Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਈਸਾਈ ਰਿਬੇਰੋ

Posted on May 6th, 2017


ਜੂਲੀਓ ਫਰਾਂਸਿਸ ਰਿਬੇਰੋ ਅੱਸੀਵਿਆਂ ਵਿੱਚ ਪੰਜਾਬ ਦਾ ਡੀਜੀਪੀ ਰਿਹਾ। ਇਸ ਤੋਂ ਪਹਿਲਾਂ ਉਹ ਬੰਬਈ ਦਾ ਪੁਲੀਸ ਕਮਿਸ਼ਨਰ ਅਤੇ ਗੁਜਰਾਤ ਦਾ ਡੀ.ਜੀ.ਪੀ. ਰਿਹਾ। ਰਿਟਾਇਰ ਹੋ ਕੇ ਉਸ ਨੇ ਰੋਮਾਨੀਆ ਦੇ ਰਾਜਦੂਤ ਵਜੋਂ ਡਿਊਟੀ ਨਿਭਾਈ। ਉਸ ਦੀ ਕਿਤਾਬ ‘ਬੁਲੇਟ ਫਾਰ ਬੁਲੇਟ’ ਹੁਣ ਵੀ ਕਾਫ਼ੀ ਮਸ਼ਹੂਰ ਹੈ। ਗਾਹੇ-ਬਗਾਹੇ ਉਹ ਪੁਰਾਣੇ ਦਿਨਾਂ ਬਾਰੇ ਆਪਣੀ ਟਿੱਪਣੀ ਦਿੰਦਾ ਰਹਿੰਦਾ ਹੈ। ਉਸ ਦੀ ਲਿਖਤ ਅੰਗਰੇਜ਼ੀ ਵਿੱਚ ਛਪੀ ਪੜ੍ਹੀ ਤਾਂ ਇਸ ਦਾ ਤਰਜਮਾ ਕਰਨ ਦਾ ਮਨ ਇਸ ਲਈ ਕੀਤਾ ਕਿ ਸਟੇਟ ਦਾ ਨਿਸ਼ਕਾਮ ਸੇਵਕ, ਜੇ ਘੱਟ ਗਿਣਤੀ ਫਿਰਕੇ ਵਿੱਚੋਂ ਹੈ, ਕੀ ਸੋਚਦਾ ਹੈ: ਅਨੁਵਾਦਕ

‘‘ਬਹੁਤਾ ਲੰਮਾ ਅਰਸਾ ਨਹੀਂ ਹੋਇਆ, ਤੀਹ ਕੁ ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਪੰਜਾਬ ਵਿੱਚ ਖਾੜਕੂਆਂ ਵਿਰੁੱਧ ਲੜਨ ਲਈ ਇੱਕ ਈਸਾਈ ਦੀ ਚੋਣ ਕੀਤੀ। ਇਸ ਨੂੰ ਉਹ ਵੱਖਵਾਦੀਆਂ ਵਿਰੁੱਧ ਜੰਗ ਕਿਹਾ ਕਰਦਾ ਸੀ। ਮੈਂ ਉਦੋਂ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਸਕੱਤਰ ਸਾਂ। ਸਕੱਤਰ ਦੀ ਪਦਵੀ ਡੀ.ਜੀ.ਪੀ. ਦੀ ਅਸਾਮੀ ਤੋਂ ਸੀਨੀਅਰ ਹੁੰਦੀ ਹੈ। ਇਉਂ ਸਮਝੋ ਕਿ ਮੈਨੂੰ ਡਿਮੋਟ ਕਰਕੇ ਪੰਜਾਬ ਭੇਜਿਆ ਗਿਆ। ਇਹ ਬੇਨਤੀ ਕਿਉਂਕਿ ਪ੍ਰਧਾਨ ਮੰਤਰੀ ਦੀ ਨਿੱਜੀ ਸੀ, ਇਸ ਕਰਕੇ ਮੈਂ ਨਾਂਹ ਨਾ ਕੀਤੀ।’’

ਉਦੋਂ ਦੇ ਕੇਂਦਰੀ ਗ੍ਰਹਿ ਸਕੱਤਰ ਰਾਮ ਪ੍ਰਧਾਨ ਅਤੇ ਮੇਰੇ ਮਿੱਤਰ ਬੀ.ਡੀ. ਦੇਸ਼ਮੁਖ ਮਹਾਰਾਸ਼ਟਰ ਦੇ ਮੁੱਖ ਸਕੱਤਰ ਸਨ। ਦੋਵੇਂ ਨਾਰਾਜ਼ ਹੋਏ ਤੇ ਮੈਨੂੰ ਪੁੱਛਿਆ- ‘ਤੂੰ ਹਾਂ ਕੀਤੀ ਹੀ ਕਿਉਂ?’ ਗਿਆਨੀ ਜ਼ੈਲ ਸਿੰਘ ਦਾ ਰਾਸ਼ਟਰਪਤੀ ਭਵਨ ਵਿੱਚੋਂ ਫੋਨ ਆਇਆ, ਉਨ੍ਹਾਂ ਦਾ ਸਵਾਲ ਇਹੋ ਸੀ! ਕੇਂਦਰੀ ਮੰਤਰੀ ਅਰਜਨ ਸਿੰਘ ਜਹਾਜ਼ ਵਿੱਚ ਮੈਨੂੰ ਪੰਜਾਬ ਛੱਡਣ ਵਾਸਤੇ ਆਪ ਆਇਆ ਸੀ। ਉਸ ਨੇ ਰਸਤੇ ਵਿੱਚ ਕਿਹਾ- ਕੱਲ੍ਹ ਨੂੰ ਜਦੋਂ ਤੁਹਾਡੀ ਨਿਯੁਕਤੀ ਦਾ ਐਲਾਨ ਹੋਏਗਾ, ਪੰਜਾਬ ਦੇ ਹਿੰਦੂ ਸੁਖ ਦਾ ਸਾਹ ਲੈਣਗੇ, ਖ਼ੁਸ਼ ਹੋਣਗੇ। ਮੈਂ ਸੋਚਿਆ ਹਿੰਦੂਆਂ ਵਿੱਚ ਆਰ.ਐੱਸ.ਐੱਸ. ਦੇ ਵਰਕਰ ਵੀ ਹੋਣਗੇ ਜਿਨ੍ਹਾਂ ਨੂੰ ਖਾੜਕੂਆਂ ਨੇ ਪੂਰਾ ਵਖਤ ਪਾਇਆ ਹੋਇਆ ਸੀ।

ਇੱਕ ਸਵੇਰ ਪਰੇਡ ਕਰਦੇ ਹੋਏ 25 ਆਰ.ਐੱਸ.ਐੱਸ. ਵਰਕਰ, ਖਾੜਕੂਆਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤੇ ਗਏ। ਪੰਜਾਬ ਦੇ ਰਾਜਪਾਲ ਸਿਧਾਰਥ ਸ਼ੰਕਰ ਰੇਅ ਨਾਲ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨੂੰ ਧਰਵਾਸ ਦੇਣ ਮੈਂ ਵੀ ਗਿਆ। ਰਾਜਪਾਲ ਬਾਰਾਂ ਘਰਾਂ ਵਿੱਚ ਗਏ ਤੇ ਮੈਂ ਤੇਰਾਂ ਵਿੱਚ। ਰਾਜਪਾਲ ਦਾ ਅਨੁਭਵ ਮੈਥੋਂ ਵੱਖਰਾ ਸੀ। ਉਸ ਨੂੰ ਫਿੱਟ ਲਾਹਨਤਾਂ ਪਈਆਂ, ਗਾਲੀ੍-ਗਲੋਚ ਹੋਈ। ਮੈਨੂੰ ਠਰੰਮੇ ਨਾਲ ਮਿਲੇ।

ਅੱਜ ਮੈਂ 86 ਸਾਲਾਂ ਦਾ ਹੋ ਗਿਆ ਹਾਂ। ਮੈਂ ਖ਼ੌਫ਼ਜ਼ਦਾ ਹਾਂ, ਜਿਸ ਦੀ ਦੇਸ਼ ਨੂੰ ਹੁਣ ਕੋਈ ਲੋੜ ਨਹੀਂ, ਆਪਣੇ ਮੁਲਕ ਵਿੱਚ ਅਜਨਬੀ ਹਾਂ। ਭਾਰਤੀ ਨਾਗਰਿਕਾਂ ਦਾ ਉਹੋ ਹਿੱਸਾ, ਜਿਸ ਨੂੰ ਮੈਂ ਸਖ਼ਤ ਖ਼ਤਰੇ ਵਿੱਚੋਂ ਬਾਹਰ ਕੱਢਿਆ, ਹੁਣ ਮੇਰੀ ਆਲੋਚਨਾ ਕਰ ਰਿਹਾ ਹੈ ਕਿਉਂਕਿ ਮੇਰਾ ਧਰਮ ਹੋਰ ਹੈ ਤੇ ਉਨ੍ਹਾਂ ਦਾ ਹੋਰ। ਹੁਣ ਮੈਂ ਭਾਰਤੀ ਨਹੀਂ ਰਿਹਾ, ਘੱਟੋ ਘੱਟ ਹਿੰਦੂ ਰਾਸ਼ਟਰ ਦੇ ਮੁਦਈਆਂ ਲਈ ਤਾਂ ਬਿਲਕੁਲ ਨਹੀਂ।

ਇਹ ਸੁੱਤੇ-ਸਿੱਧ ਹੋ ਗਿਆ ਜਾਂ ਕੋਈ ਸੋਚੀ-ਸਮਝੀ ਵਿਉਂਤ ਹੈ ਕਿ ਕਿਸੇ ਅਮਨਪਸੰਦ ਘੱਟ ਗਿਣਤੀ ਨੂੰ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਬਣਨ ਬਾਅਦ ਹਮਲਿਆਂ ਦਾ ਨਿਸ਼ਾਨਾ ਬਣਾ ਲਿਆ ਜਾਵੇ? ਉਨ੍ਹਾਂ ਇੱਕ ਨਾਅਰਾ ਘੜ ਲਿਆ ਹੈ- ਘਰ ਵਾਪਸੀ। ਕ੍ਰਿਸਮਿਸ ਦੇ ਦਿਨ ਦਿੱਲੀ ਵਿੱਚ ਉਨ੍ਹਾਂ ਨੇ ਈਸਾਈ ਚਰਚਾਂ ਅਤੇ ਸਕੂਲਾਂ ਉਪਰ ਹਮਲੇ ਕਰਕੇ ‘ਸ਼ਾਨਦਾਰ ਪ੍ਰਸ਼ਾਸਨ ਦਿਵਸ’ ਮਨਾਇਆ। ਅਮਨਪਸੰਦ ਈਸਾਈਆਂ ਨੂੰ ਘਿਰ ਜਾਣ ਦਾ ਅਹਿਸਾਸ ਹੋ ਗਿਆ ਹੈ।

ਬਹੁਤ ਘੱਟ-ਗਿਣਤੀ ਹੋਣ ਦੇ ਬਾਵਜੂਦ ਈਸਾਈਆਂ ਨੇ ਮਿਹਨਤ ਕੀਤੀ। ਉੱਚੇ ਮਰਤਬੇ ਹਾਸਲ ਕੀਤੇ। ਪਾਰਸੀਆਂ ਜਿੰਨੀ ਤਰੱਕੀ ਤਾਂ ਨਹੀਂ ਕਹਿ ਸਕਦੇ, ਫਿਰ ਵੀ ਚੜ੍ਹਤ ਵਿੱਚ ਦਿੱਸਦੇ ਜ਼ਰੂਰ ਹਨ। ਈਸਾਈਆਂ ਨੇ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਬਹੁਤ ਸਾਰੇ ਸਕੂਲ, ਕਾਲਜ ਅਤੇ ਇਨ੍ਹਾਂ ਨਾਲ ਸੰਬੰਧਤ ਸੰਸਥਾਵਾਂ ਵਿੱਚ ਈਸਾਈਆਂ ਨੇ ਖ਼ੂਬ ਕੁਸ਼ਲਤਾ ਦਿਖਾਈ। ਈਸਾਈ ਅਧਿਆਪਕਾਂ ਪਾਸੋਂ ਗ਼ੈਰ-ਈਸਾਈ ਵਿਦਿਆਰਥੀਆਂ ਨੇ ਸ਼ਾਨਦਾਰ ਵਿਦਿਆ ਪ੍ਰਾਪਤ ਕੀਤੀ। ਇਨ੍ਹਾਂ ਦੇ ਸਕੂਲਾਂ, ਕਾਲਜਾਂ ਵਿੱਚ ਦਾਖਲਾ ਮੁਸ਼ਕਲ ਨਾਲ ਮਿਲਦਾ ਹੈ। ਕੱਟੜ ਹਿੰਦੂ ਆਪਣੇ ਬੱਚੇ ਈਸਾਈ ਵਿਦਿਆਲਿਆਂ ਵਿੱਚ ਪੜ੍ਹਾ ਕੇ ਈਸਾਈ ਅਧਿਆਪਕਾਂ ਦੀ ਲਿਆਕਤ ਦਾ ਲਾਹਾ ਲੈਂਦੇ ਹਨ। ਮੈਨੂੰ ਨਹੀਂ ਲੱਗਦਾ ਕਿ ਈਸਾਈ ਸਕੂਲ ਵਿੱਚ ਪੜ੍ਹ ਕੇ ਕੋਈ ਹਿੰਦੂ ਬੱਚਾ ਈਸਾਈ ਹੋਇਆ ਹੋਵੇ। ਕਾਫੀ ਨੇ ਉੱਚੀਆਂ ਈਸਾਈ ਕਦਰਾਂ-ਕੀਮਤਾਂ ਜ਼ਰੂਰ ਸਿੱਖੀਆਂ ਤੇ ਫਰਜ਼ੀ ਧਰਮ ਨਿਰਪੇਖ ਵੀ ਬਣੇ।

ਈਸਾਈਆਂ ਦੇ ਧਾਰਮਿਕ ਮੱਠਾਂ ਨੇ ਹਸਪਤਾਲ, ਨਰਸਿੰਗ ਹੋਮ ਅਤੇ ਕੈਂਸਰ ਪੀੜਤਾਂ ਲਈ ਸੁਖ-ਆਰਾਮ ਬਣਾਏ ਜਿਨ੍ਹਾਂ ਵਿੱਚ ਅਨਪੜ੍ਹ ਈਸਾਈ ਸੇਵਕ ਸੇਵਾ ਕਰਨੀ ਪੁੰਨ ਸਮਝਦੇ ਹਨ। ਇਨ੍ਹਾਂ ਈਸਾਈ ਨਿਸ਼ਕਾਮ ਸੇਵਕਾਂ ਨੂੰ ਕੀ ਇਸ ਡਰੋਂ ਆਪਣੀ ਸੇਵਾ ਬੰਦ ਕਰ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਨੇਕੀ ਵੱਲ ਦੇਖ ਕੇ ਕੋਈ ਹਿੰਦੂ, ਈਸਾਈ ਨਾ ਹੋ ਜਾਵੇ? ਦੁਖੀਆਂ ਦਾ ਦਰਦ ਵੰਡਾਉਣ ਦਾ ਹੱਕ ਕੀ ਕੇਵਲ ਹਿੰਦੂਆਂ ਨੂੰ ਹੈ?

ਭਾਰਤੀ ਥਲ ਸੈਨਾ ਦਾ ਮੁਖੀ ਈਸਾਈ ਰਿਹਾ। ਨੇਵੀ ਅਤੇ ਏਅਰ ਫੋਰਸ ਦੇ ਚੀਫ ਤਾਂ ਕਈ ਵਾਰ ਈਸਾਈ ਬਣੇ। ਦੇਸ਼ ਦੀਆਂ ਸੈਨਾਵਾਂ ਵਿੱਚ ਅਨੇਕ ਈਸਾਈ ਮਰਦ ਔਰਤਾਂ ਵਰਦੀਧਾਰੀ ਹਨ। ਸੰਘ ਪਰਿਵਾਰ ਦੇ ਲੀਡਰ ਹਿੰਦੂ ਰਾਸ਼ਟਰ ਦੀ ਸਥਾਪਨਾ ਵਾਸਤੇ ਈਸਾਈਆਂ ਨੂੰ ਗ਼ੈਰ-ਭਾਰਤੀ ਕਿਵੇਂ ਐਲਾਨ ਸਕਦੇ ਹਨ? ਇਨ੍ਹਾਂ ਦੇ ਹੌਸਲੇ ਹੱਦ ਟੱਪ ਗਏ ਹਨ। ਘ੍ਰਿਣਾ ਅਤੇ ਬੇਵਿਸ਼ਵਾਸੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਮੈਂ ਸੁੱਖ ਦਾ ਸਾਹ ਲਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿਖੇ ਈਸਾਈ ਸਕੂਲ ਦੇ ਇੱਕ ਸਮਾਗਮ ਵਿੱਚ ਭਾਸ਼ਣ ਦੇ ਕੇ ਆਇਆ। ਪਰ ਉਸ ਪਿੱਛੋਂ ਮੋਹਨ ਭਾਗਵਤ ਨੇ ਨਿਰਵਿਵਾਦਿਤ ਸੰਤ ਮਦਰ ਟੈਰੇਸਾ ਵਿਰੁੱਧ ਆਪਣੀ ਭੜਾਸ ਕੱਢੀ। ਮੈਨੂੰ ਲੱਗਾ ਜਿਵੇਂ ਮੈਂ ਮੁੜ ਹਿੱਟ ਲਿਸਟ ਉੱਤੇ ਆ ਗਿਆ ਹੋਵਾਂ। ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਮੀਨਾਕਸ਼ੀ ਲੇਖੀ ਵਰਗੇ ਭਾਜਪਾ ਲੀਡਰਾਂ ਨੇ ਮੋਹਨ ਭਾਗਵਤ ਦੇ ਖਿਆਲਾਂ ਦੀ ਹਮਾਇਤ ਕੀਤੀ।

ਮੈਂ ਕੀ ਕਰਾਂ? ਆਪਣੇ ਵਿੱਚ ਮੁੜ ਆਤਮ-ਵਿਸ਼ਵਾਸ ਕਾਇਮ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਇਸੇ ਦੇਸ਼ ਵਿੱਚ ਜੰਮਿਆ ਹਾਂ ਮੈਂ। ਪੰਜ ਹਜ਼ਾਰ ਸਾਲ ਜਾਂ ਉਸ ਤੋਂ ਵੀ ਪਹਿਲਾਂ ਮੇਰੇ ਪੁਰਖੇ ਇੱਥੋਂ ਦੇ ਹੀ ਬਾਸ਼ਿੰਦੇ ਸਨ। ਮੇਰਾ ਡੀਐੱਨਏ ਟੈਸਟ ਕਰਕੇ ਪਰਖੋ, ਯਕੀਨਨ ਇਹ ਮੋਹਨ ਭਾਗਵਤ ਨਾਲੋਂ ਵੱਖਰਾ ਨਹੀਂ ਨਿਕਲੇਗਾ। ਦੇਸ ਦੇ ਰੱਖਿਆ ਮੰਤਰੀ ਦਾ ਡੀਐੱਨਏ ਵੀ ਸਾਡੇ ਨਾਲ ਮਿਲਦਾ ਹੈ ਕਿਉਂਕਿ ਸਾਡੇ ਵਡੇਰੇ ਸੰਤ ਪਰਸ਼ੂਰਾਮ ਨਾਲ ਗੋਆ ਵਿੱਚ ਆ ਕੇ ਉਤਰੇ ਸਨ। ਮੈਨੂੰ ਲੱਗਦਾ ਹੈ ਕਿ ਇਸ ਕੁਰਸੀਨਾਮੇ ਵਿੱਚ ਸਾਡਾ ਸਭ ਦਾ ਪ੍ਰਾਚੀਨ ਵਡੇਰਾ ਇੱਕੋ ਹੈ। ਇਤਿਹਾਸ ਵਿੱਚ ਇਹ ਘਟਨਾ ਘਟ ਗਈ ਕਿ ਸਾਡੇ ਵਿੱਚੋਂ ਕੁਝ ਈਸਾਈ ਹੋ ਗਏ, ਕੁਝ ਨਹੀਂ ਹੋਏ। ਇਹ ਕਿਉਂ ਤੇ ਕਿਵੇਂ ਹੋਇਆ ਸੀ ਮੈਨੂੰ ਪਤਾ ਨਹੀਂ, ਨਾ ਕਦੀ ਪਤਾ ਲੱਗ ਸਕੇਗਾ।

ਇਨ੍ਹਾਂ ਟਿਮਟਿਮਾਉਂਦੇ ਸਾਲਾਂ ਦੌਰਾਨ ਜਿਸ ਚੀਜ਼ ਨੇ ਮੈਨੂੰ ਧਰਵਾਸ ਦਿੱਤਾ ਉਹ ਇਹ ਕਿ ਬਹੁ-ਗਿਣਤੀ ਹਿੰਦੂ ਵਰਗ ਵਿੱਚ ਅਜੇ ਅਜਿਹੇ ਵੀ ਹਨ, ਜਿਨ੍ਹਾਂ ਨੂੰ ਯਾਦ ਹੈ ਕਿ ਮੈਂ ਆਪਣੀ ਮਾਤ-ਭੂਮੀ ਦੇ ਭਲੇ ਹਿੱਤ ਕੁਝ ਕੀਤਾ ਸੀ। ਬੰਬੇ ਮਦਰਜ਼ ਐਂਡ ਚਿਲਡਰਨ ਸੁਸਾਇਟੀ ਨੇ ਪੁਣੇ ਜ਼ਿਲ੍ਹੇ ਦਾ ਇੱਕ ਪਿੰਡ ਰਾਜਗੁਰੂ ਗੋਦ ਲਿਆ ਹੈ। ਮੈਨੂੰ ਉੱਥੇ ਇੱਕ ਸਮਾਰੋਹ ਵਿੱਚ ਜਾਣ ਦਾ ਸੱਦਾ ਮਿਲਿਆ।

ਰਸਤੇ ਵਿੱਚ ਲੋਨਾਵਲਾ ਕਸਬੇ ਵਿੱਚ ਮੈਂ ਚਾਹ-ਪਾਣੀ ਪੀਣ ਤੇ ਇਡਲੀ ਖਾਣ ਲਈ ਰੁਕਿਆ। ਮੈਥੋਂ ਅਗਲੇ ਮੇਜ਼ ਦੁਆਲੇ ਬੈਠੇ ਅਧਖੜ ਉਮਰ ਦੇ ਮਰਾਠਿਆਂ ਨੇ ਮੈਨੂੰ ਪਛਾਣ ਲਿਆ, ਮੈਨੂੰ ਨਮਸਕਾਰ ਕਰਨ ਤੇ ਹਾਲ-ਚਾਲ ਪੁੱਛਣ ਲਈ ਉਹ ਮੇਰੇ ਲਾਗੇ ਆ ਗਏ। ਇੱਕ ਬ੍ਰਾਹਮਣ ਪਤੀ-ਪਤਨੀ ਜੋੜਾ ਕੁਵੈਤ ਤੋਂ ਪਰਤਿਆ ਸੀ। ਉਨ੍ਹਾਂ ਨੇ ਮੈਨੂੰ ਪੁੱਛਿਆ- ਤੁਸੀਂ ਉਹੋ ਹੋ ਨਾ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ? ਮੇਰੇ ਨਾਲ ਫੋਟੋਆਂ ਖਿਚਵਾਈਆਂ।

ਮੈਂ ਡੂੰਘਾ ਹਉਕਾ ਲਿਆ, ਸਾਰੀ ਉਲਝਣ, ਤਣਾਓ ਖ਼ਤਮ। ਅਜਿਹੇ ਆਮ ਹਿੰਦੂ ਵੀ ਹਨ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਪਰ ਰਿਟਾਇਰਮੈਂਟ ਤੋਂ 25 ਸਾਲ ਬਾਅਦ ਵੀ ਮੈਨੂੰ ਨਿੱਘ ਨਾਲ ਮਿਲ ਰਹੇ ਹਨ। ਦੋਸਤੀ ਕਰਨ ਦੇ ਇੱਛੁਕ ਹਨ ਭਾਵੇਂ ਕਿ ਉਨ੍ਹਾਂ ਦਾ ਨਿੱਜੀ ਫਾਇਦਾ ਮੈਂ ਕੋਈ ਨਹੀਂ ਕੀਤਾ। ਕੱਟੜਪੰਥੀਆਂ ਤੋਂ ਗੁੰਮਰਾਹ ਹੋ ਕੇ ਨਫ਼ਰਤ ਦੀ, ਹਿੰਸਾ ਦੀ ਵਿਚਾਰਧਾਰਾ ਤੋਂ ਆਮ ਹਿੰਦੂ ਮਰਦ ਔਰਤਾਂ ਪ੍ਰਭਾਵਿਤ ਨਹੀਂ ਹੋਣਗੇ, ਇਹ ਮੇਰੀ ਕਾਮਨਾ ਹੈ।

ਪੇਸ਼ਕਾਰ: ਹਰਪਾਲ ਸਿੰਘ ਪੰਨੂ 
ਸੰਪਰਕ: 94642-51454

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES