Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਬਚਿੰਤ ਸਿੰਘ ਡਮੁੰਡਾ

Posted on May 12th, 2017


-ਵਾਸਦੇਵ ਸਿੰਘ ਪਰਹਾਰ ਫੋਨ 206-434-1155

ਪਿੰਡ ਡਮੁੰਡਾ ਜ਼ਿਲ੍ਹਾ ਜਲੰਧਰ ਦੀ ਹੱਦ ਬਸਤ ਨੰ. 64 ਅਤੇ ਰਕਬਾ ਜ਼ਮੀਨ 397 ਹੈਕਟੇਅਰ ਹੈ। ਇਹ ਕਸਬਾ ਆਦਮਪੁਰ ਤੋਂ ਚੜ੍ਹਦੇ ਵੱਲ ਨੂੰ ਜਾਂਦੀ ਨਹਿਰ 'ਤੇ ਚਾਰ ਕੁ ਮੀਲ 'ਤੇ ਨਹਿਰ ਤੋਂ ਅੱਧਾ ਕੁ ਮੀਲ ਉੱਤਰ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਦੇ ਕਈ ਸੂਰਮਿਆਂ ਨੇ ਦੇਸ਼ ਦੀ ਆਜ਼ਾਦੀ ਲਈ ਬੱਬਰ ਅਕਾਲੀ ਲਹਿਰ ਸਮੇਂ ਪੁਲਿਸ ਦੇ ਤਸ਼ੱਦਦ ਝੱਲੇ, ਜਾਇਦਾਦਾਂ ਕੁਰਕ ਕਰਵਾਈਆਂ, ਜੂਹਬੰਦ ਕੀਤੇ ਗਏ ਪਰ ਅੰਗਰੇਜ਼ ਸਰਕਾਰ ਤੋਂ ਮਾਫੀ ਨਾ ਮੰਗੀ। ਇਸ ਪਿੰਡ ਦੇ ਬੱਬਰ ਬਚਿੰਤ ਸਿੰਘ ਦਾ ਨਾਂਅ ਬੱਬਰ ਅਕਾਲੀ ਟਰਾਇਲ ਕੇਸ ਨੰ. 3, ਜਿਹੜਾ ਕਿ ਮਿਸਟਰ ਹੈਰੀਸਨ ਐਡੀਸ਼ਨਲ ਸੈਸ਼ਨ ਜੱਜ ਲਾਹੌਰ ਦੀ ਅਦਾਲਤ ਵਿੱਚ ਚੱਲਿਆ, 22 ਨੰਬਰ 'ਤੇ ਹੈ। ਇਸ ਕੇਸ 'ਚ 37 ਬੱਬਰਾਂ ਦੇ ਨਾਂਅ ਹਨ। 

ਬੱਬਰ ਬਚਿੰਤ ਸਿੰਘ 4 ਅਪ੍ਰੈਲ, 1925 ਨੂੰ ਗ੍ਰਿਫਤਾਰ ਹੋਇਆ ਅਤੇ 20 ਫਰਵਰੀ, 1926 ਨੂੰ ਉਸ ਨੂੰ ਉਮਰ ਕੈਦ ਹੋਈ। ਉਸ ਨੂੰ ਖਤਰਨਾਕ ਬੱਬਰ ਸਮਝ ਕੇ ਅੰਗਰੇਜ਼ ਸਰਕਾਰ ਨੇ ਉਸ ਨੂੰ ਕਾਲ਼ੇਪਾਣੀ (ਅੰਡੇਮਾਨ) ਭੇਜ ਦਿੱਤਾ। ਬਹੁਤੇ ਬੱਬਰਾਂ ਦੀ ਤਰ੍ਹਾਂ ਬਚਿੰਤ ਸਿੰਘ ਨੇ ਕੁਝ ਸਮਾਂ ਫੌਜ ਦੀ ਨੌਕਰੀ ਕੀਤੀ ਸੀ। ਉਸ ਦੇ ਵਿਚਾਰ ਦੇਸ਼ ਲਈ ਕੁਝ ਕਰਨ ਦੇ ਸਨ, ਜਿਸ ਕਰਕੇ ਉਸ ਨੇ ਸ਼ਾਦੀ ਦੇ ਬੰਧਨ ਵਿੱਚ ਨਾ ਫਸਣ ਦਾ ਫੈਸਲਾ ਕੀਤਾ। ਉਹ ਇਸ ਲਹਿਰ ਦੇ ਚੋਟੀ ਦੇ ਬੱਬਰਾਂ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ, ਬਾਬੂ ਸੰਤਾ ਸਿੰਘ ਛੋਟੀ ਹਰਿਉਂ, ਬੰਤਾ ਸਿੰਘ ਧਾਮੀਆਂ ਅਤੇ ਵਰਿਆਮ ਸਿੰਘ ਧੁੱਗਾ ਦੇ ਬਹੁਤ ਨੇੜੇ ਸੀ। ਬੱਬਰਾਂ ਦੇ ਵੱਡੇ-ਵੱਡੇ ਕਾਰਨਾਮਿਆਂ ਵਿੱਚ ਹਿੱਸਾ ਲੈਂਦਾ ਰਿਹਾ। ਕੋਟਲੀ ਬਾਵਾ ਦਾਸ ਦੇ ਝੋਲੀਚੁੱਕ ਮੁਖਬਰ ਜਵਾਲਾ ਸਿੰਘ ਦੇ ਕਤਲ ਵਿੱਚ 13-14 ਨਵੰਬਰ, 1923 ਨੂੰ ਉਸ ਨੇ ਹਿੱਸਾ ਪਾਇਆ ਸੀ। 

ਬੱਬਰ ਕਰਮ ਸਿੰਘ ਦੌਲਤਪੁਰ ਸਟੇਜਾਂ ਤੋਂ ਕਿਹਾ ਕਰਦੇ ਸਨ -

ਝੋਲੀ-ਚੁੱਕ ਹਰਾਂਬੜੇ ਸੱਚ ਦੱਸਾਂ,

ਬੱਬਰ ਵੱਢਣਗੇ ਵਾਂਗ ਗੰਡੇਰੀਆਂ ਦੇ। 

12 ਦਸੰਬਰ, 1923 ਨੂੰ ਕਠਾਰ ਲਾਗੇ ਪਿੰਡ ਮੰਡੇਰਾਂ 'ਚ ਬੱਬਰਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਮੰਡੇਰਾਂ ਦੇ ਜਗਤ ਸਿੰਘ ਨੇ ਬੱਬਰਾਂ ਨਾਲ ਵਿਸ਼ਵਾਸਘਾਤ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਇਸ ਸਾਕੇ ਵਿੱਚ ਦੋ ਬੱਬਰ ਬੰਤਾ ਸਿੰਘ ਧਾਮੀਆਂ ਅਤੇ ਜੁਆਲਾ ਸਿੰਘ ਸਹੋਤਾ ਫਤਹਿਪੁਰ ਕੋਠੀ ਤਾਂ ਸ਼ਹੀਦ ਹੋ ਗਏ ਪਰ ਬੱਬਰ ਵਰਿਆਮ ਸਿੰਘ ਧੁੱਗਾ ਪੁਲਿਸ ਦੇ ਸਿਪਾਹੀ ਵਜ਼ੀਰ ਖਾਨ ਨੂੰ ਜ਼ਖਮੀ ਕਰਕੇ ਬਚ ਨਿੱਕਲਿਆ। ਪੁਲਿਸ ਨੇ ਚੁਬਾਰੇ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਵਰਿਆਮ ਸਿੰਘ ਧੁੱਗਾ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਸੀ। ਮੰਡੇਰਾਂ ਤੋਂ ਭੱਜ ਕੇ ਉਹ ਤਿੰਨ ਕੁ ਮੀਲ ਦੱਖਣ ਵੱਲ ਪਿੰਡ ਡਮੁੰਡਾ ਬਚਿੰਤ ਸਿੰਘ ਕੋਲ ਬੜੀ ਨਾਜ਼ੁਕ ਹਾਲਤ ਵਿੱਚ ਪਹੁੰਚਿਆ। 

ਬਚਿੰਤ ਸਿੰਘ ਨੇ ਤਿੰਨ ਦਿਨ ਤੱਕ ਉਸ ਹੀ ਮਰਹਮ ਪੱਟੀ ਕੀਤੀ, ਪਰ ਫਿਰ ਪਿੰਡ ਤੋਂ ਮੁਖਬਰ ਤੋਂ ਵਰਿਆਮ ਸਿੰਘ ਨੂੰ ਬਚਾਉਣ ਲਈ ਆਪਣੇ ਸਾਈਕਲ 'ਤੇ ਬਿਠਾ ਕੇ ਉਸ ਨੂੰ ਪਿੰਡ ਦੌਲਤਪੁਰ (ਨੇੜੇ ਕਾਲ਼ਾ ਬੱਕਰਾ) ਜ਼ਿਲ੍ਹਾ ਜਲੰਧਰ ਵਿਖੇ ਛੱਡ ਆਇਆ। ਮੰਡੇਰਾਂ ਦਾ ਮੁਖਬਰ ਜਗਤਾ ਸੂਹ ਲੈਣ ਲਈ ਡਮੁੰਡੇ ਆਇਆ, ਜਿਸ ਤੋਂ ਚੌਕੰਨਾ ਹੋ ਕੇ ਬਚਿੰਤ ਸਿੰਘ ਨੂੰ ਉਸ ਨੂੰ ਆਪਣੇ ਘਰੋਂ ਪਰ੍ਹੇ ਕਰਨਾ ਪਿਆ। ਉਸ ਸਮੇਂ ਪਿੰਡਾਂ ਵਿੱਚ ਘਰਾਂ ਦੇ ਬੂਹੇ ਦਿਨ ਵੇਲੇ ਕੋਈ ਬੰਦ ਨਹੀਂ ਸਨ ਕਰਦੇ ਅਤੇ ਲੋਕੀਂ ਇੱਕ ਦੂਜੇ ਦੇ ਘਰ ਬਿਨਾਂ ਬੂਹਾ ਖੜਕਾਏ ਜਾਣਾ ਗਲਤ ਨਹੀਂ ਸਮਝਦੇ ਸਨ। ਬੱਬਰ ਬਚਿੰਤ ਸਿੰਘ ਦੀ ਨਿਗਰਾਨੀ ਲਈ ਪੁਲਿਸ ਦਾ ਇੱਕ ਸਿਪਾਹੀ ਡਮੁੰਡਾ ਹੀ ਰਹਿੰਦਾ ਸੀ। ਉਹ ਸਾਰਾ ਦਿਨ ਪਿੰਡ ਦੇ ਚੌਧਰੀਆਂ ਦੇ ਥੜ੍ਹੇ 'ਤੇ ਤਾਸ਼ ਖੇਡਦਾ ਰਹਿੰਦਾ, ਪਰ ਅੱਖ ਬੱਬਰ ਦੇ ਘਰ ਵੱਲ ਰੱਖਦਾ ਕਿ ਕੌਣ ਉਸ ਦੇ ਘਰ ਆਇਆ ਗਿਆ ਹੈ। 

ਬੱਬਰ ਆਪਣੇ ਦੋਸਤ ਲੱਡੂ (ਲਛਮਣ ਸਿੰਘ) ਰਾਹੀਂ ਆਪਣੇ ਸਾਥੀ ਬੱਬਰਾਂ ਨੂੰ ਲੁਕਣ ਥਾਵਾਂ 'ਤੇ ਰੋਟੀ ਭੇਜਦਾ ਹੁੰਦਾ ਸੀ, ਪਰ ਪਿੰਡ ਵਿੱਚ ਕਿਸੇ ਨੂੰ ਪਤਾ ਨਾ ਲੱਗਣ ਦਿੰਦਾ। ਉਹ ਰੋਟੀਆਂ, ਦਾਲ਼-ਸਬਜ਼ੀ ਇੱਕ ਲੋਹੇ ਦੀ ਬਾਲਟੀ ਵਿੱਚ ਟਿਕਾ ਕੇ ਉੱਪਰ ਕੱਪੜਾ ਰੱਖ ਕੇ ਉਸ 'ਤੇ ਇੱਕ ਸਾਬਣ ਦੀ ਟਿੱਕੀ ਰੱਖ ਲੈਂਦਾ। ਜੇ ਕੋਈ ਪੁੱਛਦਾ ਤਾਂ ਕਹਿੰਦਾ ਕਿ ਕਿਸੇ ਵਗਦੇ ਹਲਟ 'ਤੇ ਕੱਪੜੇ ਧੋਣ ਚੱਲਿਆ ਹਾਂ। ਉਸ ਨੂੰ ਕਈ ਵਾਰੀ ਥਾਣੇ ਬੁਲਾ ਕੇ ਮਾਰਿਆ-ਕੁੱਟਿਆ ਗਿਆ ਪਰ ਇਸ ਬਹਾਦਰ ਨੇ ਪੁਲਿਸ ਨੂੰ ਕੁਝ ਨਾ ਦੱਸਿਆ। ਉਸ ਨੂੰ ਦੇਸ਼ ਆਜ਼ਾਦ ਹੋਣ 'ਤੇ 12 ਕਿਲ੍ਹੇ ਜ਼ਮੀਨ ਹਿਸਾਰ ਜ਼ਿਲ੍ਹੇ ਵਿੱਚ ਸਰਕਾਰ ਨੇ ਦਿੱਤੀ ਅਤੇ ਕੁਝ ਪੈਨਸ਼ਨ ਵੀ ਲਾਈ। ਬੱਬਰ ਬਚਿੰਤ ਸਿੰਘ ਅਤੇ ਲਛਮਣ ਸਿੰਘ ਦੋਵੇਂ ਸੰਨ 1974 ਵਿੱਚ ਇੱਕ ਦੂਜੇ ਤੋਂ ਅੱਗੇ-ਪਿੱਛੇ ਸੁਰਗਵਾਸ ਹੋ ਗਏ। 

ਬੱਬਰ ਬਚਿੰਤ ਸਿੰਘ ਨੂੰ ਪਹਿਲਾਂ ਮੁਲਤਾਨ ਜੇਲ੍ਹ ਵਿੱਚ ਰੱਖਿਆ ਗਿਆ ਤੇ ਫਿਰ ਕਾਲ਼ੇ ਪਾਣੀ ਭੇਜ ਦਿੱਤਾ ਗਿਆ। ਰਾਹ ਵਿੱਚ ਕਲਕੱਤੇ ਦੀ ਅਲੀਪੁਰ ਜੇਲ੍ਹ ਵਿੱਚ ਜਹਾਜ਼ ਦੀ ਸੀਟ ਮਿਲਣ ਤੱਕ ਰੱਖਿਆ ਗਿਆ। ਅਲੀਪੁਰ ਜੇਲ੍ਹ ਦੇ ਅੰਗਰੇਜ਼ ਦਰੋਗੇ ਨੂੰ ਬਚਿੰਤ ਸਿੰਘ ਨੇ ਸਲਾਮ ਨਾ ਕੀਤੀ ਬਲਕਿ ਆਪਣੇ ਦੋਵੇਂ ਹੱਥ ਕੱਛਾਂ ਵਿੱਚ ਦੇ ਕੇ ਦਰੋਗੇ ਸਾਹਮਣੇ ਖੜ੍ਹਾ ਰਿਹਾ। ਦਰੋਗੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ, ''ਇਸ ਕੋ ਬੋਲੋ ਕਿ ਹਮ ਕੋ ਸਲਾਮ ਕਰੇ।'' ਬਚਿੰਤ ਸਿੰਘ ਉਸੇ ਤਰ੍ਹਾਂ ਕੱਛਾਂ ਵਿੱਚ ਹੱਥ ਦੇਈ ਖੜ੍ਹਾ ਰਿਹਾ। ਖਿਝ ਕੇ ਦਰੋਗੇ ਨੇ ਚਾਰ-ਪੰਜ ਐਂਗਲੋ ਇੰਡੀਅਨ ਸਿਪਾਹੀਆਂ ਨੂੰ ਕਿਹਾ, ''ਇਸ ਕੇ ਹਾਥ ਜ਼ਬਰਦਸਤੀ ਪਕੜ ਕਰ ਸਲਾਮ ਕਰਾਓ।'' ਚਾਰੇ ਸਿਪਾਹੀ ਬਚਿੰਤ ਸਿੰਘ ਨੇ ਵਗਾਹ ਕੇ ਪਰ੍ਹੇ ਸੁੱਟ ਦਿੱਤੇ। ਫੇਰ ਹੋਰ ਕਈ ਸਿਪਾਹੀ ਆ ਗਏ ਅਤੇ ਬਚਿੰਤ ਸਿੰਘ ਨੂੰ ਫੜ੍ਹ ਕੇ ਕੋਠੀ ਬੰਦ ਕਰ ਦਿੱਤਾ ਗਿਆ। 

ਅਗਲੇ ਹੀ ਦਿਨ ਬਚਿੰਤ ਸਿੰਘ ਨੂੰ ਵਾਪਸ ਮੁਲਤਾਨ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿੱਚ ਉਸ ਨੂੰ ਐਨਾ ਕੁੱਟਿਆ ਗਿਆ ਕਿ ਉਹ ਬੇਹੋਸ਼ ਹੋ ਗਿਆ। ਜਿਸ ਦੀ ਗਲਵਕੜੀ 'ਚੋਂ ਬੰਗਾਲੀ ਸਿਪਾਹੀ ਨਾ ਛੁਡਾ ਸਕੇ, ਉਸ ਨੂੰ ਕਿੰਨਾ ਕੁ ਕਟਾਪਾ ਚਾੜ੍ਹਿਆ ਗਿਆ ਹੋਵੇਗਾ ਕਿ ਉਹ ਬੇਹੋਸ਼ ਹੋ ਗਿਆ। ਮੀਆਂ ਬੋਣ ਚੰਦ ਡਿਪਟੀ ਸੁਪਰਇਨਟੈਂਡੈਂਟ ਆਪ ਇਹ ਤਸੀਹੇ ਦੁਆ ਰਿਹਾ ਸੀ। ਫੇਰ ਕੋਠੀ ਬੰਦ ਕਰ ਦਿੱਤਾ ਗਿਆ। ਡਿਪਟੀ ਦੇਖਣ ਆਇਆ ਕਿ ਕੁੱਟ ਤੋਂ ਡਰਿਆ ਬਚਿੰਤ ਸਿੰਘ ਉਸ ਦੀਆਂ ਮਿੰਨਤਾਂ ਕਰੇਗਾ ਪਰ ਬਚਿੰਤ ਸਿੰਘ ਜ਼ਖਮੀ ਸ਼ੇਰ ਦੀ ਤਰ੍ਹਾਂ ਭੜਕ ਉੱਠਿਆ, ''ਓ ਕੁੱਤਿਆ! ਤੂੰ ਕੀ ਸਮਝਦਾ ਏਂ ਮੈਂ ਤੇਰੇ ਵਰਗੇ ਨੀਚ ਦੀਆਂ ਮਿੰਨਤਾਂ ਕਰਾਂਗਾ? ਚੰਡਾਲਾ! ਯਾਦ ਰੱਖੀਂ, ਜਦੋਂ ਮੈਂ ਜਿਊਂਦਾ ਜੇਲ੍ਹੋਂ ਬਾਹਰ ਨਿੱਕਲਿਆ ਸਭ ਤੋਂ ਪਹਿਲਾਂ ਤੇਰੇ ਹੀ ਸੀਰਵੇਂ ਪੀਵਾਂਗਾ। ਆਪਣੇ ਮਾਤਹਿਤਾਂ ਸਾਹਮਣੇ ਆਪਣੀ ਬੇਇੱਜ਼ਤੀ ਤੋਂ ਖਿਝ ਕੇ ਡਿਪਟੀ ਨੇ ਕੋਠੀ ਅੰਦਰ ਹੀ ਕੁੱਟ-ਕੁੱਟ ਕੇ ਬਚਿੰਤ ਸਿੰਘ ਨੂੰ ਬੇਹੋਸ਼ ਕਰ ਦਿੱਤਾ। ਅਗਸਤ 1935 ਵਿੱਚ ਬਚਿੰਤ ਸਿੰਘ ਨੂੰ ਲਾਹੌਰ ਭੇਜ ਦਿੱਤਾ ਗਿਆ। ਉਸ ਦੀ ਸਜ਼ਾ 19 ਮਹੀਨੇ ਹੋਰ ਵਧਾ ਦਿੱਤੀ ਗਈ। 

ਬੱਬਰ ਅਕਾਲੀ ਟਰਾਇਲ ਕੇਸਾਂ ਦੀ ਅਗਵਾਈ, ਗਵਾਹਾਂ ਦੇ ਬਿਆਨਾਂ ਅਤੇ ਫੈਸਲਿਆਂ ਦੀਆਂ ਨਕਲਾਂ ਲਾਹੌਰ ਹਾਈਕੋਰਟ ਤੋਂ ਡਾ. ਬਖਸ਼ੀਸ਼ ਸਿੰਘ ਨਿੱਝਰ ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼ ਨੇ ਆਪਣੇ ਇੱਕ ਹਮਜਮਾਤੀ ਵਕੀਲ ਰਾਹੀਂ ਮੰਗਵਾਈਆਂ। ਤਕਰੀਬਨ ਇੱਕ ਹਜ਼ਾਰ ਸਫੇ ਦੀ ਇਸ ਫਾਈਲ ਨੂੰ ਜਿਲਦ ਬੰਨ੍ਹਵਾ ਕੇ ਉਨ੍ਹਾਂ ਰੱਖੀ ਹੋਈ ਸੀ ਤੇ ਮੈਂ ਉਨ੍ਹਾਂ ਤੋਂ ਪੜ੍ਹਨ ਲਈ ਪ੍ਰਾਪਤ ਕੀਤੀ ਸੀ। ਇਸ ਫਾਈਲ ਵਿੱਚੋਂ ਬੱਬਰ ਬਚਿੰਤ ਸਿੰਘ ਦੇ ਖਿਲਾਫ ਇਸੇ ਪਿੰਡ ਦੇ ਉਨ੍ਹਾਂ ਦੇ ਇੱਕ ਬੰਦੇ ਨੇ ਜੋ ਬਿਆਨ ਦਿੱਤਾ, ਉਹ ਇਸ ਪ੍ਰਕਾਰ ਸਨ - ''ਬਚਿੰਤ ਸਿੰਘ ਬੱਬਰ ਅਕਾਲੀ ਕੰਸਪਾਇਰੇਸੀ ਕੇਸ ਨੰ. 2 ਸੰਨ 1925 ਦਾ ਮੁਲਜ਼ਮ ਤੀਜੀ-ਚੌਥੀ ਪੁਸ਼ਤ 'ਚੋਂ ਮੇਰੇ ਚਾਚੇ ਦਾ ਪੁੱਤ ਹੈ। ਦਸ-ਬਾਰਾਂ ਸਾਲ ਹੋਏ, ਉਸ ਦੀ ਮਾਤਾ ਦੀ ਮੌਤ ਪਿੱਛੋਂ ਉਹ ਮੇਰੇ ਘਰ ਹੀ ਰੋਟੀ ਖਾਂਦਾ ਸੀ, ਕਿਉਂਕਿ ਉਹ ਵਿਆਹਿਆ ਹੋਇਆ ਨਹੀਂ ਸੀ। ਜਦ ਕਦੇ ਉਸ ਦੇ ਪ੍ਰਹੁਣੇ ਵੀ ਆਉਂਦੇ ਤਾਂ ਖਾਣਾ ਮੇਰੇ ਘਰੋਂ ਹੀ ਜਾਂਦਾ ਸੀ। 10-11 ਮਹੀਨਿਆਂ ਦੀ ਗੱਲ ਹੈ ਕਿ ਮੈਂ ਆਪਣੇ ਖੂਹ 'ਤੇ ਨਹਾ ਰਿਹਾ ਸੀ, ਜਿਹੜਾ ਵੱਡੀ ਡਰੋਲੀ ਵਾਲੇ ਰਾਹ 'ਤੇ ਵਾਕਿਆ ਹੈ। 

ਜਦ ਬਚਿੰਤ ਸਿੰਘ ਮੇਰੇ ਕੋਲ ਦੀ ਲੰਘਿਆ ਤਾਂ ਮੈਨੂੰ ਆਖਿਆ ਕਿ ਉਨ੍ਹਾਂ ਮਹਿਮਾਨਾਂ ਲਈ ਚਾਹ ਤਿਆਰ ਕਰਵਾ ਕੇ ਲਿਆਵਾਂ। ਉਹ ਵੱਡੀ ਡਰੋਲੀ ਵਲੋਂ ਆ ਰਹੇ ਸਨ। ਵੀਹ ਕੁ ਦਿਨ ਪਿੱਛੋਂ ਮੈਂ ਆਪਣੇ ਗੱਡੇ ਲਈ ਬਾਂਸ ਲੈਣ ਲਈ ਬਚਿੰਤ ਸਿੰਘ ਦੀ ਹਵੇਲੀ ਗਿਆ ਤਾਂ ਮੈਂ ਉੱਥੇ ਤਿੰਨ ਪ੍ਰਾਹੁਣੇ ਬੈਠੇ ਦੇਖੇ। ਉਨ੍ਹਾਂ 'ਚੋਂ ਦੋ ਤਾਂ ਉਹ ਸਨ, ਜੋ ਮੈਂ ਬਚਿੰਤ ਸਿੰਘ ਨਾਲ ਪਹਿਲਾਂ ਦੇਖੇ ਸਨ। ਕੁਝ ਦੇਰ ਮਗਰੋਂ ਜਦੋਂ ਬਚਿੰਤ ਸਿੰਘ ਉਨ੍ਹਾਂ ਲਈ ਰੋਟੀ ਲੈਣ ਆਇਆ ਤਾਂ ਮੈਂ ਪੁੱਛਿਆ ਕਿ ਪ੍ਰਹੁਣੇ ਕੌਣ ਹਨ। ਉਸ ਨੇ ਆਖਿਆ ਕਿ ਉਸ ਦੇ ਦੋਸਤ ਹਨ। ਇਕੱਠੇ ਰੈਜਮੈਂਟ 'ਚ ਹੁੰਦੇ ਸਨ, ਉਨ੍ਹਾਂ ਦੇ ਨਾਂਅ ਧੰਨਾ ਸਿੰਘ ਬਹਿਬਲਪੁਰ, ਵਰਿਆਮ ਸਿੰਘ ਧੁੱਗਾ ਅਤੇ ਬੰਤਾ ਸਿੰਘ ਧਾਮੀਆਂ ਹਨ।'' 

ਇਸ ਕੇਸ ਵਿੱਚ ਰੱਖਾ ਰਾਮ ਗਵਾਹ 266 ਪੁੱਤਰ ਰਾਧਾ ਰਾਮ, ਉਮਰ 30 ਸਾਲ ਜਾਤ ਸਨਿਆਰਾ, ਪਿੰਡ ਡਰੋਲੀ ਥਾਣਾ ਆਦਮਪੁਰ ਨੇ ਮਿਤੀ 14 ਅਕਤੂਬਰ, 1924 ਨੂੰ ਜੋ ਬਿਆਨ ਦਿੱਤੇ, ਉਹ ਕੇਸ ਦੀ ਫਾਈਲ ਦੇ ਪੰਨਾ ਨੰ. 563 'ਤੇ ਇਸ ਤਰ੍ਹਾਂ ਹਨ - ''ਬਚਿੰਤ ਸਿੰਘ ਨੇ ਮੈਨੂੰ ਇੱਕ ਠੂਠੀ, ਦੋ ਸੋਨੇ ਦੇ ਫੁੱਲ, ਤਿੰਨ ਸੋਨੇ ਦੇ ਟਿੱਕੇ ਤੇ ਇੱਕ ਸੋਨੇ ਦੀ ਪੌਂਹਚੀ ਦਿਖਾਈ। ਉਨ੍ਹਾਂ ਗਹਿਣਿਆਂ ਦੀ ਲਾਖ ਪਹਿਲਾਂ ਹੀ ਉੱਤਰੀ ਹੋਈ ਸੀ। ਉੱਪਰ ਇੱਕ ਤੋਲੇ ਦੀ ਕੀਮਤ 24 ਰੁਪਏ ਲਿਖੀ ਹੋਈ ਸੀ। ਸਾਰਿਆਂ ਦਾ ਵਜ਼ਨ ਕੋਈ ਦਸ ਕੁ ਤੋਲੇ ਸੀ ਅਤੇ ਵੇਚਣ ਲਈ ਰੱਖੇ ਹੋਏ ਸਨ। ਕੁੱਲ ਕੀਮਤ 240 ਰੁਪਏ ਬਣਦੀ ਸੀ, ਜਿਨ੍ਹਾਂ 'ਚੋਂ 115 ਰੁਪਏ ਉਸ ਵੇਲੇ ਦਿੱਤੇ ਸਨ।'' 

ਬੱਬਰਾਂ ਨੇ ਇਹ ਰਕਮ ਕੈਦ ਹੋਏ ਬੱਬਰਾਂ ਦੇ ਟੱਬਰਾਂ ਦੀ ਮੱਦਦ ਲਈ ਅਤੇ ਅਸਲਾ ਖਰੀਦਣ ਲਈ ਰੱਖੀ ਹੋਈ ਸੀ। ਬਚਿੰਤ ਸਿੰਘ ਨੇ ਪਾਂਛਟਾ ਤਹਿਸੀਲ ਫਗਵਾੜਾ ਵਿੱਚ ਇੱਕ ਵਾਰ ਡਾਕਾ ਮਾਰਨ ਦੀ ਸਕੀਮ ਬਣਾਈ ਸੀ, ਜੋ ਸਿਰੇ ਨਾ ਚੜ੍ਹ ਸਕੀ। ਬੱਬਰ ਬਚਿੰਤ ਸਿੰਘ ਅਤੇ ਹੋਰ ਬੱਬਰਾਂ ਨੇ ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਵਿਰੁੱਧ ਵਧੀਕੀਆਂ ਜਿਵੇਂ ਕਿ ਗੁਰਦੁਆਰਾ ਰਕਾਬ ਗੰਜ ਦੀ ਦੀਵਾਰ ਢਾਹੁਣਾ, ਗਦਰੀ ਬਾਬਿਆਂ ਨੂੰ ਕਲਕੱਤਾ ਬੰਦਰਗਾਹ 'ਤੇ ਗੋਲੀਆਂ ਨਾਲ ਭੁੰਨਣਾ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚਿਆਂ ਵਿੱਚ ਨਿਹੱਥੇ ਸਿੱਖਾਂ ਨੂੰ ਡਾਂਗਾਂ ਨਾਲ ਕੁੱਟਣਾ, ਘੋੜਿਆਂ ਦੇ ਪੈਰਾਂ ਹੇਠ ਦਰੜਨਾ ਆਦਿ ਨੂੰ ਨਾ ਸਹਾਰਦੇ ਹੋਏ ਹਥਿਆਰਬੰਦ ਸੰਘਰਸ਼ ਦਾ ਫੈਸਲਾ ਕੀਤਾ ਸੀ। ਵਾਅਦਾ ਮੁਆਫ ਅਨੂਪ ਸਿੰਘ ਮਾਣਕੋ ਨੇ ਵੀ ਇਸ ਕੇਸ ਵਿੱਚ ਬਿਆਨ ਦਿੱਤਾ ਸੀ ਕਿ ''ਬੱਬਰ ਅਕਾਲੀ ਅਖਬਾਰ ਪ੍ਰਿੰਟ ਕਰਨ ਵਾਲਾ ਡੁਪਲੀਕੇਟਰ ਬੱਬਰ ਬਚਿੰਤ ਸਿੰਘ ਕੋਲ ਸੀ ਤੇ ਬਾਬੂ ਸੰਤਾ ਸਿੰਘ ਛੋਟੀ ਹਰਿਉਂ ਦੇ ਕਹਿਣ 'ਤੇ ਉਸ ਨੇ ਬਚਿੰਤ ਸਿੰਘ ਤੋਂ ਲੈ ਕੇ ਸੰਤਾ ਸਿੰਘ ਦੇ ਹਵਾਲੇ ਕੀਤਾ ਸੀ, ਜਿਸ ਨੇ ਅੱਗੇ ਇਹ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਕਿਤੇ ਛੁਪਾਇਆ ਸੀ।'' 

ਬੱਬਰ ਸੰਤਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸ 'ਤੇ ਤਸ਼ੱਦਦ ਕਰਕੇ ਪੁਲਿਸ ਨੇ ਉਸ ਤੋਂ ਮਿਲੀ ਜਾਣਕਾਰੀ ਨਾਲ 9 ਹੋਰ ਬੱਬਰ ਫੜੇ ਸਨ। ਬਚਿੰਤ ਸਿੰਘ ਪਾਸੋਂ ਉਹ ਗੰਨ ਵੀ ਫੜ੍ਹੀ ਗਈ, ਜਿਸ ਨਾਲ ਘੁੜਿਆਲ ਦੇ ਸੂਬੇਦਾਰ ਗੇਂਦਾ ਸਿੰਘ ਦਾ ਕਤਲ ਹੋਇਆ ਸੀ। 

ਇਸ ਪਿੰਡ ਦਾ ਦਲੀਪ ਸਿੰਘ ਪੁੱਤਰ ਅੱਛਰ ਸਿੰਘ ਅੰਗਰੇਜ਼ ਸਰਕਾਰ ਦਾ ਮੁਖਬਰ ਸੀ। ਮੰਡੇਰਾਂ ਵਾਲਾ ਮੁਖਬਰ ਜਗਤਾ ਇਸ ਦਾ ਯਾਰ ਸੀ। ਬੱਬਰਾਂ ਨੇ ਦਲੀਪ ਸਿੰਘ ਨੂੰ ਸੋਧਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਚਾਚੇ ਚੌਧਰੀ ਰਾਮ ਕਿਸ਼ਨ ਨੇ ਬੱਬਰਾਂ ਨਾਲ ਸੁਲਾਹ ਸਫਾਈ ਕਰਵਾ ਦਿੱਤੀ। ਚੌਧਰੀ ਰਾਮ ਕਿਸ਼ਨ ਦਿਲੋਂ ਬੱਬਰਾਂ ਨਾਲ ਸੀ ਤੇ ਬੱਬਰਾਂ ਦੀ ਮਾਲੀ ਮੱਦਦ ਵੀ ਕਰ ਦਿਆ ਕਰਦਾ ਸੀ। ਆਪਣੇ ਸਮੇਂ ਵਿੱਚ ਇਹ ਪਿੰਡ ਦਾ ਚੌਧਰੀ ਸੀ ਅਤੇ ਸਰਕਾਰੇ ਦਰਬਾਰੇ ਵੀ ਇਸ ਦੀ ਬੱਧੀ ਛੁੱਟਦੀ ਸੀ। ਅੰਗਰੇਜ਼ ਡਿਪਟੀ ਕਮਿਸ਼ਨਰ ਆਦਮਪੁਰ ਆਇਆ ਅਤੇ ਬੱਬਰਾਂ ਵਿਰੁੱਧ ਸੂਹਾਂ ਦੇਣ ਵਾਲਿਆਂ ਨੂੰ ਮੁਰੱਬੇ ਜ਼ਮੀਨ ਦੇਣੇ ਸਨ। ਮੰਡੇਰਾਂ ਵਾਲੇ ਜਗਤੇ ਨੂੰ ਮੁਰੱਬੇ ਬਾਰੇ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਚੌਧਰੀ ਰਾਮ ਕ੍ਰਿਸ਼ਨ ਨੂੰ ਮੁਰੱਬਾ ਦਿੱਤਾ ਜਾਵੇ, ਮੈਂ ਜੋ ਕੁਝ ਵੀ ਕੀਤਾ ਹੈ, ਇਨ੍ਹਾਂ ਦੇ ਸਿਰ 'ਤੇ ਕੀਤਾ ਹੈ।'' 

ਅੱਗੋਂ ਚੌਧਰੀ ਰਾਮ ਕ੍ਰਿਸ਼ਨ ਨੇ ਕਿਹਾ ਕਿ ਮੇਰਾ ਭਤੀਜਾ ਦਲੀਪ ਸਿੰਘ ਹਰ ਵਕਤ ਪੁਲਿਸ ਨਾਲ ਰਹਿੰਦਾ ਹੈ, ਇਸ ਦਾ ਖਰਚ ਕਾਫੀ ਹੈ ਅਤੇ ਆਮਦਨ ਘੱਟ, ਮੁੱਰਬਾ ਇਸ ਨੂੰ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦਲੀਪ ਸਿੰਘ ਨੂੰ ਇੱਕ ਮੁਰੱਬਾ ਚੱਕ ਨੰ. 24 ਤਹਿਸੀਲ ਬਿਹਾੜੀ ਜ਼ਿਲ੍ਹਾ ਮੁਲਤਾਨ ਵਿੱਚ ਅਲਾਟ ਕਰ ਦਿੱਤਾ। ਸ਼ਹੀਦੇ-ਆਜ਼ਮ ਸ. ਭਗਤ ਸਿੰਘ ਵਿਰੁੱਧ ਖਟਕੜ ਕਲਾਂ ਜਾਂ ਆਲੇ-ਦੁਆਲੇ ਦੇ ਕਿਸੇ ਪਿੰਡ 'ਚੋਂ ਗਵਾਹੀ ਦੇਣ ਲਈ ਕੋਈ ਨਹੀਂ ਸੀ ਮਿਲ ਰਿਹਾ। ਇੱਕ ਅਮਲੀ ਜਿਹਾ ਖਟਕੜ ਕਲਾਂ ਦਾ ਮਹਿੰਗਾ ਨਾਮੀ ਪੁਲਿਸ ਨੇ ਮਨਾ ਲਿਆੁੰ। ਇਹ ਛੜਾ ਹੀ ਸੀ। ਇਸ ਨੂੰ ਵੀ ਇਸੇ ਚੱਕ ਵਿੱਚ ਇੱਕ ਮੁਰੱਬਾ ਜ਼ਮੀਨ ਮਿਲੀ ਹੋਈ ਸੀ। ਮਹਿੰਗਾ ਛੜਾ ਸੀ ਅਤੇ ਦਲੀਪ ਸਿੰਘ ਦੇ ਘਰ ਹੀ ਰੋਟੀ ਖਾਂਦਾ ਸੀ। ਦੋਨੋਂ ਹੀ ਇਕੱਠੇ ਸ਼ਰਾਬ ਪੀਂਦੇ ਸਨ। ਕੁਝ ਸਾਲਾਂ ਬਾਅਦ ਮਹਿੰਗਾ ਆਪਣੀ ਮੁਰੱਬਾ ਜ਼ਮੀਨ ਦਲੀਪ ਸਿੰਘ ਨੂੰ ਵੇਚ ਕੇ ਖਟਕੜ ਕਲਾਂ ਆ ਗਿਆ ਅਤੇ ਬੜੀ ਭੈੜੀ ਹਾਲਤ ਵਿੱਚ ਮਰਿਆ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES