Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ: ਸੰਤ ਭਿੰਡਰਾਂਵਾਲੇ ਸਨਮਾਨਯੋਗ ਸਮਝੌਤਾ ਚਾਹੁੰਦੇ ਸਨ

Posted on June 1st, 2017


ਚੰਡੀਗੜ੍ਹ (ਜਗਤਾਰ ਸਿੰਘ)- 27 ਮਾਰਚ, 1983 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪ੍ਰਤੀਨਿਧੀ ਤੇ ਉਨ੍ਹਾਂ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਪੀ. ਵੀ. ਨਰਸਿੰਮਾ ਰਾਉ ਦੇ ਨਾਲ ਉਸ ਦੇ ਹੋਰ ਸਹਿਯੋਗੀਆਂ ਵਿੱਚ ਸੀ. ਆਰ. ਕ੍ਰਿਸ਼ਨਾ ਸੁਆਮੀ ਰਾਉ ਸਾਹਿਬ, ਪੀ. ਸੀ. ਅਲੈਗਜ਼ੈਂਡਰ ਅਤੇ ਐਮ .ਐਮ. ਕੇ. ਵਾਲੀ ਅਕਾਲੀ ਆਗੂਆਂ ਨਾਲ ਪੰਜਾਬ ਦਾ ਮਸਲਾ ਨਿਬੇੜਨ ਲਈ ਜਿਹੜੀ ਗੱਲਬਾਤ ਕਰ ਰਹੇ ਸਨ, ਉਸ ਵਿੱਚ ਅਕਾਲੀ ਦਲ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਰਣਧੀਰ ਸਿੰਘ ਚੀਮਾ ਸ਼ਾਮਲ ਸਨ। ਇਹ ਗੱਲਬਾਤ ਚੰਡੀਗੜ੍ਹ ਦੇ ਕਿਸੇ ਨਿੱਜੀ ਘਰ ਵਿੱਚ ਹੋ ਰਹੀ ਸੀ।

ਅਜਿਹੀ ਇੱਕ ਹੋਰ ਮੀਟਿੰਗ ਇਸੇ ਘਰ ਵਿੱਚ 29 ਮਾਰਚ ਨੂੰ ਫਿਰ ਹੋਈ ਅਤੇ ਇਸ ਮੀਟਿੰਗ ਵਿੱਚ ਕਈ ਹੋਰ ਨਵੇਂ ਚਿਹਰੇ ਵੀ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲੇ ਆਗੂਆਂ ਦੇ ਨਾਲ-ਨਾਲ ਇਸ ਮੀਟਿੰਗ ਵਿਚ ਪਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋਏ। ਸਰਕਾਰ ਵਲੋਂ ਉਸ ਵੇਲੇ ਦੇ ਵਿਸ਼ੇਸ਼ ਗ੍ਰਹਿ ਸਕੱਤਰ ਪ੍ਰੇਮ ਕੁਮਾਰ ਨੂੰ ਇਸ ਮੀਟਿੰਗ ਵਿਚ ਸ਼ਾਮਲ ਕੀਤਾ ਗਿਆ।

ਪਰ ਕੇਂਦਰ ਅਤੇ ਅਕਾਲੀ ਦਲ ਵਿੱਚ ਚੱਲ ਰਹੀ ਇਸ ਗੁਪਤ ਗੱਲਬਾਤ ਦਾ ਬਹੁਤ ਹੀ ਅਹਿਮ ਪਹਿਲੂ ਇਨ੍ਹਾਂ ਦੋਹਾਂ ਮੀਟਿੰਗਾਂ ਦੇ ਵਿਚਕਾਰਲੇ ਦਿਨ 28 ਮਾਰਚ, 1984 ਨੂੰ ਦਿੱਲੀ ਦੇ ਇੱਕ ਗੈਸਟ ਹਾਊਸ ਵਿੱਚ ਹੋਈ ਇੱਕ ਹੋਰ ਮੀਟਿੰਗ ਹੈ। ਇਹ ਮੀਟਿੰਗ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਨਰਸਿੰਮਾ ਰਾਉ ਤੇ ਉਸਦੇ ਸਾਥੀਆਂ ਵਿਚਕਾਰ ਹੋਈ ਸੀ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਅਕਾਲੀ ਦਲ ਅਤੇ ਕੇਂਦਰ ਸਰਕਾਰ ਵਿੱਚ ਚੰਡੀਗੜ੍ਹ ਵਿਖੇ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਇਕੱਲੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਬੁਲਾ ਕੇ ਗੱਲਬਾਤ ਕਰਨ ਦਾ ਕੀ ਮਕਸਦ ਸੀ। ਇਸ ਮੀਟਿੰਗ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਹੋਈਆਂ ਅਤੇ ਕੀ-ਕੀ ਫੈਸਲੇ ਹੋਏ, ਇਸ ਦਾ ਖੁਲਾਸਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਦਾ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਬਣਦਾ ਹੈ।

ਪਰਕਾਸ਼ ਸਿੰਘ ਬਾਦਲ ਹੁਣ ਤੱਕ ਅਕਾਲੀ ਆਗੂਆਂ ਅਤੇ ਕੇਂਦਰ ਸਰਕਾਰ ਵਿੱਚ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੋਈਆਂ 9 ਗੁਪਤ ਮੀਟਿੰਗਾਂ ਤੋਂ ਇਨਕਾਰ ਹੀ ਕਰਦੇ ਆ ਰਹੇ ਹਨ। ਪਿਛਲੇ ਸਾਲ ਸ੍ਰੀ ਦਰਬਾਰ ਸਾਹਿਬ ਉਤੇ ਹੋਈ ਫੌਜੀ ਹਮਲੇ ਦੇ ਰੋਸ ਵਜੋਂ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਪਤ ਮੀਟਿੰਗਾਂ ਦਾ ਇਹ ਮਸਲਾ ਉਠਾਇਆ ਵੀ ਸੀ। ਇਨ੍ਹਾਂ ਮੀਟਿੰਗਾਂ ਦਾ ਹਵਾਲਾ ਕੇਂਦਰ ਸਰਕਾਰ ਵਲੋਂ ਪੰਜਾਬ ਸਬੰਧੀ 10 ਜੁਲਾਈ, 1984 ਨੂੰ ਜਾਰੀ ਕੀਤੇ ਗਏ ਵਾਈਟ ਪੇਪਰ ਵਿੱਚ ਦਿੱਤਾ ਹੋਇਆ ਹੈ।

ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਨੈਤਿਕ ਹੌਂਸਲਾ ਵਿਖਾਉਂਦਿਆਂ ਇਨ੍ਹਾਂ ਮੀਟਿੰਗਾਂ ਨੂੰ ਰਿਕਾਰਡ ਉਤੇ ਲਿਆਂਦਾ ਹੈ। ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਅਤੇ ਅਕਾਲੀ ਆਗੂਆਂ ਵਿਚਕਾਰ ਕੁੱਲ 26 ਮੀਟਿੰਗਾਂ ਹੋਈਆਂ ਹਨ ਅਤੇ ਮੀਟਿੰਗਾਂ ਦਾ ਇਹ ਸਿਲਸਿਲਾ 23 ਅਕਤੂਬਰ, 1981 ਨੂੰ ਅਕਾਲੀ ਦਲ ਵਲੋਂ ਆਪਣੀਆਂ ਮੰਗਾਂ ਦਾ ਚਾਰਟਰ ਦੇਣ ਨਾਲ ਸ਼ੁਰੂ ਹੋਇਆ ਸੀ ਅਤੇ ਆਖਰਲੀ ਮੀਟਿੰਗ 26 ਮਈ, 1984 ਨੂੰ ਨਵੀਂ ਦਿੱਲੀ ਦੇ ਆਰ. ਕੇ. ਪੁਰਮ ਇਲਾਕੇ ਵਿੱਚ ਸਥਿਤ ਇੱਕ ਸਰਕਾਰੀ ਗੈਸਟ ਹਾਊਸ ਵਿੱਚ ਹੋਈ ਸੀ। ਇਸ ਮੀਟਿੰਗ ਵਿੱਚ ਅਕਾਲੀ ਦਲ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਸ਼ਾਮਲ ਹੋਏ ਸਨ ਜਦੋਂ ਕਿ ਤਿੰਨ ਕੇਂਦਰੀ ਮੰਤਰੀਆਂ ਨਰਸਿੰਮਾ ਰਾਉ, ਪ੍ਰਣਬ ਮੁਖਰਜੀ (ਹੁਣ ਰਾਸ਼ਟਰਪਤੀ) ਅਤੇ ਸ਼ਿਵ ਸ਼ੰਕਰ ਤੋਂ ਬਿਨ੍ਹਾਂ ਤਿੰਨ ਸਕੱਤਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ। ਇਸ ਤਰ੍ਹਾਂ ਦੀਆਂ ਕੁੱਲ 9 ਮੀਟਿੰਗਾਂ ਹੋਈਆਂ ਸਨ।

ਕੇਂਦਰ ਸਰਕਾਰ ਅਤੇ ਅਕਾਲੀ ਦਲ ਦੇ ਆਗੂਆਂ ਵਿਚਕਾਰ 26 ਮਈ, 1984 ਨੂੰ ਆਖਰੀ ਮੀਟਿੰਗ ਦਾ ਵੇਰਵਾ ਇਸ ਪੱਤਰਕਾਰ ਦੀ ਕਿਤਾਬ 'ਖਾਲਿਸਤਾਨ ਸਟਰੱਗਲ : ਏ ਨਾਨ ਮੂਵਮੈਂਟ' ਵਿੱਚ ਉਸੇ ਤਰ੍ਹਾਂ ਦਿੱਤਾ ਹੋਇਆ ਹੈ ਜਿਸ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੁਦ ਬਿਆਨ ਕੀਤਾ ਹੈ, ''ਅਕਾਲੀ ਲੀਡਰਾਂ ਤੇ ਕੇਂਦਰ ਵਿਚਕਾਰ 26 ਮਈ, 1984 ਨੂੰ ਆਖਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਕਾਲੀ ਦਲ ਵਲੋਂ ਮੇਰੇ ਨਾਲ ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਸਨ। ਕੇਂਦਰ ਸਰਕਾਰ ਵਲੋਂ ਨਰਸਿੰਮਾ ਰਾਉ, ਪ੍ਰਣਬ ਮੁਖਰਜੀ ਅਤੇ ਸ਼ਿਵ ਸ਼ੰਕਰ ਸਨ। ਉਨ੍ਹਾਂ ਨਾਲ ਤਿੰਨ ਸਕੱਤਰ ਪੱਧਰ ਦੇ ਅਧਿਕਾਰੀ ਵੀ ਸਨ। ਸਾਨੂੰ ਚੰਡੀਗੜ੍ਹ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਆਰ. ਕੇ. ਪੁਰਮ ਇਲਾਕੇ ਵਿੱਚ ਸਥਿਤ ਇੱਕ ਸਰਕਾਰੀ ਗੈਸਟ ਹਾਊਸ ਵਿੱਚ ਲਿਜਾਇਆ ਗਿਆ। ਮੀਟਿੰਗ ਵਿੱਚ ਇਹ ਤਜਵੀਜ਼ ਬਣੀ ਕਿ 8 ਦਿਨਾਂ ਦੇ ਅੰਦਰ-ਅੰਦਰ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇਗਾ, ਪੰਜਾਬੀ ਬੋਲਦੇ ਇਲਾਕਿਆਂ ਸਬੰਧੀ ਫੈਸਲਾ ਕਰਨ ਲਈ ਇੱਕ ਕਮਿਸ਼ਨ ਬਣਾ ਦਿੱਤਾ ਜਾਵੇਗਾ, ਦਰਿਆਈ ਪਾਣੀਆਂ ਦਾ ਮਸਲਾ ਸੁਪਰੀਮ ਕੋਰਟ ਦੇ ਹਵਾਲੇ ਕੀਤਾ ਜਾਵੇਗਾ ਅਤੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਇੱਕ ਕਮਿਸ਼ਨ ਨੂੰ ਸੌਂਪਿਆ ਜਾਵੇਗਾ।''

ਅਕਾਲੀ ਦਲ ਦੇ ਆਗੂਆਂ ਨੇ ਇਸ ਮੀਟਿੰਗ ਵਿੱਚ ਕਿਹਾ ਕਿ ਦਰਿਆਈ ਪਾਣੀਆਂ ਦਾ ਮਸਲਾ ਰਾਏਪੇਰੀਅਨ ਸਿਧਾਂਤਾਂ ਅਨੁਸਾਰ ਹੱਲ ਕਰਨ ਲਈ ਸੁਪਰੀਮ ਕੋਰਟ ਨੂੰ ਸੌਂਪ ਦਿੱਤਾ ਜਾਵੇ। ਅਕਾਲੀ ਆਗੂਆਂ ਨੇ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣੇ ਅਤੇ ਦਿੱਲੀ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਉਤੇ ਵੀ ਜ਼ੋਰ ਦਿੱਤਾ। ਕੇਂਦਰੀ ਮੰਤਰੀ ਸ਼ਿਵ ਸ਼ੰਕਰ ਚਾਹੁੰਦਾ ਸੀ ਕਿ ਅਕਾਲੀ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਸਮਝੌਤੇ ਨੂੰ ਪ੍ਰਵਾਨ ਕਰਨ ਦੀ ਜ਼ਿੰਮੇਵਾਰੀ ਲੈਣ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੁਦ ਇਹ ਜ਼ਿੰਮੇਵਾਰੀ ਲਈ। ਅਕਾਲੀ ਆਗੂਆਂ ਦਾ ਇਹ ਵੀ ਸੁਝਾਅ ਸੀ ਕਿ ਜੇ ਕੇਂਦਰ ਨੂੰ ਹਰਿਆਣੇ ਦੀ ਬਹੁਤੀ ਹੀ ਚਿੰਤਾ ਹੈ ਤਾਂ ਇਸ ਸੂਬੇ ਨੂੰ ਉਤਰ ਪ੍ਰਦੇਸ਼ ਵਿੱਚੋਂ ਕੁਝ ਇਲਾਕਾ ਦੇ ਦਿੱਤਾ ਜਾਵੇ। ਇਹ ਮੀਟਿੰਗ ਤਕਰੀਬਨ ਚਾਰ ਘੰਟੇ ਚੱਲੀ। ਇਹ ਪਹਿਲੀ ਮੀਟਿੰਗ ਸੀ ਜਿਸ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਅਕਾਲੀ ਆਗੂਆਂ ਦੀਆਂ ਤਜਵੀਜ਼ਾਂ ਅਤੇ ਸੁਝਾਵਾਂ ਉਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਸਲਾਹ ਕਰਨ ਤੋਂ ਬਾਅਦ ਫਿਰ ਦੁਬਾਰਾ ਉਨ੍ਹਾਂ ਨੂੰ ਮਿਲਣ ਆਉਣਗੇ। ਤਕਰੀਬਨ ਸ਼ਾਮ ਦੇ ਸਾਢੇ ਚਾਰ ਵਜੇ ਇਹ ਮੰਤਰੀ ਵਾਪਸ ਆਏ ਅਤੇ ਖੜ੍ਹੇ ਖੜ੍ਹੇ ਹੀ ਕਹਿਣ ਲੱਗੇ, ''ਵੈਰੀ ਵੈਰੀ ਸੌਰੀ, ਮੈਡਮ ਨਹੀਂ ਮੰਨੇ''। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੀਟਿੰਗ ਵਿੱਚ ਘੜਿਆ ਫਾਰਮੂਲਾ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਤੁਰੰਤ ਬਾਅਦ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਦਿੱਤਾ ਗਿਆ। ਇਸ ਤੋਂ ਕਈ ਸਾਲ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਨ੍ਹਾਂ ਮੀਟਿੰਗਾਂ ਦੇ ਵੇਰਵੇ ਕਈ ਥਾਵਾਂ ਉੱਤੇ ਸਾਂਝੇ ਕੀਤੇ।

ਇਨ੍ਹਾਂ ਮੀਟਿੰਗਾਂ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਦੱਸ ਦਿੱਤਾ ਕਿ ਕੇਂਦਰ ਸਰਕਾਰ ਮਸਲੇ ਦੇ ਕਿਸੇ ਵੀ ਹੱਲ ਪ੍ਰਤੀ ਗੰਭੀਰ ਨਹੀਂ ਹੈ। ਦੋਵੇਂ ਆਗੂ ਇਸ ਸਿੱਟੇ ਉੱਤੇ ਪਹੁੰਚ ਚੁੱਕੇ ਸਨ ਕਿ ਗੱਲਬਾਤ ਦਾ ਇਹ ਸਾਰਾ ਡਰਾਮਾ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਲਈ ਲੋੜੀਂਦੀ ਤਿਆਰੀ ਲਈ ਚਾਹੀਦਾ ਸਮਾਂ ਲੈਣ ਲਈ ਰਚਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਦਾ ਮਨ ਸਾਫ ਨਹੀਂ ਹੈ। ਜਥੇਦਾਰ ਟੌਹੜਾ ਨੇ ਇਹ ਵੀ ਦੱਸਿਆ ਕਿ ਦੇਹਰਾਦੂਨ ਦੇ ਨੇੜੇ ਚਕਾਰਤਾ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਮਾਂਡੋਆਂ ਨੂੰ ਸਿੱਖਾਂ ਦੇ ਇਸ ਸਭ ਤੋਂ ਮੁਕੱਦਸ ਅਸਥਾਨ ਉਤੇ ਹਮਲਾ ਕਰਨ ਲਈ ਸਿਖਲਾਈ ਦਿੱਤੀ ਗਈ ਸੀ। ਸੰਤ ਲੌਂਗੋਵਾਲ ਨੇ 2 ਜੂਨ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਿਹਾ ਕਿ ਉਹ ਇਸ ਗੰਭੀਰ ਸਥਿਤੀ ਉਤੇ ਵਿਚਾਰ-ਵਟਾਂਦਰਾ ਕਰਨ ਲਈ ਪਾਰਟੀ ਦੀ ਤੁਰੰਤ ਇੱਕ ਮੀਟਿੰਗ ਸੱਦਣ।

ਇਹ ਗੁਪਤ ਮੀਟਿੰਗਾਂ ਅਜੇ ਚੱਲ ਹੀ ਰਹੀਆਂ ਸਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਸ ਪੱਤਰਕਾਰ ਨਾਲ 25 ਮਈ, 1984 ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹੋਈ ਇੱਕ ਮੀਟਿੰਗ ਵਿੱਚ ਇਹ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਨਾਲ ਕਿਸੇ ਸਨਮਾਨਯੋਗ ਸਮਝੌਤੇ ਦੇ ਵਿਰੁੱਧ ਨਹੀਂ ਹਨ। 

ਇਸ ਮੀਟਿੰਗ ਦਾ ਵੇਰਵਾ ਇਸ ਪ੍ਰਕਾਰ ਹੈ:

1984 ਦੇ ਸਾਲ ਦੀ ਉਹ 25 ਮਈ ਦਾ ਦਿਨ ਸੀ। ਗਰਮੀ ਆਪਣੇ ਪੂਰੇ ਜੋਬਨ 'ਤੇ ਸੀ। ਅਜੇ ਭਾਵੇਂ ਸਵੇਰ ਦੇ ਕੋਈ 9 ਹੀ ਵਜੇ ਸਨ, ਪਰ ਫਿਰ ਵੀ ਤਪਸ਼ ਨਾਲ ਬੁਰਾ ਹਾਲ ਹੋ ਰਿਹਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਤੇ ਬਾਹਰ ਆਮ ਨਾਲੋਂ ਅੱਜ ਵੱਧ ਭੀੜ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਤਖ਼ਤ ਸਾਹਿਬ ਦੀ ਉਪਰਲੀ ਮੰਜ਼ਿਲ ਉੱਤੇ ਆਪਣਾ ''ਦਰਬਾਰ'' ਲਾ ਕੇ ਲੋਕਾਂ ਦੇ ਝਗੜੇ ਨਿਬੇੜ ਰਹੇ ਸਨ। ਉਹ, ਉਦੋਂ ਤੱਕ, ਸੰਤ ਜਰਨੈਲ ਸਿੰਘ ਵਾਲੇ ਦੇ ਕਈ ਕੰਮ ਖੁਦ ਵੀ ਕਰਨ ਲੱਗ ਪਏ ਸਨ, ਖਾਸ ਕਰਕੇ ਖੁੱਲ੍ਹਾ ਦਰਬਾਰ ਲਾ ਕੇ ਲੋਕਾਂ ਦੇ ਝਗੜੇ ਨਿਬੇੜਣ ਵਾਲਾ ਇਹ ਕੰਮ। ਸੰਤ ਜਰਨੈਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਲੰਗਰ ਹਾਲ ਜਾਂ ਅਕਾਲ ਤਖਤ ਸਾਹਿਬ ਦੀ ਛੱਤ ਉੱਤੇ ਖੁੱਲ੍ਹਾ ਦਰਬਾਰ ਲਾ ਕੇ ਲੋਕਾਂ ਦੇ ਝਗੜੇ ਨਿਬੇੜਿਆ ਕਰਦੇ ਸਨ। ਅਦਾਲਤਾਂ ਦੇ ਲੰਬੇ ਖਲਜਗਣ ਦੀ ਥਾਂ ਲੋਕਾਂ ਨੂੰ ਇਨਸਾਫ ਦੇਣ ਦਾ ਇਹ ਸਸਤਾ ਤੇ ਤੁਰੰਤ ਇਨਸਾਫ ਦੇਣ ਦਾ ਸੌਖਾ ਰਾਹ ਸੀ। ਲੋਕ ਉਨ੍ਹਾਂ ਕੋਲ ਘਰੇਲੂ ਝਗੜਿਆਂ ਦੇ ਨਾਲ ਨਾਲ ਜ਼ਮੀਨਾਂ ਤੱਕ ਦੇ ਝਗੜੇ ਵੀ ਲਿਆਉਣ ਲੱਗ ਪਏ ਸਨ।

ਸੰਤ ਭਿੰਡਰਾਂਵਾਲੇ ਆਪਣੇ ਕਮਰੇ ਨੂੰ ਅੰਦਰੋਂ ਕੁੰਡੀ ਲਾ ਕੇ ਅਰਾਮ ਕਰ ਰਹੇ ਸਨ। ਉਹ ਬਹੁਤ ਸਵੱਖਤੇ ਉੱਠਣ ਕਰਕੇ ਦਿਨ ਵਿੱਚ ਨੀਂਦ ਦੀ ਇੱਕ ਅੱਧ ਝਪਕੀ ਲਾ ਲੈਂਦੇ ਸਨ। ਦਮਦਮੀ ਟਕਸਾਲ ਦੇ ਉਹਨਾਂ ਦੇ ਸਾਥੀ ਨਾਲ ਲਗਦੇ ਕਮਰੇ ਵਿੱਚ ਆਪਣੇ ਹਥਿਆਰ ਸਾਫ ਕਰ ਰਹੇ ਸਨ। ਸੰਤ ਭਿੰਡਰਾਂਵਾਲੇ ਦੇ ਬਹੁਤ ਹੀ ਘੱਟ ਤੇ ਮਿੱਠਾ ਬੋਲਣ ਵਾਲੇ ਨਿੱਜੀ ਸਹਾਇਕ ਰਛਪਾਲ ਸਿੰਘ ਨਾਲ ਗੱਲਾਂ ਕਰਦਿਆਂ ਮੈਨੂੰ ਪਤਾ ਲੱਗਿਆ ਕਿ ਅਮਰੀਕ ਸਿੰਘ ਵਲੋਂ ਸੰਤ ਭਿੰਡਰਾਂਵਾਲੇ ਵਾਂਗੂ ਲੋਕਾਂ ਦੇ ਝਗੜੇ ਨਿਬੇੜਣ ਦੇ ਸ਼ੁਰੂ ਕੀਤੇ ਗਏ ਕੰਮ ਨੂੰ ਟਕਸਾਲ ਦੇ ਸੀਨੀਅਰ ਆਗੂਆਂ ਵਿਚੋਂ ਕੁਝ ਪਸੰਦ ਨਹੀਂ ਸਨ ਕਰਦੇ ਅਤੇ ਉਸ ਉੱਤੇ ਲੋੜੋਂ ਵੱਧ ਇਛਾਵਾਂ ਪਾਲਣ ਦਾ ਦੋਸ਼ ਲਾਉਂਦੇ ਸਨ। ਰਛਪਾਲ ਸਿੰਘ ਨੇ ਇਸ ਸਬੰਧੀ ਮੇਰੇ ਨਾਲ ਗੱਲਬਾਤ ਕਰਦਿਆਂ ਮੈਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਮੈਂ ਇਸ ਮਾਮਲੇ ਬਾਰੇ ਸੰਤ ਭਿੰਡਰਾਂਵਾਲੇ ਨਾਲ ਗੱਲ ਕਰਾਂ।

ਇੱਕ ਘੰਟੇ ਦੀ ਉਡੀਕ ਤੋਂ ਬਾਅਦ ਮੈਂ ਵਾਪਸ ਆਉਣ ਦਾ ਫੈਸਲਾ ਕਰ ਲਿਆ ਕਿਉਂਕਿ ਅਕਾਲੀ ਦਲ ਵਲੋਂ ਚਲਾਏ ਜਾ ਰਹੇ ਧਰਮ ਯੁੱਧ ਮੋਰਚੇ ਕਾਰਨ ਤੇਜ਼ੀ ਨਾਲ ਕਰਵਟ ਲੈ ਰਹੀਆਂ ਹਾਲਤਾਂ ਸਬੰਧੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਕੇ ਖ਼ਬਰ ਕਰਨ ਦੀ ਮੇਰੇ ਅਖ਼ਬਾਰ ਵਲੋਂ ਲਾਈ ਆਪਣੀ ਵਿਸ਼ੇਸ਼ ਡਿਊਟੀ ਮੈਂ ਪਹਿਲਾਂ ਹੀ ਖਤਮ ਕਰ ਲਈ ਸੀ। ਪਰ, ਰਛਪਾਲ ਸਿੰਘ ਨੇ ਇਹ ਕਹਿਕੇ ਮੈਨੂੰ ਕੁਝ ਦੇਰ ਹੋਰ ਉਡੀਕ ਕਰਨ ਲਈ ਮਨਾ ਲਿਆ ਕਿ ਜੇ ਸੰਤਾਂ ਨੂੰ ਪਤਾ ਲੱਗ ਗਿਆ ਕਿ ਤੂੰ ਇੱਥੇ ਆ ਕੇ ਬਿਨਾਂ ਮਿਲੇ ਚਲਾ ਗਿਆ ਹੈਂ ਤਾਂ ਸੰਤ ਸਾਡੇ ਨਾਲ ਨਰਾਜ਼ ਹੋਣਗੇ। ਕੁਝ ਦੇਰ ਤੋਂ ਬਾਅਦ ਦਰਵਾਜ਼ਾ ਖੁੱਲਿਆ ਅਤੇ ਸੰਤ ਭਿੰਡਰਾਂਵਾਲੇ ਆਪਣੇ ਕਮਰੇ ਵਿੱਚੋਂ ਨਿਕਲ ਕੇ ਗੁਸਲਖਾਨੇ ਚਲੇ ਗਏ। ਵਾਪਸੀ ਸਮੇਂ ਉੱਥੇ ਉਡੀਕ ਕਰ ਰਹੀ ਭੀੜ ਇੱਕਦਮ ਉਨ੍ਹਾਂ ਵੱਲ ਉਲਰ ਕੇ ਪਈ। ਮੈਨੂੰ ਇੱਕ ਖੂੰਜੇ ਵਿੱਚ ਲੱਗੇ ਗਏ ਖੜ੍ਹੇ ਨੂੰ ਵੇਖਦਿਆਂ ਹੀ ਉਨ੍ਹਾਂ ਮੈਨੂੰ ਹੱਥ ਦਾ ਇਸ਼ਾਰਾ ਕਰਕੇ ਰੁਕਣ ਲਈ ਕਿਹਾ। ਤਕਰੀਬਨ ਅੱਧੇ ਘੰਟੇ ਦੀ ਹੋਰ ਉਡੀਕ ਤੋਂ ਬਾਅਦ ਮੈਂ ਤੇ ਅਮਰੀਕ ਸਿੰਘ ਕਮਰੇ ਵਿੱਚ ਉਨ੍ਹਾਂ ਦੇ ਨਾਲ ਸਾਂ। ਮੈਂ ਸੰਤਾਂ ਨੂੰ ਕਿਹਾ ਕਿ ਮੈਂ ਕੁਝ ਗੱਲਾਂ ਉਨ੍ਹਾਂ ਨਾਲ ਇਕੱਲਿਆਂ ਕਰਨਾ ਚਾਹੁੰਦਾ ਹਾਂ। ਅਮਰੀਕ ਸਿੰਘ ਉੱਠ ਕੇ ਚਲਾ ਗਿਆ। ਇੱਕ ਘੰਟਾ ਲੰਬੀ ਗੱਲਬਾਤ ਦੌਰਾਨ ਹੋਰਨਾਂ ਮਸਲਿਆਂ ਦੇ ਨਾਲ ਨਾਲ ਸੰਭਾਵਤ ਫੌਜੀ ਹਮਲੇ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤਿੱਖੇ ਟਕਰਾਅ ਵਾਲੀਆਂ ਇਨ੍ਹਾਂ ਹਾਲਤਾਂ ਵਿੱਚ ਕੇਂਦਰ ਸਰਕਾਰ ਵਲੋਂ ਕੀਤੀ ਜਾ ਸਕਣ ਵਾਲੀ ਕਿਸੇ ਸਿਰੇ ਦੀ ਕਾਰਵਾਈ ਨੂੰ ਟਾਲਣ ਦਾ ਕੋਈ ਰਾਹ ਹਾਲੇ ਵੀ ਬਚਿਆ ਹੈ। ਉਨ੍ਹਾਂ ਬੜਾ ਸਿੱਧਾ ਤੇ ਸਪੱਸ਼ਟ ਜੁਆਬ ਦਿੱਤਾ, ''ਸਰਕਾਰ ਅਕਾਲੀ ਨੇਤਾਵਾਂ ਨਾਲ ਮੋਰਚੇ ਦੀਆਂ ਮੰਗਾਂ ਸਬੰਧੀ ਕੋਈ ਸਨਮਾਨਯੋਗ ਹੱਲ ਕੱਢ ਲਵੇ। ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖ ਨੌਜਵਾਨਾਂ, ਸਮੇਤ ਖਾੜਕੂਆਂ ਦੇ, ਨੂੰ ਆਮ ਮੁਆਫੀ ਦੇ ਕੇ ਜੇਲ੍ਹਾਂ ਵਿੱਚੋਂ ਰਿਹਾਅ ਕਰ ਦੇਵੇ। ਮੈਂ ਤੁਰੰਤ ਆਪਣੇ ਹੈੱਡ ਕੁਆਟਰ ਚੌਕ ਮਹਿਤੇ ਚਲਾ ਜਾਵਾਂਗਾ''।

ਇੱਕ ਪਲ ਲਈ ਮੈਨੂੰ ਯਕੀਨ ਨਾ ਆਇਆ ਕਿ ਇਹ ਗੱਲ ਸੰਤ ਭਿੰਡਰਾਂਵਾਲੇ ਹੀ ਕਹਿ ਰਹੇ ਹਨ ਪਰ ਓਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ ਮੈਂ ਇਹ ਗੱਲ ਸੀਨੀਅਰ ਕਾਂਗਰਸੀ ਆਗੂ ਆਰ. ਐਲ. ਭਾਟੀਆ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਮੈਨੂੰ ਦੱਸਿਆ ਕਿ 28 ਮਈ ਨੂੰ ਸੰਤ ਭਿੰਡਰਾਂਵਾਲੇ ਨੇ ਇਹੀ ਤਜਵੀਜ ਦਿੱਲੀ ਤੋਂ ਆਏ ਇੱਕ ਵਿਸ਼ੇਸ਼ ਵਿਚੋਲੇ ਨੂੰ ਵੀ ਦਿੱਤੀ ਸੀ ਅਤੇ ਉਨ੍ਹਾਂ ਦੀ ਇਸ ਤਜਵੀਜ ਦੀ ਵੀਡੀਓ ਰਿਕਾਰਡਿੰਗ ਕਰ ਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵਿਖਾਈ ਵੀ ਗਈ ਸੀ।

ਸੰਤ ਭਿੰਡਰਾਂਵਾਲਿਆਂ ਨਾਲ ਮੇਰੀ ਇਸ ਆਖਰੀ ਮੁਲਾਕਾਤ ਸਮੇਂ ਬਹੁਤ ਹੀ ਤਲਖੀ ਅਤੇ ਵਿਆਪਕ ਭੈਅ ਦਾ ਮਾਹੌਲ ਬਣਿਆ ਹੋਇਆ ਸੀ। ਪਰ ਸੰਤ ਭਿੰਡਰਾਂਵਾਲੇ ਪੂਰੀ ਤਰ੍ਹਾਂ ਸਹਿਜ ਤੇ ਸ਼ਾਂਤਚਿੱਤ ਸਨ। ਚੰਡੀਗੜ੍ਹ ਨੂੰ ਵਾਪਸ ਆਉਂਦਿਆਂ ਮੈਂ ਵੇਖਿਆ ਕਿ ਵੱਡੀ ਗਿਣਤੀ ਵਿੱਚ ਫੌਜੀ ਗੱਡੀਆਂ ਅੰਮ੍ਰਿਤਸਰ ਵੱਲ ਜਾ ਰਹੀਆਂ ਸਨ। ਦਰਅਸਲ ਓਪ੍ਰੇਸ਼ਨ ਬਲੂ ਸਟਾਰ ਦੀ ਕਾਰਵਾਈ ਅਰੰਭ ਹੋ ਚੁੱਕੀ ਸੀ, ਜਿਹੜਾ ਕਿ ਟਾਲਿਆ ਜਾਣਾ ਚਾਹੀਦਾ ਸੀ।

ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਦੀ ਅਕਾਲੀਆਂ ਆਗੂਆਂ ਨਾਲ ਚੰਡੀਗੜ੍ਹ ਵਿਖੇ ਗੱਲਬਾਤ ਚੱਲ ਰਹੀ ਸੀ ਤਾਂ ਉਨ੍ਹਾਂ ਨਾਲ ਇਕੱਲਿਆਂ ਦਿੱਲੀ ਵਿੱਖੇ ਮੀਟਿੰਗ ਕਰਨ ਦੀ ਕੀ ਲੋੜ ਪੈ ਗਈ ਸੀ। ਇਸ ਮੀਟਿੰਗ ਦਾ ਵੇਰਵਾ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਫ਼ੌਜੀ ਹਮਲੇ ਦਾ ਰਹੱਸ ਖੋਲ੍ਹਣ ਵਿੱਚ ਸਹਾਈ ਹੋ ਸਕਦਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES