦੀ ਸੁਰੱਖਿਆ ਦੀ ਡਿਊਟੀ ‘ਤੇ ਜਾ ਰਿਹਾ ਹੋਵੇ। ਇਹ ਭੀੜ ਨਹੀਂ, ਰਾਜਨੀਤੀ ਦਾ ਨਵਾਂ ਰਾਕੇਟ ਹੈ, ਜਿਸ ਦਾ ਹਰ ਦਿਨ ਪ੍ਰੀਖਣ ਕੀਤਾ ਜਾਂਦਾ ਹੈ। ਸਾਵਧਾਨ ਰਹਿਣ ਦੀ ਚੇਤਾਵਨੀ ਵਧ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਡਰ ਦੀ ਸਮਾਜਿਕ ਰਾਜਨੀਤਕ ਤੇ ਆਰਥਿਕ ਵੰਡ ਵਿਆਪਕ ਹੋ ਚੁੱਕੀ ਹੋਵੇ। ਡਰ ਦਾ ਮਾਹੌਲ ਹਰ ਥਾਂ ਨਹੀਂ ਹੁੰਦਾ, ਉਨ੍ਹਾਂ ਦੇ ਆਸ-ਪਾਸ ਹੁੰਦਾ ਹੈ ਜੋ ਸਮਾਜਿਕ ਆਰਥਿਕ ਮਸਲਿਆਂ ‘ਤੇ ਬੋਲਦੇ ਹਨ। ਇਹ ਵਿਅਕਤੀ ਵੀ ਹੋ ਸਕਦਾ ਹੈ ਤੇ ਇਕੱਠ ਵੀ। ਦੋ ਦਿਨ ਪਹਿਲਾਂ ਦਿੱਲੀ ਦੇ ਕਿਨਾਰੀ ਬਾਜ਼ਾਰ ਤੋਂ ਇੱਕ ਫੋਨ ਆਇਆ। ਕਹਿਣ ਲੱਗੇ ਕਿ ਅਸੀਂ ਵਪਾਰੀ ਹਾਂ, ਅਸੀਂ ਤਾਂ ਖੁੱਲ੍ਹ ਕੇ ਨਹੀਂ ਬੋਲ ਸਕਦੇ, ਵਰਨਾ ਇਹ ਸੇਲਸ ਟੈਕਸ ਤੇ ਸੀਬੀਆਈ ਲਾ ਦੇਣਗੇ, ਸੋਸ਼ਲ ਮੀਡੀਆ ਤੋਂ ਗਾਲਾਂ ਕਢਵਾ ਦੇਣਗੇ।
ਚੰਗਾ ਹੈ ਕਿ ਭਾਈ ਸਾਹਬ ਤੁਸੀਂ ਖੁੱਲ੍ਹ ਕੇ ਬੋਲਦੇ ਹੋ, ਕੋਈ ਤਾਂ ਬੋਲ ਰਿਹਾ ਹੈ। ਮੈਂ ਹਰ ਵਿਸ਼ੇ ‘ਤੇ ਨਹੀਂ ਬੋਲਦਾ, ਬੋਲਣ ਦੀ ਪਾਤਰਤਾ ਵੀ ਨਹੀਂ ਰੱਖਦਾ। ਮੇਰੀ ਇਸ ਸਫਾਈ ਨਾਲ ਕਿਨਾਰੀ ਬਾਜ਼ਾਰ ਵਾਲੇ ਵਪਾਰੀ ਨੂੰ ਕੋਈ ਫਰਕ ਨਹੀਂ ਪਿਆ, ਉਸ ਦੀ ਅਵਾਜ਼ ਵਿੱਚ ਡਰ ਸੀ। ਮੇਰਾ ਹੌਂਸਲਾ ਵਧਾਉਣ ਲਈ ਕੀਤੇ ਗਏ ਫੋਨ ‘ਚੋਂ ਡਰ ਦੀ ਆਵਾਜ਼ ਆ ਰਹੀ ਸੀ। 

ਠੀਕ ਉਸੇ ਸਮੇਂ ਬਹੁਤ ਸਾਰੇ ਪੱਤਰਕਾਰ ਬੋਲ ਰਹੇ ਹਨ, ਲਿਖ ਰਹੇ ਹਨ, ਪਰ ਉਨ੍ਹਾਂ ਦੀਆਂ ਖਬਰਾਂ ਦੀ ਪਹੁੰਚ ਲਗਾਤਾਰ ਸੀਮਤ ਹੁੰਦੀ ਜਾ ਰਹੀ ਹੈ। ਉਹ ਆਪੋ-ਆਪਣੀ ਸੰਸਥਾ ਤੇ ਮੁਹੱਲੇ ਵਿੱਚ ਇਕੱਲੇ ਹਨ, ਜੋ ਹਕੂਮਤ ਦੇ ਸੁਰ ਨਾਲ ਸੁਰ ਮਿਲਾ ਕੇ ਗੀਤ ਗਾ ਰਹੇ ਹਨ। ਉਨ੍ਹਾਂ ਦੀ ਆਵਾਜ਼ ਵਧ ਹੈ, ਤੁਸੀਂ ਇਸ ਕੋਰਸ ਨੂੰ ਗੌਰ ਨਾਲ ਸੁਣਿਓ, ਇਸ ਕੋਰਸ ਵਿੱਚੋਂ ਜੋ ਸੰਗੀਤ ਨਿਕਲ ਰਿਹਾ ਹੈ, ਉਹ ਡਰ ਦਾ ਸੰਗੀਤ ਹੈ, ਲੋਕਤੰਤਰ ਦੀ ਹੱਤਿਆ ਤੋਂ ਪਹਿਲਾਂ ਦਾ ਬੈਕਗ੍ਰਾਊਂਡ ਮਿਊਜ਼ਕ ਹੈ। ਭਾਰਤ ਦਾ ਮੀਡੀਆ ਡਰ ਦੀ ਰਾਜਧਾਨੀ ਵਿੱਚ ਜਿਊਂਦਾ ਹੈ, ਅਸੀਂ ਸਭ ਉਸ ਰਾਜਧਾਨੀ ਵਿੱਚੋਂ ਰੋਜ਼ ਲੰਘਦੇ ਹਾਂ, ਡਰ ਸੀਬੀਆਈ ਦਾ ਨਹੀਂ, ਉਸ ਭੀੜ ਦਾ ਹੈ ਜੋ ਥਾਣੇ ਦੇ ਬਾਹਰ ਵੀ ਹੈ, ਅਦਾਲਤ ਦੇ ਪਰਿਸਰ ਵਿੱਚ ਵੀ। ਇਸ ਭੀੜ ਨੂੰ ਲੈ ਕੇ ਜੋ ਲੋਕ ਨਰਮ ਹਨ, ਉਹੀ ਤਾਂ ਡਰ ਦਾ ਦਸਤਾਵੇਜ਼ ਹਨ। ਅਜਿਹੇ ਲੋਕ ਫਾਈਲਾਂ ਵਿੱਚ ਨਹੀਂ ਮਿਲਦੇ, ਤੁਹਾਡੇ ਗੁਆਂਢ ਵਿੱਚ ਮਿਲਦੇ ਹਨ।”

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES