Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਕਰਮ ਸਿੰਘ ਝਿੰਗੜ

Posted on May 3rd, 2017


- ਵਾਸਦੇਵ ਸਿੰਘ ਪਰਹਾਰ

ਫੋਨ 206-434-1155

ਪਿੰਡ ਝਿੰਗੜ ਹੱਦ ਬਸਤ ਨੰ. 196 ਅਤੇ ਰਕਬਾ ਜ਼ਮੀਨ 485 ਹੈਕਟੇਅਰ ਹੈ। ਇਹ ਕਸਬਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੰਗਿਆਂ ਤੋਂ ਚਾਰ ਕੁ ਮੀਲ ਦੱਖਣ ਵੱਲ ਹੈ। ਬੱਬਰ ਦੇ ਪਿਤਾ ਦਾ ਨਾਂਅ ਦੁਨੀ ਚੰਦ ਸ਼ੇਰਗਿੱਲ ਸੀ। ਗਦਰ ਲਹਿਰ ਦੇ ਪ੍ਰਭਾਵ ਹੇਠ ਉਹ ਕੈਨੇਡਾ ਦੀ ਕਮਾਈ ਛੱਡ ਕੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਦੇ ਇਰਾਦੇ ਨਾਲ ਦੇਸ਼ ਨੂੰ ਆਇਆ ਸੀ। ਉਸ ਦਾ ਸਭ ਤੋਂ ਨੇੜਲਾ ਬੱਬਰ ਮਾਸਟਰ ਦਲੀਪ ਸਿੰਘ ਗੋਸਲ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਨਾਲ ਸੀ। ਉਸ ਦੀ ਕੋਸ਼ਿਸ਼ ਅਤੇ ਹਿੰਮਤ ਸਦਕਾ ਬੱਬਰ ਕਿਸ਼ਨ ਸਿੰਘ ਗੜਗੱਜ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਦੇ ਜਥਿਆਂ ਦਾ ਮੇਲ ਹੋਇਆ ਅਤੇ ਨਵੇਂ ਜਥੇ ਦਾ ਨਾਂ ਬੱਬਰ ਅਕਾਲੀ ਰੱਖਿਆ ਗਿਆ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਨਵੇਂ ਜਥੇ ਦਾ ਮੁੱਖ ਜਥੇਦਾਰ ਸਵੀਕਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਕਿ ਅੱਗੇ ਤੋਂ ਬੱਬਰ ਕਰਮ ਸਿੰਘ ਨੂੰ ਬਾਕੀ ਬੱਬਰ, ਬੱਬਰ ਸਾਬ੍ਹ ਆਖ ਕੇ ਬੁਲਾਇਆ ਕਰਨ। 

ਉਸ ਵਿਰੁੱਧ ਉਸ ਪਿੰਡ ਦੇ ਲੰਬੜਦਾਰ ਨੇ ਗਵਾਹੀ ਦਿੰਦਿਆਂ ਆਖਿਆ ਕਿ 8 ਮਾਰਚ, 1022 ਨੂੰ ਉਸ ਨੇ ਪਿੰਡ ਝਿੰਗੜਾਂ ਵਿੱਚ ਬੱਬਰ ਅਕਾਲੀਆਂ ਦਾ ਇੱਕ ਇਕੱਠ ਕੀਤਾ ਅਤੇ ਪਿੰਡ ਦੇ ਬਾਹਰ ਸਾਰੇ ਰਸਤਿਆਂ 'ਤੇ ਨੰਗੀਆਂ ਕਿਰਪਾਨਾਂ ਵਾਲੇ ਅਕਾਲੀ ਖੜ੍ਹੇ ਕਰ ਦਿੱਤੇ ਕਿ ਪਿੰਡੋਂ ਬਾਹਰ ਜਾਂ ਅੰਦਰ ਕਿਸੇ ਨੂੰ ਨਾ ਆਉਣ ਦੇਣ। ਇਸ ਇਕੱਠ ਵਿੱਚ ਹੋਰ ਬੱਬਰਾਂ ਅਤੇ ਕਰਮ ਸਿੰਘ ਝਿੰਗੜ ਨੇ ਸਰਕਾਰ ਵਿਰੁੱਧ ਭੜਕਾਊ ਤਕਰੀਰ ਕੀਤੀ ਸੀ। ਬੱਬਰ ਕਿਸ਼ਨ ਸਿੰਘ ਗੜਗੱਜ ਬੱਬਰ ਕਰਮ ਸਿੰਘ ਝਿੰਗੜ ਨੂੰ ਆਪਣੀ ਸੱਜੀ ਬਾਂਹ ਸਮਝਦਾ ਸੀ। ਬੱਬਰ ਨੂੰ ਉਸ ਦੀ ਮਾਤਾ ਅਤੇ ਭਰਾ ਨੇ ਪੁਲਿਸ ਨੂੰ ਬੁਲਾ ਕੇ ਉਸ ਦੇ ਹਥਿਆਰ ਪਰ੍ਹੇ ਕਰਕੇ ਗ੍ਰਿਫਤਾਰ ਕਰਵਾਇਆ ਸੀ। 

ਬੱਬਰ ਨੇ ਲੁਈਸ ਏ. ਬੁਲ ਮੈਜਿਸਟਰੇਟ 17 ਫਰਵਰੀ, 1924 ਨੂੰ ਕੋਈ ਬਿਆਨ ਨਾ ਦਿੱਤਾ। ਬਿਆਨ ਦੀ ਥਾਂ ਉਸ ਨੇ ਇੱਕ ਪਰਚੇ 'ਤੇ ਲਿਖ ਕੇ ਦਿੱਤਾ, ਜਿਸ ਵਿੱਚ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ, ਜਿਵੇਂ ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਦਾ ਮੋਰਚਾ, ਮਾਰਸ਼ਲ ਲਾਅ, ਬਜਬਜਘਾਟ ਕਲਕੱਤਾ ਵਿੱਚ ਅੱਤਿਆਚਾਰ, ਪੰਜਾਬ ਪੁਲਿਸ ਅਤੇ ਸੀ. ਆਈ. ਡੀ. ਦੀਆਂ ਵਹਿਸ਼ੀਆਣਾ ਬਦਸਲੂਕੀਆਂ ਦਾ ਜ਼ਿਕਰ ਸੀ। ਬੱਬਰ ਨੂੰ ਬੱਬਰ ਅਕਾਲੀ ਜਥੇ ਵਲੋਂ ਸਰਕਾਰ ਵਿਰੁੱਧ ਸਾਜ਼ਿਸ਼ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਹੋਈ। ਮੁਲਤਾਨ ਜੇਲ੍ਹ ਵਿੱਚ ਬੱਬਰਾਂ ਦਾ ਵਾਸਤਾ ਇੱਕ ਬੁੱਚੜ ਜੇਲ੍ਹ ਸੁਪਰਡੈਂਟ ਗੋਕਲ ਚੰਦ ਨਾਲ ਪਿਆ। ਇਹ ਕਾਲ਼ਾ ਬਾਹਮਣ ਰਾਵਣ ਵਰਗੀਆਂ ਮੁੱਛਾਂ ਰੱਖ ਕੇ ਨਿਰਾ ਜਮਦੂਤ ਲਗਦਾ ਸੀ। ਕੈਦੀਆਂ ਨੂੰ ਘਟੀਆ ਖਾਣਾ ਅਤੇ ਸਖਤ ਮੁਸ਼ੱਕਤ ਕਰਾ ਕੇ ਖੁਸ਼ ਹੁੰਦਾ ਸੀ। 

ਬੱਬਰਾਂ ਨੇ ਭੁੱਖ ਹੜਤਾਲ ਕਰ ਦਿੱਤੀ ਅਤੇ ਇਸ ਦੀ ਖਬਰ ਬੱਬਰਾਂ ਨੇ ਜੇਲ੍ਹ ਅੰਦਰ ਰੇੜ੍ਹੇ 'ਤੇ ਰਾਸ਼ਣ ਲਿਆਉਣ ਵਾਲੇ ਬੰਦੇ ਰਾਹੀਂ ਅਖਬਾਰਾਂ ਤੱਕ ਪੁੱਜਦੀ ਕਰ ਦਿੱਤੀ। ਜਿਸ ਵੇਲੇ ਖਬਰਾਂ ਅਖਬਾਰਾਂ ਵਿੱਚ ਛਪੀਆਂ ਤਾਂ ਕਾਲਜਾਂ ਵਿੱਚ ਪੜ੍ਹਦੇ ਮੁੰਡਿਆਂ ਅਤੇ ਗੋਕਲ ਚੰਦ ਦੇ ਪੁੱਤਰ ਅਤੇ ਪੁੱਤਰੀ ਨੇ ਵੀ ਪੜ੍ਹੀਆਂ ਕਿ ਉਨ੍ਹਾਂ ਦਾ ਪਿਤਾ ਕਿੱਡਾ ਵੱਡਾ ਜ਼ਾਲਮ ਹੈ। ਨਾਲ ਦੇ ਮੁੰਡੇ ਕੁੜੀਆਂ ਉਨ੍ਹਾਂ ਨੂੰ ਲਾਹਣਤਾਂ ਪਾਉਂਦੇ। ਬੱਚੇ ਆਪਣੀ ਮਾਂ ਨਾਲ ਰੋਜ਼ ਪਿੱਟ ਸਿਆਪਾ ਕਰਦੇ ਤਾਂ ਉਸ ਨੇ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ 'ਤੇ ਤਾਂ 'ਰਾਏ ਬਹਾਦਰ' ਦਾ ਰੁਤਬਾ ਲੈਣ ਦਾ ਭੂਤ ਸਵਾਰ ਸੀ। ਉਸ ਦੇ ਲੜਕੇ ਨੇ ਪਿਤਾ ਦੇ ਨਾਂਅ ਇੱਕ ਚਿੱਠੀ ਲਿਖੀ ਅਤੇ ਰੇਲ ਗੱਡੀ ਹੇਠਾਂ ਆ ਕੇ ਨਿੱਤ ਦੀਆਂ ਲਾਹਣਤਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਲਿਆ। ਬੱਬਰਾਂ ਨੇ ਜਦੋਂ ਇਹ ਖਬਰ ਸੁਣੀ ਤਾਂ ਆਮ ਦੁਨਿਆਵੀ ਬੰਦਿਆਂ ਦੀ ਤਰ੍ਹਾਂ ਉਨ੍ਹਾਂ ਕੋਈ ਖੁਸ਼ੀ ਨਾ ਮਨਾਈ ਸਗੋਂ ਉਸ ਨੌਜਵਾਨ ਦੀ ਮੌਤ 'ਤੇ ਅਫਸੋਸ ਪ੍ਰਗਟ ਕੀਤਾ। 

ਜਦੋਂ ਦਰੋਗਾ ਬੱਬਰ ਕਰਮ ਸਿੰਘ ਝਿੰਗੜ ਨੂੰ ਮਿਲਿਆ ਤਾਂ ਉਸ ਨਾਲ ਬੜੇ ਦਰਦ ਭਰੇ ਲਫਜ਼ਾਂ ਵਿੱਚ ਢਾਰਸ ਬਨ੍ਹਾਈ। ਬੱਬਰਾਂ ਦੇ ਨਾਲ ਹੀ ਇਸ ਜੇਲ੍ਹ ਵਿੱਚ ਇੱਕ ਰਾਜਸੀ ਕੈਦੀ ਅੰਮ੍ਰਿਤਸਰੀਆ ਬੁੱਘਾ ਮੱਲ ਵੀ ਮਾਰਸ਼ਲ ਲਾਅ ਅਧੀਨ ਕੈਦ ਸੀ। ਉਸ ਕੋਲ ਦਰੋਗਾ ਰੋਣ ਲੱਗਾ ਕਿ ਮੇਰੀ ਬੱਬਰਾਂ ਨਾਲ ਸੁਲ੍ਹਾ ਕਰਵਾ ਦਿਓ, ਮੈਥੋਂ ਆਪਣੀ ਘਰਵਾਲੀ ਅਤੇ ਪੁੱਤਰੀਆਂ ਦੇ ਵਿਰਲਾਪ ਸੁਣੇ ਨਹੀਂ ਜਾਂਦੇ। ਬੁੱਘਾ ਮੱਲ ਦੇ ਮਨਾਉਣ 'ਤੇ ਬੱਬਰਾਂ ਨੇ ਭੁੱਖ ਹੜਤਾਲ, ਜੋ 16 ਨਵੰਬਰ, 1926 ਤੋਂ ਸ਼ੁਰੂ ਸੀ, 20 ਜਨਵਰੀ, 1927 ਨੂੰ ਖਤਮ ਹੋਈ। ਅਖਬਾਰਾਂ ਵਿੱਚ ਇਸ ਭੁੱਖ ਹੜਤਾਲ ਦੀ ਖਬਰ ਨੇ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ ਅਤੇ ਹਾਈਕੋਰਟ ਦੇ ਚੀਫ ਜਸਟਿਸ ਸਰ ਸ਼ਾਦੀ ਲਾਲ ਨੂੰ ਜੇਲ੍ਹਾਂ ਅੰਦਰ ਜਾ ਕੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣ ਕੇ ਰਿਪੋਰਟ ਪੇਸ਼ ਕਰਨ ਦਾ ਹੁਕਮ ਹੋਇਆ। 

ਝਿੰਗੜ ਸਾਬ੍ਹ ਨੇ ਜੇਲ੍ਹ ਵਾਲਿਆਂ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਕਰਤੂਤਾਂ ਦੱਸੀਆਂ ਕਿ ਬੱਬਰਾਂ ਨੂੰ ਟਿਕਟਿਕੀ (ਇੱਕ ਸਟੈਂਡ) ਨਾਲ ਨੰਗਾ ਕਰਕੇ ਬੰਨ੍ਹ ਕੇ ਪਿੱਠ 'ਤੇ ਤੀਹ ਤੀਹ ਬੈਂਤਾਂ ਪੂਰੇ ਜ਼ੋਰ ਨਾਲ ਮਾਰਨ ਲਈ ਹੱਟੇ-ਕੱਟੇ ਕੈਦੀ ਰੱਖੇ ਹੋਏ ਸਨ। ਦਰੋਗਾ ਕੋਲ ਬੈਠ ਕੇ ਬੈਂਤਾਂ ਦੀ ਗਿਣਤੀ ਕਰਦਾ ਅਤੇ ਖੁਸ਼ ਹੁੰਦਾ ਸੀ। ਸਰ ਸ਼ਾਦੀ ਲਾਲ ਨੇ ਸਹੀ ਰਿਪੋਰਟ ਪੇਸ਼ ਕੀਤੀ ਅਤੇ ਅੱਗੇ ਤੋਂ ਬੈਂਤਾਂ ਦੀ ਸਜ਼ਾ, ਚੱਕੀ ਪੀਹਣੀ, ਕੋਹਲੂ ਗੇੜਨ ਆਦਿ ਦੀਆਂ ਮੁਸ਼ੱਕਤਾਂ ਰਾਜਸੀ ਕੈਦੀਆਂ ਤੋਂ ਲੈਣੀਆਂ ਬੰਦ ਹੋਈਆਂ। ਬੱਬਰਾਂ ਦੇ ਕੇਸ ਦੀ ਕੋਰਟ ਵਿੱਚ ਸੁਣਵਾਈ ਸਮੇਂ ਮੀਰ ਫਜ਼ਲ ਇਮਾਮ ਡੀ. ਐਸ. ਪੀ. ਇੰਚਾਰਜ ਝਿੰਗੜ ਸਾਬ੍ਹ ਅਤੇ ਬੱਬਰ ਕਿਸ਼ਨ ਸਿੰਘ ਗੜਗੱਜ ਦੀ ਨੋਕ-ਝੋਕ ਹੁੰਦੀ ਹੀ ਰਹਿੰਦੀ ਸੀ। 

ਜਦੋਂ ਮੀਰ ਸਾਬ੍ਹ ਆਪਣੀਆਂ ਪ੍ਰਾਪਤੀਆਂ ਦੱਸਦੇ ਤਾਂ ਝਿੰਗੜ ਸਾਬ੍ਹ ਉਸ ਨੂੰ ਜਵਾਬ ਦਿੰਦੇ ਕਿ ਤੁਸੀਂ ਸਿੱਖ ਇਤਿਹਾਸ ਤੋਂ ਵਾਕਫ ਨਹੀਂ, ਅਸੀਂ ਬੰਦ-ਬੰਦ ਕਟਵਾਉਣ, ਆਰਿਆਂ ਨਾਲ ਤਨ ਚੀਰੇ ਜਾਣ ਵਾਲਿਆਂ ਦੀ ਔਲਾਦ ਹਾਂ, ਦੱਸ ਕੇ ਉਸ ਨੂੰ ਲਾਜਵਾਬ ਕਰ ਦਿੰਦੇ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES