Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਬਾਬੂ ਸੰਤਾ ਸਿੰਘ ਛੋਟੀ ਹਰਿਓਂ

Posted on April 14th, 2017


- ਵਾਸਦੇਵ ਸਿੰਘ ਪਰਹਾਰ 

ਫੋਨ 206-434-1155

ਬੱਬਰ ਬਾਬੂ ਸੰਤਾ ਸਿੰਘ ਪੁੱਤਰ ਸ. ਸੂਬਾ ਸਿੰਘ ਭੱਟੀ ਦਾ ਜਨਮ ਪਿੰਡ ਛੋਟੀ ਹਰਿਓਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਜੱਸਾਂ ਦੀ ਕੁੱਖੋਂ ਹੋਇਆ। ਭੱਟੀ ਗੋਤ ਦੇ ਇਤਿਹਾਸ ਬਾਰੇ ਵਸਾਖਾ ਸਿੰਘ ਸੰਤ ਸਿਪਾਹੀ ਦੀ ਇੱਕ ਵੱਡ-ਅਕਾਰੀ ਪੁਸਤਕ ''ਮਾਲਵਾ ਸਿੱਖ ਇਤਿਹਾਸ'' ਵਿੱਚ ਲਿਖਿਆ ਹੈ, ''ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਜੱਟਾਂ ਦਾ ਪਿਛੋਕੜ ਰਾਜਪੂਤਾਂ ਵਿੱਚੋਂ ਹੈ। ਸੰਨ 1153 ਵਿੱਚ ਭੱਟੀ ਗੋਤ ਦਾ ਆਦਿ ਰਾਓ ਮੁਹੰਮਦ ਗੌਰੀ ਨਾਲ ਲੜਦਾ ਸ਼ਹੀਦ ਹੋ ਗਿਆ। ਉਸ ਦਾ ਪੁੱਤਰ ਖੀਵਾ ਰਾਓ ਉਸ ਪ੍ਰਾਂਤ ਦਾ ਚੌਧਰੀ ਬਣਿਆ ਤਾਂ ਉਸ ਨੇ ਸਰਸਾ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਲੱਧੂ ਕੋਟੀਏ ਬਸੀੜਾ ਦੀ ਪੁੱਤਰੀ ਨਾਲ ਵਿਆਹ ਕੀਤਾ। ਕਾਰਮ ਇਹ ਕੀਤੀ ਕਿ ਜੇ ਇਸ ਦੇ ਪੁੱਤਰ ਹੋਏ ਉਹ ਰਾਜਪੂਤ ਕਹਾਉਣ ਦੀ ਬਜਾਏ ਜੱਟ ਕਹਾਵੇਗਾ। ਖੀਵਾ ਰਾਓ ਦੇ ਘਰ ਸਿੱਧੂ ਨਾਂਅ ਦਾ ਪੁੱਤਰ ਪੈਦਾ ਹੋਇਆ। ਜੈਸਲਮੇਰੀਆਂ ਨੇ ਉਸ ਨੂੰ ਕੁੱਲ ਰੀਤ ਤੋੜਨ ਕਰਕੇ ਉਸ ਨੂੰ ਖੀਵਾ ਖੋਟਾ ਆਖ ਕੇ ਤਿਆਗ ਦਿੱਤਾ ਤਾਂ ਖੀਵੇ ਨੇ ਵੀ ਆਪਣੇ ਆਪ ਨੂੰ ਜੱਟ ਕਹੇ ਜਾਣ ਦਾ ਤਿਆਗਪਨ ਦੇ ਦਿੱਤਾ। ਇਹ ਮੰਗਲਮਈ ਘਟਨਾ ਸੰਨ 1210 ਦੇ ਲਗਭਗ ਹੋਈ। ਸਿੱਧੂ ਦੀ ਦਸਵੀਂ ਪੀੜ੍ਹੀ ਵਿੱਚ ਬੈਰਾੜ ਹੋਇਆ, ਜਿਸ ਨੇ ਸੰਨ 1526 ਵਿੱਚ ਬਾਬਰ ਦੀ ਮੱਦਦ ਕਰਕੇ ਭਟਿਆਣੇ ਦੀ ਚੌਧਰ ਪ੍ਰਾਪਤ ਕੀਤੀ।'' ਇਸ ਤਰ੍ਹਾਂ ਸਿੱਧੂ ਨੂੰ ਦਾਦਕਿਆਂ ਵਲੋਂ ਮਾਰਧਾੜ ਅਤੇ ਨਾਨਕਿਆਂ ਵਲੋਂ ਖੇਤੀ ਦਾ ਧੰਦਾ ਵਿਰਸੇ ਵਿੱਚ ਮਿਲਿਆ। ਉਸ ਪਾਸ ਕਿਰਤ ਦੇ ਦੋ ਸੰਦ ਸਨ ਤਲਵਾਰ ਤੇ ਹਲ਼। ਸਿੱਖ ਗੁਰੂਆਂ ਦੀ ਸੰਗਤ ਨੇ ਇਨ੍ਹਾਂ ਦਾ ਕਾਇਆਕਲਪ ਕੀਤਾ। 

ਪਿੰਡ ਛੋਟੀ ਹਰਿਓਂ ਦੇ ਆਬਾਦ ਹੋਣ ਬਾਰੇ ਦੰਦ ਕਥਾ ਚੱਲੀ ਆਉਂਦੀ ਹੈ ਕਿ ਇਹ ਵਿਧਵਾ ਮਾਈ ਦੇ ਦੋ ਪੁੱਤਰ ਸਨ ਤੇ ਉਸ ਨੇ ਆਪਣੀ ਜਾਇਦਾਦ ਦੋਨਾਂ ਪੁੱਤਰਾਂ ਵਿੱਚ ਵੰਡ ਦਿੱਤੀ। ਵੱਡੇ ਪੁੱਤਰ ਨੇ ਪਿੰਡ ਵੱਡੀ ਹਰਿਓਂ ਅਤੇ ਛੋਟੇ ਪੁੱਤਰ ਨੇ ਪਿੰਡ ਛੋਟੀ ਹਰਿਓਂ ਆਬਾਦ ਕੀਤੇ। ਅੱਜ ਤੱਕ ਦੋਨਾਂ ਪਿੰਡਾਂ ਦੇ ਵਸਨੀਕ ਮਾਈ ਦੀ ਸਮਾਧ 'ਤੇ ਉਸ ਦੀ ਯਾਦ ਵਿੱਚ ਸਾਲਾਨਾ ਮੇਲਾ ਲਾਉਂਦੇ ਹਨ। 

ਬਾਬੂ ਸੰਤਾ ਸਿੰਘ ਨੇ ਪਹਿਲਾਂ ਖਾਲਸਾ ਹਾਈ ਸਕੂਲ ਸਮਰਾਲਾ ਵਿਖੇ ਬਤੌਰ ਕਲਰਕ ਕੁਝ ਸਾਲ ਕੰਮ ਕੀਤਾ, ਜਿਸ ਕਰਕੇ ਲੋਕੀਂ ਉਸ ਨੂੰ ਬਾਬੂ ਆਖਣ ਲੱਗ ਪਏ। ਫੇਰ ਉਹ ਫੌਜ ਵਿੱਚ ਭਰਤੀ ਹੋ ਕੇ 54 ਸਿੱਖ ਰੈਜਮੈਂਟ ਵਿੱਚ ਕਲਰਕ ਲੱਗਾ। ਜਲੰਧਰ ਛਾਉਣੀ ਵਿੱਚ ਪੋਸਟਿੰਗ ਸਮੇਂ ਉਹ ਨਾਲ ਦੇ ਪਿੰਡ ਪਰਾਗਪੁਰ ਵਿਖੇ ਸੰਤ ਕਰਤਾਰ ਸਿੰਘ ਦੀ ਕੁਟੀਆ ਵਿੱਚ ਜਾਂਦਾ ਹੁੰਦਾ ਸੀ, ਜਿੱਥੇ ਉਸ ਦੀ ਮੁਲਾਕਾਤ ਬੱਬਰ ਕਿਸ਼ਨ ਸਿੰਘ ਗੜਗੱਜ ਨਾਲ ਹੁੰਦੀ ਰਹਿੰਦੀ ਸੀ। ਉਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਨੇ ਸਿੱਖਾਂ ਵਿਰੁੱਧ ਬੜੇ ਜ਼ੁਲਮ ਢਾਹੇ। ਸਾਕਾ ਨਨਕਾਣਾ ਸਾਹਿਬ ਅਤੇ ਗੁਰੂ ਕੇ ਬਾਗ ਦੇ ਮੋਰਚੇ ਦੇ ਜ਼ੁਲਮ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। 

ਬਾਬੂ ਸੰਤਾ ਸਿੰਘ ਨੇ 26 ਜਨਵਰੀ, 1922 ਨੂੰ ਫੌਜ ਵਿੱਚੋਂ ਡਿਸਚਾਰਜ ਲੈ ਲਿਆ ਕਿਉਂਕਿ ਉਸ ਦੀਆਂ ਅੰਗਰੇਜ਼ ਅਫਸਰਾਂ ਨਾਲ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਉਸ ਨੇ ਅੰਗਰੇਜ਼ ਸਰਕਾਰ ਦੇ ਚਾਟੜਿਆਂ ਅਤੇ ਝੋਲੀਚੁੱਕਾਂ ਨੂੰ ਮਾਰ ਕੇ ਅੰਗਰੇਜ਼ ਸਰਕਾਰ ਦਾ ਬੋਰੀਆ ਬਿਸਤਰਾ ਗੋਲ ਕਰਨ ਦੀ ਸੋਚੀ। ਉਹ ਬੱਬਰ ਅਕਾਲੀਆਂ ਦੇ ਦੀਵਾਨਾਂ ਵਿੱਚ ਆਪਣੀਆਂ ਲਿਖੀਆਂ ਕਵਿਤਾਵਾਂ ਤਰੰਨਮ ਨਾਲ ਗਾਉਂਦਾ ਹੁੰਦਾ ਸੀ, ਜਿਸ ਨਾਲ ਸਰੋਤੇ ਕੀਲੇ ਜਾਂਦੇ ਸਨ। ਉਸ ਦੇ ਪਿੰਡ ਦੇ ਲੋਕਾਂ ਨੇ ਉਸ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਸ ਦੀ ਸਮਾਧ ਬਣਾਈ ਹੋਈ ਹੈ ਅਤੇ ਸਮਰਾਲਾ ਵਿਖੇ ਆਈ. ਟੀ. ਆਈ. ਦਾ ਨਾਂਅ ਬਾਬੂ ਸੰਤਾ ਸਿੰਘ ਆਈ. ਟੀ. ਆਈ. ਰੱਖਿਆ ਹੋਇਆ ਹੈ। 

ਇਸ ਨੇ ਹੇਠ ਲਿਖੀਆਂ ਵਾਰਦਾਤਾਂ ਵਿੱਚ ਹਿੱਸਾ ਲਿਆ - 

* 10 ਫਰਵਰੀ, 1923 ਨੂੰ ਰਾਣੀਪੁਰ ਦੇ ਜ਼ੈਲਦਾਰ ਬਿਸ਼ਨ ਦਾ ਕਤਲ ਉਸ ਨੇ ਇਕੱਲਿਆਂ ਕੀਤਾ। 

* ਡਾਕਾ ਜਮਸ਼ੇਰ ਰੇਲਵੇ ਸਟੇਸ਼ਨ 3-4 ਮਾਰਚ, 1923 

* ਲਾਭ ਸਿੰਘ ਢੱਡੇ ਫਤਹਿ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਵਿੱਚ 14,17 ਅਤੇ 23 ਮਾਰਚ, 1923

* ਡਾਕਾ ਅਤੇ ਕਤਲ ਬੂਟਾ ਸਿੰਘ ਨੰਬਰਦਾਰ ਅਤੇ ਉਸ ਦੇ ਪੋਤਰੇ ਸੁਰਜਣ ਸਿੰਘ ਨੰਗਲਸ਼ਾਮਾ ਮਿਤੀ 12 ਮਾਰਚ, 1923

* ਡਾਕਾ ਅਤੇ ਕਤਲ ਰਲ਼ਾ ਸਿੰਘ ਅਤੇ ਦਿੱਤੂ ਸਫੈਦਪੋਸ਼ ਪਿੰਡ ਕੌਲਗੜ੍ਹ ਮਿਤੀ 21 ਮਾਰਚ, 1923

* ਕਤਲ ਮਿਸਤਰੀ ਲਾਭ ਸਿੰਘ ਗੜ੍ਹਸ਼ੰਕਰ ਮਿਤੀ 19 ਮਾਰਚ, 1923

* ਕਤਲ ਹਜ਼ਾਰ ਸਿੰਘ ਨੰਬਰਦਾਰ ਬਹਿਲਪੁਰ ਮਿਤੀ 27 ਮਾਰਚ, 1923

8. ਕਤਲ ਸੂਬੇਦਾਰ ਗੇਂਦਾ ਸਿੰਘ ਪੁਆਰ ਪਿੰਡ ਘੁੜਿਆਲ ਮਿਤੀ 17 ਅਪ੍ਰੈਲ, 1923

ਬੱਬਰ ਲਹਿਰ ਨੂੰ ਸਿਖਰ ਤੱਕ ਪਹੁੰਚਾਉਣ ਵਿੱਚ ਬਾਬੂ ਸੰਤਾ ਸਿੰਘ ਦਾ ਵੱਡਾ ਯੋਗਦਾਨ ਸੀ। ਉਪਰੋਕਤ ਵਾਰਦਾਤਾਂ ਤੋਂ ਬਾਅਦ ਅੰਗਰੇਜ਼ ਸਰਕਾਰ ਦੀ ਦੁਆਬੇ ਵਿੱਚ ਮਸ਼ੀਨਰੀ ਫੇਲ੍ਹ ਹੁੰਦੀ ਦੇਖ ਕੇ ਇਸ ਦੀ ਗੂੰਜ ਇੰਗਲੈਂਡ ਦੀ ਪਾਰਲੀਮੈਂਟ ਤੱਕ ਪਹੁੰਚੀ। ਸਰਕਾਰ ਦੇ ਝੋਲੀਚੁੱਕ ਬੱਬਰਾਂ ਤੋਂ ਭੈਅਭੀਤ ਹੋ ਕੇ ਬੁੜਬੁੜਾ ਕੇ ਰਾਤਾਂ ਨੂੰ ਉੱਠਦੇ ਤੇ ਆਖਦੇ ਬੱਬਰ ਆ ਗਏ ਓਏ ਲੋਕੋ, ਮੈਨੂੰ ਬਚਾਵੋ। ਮੁਖਬਰ ਅਫਸਰਾਂ ਕੋਲ ਬੱਬਰਾਂ ਬਾਰੇ ਸੂਹ ਦੇਣ ਲੱਗਿਆਂ ਅੱਗਾ ਪਿੱਛਾ ਦੇਖ ਕੇ ਉਨ੍ਹਾਂ ਦੇ ਕੰਨ ਵਿੱਚ ਗੱਲ ਕਰਦੇ। 

ਮੀਰ ਫਜ਼ਲ ਇਮਾਮ ਡਿਪਟੀ ਸੁਪਰਡੈਂਟ ਪੁਲਿਸ (ਸੀ. ਆਈ. ਡੀ.) ਬੱਬਰਾਂ ਦੇ ਕੇਸ ਦਾ ਇੰਚਾਰਜ ਸੀ। ਉਸ ਨੇ ਕਾਹਨ ਸਿੰਘ ਨਾਮੀ ਸਬ ਇੰਸਪੈਕਟਰ ਨੂੰ ਸੰਤ ਕਰਤਾਰ ਸਿੰਘ ਦਾ ਚੇਲਾ ਬਣਾ ਦਿੱਤਾ ਅਤੇ ਉਹ ਸੰਤ ਦਾ ਗੜਵਈ ਬਣ ਕੇ ਉਸ ਦੀ ਹਰ ਵਕਤ ਸੇਵਾ ਕਰਦਾ। ਇਹ ਸੰਤ ਪਹਿਲਾਂ ਮੁਸਲਮਾਨ ਸੀ ਅਤੇ ਫਿਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਇਸ ਦੀ ਕੁਟੀਆ ਵਿੱਚ ਬੱਬਰਾਂ ਦੀਆਂ ਮੀਟਿੰਗਾਂ ਹੁੰਦੀਆਂ ਅਤੇ ਪਿਛਲੀਆਂ ਵਾਰਦਾਤਾਂ ਅਤੇ ਅੱਗੇ ਦੇ ਪ੍ਰੋਗਰਾਮਾਂ ਦਾ ਉਸ ਨੂੰ ਸਭ ਪਤਾ ਸੀ। ਪੁਲਿਸ ਦੀ ਥੋੜ੍ਹੀ ਜਿਹੀ ਮਾਰਕੁੱਟ ਤੇ ਹੀ ਇਹ ਬੱਬਰਾਂ ਨੂੰ ਫੜਾਉਣਾ ਮੰਨ ਗਿਆ। ਮੀਰ ਫਜ਼ਲ ਇਮਾਮ ਨੇ ਇਸ ਨੂੰ ਸੰਤਾ ਸਿੰਘ ਨੂੰ ਗ੍ਰਿਫਤਾਰ ਕਰਵਾਉਣ ਲਈ ਮਨਾ ਲਿਆ। ਇਹ ਬਾਬੂ ਸੰਤਾ ਸਿੰਘ, ਅਨੂਪ ਸਿੰਘ ਮਾਣਕੋ, ਬੱਬਰ ਦਲੀਪ ਸਿੰਘ ਧਾਮੀਆਂ ਨੂੰ ਬਠਿੰਡੇ ਵੱਲ ਲੈ ਗਿਆ। ਕਈ ਦਿਨ ਤਾਂ ਸਾਰੇ ਪਿੰਡਾਂ ਵਿੱਚ ਘੁੰਮਦੇ ਰਹੇ, ਫੇਰ ਉਸ ਨੇ ਕਿਹਾ ਕਿ ਸਾਡਾ ਇਕੱਠਿਆਂ ਰਹਿਣਾ ਠੀਕ ਨਹੀਂ ਤੁਸੀਂ ਦੋਨੋਂ ਦਲੀਪਾ ਅਤੇ ਅਨੂਪ ਸਿੰਘ ਇੱਧਰ ਰਹੋ ਅਤੇ ਮੈਂ ਅਤੇ ਸੰਤਾ ਸਿੰਘ ਬਰਨਾਲੇ ਵੱਲ ਜਾਂਦੇ ਹਾਂ। ਫੇਰ ਮਸਤੂਆਣੇ ਦੇ ਮੇਲੇ 'ਤੇ ਤੁਸੀਂ ਵੀ ਮਸਤੂਆਣੇ ਆ ਜਾਇਓ। ਦੋ ਦਿਨਾਂ ਬਾਅਦ ਦਲੀਪਾ ਅਤੇ ਅਨੂਪ ਸਿੰਘ ਦੁਆਬੇ ਨੂੰ ਆ ਗਏ। ਸੰਤ ਕਰਾਤਰ ਸਿੰਘ ਬੱਬਰ ਨੂੰ ਠੀਕਰੀਵਾਲ ਗੁਰਦੁਆਰੇ ਲੈ ਗਿਆ। 

ਮੀਰ ਫਜ਼ਲ ਇਮਾਮ ਡਿਪਟੀ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਅਮਲਾ-ਫੈਲਾ ਲੈ ਕੇ ਬਰਨਾਲੇ ਪੁੱਜ ਗਿਆ। ਸੰਤ ਇੱਕ ਦਿਨ ਸੰਤਾ ਸਿੰਘ ਨੂੰ ਕਹਿਣ ਲੱਗਾ ਕਿ ਆਪਾਂ ਦਲੀਪੇ ਹੁਰਾਂ ਦੀ ਖਬਰ ਤਾਂ ਲਈਏ ਤੇ ਚੱਲ ਬਠਿੰਡੇ ਚਲੀਏ। ਇਹ ਦੋਨੋਂ ਬਰਨਾਲਾ ਤੋਂ ਬਠਿੰਡਾ ਜਾਣ ਵਾਲੀ ਗੱਡੀ ਚੜ੍ਹੇ। ਸੰਤ ਨੇ ਬੱਬਰ ਨੂੰ ਟਰੇਨ ਦੇ ਇੱਕ ਫੱਟੇ 'ਤੇ ਸੌਣ ਲਈ ਕਿਹਾ ਤੇ ਉਹ ਆਪਣੀ ਗਠੜੀ ਸਿਰ ਹੇਠਾਂ ਰੱਖ ਕੇ ਸੌਂ ਗਿਆ। ਬਰਨਾਲੇ ਤੋਂ ਡਿਪਟੀ ਨੇ ਪੰਜ ਹੱਟੇ-ਕੱਟੇ ਸਿਪਾਹੀ ਬੱਬਰ ਵਾਲੇ ਡੱਬੇ ਵਿੱਚ ਬਿਠਾ ਦਿੱਤੇ ਤਾਂ ਕਿ ਉਸ 'ਤੇ ਨਿਗਾਹ ਰੱਖਣ ਕਿ ਕਿਤੇ ਰਾਹ ਵਿੱਚ ਹੀ ਨਾ ਉੱਤਰ ਜਾਵੇ। ਜਦੋਂ ਗੱਡੀ ਤਪਾ ਸਟੇਸ਼ਨ 'ਤੇ ਪੁੱਜੀ ਤਾਂ ਸਿਪਾਹੀਆਂ ਨੇ ਦੇਖਿਆ ਕਿ ਬੱਬਰ ਘੂਕ ਸੁੱਤਾ ਪਿਆ ਹੈ ਤੇ ਉਨ੍ਹਾਂ ਨੇ ਉਸ ਨੂੰ ਦਬੋਚ ਕੇ ਫੁਰਤੀ ਨਾਲ ਦੋਨੋਂ ਹੱਥ ਪਿੱਛੇ ਕਰਕੇ ਹੱਥਕੜੀ ਲਾ ਲਈ। ਡਿਪਟੀ ਆਪ ਸੈਕਿੰਡ ਕਲਾਸ ਦੇ ਡੱਬੇ ਵਿੱਚ ਸੀ। ਰਾਮਪੁਰਾ ਫੂਲ ਸਟੇਸ਼ਨ 'ਤੇ ਪੁਲਿਸ ਨੇ ਬੱਬਰ ਨੂੰ ਉਤਾਰ ਲਿਆ। ਬਰਨਾਲੇ ਉਸ ਨੂੰ ਇਸ ਕਰਕੇ ਗ੍ਰਿਫਤਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਬੱਬਰ ਦੇ ਨਾਲ ਉਸ ਦੇ ਹੋਰ ਸਾਥੀ ਹੋਣ 'ਤੇ ਪੁਲਿਸ ਵਾਲਿਆਂ ਨੂੰ ਨਾ ਮਾਰ ਦੇਣ। 

ਮੀਰ ਫਜ਼ਲ ਇਮਾਮ ਬੜਾ ਸ਼ਾਤਰ ਦਿਮਾਗ ਸੀ। ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੁਜਰਮਾਂ ਨੂੰ ਭਰਮਾ ਲੈਂਦਾ ਸੀ। ਪੜ੍ਹਿਆ ਤਾਂ ਉਹ ਉਰਦੂ ਦੀਆਂ ਚਾਰ ਜਮਾਤਾਂ ਹੀ, ਇਸ ਲਈ ਅੰਗਰੇਜ਼ੀ ਉਸ ਲਈ ਕਾਲਾ ਅੱਖਰ ਭੈਂਸ ਬਰਾਬਰ ਵਾਲੀ ਗੱਲ ਸੀ। ਉੱਪਰਲੇ ਅਫਸਰਾਂ ਤੋਂ ਅੰਗਰੇਜ਼ੀ ਵਿੱਚ ਆਈ ਚਿੱਠੀ 'ਤੇ ਉਰਦੂ ਵਿੱਚ ''ਬਾ ਤਰਜ਼ਮਾ ਉਰਦੂ ਵਿੱਚ ਕਰਕੇ ਪੇਸ਼ ਕੀਆ ਜਾਏ'' ਕਲਰਕ ਨੂੰ ਆਖ ਦਿੰਦਾ। ਗੁਰਬਾਣੀ ਦੇ ਹਵਾਲੇ ਦੇ ਕੇ ਬੱਬਰਾਂ ਤੋਂ ਸੱਚ ਉਗਲ਼ਵਾ ਲੈਂਦਾ ਤੇ ਆਖਦਾ ਸਿੰਘ ਲਈ ਝੂਠ ਬੋਲਣਾ ਮੁਰਦਾ ਖਾਣ ਵਾਲੀ ਗੱਲ ਏ, ਅਸੀਂ ਤੇਰੇ ਨਾਲ ਜ਼ੋਰ-ਜਬਰਦਸਤੀ ਨਹੀਂ ਕਰਨੀ, ਆਪੇ ਹੀ ਸੱਚੋ-ਸੱਚ ਦੱਸ ਦੇ। ਜੇ ਕੋਈ ਕੁਝ ਨਾ ਦੱਸਦਾ ਤਾਂ ਆਖ ਦਿੰਦਾ ਚੰਗਾ ਕੁਝ ਹੋਰ ਸੋਚ ਲੈ ਅਤੇ ਮੁਲਜ਼ਮ ਨੂੰ ਆਪਣੇ ਬੁੱਚੜਾਂ ਮਾਤਹਿਤਾਂ ਅੱਗੇ ਸੁੱਟ ਦਿੰਦਾ ਕਿ ਇਸ ਨੂੰ ਤਸੀਹੇ ਦੇਵੋ। 

ਬੱਬਰ ਸੰਤਾ ਸਿੰਘ ਨੂੰ ਉਸ ਨੇ ਕਿਹਾ ਕਿ ਸੰਤ ਕਰਤਾਰ ਸਿੰਘ ਨੇ ਤੈਨੂੰ ਗ੍ਰਿਫਤਾਰ ਕਰਵਾਇਆ ਹੈ ਤੇ ਤੂੰ ਸਭ ਕੁਝ ਸੱਚੋ ਸੱਚ ਦੱਸ ਦੇ ਤਾਂ ਅਸੀਂ ਤੈਨੂੰ ਛੱਡ ਦਿਆਂਗੇ ਅਤੇ ਤੂੰ ਸੰਤ ਤੋਂ ਬਦਲਾ ਲੈ ਲਈ। ਬੱਬਰ ਉਸ ਦੀਆਂ ਭਰਮਾਊ ਗੱਲਾਂ ਵਿੱਚ ਆ ਗਿਆ। ਪਹਿਲਾਂ ਤਾਂ ਉਸ ਨੇ ਉਸ ਨੂੰ ਸਭ ਕੁਝ ਖਾਧਾ-ਪੀਤਾ ਦੱਸ ਦਿੱਤਾ। ਡਿਪਟੀ ਨੇ ਉਸ ਦੇ ਬਿਆਨ ਮੈਜਿਸਟਰੇਟ ਅੱਗੇ ਦੁਆਉਣ ਲਈ ਉਸ ਨੂੰ ਅਬਦੁੱਲ ਫਤੇਹ ਮੈਜਿਸਟਰੇਟ ਫਸਟ ਕਲਾਸ ਜਲੰਧਰ ਅੱਗੇ ਪੇਸ਼ ਕੀਤਾ। ਮੀਆਂ ਅਬੁੱਦਲ ਫਤੇਹ ਰੱਬ ਤੋਂ ਡਰਨ ਵਾਲਾ ਬੰਦਾ ਸੀ, ਇਸ ਲਈ ਉਸ ਨੇ ਬੱਬਰ ਨੂੰ ਆਖਿਆ ਕਿ ਮੈਂ ਫਸਟ ਕਲਾਸ ਮੈਜਿਸਟੇਰਟ ਹਾਂ ਮੇਰੇ ਅੱਗੇ ਦਿੱਤਾ ਤੇਰਾ ਬਿਆਨ ਤੇਰੇ ਖਿਲਾਫ ਵੀ ਵਰਤਿਆ ਜਾ ਸਕਦਾ ਹੈ ਅਤੇ ਉਸ ਨੇ ਪੁਲਿਸ ਨੂੰ ਕਮਰੇ 'ਚੋਂ ਬਾਹਰ ਜਾਣ ਲਈ ਕਿਹਾ। ਬੱਬਰ ਲਹਿਰ ਦੀ ਜਿੰਦ ਜਾਨ ਇਹ ਹਸਤੀ ਜੀਹਦੇ ਦਿਮਾਗ ਵਿੱਚ 24 ਘੰਟੇ ਕਿਸੇ ਮੁਹਿੰਮ ਨੂੰ ਸਿਰੇ ਚੜ੍ਹਾਉਣ ਦੀ ਵਿਉਂਤ ਬਣਦੀ ਰਹਿੰਦੀ ਨੇ ਆਪਣੀ ਮਰਜ਼ੀ ਨਾਲ ਲਹਿਰ ਦੇ ਸਾਰੇ ਪਰਦੇ ਫਾਸ਼ ਕਰ ਦਿੱਤੇ। ਮੈਜਿਸਟਰੇਟ ਆਪਣੀ ਕਲਮ ਨਾਲ ਬੱਬਰ ਦੇ ਬਿਆਨ ਲਿਖਦਾ ਅਤੇ ਅਖੀਰ ਵਿੱਚ ਲਿਖਿਆ ਬੱਬਰ ਨੂੰ ਸੁਣਾ ਕੇ ਉਸ ਦੇ ਦਸਤਖਤ ਕਰਵਾ ਲੈਂਦਾ। 

ਸੱਤ ਦਿਨ ਤੱਕ ਬੱਬਰ ਦੇ ਬਿਆਨ ਰਿਕਾਰਡ ਹੁੰਦੇ ਰਹੇ, ਜਿਨ੍ਹਾਂ ਵਿੱਚ ਬੱਬਰ ਲਹਿਰ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮੁਖੀ ਬੱਬਰਾਂ, ਸਾਰੀਆਂ ਵਾਰਦਾਤਾਂ ਵਿੱਚ ਹਿੱਸਾ ਲੈਣ ਵਾਲਿਆਂ ਦੇ ਨਾਂ ਰਿਕਾਰਡ ਕਰਾ ਦਿੱਤੇ। ਬੱਬਰ ਦੇ ਬਿਆਨਾਂ ਤੋਂ ਪੁਲਿਸ ਨੇ 36 ਬੱਬਰ ਗ੍ਰਿਫਤਾਰ ਕੀਤੇ, ਜਿਨ੍ਹਾਂ ਵਿੱਚੋਂ ਨਬਾਲਗ ਬੱਬਰ ਮਿਲਖਾ ਸਿੰਘ ਨਿੱਝਰ ਵੀ ਸੀ। ਕਿਉਂਕਿ ਸੰਤਾ ਸਿੰਘ ਦੀ ਗਵਾਹੀ ਅਤੇ ਕੇਸ ਦੀ ਲਾਹੌਰ ਕੋਰਟ ਵਿੱਚ ਟਰਾਇਲ ਸਮੇਂ ਮਿਲਖਾ ਸਿੰਘ ਵੀ ਮੁਲਜ਼ਮਾਂ ਵਿੱਚ ਖੜ੍ਹਾ ਹੁੰਦਾ ਸੀ। ਉਸ ਨੇ ਬੱਬਰ ਲਹਿਰ ਦਾ ਇਤਿਹਾਸ ਲਿਖ ਕੇ ਇੱਕ ਮਹਾਨ ਕੰਮ ਕੀਤਾ ਹੈ। ਟਰਾਇਲ ਕੇਸ ਵਿੱਚ ਬੱਬਰ ਸੰਤਾ ਸਿੰਘ ਨੇ ਕੋਈ ਵੀ ਬਿਆਨ ਨਾ ਦਿੱਤਾ ਅਤੇ ਕਿਹਾ ਕਿ ਇਹ ਅਦਾਲਤ ਕੇਵਲ ਇੱਕ ਡਰਾਮਾ ਹੈ। ਕੇਸ ਦੀ ਸੁਣਵਾਈ ਦੌਰਾਨ ਮੀਆਂ ਫਜਲ ਇਮਾਮ ਡਿਪਟੀ ਨਾਲ ਬੱਬਰ ਕਿਸ਼ਨ ਸਿੰਘ ਗੜਗੱਜ ਅਤੇ ਕਰਮ ਸਿੰਘ ਝਿੰਗੜ ਹਾਸਾ ਮਖੌਲ ਕਰ ਲਿਆ ਕਰਦੇ ਸਨ। 

ਬੱਬਰ ਕਰਮ ਸਿੰਘ ਝਿੰਗੜ ਨੇ ਡਿਪਟੀ ਨੂੰ ਕਿਹਾ, ''ਮੀਰ ਸਾਬ੍ਹ ਤੁਹਾਡਾ ਜਾਦੂ ਚੱਲ ਗਿਆ ਹੈ ਪਰ ਦੇਖ ਲੈਣਾ ਸਾਡਾ ਸ਼ੇਰ ਕਿਸ ਸ਼ਾਨ ਨਾਲ ਫਾਂਸੀ ਚੜ੍ਹੇਗਾ। ਸਾਡੇ ਬਾਬੂ ਤੋਂ ਗਲਤੀ ਹੋ ਗਈ ਪਰ ਫਾਂਸੀ ਚੜ੍ਹ ਕੇ ਉਹ ਅਗਲੀ ਪਿਛਲੀ ਸਭ ਕਸਰ ਕੱਢ ਦੇਣਗੇ। ਕੋਲ ਖੜ੍ਹੇ ਬਾਬੂ ਸੰਤਾ ਸਿੰਘ ਨੇ ਨੀਵੀਂ ਪਾਈ ਰੱਖੀ ਪਰ ਉਸ ਦੇ ਮੱਥੇ 'ਤੇ ਤਰੇਲੀਆਂ ਦਿਸ ਰਹੀਆਂ ਸਨ। ਜਦੋਂ ਸੰਤਾ ਸਿੰਘ ਤੋਂ ਬੱਬਰ ਮਿਲਖਾ ਸਿੰਘ ਨੇ ਪੁੱਛਿਆ ਕਿ ਤੁਸੀਂ ਇਕਬਾਲੀਆ ਬਿਆਨ ਕਿਉਂ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਮੀਰ ਫਜ਼ਲ ਇਮਾਮ ਡਿਪਟੀ ਨੇ ਕੁਰਾਨ ਦੀ ਕਸਮ ਖਾ ਕੇ ਕਿਹਾ ਸੀ ਕਿ ਉਹ ਮੈਨੂੰ ਛੱਡ ਦੇਵੇਗਾ ਅਤੇ ਮੈਂ ਸੰਤ ਕਰਤਾਰ ਸਿੰਘ ਤੋਂ ਬਦਲਾ ਲੈ ਲਵਾਂਗਾ। ਜ਼ੋਸ਼ ਵਿੱਚ ਆ ਕੇ ਮੈਥੋਂ ਸਭ ਕੁਝ ਦੱਸ ਹੋ ਗਿਆ। 

ਸੰਤ ਕਰਤਾਰ ਸਿੰਘ ਨੇ ਵੀ ਸਾਰੇ ਬੱਬਰਾਂ ਵਿਰੁੱਧ ਗਵਾਹੀਆਂ ਦਿੱਤੀਆਂ ਸਨ। ਉਸ ਦਾ ਅੰਤ ਵੀ ਬੜਾ ਭੈੜਾ ਹੋਇਆ। ਉਹ ਥਾਣੇਦਾਰ ਕਾਹਨ ਸਿੰਘ ਦੇ ਘਰ ਮਾਡਲ ਟਾਊਨ ਜਲੰਧਰ ਵਿਖੇ ਅੱਡੀਆਂ ਰਗੜ-ਰਗੜ ਕੇ ਮਰਿਆ। ਥਾਣੇਦਾਰ ਨੇ ਉਸ ਨੂੰ ਇਨਾਮ ਵਿੱਚ ਮਿਲੀ ਇੱਕ ਮੁਰੱਬਾ ਜ਼ਮੀਨ ਪਹਿਲਾਂ ਹੀ ਆਪਣੇ ਨਾਮ ਲੁਆ ਲਈ ਸੀ। 

ਬਾਬੂ ਸੰਤਾ ਸਿੰਘ ਪੰਜ ਕੁ ਫੁੱਟ ਦੀ ਹੱਡੀਆਂ ਦੀ ਮੁੱਠ, ਜੋ ਪੰਡਾਰੀ ਨਿੱਝਰਾਂ ਦੇ ਨਿਆਣਿਆਂ ਨੂੰ ਵੀ ਬੱਬਰ ਸ਼ੇਰ ਬਣਾਉਣ ਵਾਲੀ ਹਸਤੀ ਸੰਨ 1921 ਤੋਂ ਫਰਵਰੀ 1926  ਬੱਬਰ ਲਹਿਰ ਨੂੰ ਸਿਖਰ 'ਤੇ ਪਹੁੰਚਾ ਕੇ ਆਖਿਰ ਇਹ ਜੋਤ ਬੁਝ ਗਈ ਅਤੇ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਣਾਮਈ ਯਾਦਾਂ ਛੱਡ ਗਈ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES