Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਕਰਮ ਸਿੰਘ ਆਸ਼ਟ (ਹਰੀਪੁਰ)

Posted on March 24th, 2017


- ਵਾਸਦੇਵ ਸਿੰਘ ਪਰਹਾਰ 

ਫੋਨ 206-434-1155

ਬੱਬਰ ਕਰਮ ਸਿੰਘ ਆਸ਼ਟ ਪੁੱਤਰ ਭਗਵਾਨ ਸਿੰਘ ਜ਼ਾਤ ਸੁਨਿਆਰਾ ਪਿੰਡ ਹਰੀਪੁਰ ਦਾ ਜੰਮਪਲ ਸੀ। ਹਰੀਪੁਰ ਹੱਦ ਬਸਤ ਨੰ. 63 ਰਕਬਾ 1034 ਹੈਕਟੇਅਰ ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਹੈ। ਇਹ ਥਾਣਾ ਆਦਮਪੁਰ ਤੋਂ ਤਿੰਨ ਕੁ ਮੀਲ ਦੱਖਣ ਦਿਸ਼ਾ ਵੱਲ ਸਥਿਤ ਹੈ। ਬੱਬਰ ਕਰਮ ਸਿੰਘ ਆਪਣੇ ਸਹੁਰੇ ਪਿੰਡ ਮਾਣਕੋ ਰਹਿੰਦਾ ਸੀ। ਇਸ ਲਈ ਬੱਬਰ ਅਕਾਲੀ ਟਰਾਇਲ ਕੇਸ ਵਿੱਚ ਉਸ ਦਾ ਪਿੰਡ ਮਾਣਕੋ ਹੀ ਲਿਖਿਆ ਮਿਲਦਾ ਹੈ। ਉਹ ਅੰਮ੍ਰਿਤਧਾਰੀ ਸਿੰਘ ਸੀ ਅਤੇ ਆਏ ਗਏ ਬੱਬਰਾਂ ਦੀ ਲੰਗਰ ਪਾਣੀ ਦੀ ਸੇਵਾ ਵੀ ਕਰਿਆ ਕਰਦਾ ਸੀ। 

ਮਾਣਕੋ ਤੋਂ ਅੱਧ ਕੁ ਮੀਲ ਚੜ੍ਹਦੇ ਪਾਸੇ ਪਿੰਡ ਘੁੜਿਆਲ ਦਾ ਇੱਕ ਸੂਬੇਦਾਰ ਗੇਂਦਾ ਸਿੰਘ ਪੁਆਰ ਰਾਜਪੂਤ ਪੁਲਿਸ ਦਾ ਪੂਰਾ ਝੋਲੀਚੁੱਕ ਸੀ। ਉਸ ਨੇ ਅਤੇ ਉਸ ਪਿੰਡ ਦੇ ਇੱਕ ਪੰਡਤ ਰਾਮ ਰਤਨ ਨੇ ਪਿੰਡ ਵਿੱਚ ਇੱਕ ਅਮਨ ਸਭਾ ਬਣਾ ਰੱਖੀ ਸੀ। ਜਿਸ ਦਾ ਸੂਬੇਦਾਰ ਪ੍ਰਧਾਨ ਅਤੇ ਪੰਡਤ ਰਾਮ ਰਤਨ ਸਕੱਤਰ ਸੀ। ਅਮਨ ਸਭਾ ਦਾ ਪ੍ਰਧਾਨ ਹੁੰਦਿਆਂ ਸੂਬੇਦਾਰ ਜਿਸ ਨੂੰ ਮਰਜ਼ੀ ਥਾਣੇ ਸਦਵਾ ਕੇ ਪੁਲਿਸ ਤੋਂ ਬੇਇੱਜ਼ਤੀ ਕਰਵਾ ਦਿੰਦਾ ਸੀ। ਆਪਣੇ ਘਰ ਅੱਗੇ ਸੱਥ ਵਿੱਚ ਬੈਠ ਕੇ ਗੱਪਾਂ ਮਾਰਿਆ ਕਰਦਾ ਸੀ ਕਿ ਬੱਬਰ ਮਾੜੇ ਧੀੜਿਆਂ ਨੂੰ ਮਾਰਦੇ ਹਨ ਕਿਤੇ ਮੇਰੇ ਨਾਲ ਦੋ ਹੱਥ ਕਰਕੇ ਦੇਖਣ। ਲੋਕ ਉਸ ਨੂੰ ਰਾਵਣ ਆਖਦੇ ਸਨ। 

ਘੁੜਿਆਲ ਦਾ ਹੀ ਬੱਬਰ ਨੰਦ ਸਿੰਘ ਰਾਮਗ਼ੜ੍ਹੀਆ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਸੀ। ਉਹ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਜਥਾ ਲੈ ਕੇ ਗਿਆ ਸੀ, ਜਿੱਥੇ ਪੁਲਿਸ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਸੀ। ਉਸ ਨੇ ਸੂਬੇਦਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰਾਵਣ ਅੱਗੋਂ ਪੁੱਠਾ ਹੀ ਬੋਲਿਆ। ਇਸ ਕਰਕੇ ਨੰਦ ਸਿੰਘ ਨੇ ਅਨੂਪ ਸਿੰਘ ਮਾਣਕੋ, ਬਤਨ ਸਿੰਘ ਝੀਰ ਪੰਡੋਰੀ ਨਿੱਝਰਾਂ, ਕਰਮ ਸਿੰਘ ਮਾਣਕੋ ਅਤੇ ਬਾਬੂ ਸੰਤਾ ਸਿੰਘ ਛੋਟੀ ਹਰਿਓਂ ਨੂੰ ਨਾਲ ਲੈ ਕੇ 17 ਅਪ੍ਰੈਲ, 1923 ਨੂੰ ਸ਼ਾਮ ਵੇਲੇ ਨਰਕ ਪਹੁੰਚਾਇਆ ਸੀ। ਸੂਬੇਦਾਰ ਆਪਣੇ ਘਰ ਅੱਗੇ ਥੜ੍ਹੇ 'ਤੇ ਬੈਠਾ ਲੋਕਾਂ ਵਿੱਚ ਗੱਪਾਂ ਮਾਰ ਰਿਹਾ ਸੀ। 

ਬੱਬਰਾਂ ਨੇ ਨੰਦ ਸਿੰਘ ਨੂੰ ਆਖਿਆ ਸੀ ਕਿ ਤੂੰ ਸੂਬੇਦਾਰ ਨੂੰ ਪਛਾਣਦਾ ਹੈਂ, ਇਸ ਲਈ ਪਹਿਲਾਂ ਤੂੰ ਉਸ 'ਤੇ ਗੋਲੀ ਚਲਾਦੀਂ। ਨੰਦ ਸਿੰਘ ਨੇ ਆਪਣੀ ਬੰਦੂਕ ਉਸ ਵੱਲ ਨੂੰ ਤਾਣੀ ਹੀ ਸੀ ਕਿ ਉਸ ਨੇ ਫੁਰਤੀ ਨਾਲ ਉੱਠ ਕੇ ਬੰਦੂਕ ਦੀ ਨਾਲੀ ਉੱਪਰ ਨੂੰ ਚੁੱਕ ਦਿੱਤੀ ਤੇ ਨੰਦ ਸਿੰਘ ਨਾਲ ਗੁੱਥਮ-ਗੁੱਥਾ ਹੋ ਗਿਆ। ਅਨੂਪ ਸਿੰਘ ਨੇ ਇੱਕ ਗੋਲੀ ਉਸ ਦੇ ਢਿੱਡ ਵਿੱਚ ਮਾਰੀ, ਜਿਸ ਨਾਲ ਉਹ ਡਿੱਗ ਪਿਆ। ਕਰਮ ਸਿੰਘ ਨੇ ਵੀ ਉਸ ਦੇ ਢਿੱਡ ਵਿੱਚ ਕ੍ਰਿਪਾਨ ਮਾਰੀ ਅਤੇ ਬਤਨ ਸਿੰਘ ਝੀਰ ਪੰਡੋਰੀ ਨਿੱਝਰਾਂ ਨੇ ਉਸ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰੀਆਂ। ਕੋਲ ਬੈਠੇ ਲੋਕ ਤਿੱਤਰ ਹੋ ਗਏ। ਬੱਬਰ ਬੜੇ ਅਰਾਮ ਨਾਲ ਬਾਹਰ ਨੂੰ ਗਏ ਅਤੇ ਐਲਾਨ ਕੀਤਾ ਕਿ ਅਸੀਂ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਧੰਨਾ ਸਿੰਘ ਬਹਿਬਲਪੁਰ ਅਤੇ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਹਾਂ। ਅਸੀਂ ਇਸ ਅੰਗਰੇਜ਼ ਸਰਕਾਰ ਦੇ ਪਿੱਠੂ ਦਾ ਸੁਧਾਰ ਕੀਤਾ ਹੈ ਅਤੇ ਫੇਰ ਕਿਸੇ ਦਿਨ ਪੰਡ ਰਾਮ ਰਤਨ ਨੂੰ ਵੀ ਨਰਕ ਪਹੁੰਚਾਵਾਂਗੇ। 

ਬੱਬਰਾਂ ਦੀ ਸੁਪਰੀਮ ਕੌਂਸਲ ਨੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਹਰ ਇੱਕ ਕਤਲ ਦੀ ਵਾਰਦਾਤ ਮੌਕੇ ਉਪਰੋਕਤ ਤਿੰਨ ਬੱਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਇਆ ਕਰੇਗਾ ਤਾਂ ਕਿ ਪੁਲਿਸ ਕਿਸੇ ਹੋਰ ਨੂੰ ਤੰਗ ਨਾ ਕਰੇ। ਪਰ ਇਸ ਕੇਸ ਵਿੱਚ ਪੁਲਿਸ ਨੇ ਪਿੰਡ ਘੁੜਿਆਲ ਦੇ ਲੋਕਾਂ 'ਤੇ 18 ਅਪ੍ਰੈਲ ਤੋਂ 7 ਮਈ, 1923 ਤੱਕ ਬਹੁਤ ਅੱਤਿਆਚਾਰ ਕੀਤੇ। ਲੋਕਾਂ ਨੂੰ ਕੜਕਦੀ ਧੁੱਪ ਵਿੱਚ ਨੰਗੇ ਪਿੰਡੇ ਲੰਮੇ ਪਾ ਕੇ ਕੁੱਟ ਕੇ ਕਾਤਲਾਂ ਬਾਰੇ ਪੁੱਛਦੇ। ਭਾਵੇਂ ਪਤਾ ਕਈਆਂ ਨੂੰ ਸੀ ਕਿ ਵਾਰਦਾਤ ਵਿੱਚ ਨੰਦ ਸਿੰਘ ਹੈ ਸੀ ਪਰ ਉਸ ਦਾ ਨਾਂ ਕਿਸੇ ਨਾ ਲਿਆ। 

ਵਾਰਦਾਤ ਤੋਂ ਪਹਿਲਾਂ ਬਾਬੂ ਸੰਤਾ ਸਿੰਘ ਛੋਟੀ ਹਰਿਓਂ ਨੇ ਅਨੂਪ ਸਿੰਘ ਨੂੰ ਪੁੱਛਿਆ ਕਿ ਕੋਈ ਹੋਰ ਬੰਦਾ ਵੀ ਹੈ ਜੋ ਇਸ ਵਾਰਦਾਤ ਵਿੱਚ ਸਾਡਾ ਸਾਥ ਦੇਵੇ ਤਾਂ ਉਸ ਨੇ ਕਿਹਾ ਕਿ ਕਰਮ ਸਿੰਘ ਮੈਨੂੰ ਕਹਿੰਦਾ ਰਹਿੰਦਾ ਹੈ ਕਿ ਮੈਂ ਵੀ ਬੱਬਰਾਂ ਨਾਲ ਮਿਲ ਕੇ ਆਪਣੇ ਇਲਾਕੇ ਵਿੱਚ ਝੋਲੀਚੁੱਕਾਂ ਦਾ ਸੁਧਾਰ ਕਰਕੇ ਦੇਸ਼ ਸੇਵਾ ਦਾ ਇਹ ਕੰਮ ਕਰਨਾ ਚਾਹੁੰਦਾ ਹਾਂ। ਸੋ ਅਨੂਪ ਸਿੰਘ ਉਸ ਨੂੰ ਨਾਲ ਲੈ ਆਇਆ। ਇਹ ਉਸ ਵਲੋਂ ਕਿਸੇ ਵਾਰਦਾਤ ਦੀ ਪਹਿਲੀ ਕਾਰਵਾਈ ਸੀ। ਉਹ ਆਪਣੇ ਟੱਬਰ ਸਮੇਤ ਲਾਹੌਰ ਵੱਲ ਨੂੰ ਖਿਸਕ ਚੱਲਿਆ ਕਿ ਜਲੰਧਰ-ਛਾਉਣੀ ਰੇਲਵੇ ਸਟੇਸ਼ਨ 'ਤੇ ਉਸ ਨੂੰ ਉਸ ਦੇ ਪਿੰਡ ਦੇ ਇੱਕ ਜਗਤ ਸਿੰਘ ਪੁੱਤਰ ਨੱਥਾ ਸਿੰਘ ਨੇ ਪੁਲਿਸ ਤੋਂ ਗ੍ਰਿਫਤਾਰ ਕਰਵਾ ਦਿੱਤਾ। ਪੁਲਿਸ ਨੇ ਉਸ ਨੂੰ ਬਹੁਤ ਤਸੀਹੇ ਦਿੱਤੇ ਪਰ ਉਸ ਨੇ ਕਤਲ ਵਿੱਚ ਸ਼ਾਮਲ ਹੋਣਾ ਨਾ ਮੰਨਿਆ। 

ਇਸ ਵਾਰਦਾਤ ਵਿੱਚ ਸ਼ਾਮਲ ਗੱਦਾਰ ਅਨੂਪ ਸਿੰਘ ਮਾਣਕੋ ਅਤੇ ਬਤਨ ਸਿੰਘ ਝੀਰ ਪੰਡੋਰੀ ਨਿੱਝਰਾਂ ਵਾਅਦਾ ਮੁਆਫ ਗਵਾਹ ਬਣ ਕੇ ਬਚ ਗਏ ਅਤੇ ਬਾਬੂ ਸੰਤਾ ਸਿੰਘ, ਕਰਮ ਸਿੰਘ ਅਤੇ ਨੰਦ ਸਿੰਘ ਘੁੜਿਆਲ ਨੂੰ ਫਾਂਸੀ ਦੀ ਸਜ਼ਾ ਹੋਈ। ਇਸ ਕੇਸ ਵਿੱਚ ਗੇਂਦਾ ਸਿੰਘ ਪੁੱਤਰ ਰਾਮ ਚੰਦ ਜੱਟ ਨੰਬਰਦਾਰ ਘੁੜਿਆਲ, ਸੁੰਦਰ ਸਿੰਘ ਪੁੱਤਰ ਹਰੂ ਘੁੜਿਆਲ, ਹਰੀਦਾਸ ਚੇਲਾ ਜਵਾਹਰ ਦਾਸ ਘੁੜਿਆਲ ਅਤੇ ਪੰਡਤ ਰਾਮ ਰਤਨ ਪੁੱਤਰ ਰਾਧਾ ਕ੍ਰਿਸ਼ਨ ਬਤੌਰ ਗਵਾਹ ਪੇਸ਼ ਹੋਏ। ਕਰਮ ਸਿੰਘ ਨੂੰ ਗ੍ਰਿਫਤਾਰ ਕਰਾਉਣ ਲਈ ਨੰਬਰਦਾਰ ਗੇਂਦਾ ਸਿੰਘ ਨੂੰ ਇੱਕ ਮੁਰੱਬਾ ਜ਼ਮੀਨ ਇਨਾਮ ਵਿੱਚ ਮਿਲਿਆ। ਗੱਦਾਰ ਅਨੂਪ ਸਿੰਘ ਅਤੇ ਬਤਨ ਸਿੰਘ ਝੀਰ ਨੇ ਬਤੌਰ ਸੁਲਤਾਨੀ ਗਵਾਹ ਕਤਲ ਦਾ ਪੂਰਾ ਹਾਲ ਬਿਆਨ ਕੀਤਾ। ਬੱਬਰ ਕਰਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪਿੰਡ ਹਰੀਪੁਰ ਵਾਲਿਆਂ ਨੇ ਬੱਬਰ ਦੇ ਨਾਂਅ 'ਤੇ ਪਿੰਡ ਦੇ ਹਾਈ ਸਕੂਲ ਦਾ ਨਾਂਅ ਬੱਬਰ ਸ਼ਹੀਦ ਕਰਮ ਸਿੰਘ ਮੈਮੋਰੀਅਲ ਹਾਈ ਸਕੂਲ ਰੱਖਿਆ ਹੋਇਆ ਹੈ। 

27 ਫਰਵਰੀ, 1926 ਨੂੰ 6 ਬੱਬਰਾਂ ਨੂੰ ਲਾਹੌਰ ਜੇਲ੍ਹ ਅੰਦਰ ਫਾਂਸੀ ਲਾਇਆ ਗਿਆ। ਜੇਲ੍ਹ ਤੋਂ ਬਾਹਰ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਆ ਜੁੜਿਆ। ਭੀੜ ਲਾਸ਼ਾਂ ਦਾ ਸਸਕਾਰ ਰਾਮੂੰ ਦੇ ਬਾਗ ਵਿੱਚ ਕਰਨਾ ਚਾਹੁੰਦੀ ਸੀ ਪਰ ਸਰਕਾਰ ਜੇਲ੍ਹ ਦੇ ਸ਼ਮਸ਼ਾਨਘਾਟ ਵਿੱਚ ਕਰਨਾ ਚਾਹੁੰਦੀ ਸੀ। ਅਖੀਰ ਸਰਦਾਰ ਬਹਾਦਰ ਮਹਿਤਾਬ ਸਿੰਘ ਐਡਵੋਕੇਟ, ਸਰਦੂਲ ਸਿੰਘ ਜੀ ਕਵੀਸ਼ਰ ਅਤੇ ਖਿਲਾਫਤੀ ਲੀਡਰ ਮੌਲਾਨਾ ਜਫਰ ਅਲੀ ਗਵਰਨਰ ਨੂੰ ਜਾ ਮਿਲੇ ਅਤੇ ਉਸ ਤੋਂ ਜੇਲ੍ਹ ਅਧਿਕਾਰੀਆਂ ਦੇ ਨਾਮ ਲਿਖਤੀ ਆਰਡਰ ਲੈ ਕੇ ਆਏ ਕਿ ਲਾਸ਼ਾਂ ਇਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਜਾਣ। ਜੇਲ੍ਹ ਤੋਂ ਲਾਸ਼ਾਂ ਪਹਿਲਾਂ ਗੁਰਦੁਆਰਾ ਡੇਰਾ ਸਾਹਿਬ ਲਿਜਾਈਆਂ ਗਈਆਂ। 6-7 ਮੀਲ ਤੱਕ ਰਾਮੂੰ ਦੇ ਬਾਗ ਦੇ ਸ਼ਮਸ਼ਾਨਘਾਟ ਤੱਕ ਫੁੱਲਾਂ ਨਾਲ ਸਜਾਈਆਂ 6 ਅਰਥੀਆਂ ਮਗਰ ਹਜ਼ਾਰਾਂ ਲੋਕ ਨਾਲ ਗਏ। ਛੇਆਂ ਲਈ ਇੱਕੋ ਅੰਗੀਠਾ ਬਣਾ ਕੇ ਉਨ੍ਹਾਂ ਦੇ ਸਰੀਰਾਂ ਨੂੰ ਅਗਨੀ ਦੇ ਹਵਾਲੇ ਕੀਤਾ ਗਿਆ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES