Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੈਨਕੂਵਰ 'ਚ ਸਜਾਏ ਗਏ ਨਗਰ ਕੀਰਤਨ ਦਾ ਅਲੌਕਿਕ ਦ੍ਰਿਸ਼

ਖ਼ਾਲਸਾ ਸਾਜਨਾ ਦਿਵਸ 'ਤੇ ਵੈਨਕੂਵਰ 'ਚ ਸਜਾਇਆ ਗਿਆ ਨਗਰ ਕੀਰਤਨ

Posted on April 17th, 2017


ਵੈਨਕੂਵਰ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਵਿੱਚ ਸਿੱਖਾਂ ਦੀ ਪੁਰਾਤਨ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ 'ਤੇ ਅੱਜ ਇੱਥੇ ਵਿਸਾਖੀ ਨਗਰ ਕੀਰਤਨ ਬੜੇ ਉਤਸ਼ਾਹ ਨਾਲ ਸਜਾਇਆ ਗਿਆ, ਜਿਸ 'ਚ ਦੂਰੋਂ-ਨੇੜਿਓਂ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹਾਜ਼ਰੀ ਲੁਆਈ। ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਸ. ਮਲਕੀਅਤ ਸਿੰਘ ਧਾਮੀ ਮੁਤਾਬਿਕ ਸੰਗਤ ਦੀ ਗਿਣਤੀ ਸਵਾ ਲੱਖ ਤੋਂ ਉੱਪਰ ਸੀ, ਜਿਸ ਵਿੱਚ ਹੋਰਾਂ ਧਰਮਾਂ ਅਤੇ ਕੌਮਾਂ ਦੇ ਲੋਕ ਵੀ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ।

ਨਗਰ ਕੀਰਤਨ ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਰੌਸ ਸਟਰੀਟ ਵਿਖੇ ਸਵੇਰ ਦੇ ਸਮੇਂ ਸਜੇ ਦੀਵਾਨ 'ਚ ਕੈਨੇਡਾ ਦੇ ਵੱਖ-ਵੱਖ ਸਿਆਸੀ ਆਗੂਆਂ ਨੇ ਹਾਜ਼ਰੀ ਲਵਾਉਂਦਿਆਂ ਕੈਨੇਡਾ ਦੀ ਤਰੱਕੀ 'ਚ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਾਲ ਕੈਨੇਡਾ ਦੇ ਹੋਰ ਬਹੁਤ ਸਾਰੇ ਸੰਸਦ ਮੈਂਬਰ, ਸੂਬੇ ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਅਤੇ ਸੂਬੇ 'ਚ ਵਿਰੋਧੀ ਧਿਰ ਦੇ ਆਗੂ ਜੌਹਨ ਹੌਰੀਗਨ ਆਪਣੇ ਸਾਥੀ ਵਿਧਾਇਕਾਂ ਅਤੇ ਆਗੂਆਂ ਸਮੇਤ ਨਤਮਸਤਕ ਹੋਣ ਪੁੱਜੇ, ਜਿੱਥੇ ਉਨ੍ਹਾਂ ਭਾਈਚਾਰੇ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਪੇਸ਼ ਕੀਤੀ। 9 ਮਈ ਨੂੰ ਬੀ. ਸੀ. ਵਿੱਚ ਚੋਣਾਂ ਹੋਣ ਕਾਰਨ ਕੁਝ ਉਮੀਦਵਾਰ ਲੋਕਾਂ ਨੂੰ ਮਿਲ ਕੇ ਚੋਣ ਪ੍ਰਚਾਰ ਵੀ ਕਰ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਵੈਨਕੂਵਰ ਸਥਿਤ ਰੌਸ ਸਟਰੀਟ ਤੋਂ ਹੁੰਦਾ ਹੋਇਆ ਫਰੇਜ਼ਰ ਅਤੇ ਮੇਨ ਸਟਰੀਟ ਸਮੇਤ ਕਈ ਪੜਾਵਾਂ 'ਚੋਂ ਲੰਘ ਕੇ ਅੰਤ 'ਚ ਵਾਪਸ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪੁੱਜਿਆ। ਰਸਤੇ ਵਿੱਚ ਖੜੀਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਨਗਰ ਕੀਰਤਨ ਦਾ ਸ਼ਰਧਾ ਸਹਿਤ ਸਵਾਗਤ ਕੀਤਾ। ਸਿੱਖ ਰਾਈਡਰਜ਼ ਆਫ਼ ਕੈਨੇਡਾ ਦੇ ਮੋਟਰਸਾਈਕਲਾਂ ਤੋਂ ਇਲਾਵਾ ਸਿੱਖ ਮਾਰਸ਼ਲ ਆਰਟਸ ਗਤਕਾ ਅਤੇ ਦਰਜਨਾਂ ਹੋਰ ਝਾਕੀਆਂ ਨੇ ਨਗਰ ਕੀਰਤਨ ਨੂੰ ਪ੍ਰਭਾਵਸ਼ਾਲੀ ਬਣਾਇਆ। ਸੈਂਕੜੇ ਵਲੰਟੀਅਰਾਂ ਨੇ ਨਗਰ ਕੀਰਤਨ 'ਚ ਲੰਗਰ ਅਤੇ ਸਫ਼ਾਈ ਦੀ ਵਡਮੁੱਲੀ ਸੇਵਾ ਕੀਤੀ। ਨਗਰ ਕੀਰਤਨ 'ਚ ਲੋਕਾਂ ਵੱਲੋਂ ਮਿਲੇ ਬੇਮਿਸਾਲ ਹੁੰਗਾਰੇ ਲਈ ਪ੍ਰਬੰਧਕ ਕਮੇਟੀ ਨੇ ਮੁੱਖ ਸਟੇਜ ਤੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES