Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਨੰਦ ਸਿੰਘ ਘੁੜਿਆਲ

Posted on March 20th, 2017


- ਵਾਸਦੇਵ ਸਿੰਘ ਪਰਹਾਰ

ਫੋਨ 206-434-1155

ਪਿੰਡ ਘੁੜਿਆਲ ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ. 60 ਅਤੇ ਰਕਬਾ ਜ਼ਮੀਨ 261 ਹੈਕਟੇਅਰ ਹੈ। ਇਸ ਪਿੰਡ ਤੋਂ ਇੱਕ ਮੀਲ ਚੜ੍ਹਦੇ ਪਾਸੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪ੍ਰਾਚੀਨ ਕਾਲ ਦਾ ਪਿੰਡ ਅਜੜਾਮ ਹੈ, ਜੋ ਕਿਸੇ ਸਮੇਂ ਇੱਕ ਰਾਜੇ ਦੀ ਰਾਜਧਾਨੀ ਸੀ ਤੇ ਉਸ ਰਾਜੇ ਦਾ ਘੋੜਿਆਂ ਦਾ ਤਬੇਲਾ ਇਸ ਪਿੰਡ ਵਾਲੀ ਥਾਂ ਸੀ ਅਤੇ ਇਸ ਨੂੰ ਘੋੜਸ਼ਾਲ ਕਹਿੰਦੇ ਸਨ। ਘੋੜਸ਼ਾਲ ਤੋਂ ਵਿਗੜ ਕੇ ਇਹ ਘੁੜਿਆਲ ਬਣ ਗਿਆ। ਸਾਰਾ ਖੇੜਾ ਹੀ ਪੁਆਰ ਅਤੇ ਭੱਟੀ ਗੋਤ ਦੇ ਰਾਜਪੂਤਾਂ ਦੀ ਮਾਲਕੀ ਹੈ। 

ਇਸ ਪਿੰਡ ਦੇ ਗੰਗਾ ਸਿੰਘ ਤਰਖਾਣ ਦੇ ਘਰ ਬੱਬਰ ਨੰਦ ਸਿੰਘ ਦਾ ਜਨਮ ਹੋਇਆ। ਵੀਹ ਕੁ ਸਾਲ ਦੀ ਉਮਰ ਵਿੱਚ ਉਹ ਬਸਰੇ ਚਲੇ ਗਏ ਅਤੇ ਚਾਰ ਸਾਲ ਬਾਅਦ ਵਾਪਸ ਆਏ। ਆ ਕੇ ਇਹ 50 ਸਿੰਘਾਂ ਦਾ ਜਥਾ ਲੈ ਕੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਗਏ, ਜਿੱਥੇ ਪੁਲਿਸ ਨੇ ਕੁੱਟ-ਕੁੱਟ ਕੇ ਉਨ੍ਹਾਂ ਦੀਆਂ ਪੱਸਲੀਆਂ ਤੋੜ ਦਿੱਤੀਆਂ ਅਤੇ ਉਹ ਗੁਰੂ ਰਾਮਦਾਸ ਹਸਪਤਾਲ 'ਚ ਜੇਰੇ ਇਲਾਜ ਰਹੇ। ਜਰਾ ਠੀਕ ਹੋ ਕੇ ਉਹ ਫੇਰ ਇਸ ਮੋਰਚੇ ਵਿੱਚ ਗਏ ਅਤੇ ਉਨ੍ਹਾਂ ਨੂੰ 6 ਮਹੀਨੇ ਕੈਦ ਦੀ ਸਜ਼ਾ ਹੋਈ। ਜੇਲ੍ਹ ਅੰਦਰ ਉਨ੍ਹਾਂ ਦੇ ਸੁਭਾਅ ਵਿੱਚ ਵੱਡੀ ਤਬਦੀਲੀ ਆਈ। ਉਨ੍ਹਾਂ ਸੋਚਿਆ ਕਿ ਸ਼ਾਂਤਮਈ ਤਰੀਕੇ ਨਾਲ ਕੁੱਟਾਂ ਖਾਣ ਨਾਲ ਅੰਗਰੇਜ਼ ਸਰਕਾਰ ਜ਼ੁਲਮ ਕਰਨੋਂ ਨਹੀਂ ਹਟੇਗੀ। ਇਸ ਜ਼ਾਲਮ ਸਰਕਾਰ ਦਾ ਅੰਤ ਇਸ ਦੇ ਝੋਲੀਚੁੱਕ ਜ਼ੈਲਦਾਰਾਂ ਅਤੇ ਨੰਬਰਦਾਰਾਂ ਨੂੰ ਸੁਧਾਰ ਕੇ ਹੀ ਹੋ ਸਕੇਗਾ। 

ਜੇਲ੍ਹ ਤੋਂ ਆ ਕੇ ਉਹ ਬੱਬਰ ਕਿਸ਼ਨ ਸਿੰਘ ਗੜਗੱਜ ਨੂੰ ਮਿਲੇ ਅਤੇ ਬੱਬਰ ਜਥੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਅੰਮ੍ਰਿਤਧਾਰੀ ਸਿੰਘ ਤਾਂ ਉਹ ਪਹਿਲਾਂ ਹੀ ਹੈ ਸੀ। ਵੈਸੇ ਦੁਆਬੇ ਵਿੱਚ ਰਾਮਗੜ੍ਹੀਏ ਆਮ ਤੌਰ 'ਤੇ ਪੂਰੇ ਅੰਮ੍ਰਿਤਧਾਰੀ ਸਨ ਜਦੋਂ ਕਿ ਉਨ੍ਹਾਂ ਦਿਨਾਂ ਦੀ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਅੱਧੋਂ ਨਾਲੋਂ ਵੱਧ ਜੱਟ ਰਾਜਪੂਤ ਹਿੰਦੂ ਹੀ ਸਨ। ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਭਾਵ ਤੋਂ ਬਾਅਦ ਦੁਆਬੇ ਵਿੱਚ ਸਿੱਖੀ ਪ੍ਰਫੁੱਲਤ ਹੋਈ। 

ਘੁੜਿਆਲ ਵਿਖੇ ਹੀ ਅਕਾਲੀਆਂ ਦੇ ਦੀਵਾਨ, ਜਿਸ ਵਿੱਚ ਮੁਸਤੂਆਣੇ ਵਾਲੇ ਸੰਤ ਅਤਰ ਸਿੰਘ ਜੀ ਵੀ ਹਾਜ਼ਰ ਸਨ। ਬੱਬਰ ਕਿਸ਼ਨ ਸਿੰਘ ਗੜਗੱਜ ਨੇ ਅੰਗਰੇਜ਼ ਸਰਕਾਰ ਵਿਰੁੱਧ ਬਹੁਤ ਜ਼ੋਸ਼ੀਲੀ ਤਕਰੀਰ ਕੀਤੀ ਸੀ। ਉਸ ਨੇ ਤਿੰਨ ਫੁੱਟੀ ਕ੍ਰਿਪਾਨ ਮਿਆਨ ਵਿੱਚੋਂ ਧੂਹ ਕੇ ਆਖਿਆ ਕਿ ਅੰਗਰੇਜ਼ ਸਰਕਾਰ ਦੇ ਝੋਲੀਚੁੱਕ ਪ੍ਰਿੰਸ ਆਫ ਵੇਲਜ਼ ਦੇ ਆਉਣ 'ਤੇ ਉਸ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਮੈਂ ਆਪਣੇ ਬੱਬਰ ਜਥੇ ਦੇ ਬਾਹੂਬਲ ਨਾਲ ਸ਼ਹਿਜ਼ਾਦੇ ਦੇ ਗਲ ਵਿੱਚ ਬੰਬਾਂ ਦਾ ਹਾਰ ਪਾਵਾਂਗਾ। ਇਸ ਤਕਰੀਰ ਤੋਂ ਬਾਅਦ ਸਰਕਾਰ ਨੇ ਬਹੁਤੇ ਅਕਾਲੀਆਂ ਜਾਂ ਨੀਲੀਆਂ ਪੱਗਾਂ ਬੰਨਣ ਵਾਲਿਆਂ ਨੂੰ ਥਾਣਿਆਂ ਵਿੱਚ ਬੁਲਵਾ ਕੇ ਖਾਹ-ਮਖਾਹ ਬੇਇੱਜ਼ਤ ਕੀਤਾ ਸੀ। 

ਘੁੜਿਆਲ ਦਾ ਹੀ ਇੱਕ ਸੂਬੇਦਾਰ ਗੇਂਦਾ ਸਿੰਘ ਪੁਲਿਸ ਤੋਂ ਭਲੇਮਾਣਸ ਅਕਾਲੀਆਂ ਨੂੰ ਵੀ ਥਾਣੇ ਬੁਲਵਾ ਕੇ ਬੇਇੱਜ਼ਤੀ ਕਰਵਾ ਦਿੰਦਾ ਸੀ ਤੇ ਉਸ ਨੇ ਬੱਬਰ ਨੰਦ ਸਿੰਘ ਵਿਰੁੱਧ ਸ਼ਿਕਾਇਤ ਕੀਤੀ ਕਿ ਬੱਬਰ ਇਸ ਪਾਸੇ ਆਉਂਦੇ ਜਾਂਦੇ ਹਨ। ਨੰਦ ਸਿੰਘ ਬੱਬਰਾਂ ਨੂੰ ਸੰਤ ਠਾਕਰ ਸਿੰਘ ਦੀ ਕੁਟੀਆ ਰਾਜੋਵਾਲ ਇਸ ਪਾਸ ਆਉਂਦੇ ਜਾਂਦੇ ਸਨ। ਨੰਦ ਸਿੰਘ ਬੱਬਰਾਂ ਨੂੰ ਸੰਤ ਠਾਕਰ ਸਿੰਘ ਦੀ ਕੁਟੀਆ ਰਾਜੋਵਾਲ ਵਿਖੇ ਬੱਬਰਾਂ ਨੂੰ ਮਿਲਦਾ ਰਹਿੰਦਾ ਸੀ ਅਤੇ ਉਸ ਨੇ ਬਾਬੂ ਸੰਤਾ ਸਿੰਘ ਛੋਟੀ ਹਰਿਓਂ ਨੂੰ ਸੂਬੇਦਾਰ ਬਾਰੇ ਦੱਸਿਆ। ਸੰਤ ਠਾਕਰ ਸਿੰਘ ਦੀ ਕੁਟੀਆ, ਜੋ ਘੁੜਿਆਲ ਤੋਂ ਦੋ ਕੁ ਫਰਲਾਂਗ 'ਤੇ ਹੀ ਹੈ, ਵਿਖੇ 'ਬੱਬਰ ਅਕਾਲੀ ਦੁਆਬਾ' ਦਾ ਪਹਿਲਾ ਪਰਚਾ ਛਾਪ ਕੇ ਵੰਡਿਆ ਗਿਆ ਸੀ। 

ਬਹਿਬਲਪੁਰ ਵਾਲੇ ਹਜ਼ਾਰਾ ਸਿੰਘ ਦੇ ਕਤਲ ਦੀ ਖਬਰ ਵਾਲਾ ਪਰਚਾ ਜਦੋਂ ਪਿੰਡ ਮਾਣਕੋ ਵਿਖੇ ਅਨੂਪ ਸਿੰਘ ਦੇ ਚੁਬਾਰੇ ਵਿੱਚ ਛਾਪ ਰਹੇ ਸਨ ਤਾਂ ਬੱਬਰ ਕਰਮ ਸਿੰਘ ਨੇ ਅਨੂਪ ਸਿੰਘ ਨੂੰ ਕਿਹਾ ਕਿ ਆਪਾਂ ਨੂੰ ਵੀ ਆਪਣੇ ਇਲਾਕੇ ਵਿੱਚ ਇਹੋ ਜਿਹਾ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਸਰਕਾਰ ਦੇ ਝੋਲੀਚੁੱਕ ਡਰ ਕੇ ਬੱਬਰਾਂ ਦੀ ਮੁਖਾਲਫਤ ਕਰਨੋਂ ਹਟ ਜਾਣ। ਉੱਧਰ ਬੱਬਰ ਨੰਦ ਸਿੰਘ ਨੇ ਬਾਬੂ ਸਿੰਘ ਨੂੰ ਸੰਤ ਠਾਕਰ ਸਿੰਘ ਦੀ ਕੁਟੀਆ ਵਿੱਚ ਸੂਬੇਦਾਰ ਨੂੰ ਨਰਕ ਪਹੁੰਚਾਉਣ ਲਈ ਕਿਹਾ ਕਿਉਂਕਿ ਇਸ ਨੇ ਵੀ ਰਾਣੀਥੂਹੇ ਵਾਲੇ ਜ਼ੈਲਦਾਰ ਦੀ ਤਰ੍ਹਾਂ ਸਿੰਗਾਂ ਨਾਲ ਮਿੱਟੀ ਪੁੱਟਣੀ ਸ਼ੁਰੂ ਕੀਤੀ ਹੋਈ ਸੀ। ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੀ ਪੂਰੀ ਤਿਆਰੀ ਕਰਕੇ ਬੱਬਰ ਸੰਤਾ ਸਿੰਘ ਨੇ ਅਰਦਾਸ ਕੀਤੀ। ਉਹ ਤੇ ਬਤਨ ਸਿੰਘ ਝੀਰ, ਅਨੂਪ ਸਿੰਘ ਮਾਣਕੋ, ਕਰਮ ਸਿੰਘ ਮਾਣਕੋ ਅਤੇ ਨੰਦ ਸਿੰਘ ਚੱਲ ਪਏ। 

ਸੰਤਾ ਸਿੰਘ ਕੋਲ ਦੋ ਪਿਸਤੌਲ ਸਨ, ਇੱਕ ਹੱਥ ਵਿੱਚ ਅਤੇ ਇੱਕ ਗਲ਼ ਵਿੱਚ ਲਟਕਦਾ, ਇਸੇ ਤਰ੍ਹਾਂ ਬਤਨ ਸਿੰਘ ਝੀਰ ਕੋਲ ਵੀ ਦੋ ਪਿਸਤੌਲ, ਅਨੂਪ ਸਿੰਘ ਅਤੇ ਨੰਦ ਸਿੰਘ ਕੋਲ ਇੱਕ ਇੱਕ ਬੰਦੂਕ ਅਤੇ ਕਰਮ ਸਿੰਘ ਕੋਲ ਇੱਕ ਕ੍ਰਿਪਾਨ ਸੀ। ਸ਼ਾਮ ਵੇਲੇ ਸੂਬੇਦਾਰ ਦੇ ਘਰ ਅੱਗੇ ਥੜ੍ਹੇ 'ਤੇ ਲੋਕਾਂ ਨਾਲ ਗੱਪਾਂ ਮਾਰ ਰਿਹਾ ਸੀ। ਬਾਬੂ ਸੰਤਾ ਸਿੰਘ ਨੇ ਨੰਦ ਸਿੰਘ ਨੂੰ ਕਿਹਾ ਕਿ ਪਹਿਲਾਂ ਤੂੰ ਸੂਬੇਦਾਰ 'ਤੇ ਗੋਲੀ ਚਲਾਈਂ ਕਿਉਂਕਿ ਤੂੰ ਉਸ ਨੂੰ ਚੰਗੀ ਤਰ੍ਹਾਂ ਪਛਾਣਦਾ ਏਂ। ਸੋ ਜਦੋਂ ਹੀ ਨੰਦ ਸਿੰਘ ਨੇ ਆਪਣੀ ਬੰਦੂਕ ਸੂਬੇਦਾਰ ਵੱਲ ਨੂੰ ਤਾਣੀ ਤਾਂ ਉਸ ਨੇ ਫੁਰਤੀ ਨਾਲ ਉੱਠ ਕੇ ਬੰਦੂਕ ਦੀ ਨਾਲੀ ਦਾ ਮੂੰਹ ਉੱਪਰ ਨੂੰ ਚੁੱਕ ਦਿੱਤਾ। ਉਹ ਨੰਦ ਸਿੰਘ ਨਾਲੋਂ ਸਰੀਰ ਦਾ ਦੁੱਗਣਾ ਸੀ ਤੇ ਉਸ ਨੇ ਨੰਦ ਸਿੰਘ ਨੂੰ ਹੇਠਾਂ ਸੁੱਟ ਲਿਆ। ਬਤਨ ਸਿੰਘ ਨੇ ਉਸ ਦੇ ਢਿੱਡ ਵਿੱਚ ਗੋਲੀ ਮਾਰੀ, ਜਿਸ ਨਾਲ ਉਹ ਪਰ੍ਹੇ ਡਿੱਗ ਪਿਆ। 

ਬਤਨ ਸਿੰਘ ਨੇ ਤਿੰਨ ਗੋਲੀਆਂ ਉਸ ਦੇ ਸਿਰ ਵਿੱਚ ਮਾਰੀਆਂ। ਕਰਮ ਸਿੰਘ ਨੇ ਕ੍ਰਿਪਾਨ ਨਾਲ ਉਸ 'ਤੇ ਕਈ ਵਾਰ ਕੀਤੇ ਅਤੇ ਅਨੂਪ ਸਿੰਘ ਨੇ ਬੰਦੂਕ ਹੀ ਡਾਂਗ ਵਾਂਗ ਮਾਰ ਮਾਰ ਕੇ ਗੁੱਸਾ ਠੰਡਾ ਕੀਤਾ। ਕੋਲ ਬੈਠੇ ਲੋਕ ਗੋਲੀ ਚਲਦੇ ਹੀ ਭੱਜ ਕੇ ਘਰੀਂ ਜਾ ਵੜੇ । ਬਾਬੂ ਸੰਤਾ ਸਿੰਘ ਨੇ ਉੱਚੀ ਅਵਾਜ਼ ਵਿੱਚ ਐਲਾਨ ਕੀਤਾ ਕਿ ਮੈਂ ਬੱਬਰ ਕਰਮ ਸਿੰਘ ਦੌਲਤਪੁਰ ਹਾਂ ਅਤੇ ਮੇਰੇ ਨਾਲ ਉਦੈ ਸਿੰਘ ਰਮਾਗੜ੍ਹ ਝੁੰਗੀਆਂ ਅਤੇ ਧੰਨਾ ਸਿੰਘ ਬਹਿਬਲਪੁਰ ਹਨ ਅਤੇ ਅਸੀਂ ਇਸ ਅੰਗਰੇਜ਼ ਸਰਕਾਰ ਦੇ ਇਸ ਹੈਂਕੜ ਝੋਲੀਚੁੱਕ ਨੂੰ ਨਰਕ ਪਹੁੰਚਾਇਆ ਹੈ। ਅਸੀਂ ਫਿਰ ਕਿਸੇ ਦਿਨ ਪੰਡਤ ਰਾਮ ਰਤਨ ਨੂੰ ਵੀ ਸੂਬੇਦਾਰ ਪਾਸ ਨਰਕ ਪਹੁੰਚਾਵਾਂਗੇ। 

ਰਾਤ ਨੂੰ ਕੋਈ ਵੀ ਥਾਣੇ ਇਤਲਾਹ ਦੇਣ ਨਾ ਗਿਆ। ਦੂਜੇ ਦਿਨ ਸਵੇਰੇ ਦੁੱਲਾ ਚੌਂਕੀਦਾਰ ਥਾਣੇ 10 ਕੁ ਵਜੇ ਗਿਆ ਅਤੇ ਪੁਲਿਸ ਲੌਢੇ ਵੇਲੇ ਘੁੜਿਆਲ ਆਈ। ਆ ਕੇ ਸਾਰੇ ਪਿੰਡ ਦੇ ਗੱਭਰੂ ਅਤੇ ਬਜ਼ੁਰਗ ਤਪਦੀ ਰੇਤ ਵਿੱਚ ਲੰਮੇ ਪਾ ਪਾ ਕੇ ਕੁੱਟਣੇ ਸ਼ੁਰੂ ਕਰ ਦਿੱਤੇ ਕਿ ਦੱਸੋ ਕਾਤਲ ਕੌਣ ਸਨ? ਬਹੁਤਿਆਂ ਨੂੰ ਨੰਦ ਸਿੰਘ ਦਾ ਪਤਾ ਤਾਂ ਸੀ ਪਰ ਉਸ ਦੀ ਦੇਸ਼ ਭਗਤੀ ਦਾ ਖਿਆਲ ਕਰਦਿਆਂ ਕਿਸੇ ਨੇ ਵੀ ਉਸ ਦਾ ਨਾਮ ਨਾ ਲਿਆ। ਤਿੰਨ ਹਫਤੇ ਤੱਕ ਲੋਕ ਵਾਢੀਆਂ ਵੀ ਨਾ ਕਰ ਸਕੇ ਅਤੇ ਪੁਲਿਸ ਦੀ ਰੋਜ਼ ਕੁੱਟ ਖਾਂਦੇ ਰਹੇ। ਨੰਦ ਸਿੰਘ ਪਹਿਲਾਂ ਤਾਂ ਖਿਸਕ ਗਿਆ ਸੀ ਪਰ ਪਿੰਡ ਵਾਲਿਆਂ 'ਤੇ ਤਸ਼ੱਦਦ ਹੁੰਦਾ ਸੁਣ ਕੇ ਉਹ ਆਪ ਹਾਜ਼ਰ ਹੋ ਗਿਆ ਤੇ ਮੰਨ ਲਿਆ ਕਿ ਕਤਲ ਉਸ ਨੇ ਕੀਤਾ ਹੈ। ਇਸ ਕਤਲ ਨਾਲ ਬੱਬਰ ਲਹਿਰ ਆਪਣੇ ਸਿਖਰ 'ਤੇ ਪੁੱਜ ਗਈ। ਸਰਕਾਰ ਦੀ ਮਸ਼ੀਨਰੀ ਡਾਵਾਂਡੋਲ ਹੋਣ ਲੱਗੀ। 

ਬੱਬਰਾਂ ਨੂੰ ਫੜਾਉਣ ਵਾਲਿਆਂ ਨੂੰ ਨਕਦ ਅਤੇ ਜ਼ਮੀਨ ਦੇ ਮੁਰੱਬੇ ਬਾਰ ਵਿੱਚ ਦੇਣ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਛਪੇ ਅਤੇ ਪਿੰਡਾਂ ਦੀਆਂ ਕੰਧਾਂ 'ਤੇ ਲਾਏ ਗਏ। ਮੁਕੱਦਮੇ ਦੇ ਫੈਸਲੇ ਤੋਂ ਬਾਅਦ ਬੱਬਰ ਕਰਮ ਸਿੰਘ, ਬੱਬਰ ਨੰਦ ਸਿੰਘ ਅਤੇ ਬਾਬੂ ਸੰਤਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਅਤੇ 27 ਫਰਵਰੀ, 1926 ਨੂੰ ਲਾਹੌਰ ਜੇਲ੍ਹ ਅੰਦਰ ਫਾਂਸੀ 'ਤੇ ਲਟਕਾਏ ਗਏ। 

ਬੱਬਰ ਨੰਦ ਸਿੰਘ ਨਾਲ ਉਸ ਦੀ ਸਿੰਘਣੀ ਅਤੇ ਭਰਾ ਨੇ ਫਾਂਸੀ ਲੱਗਣ ਤੋਂ ਪਹਿਲਾਂ ਆਖਰੀ ਮੁਲਾਕਾਤ ਵਿੱਚ ਸਿੰਘਣੀ ਨੂੰ ਕਿਹਾ ਕਿ ਮੇਰੀ ਮੌਤ 'ਤੇ ਰੋਣਾ-ਪਿੱਟਣਾ ਨਹੀਂ, ਮੈਂ ਕੋਈ ਮਾੜਾ ਕੰਮ ਨਹੀਂ ਕੀਤਾ। ਬੱਬਰ ਦੀ ਸ਼ਹੀਦੀ ਤੋਂ ਬਾਅਦ ਕਿਸੇ ਨੇ ਵੀ ਉਸ ਦੀ ਸਿੰਘਣੀ ਜਾਂ ਬੱਚਿਆਂ ਦੀ ਕੋਈ ਮਦਦ ਨਾ ਕੀਤੀ ਅਤੇ ਉਸ ਨੇ ਆਪਣੇ ਪੇਕੀਂ ਰਹਿ ਕੇ ਬੱਚੇ ਪਾਲੇ। ਬੱਬਰ ਨੰਦ ਸਿੰਘ ਨੂੰ ਕਤਲ ਕਰਕੇ ਫਾਂਸੀ ਲੱਗਣ ਤੋਂ ਬਾਅਦ ਸੂਬੇਦਾਰ ਦੇ ਘਰਵਾਲੀ ਪਿੰਡ ਦੇ ਲੋਕਾਂ ਦੇ ਰੋਹ ਅੱਗੇ ਚੁੱਪ ਰਹੀ ਪਰ ਤੇਰਾਂ ਸਾਲ ਬਾਅਦ ਇਸ ਕਤਲ ਵਿੱਚ ਸ਼ਾਮਲ ਅਨੂਪ ਸਿੰਘ ਮਾਣਕੋ ਨੂੰ ਜਦੋਂ ਬੱਬਰਾਂ ਨੇ ਨਰਕ ਪਹੁੰਚਾਇਆ ਤਾਂ ਉਸ ਨੇ ਲੱਡੂ ਵੰਡੇ ਸਨ। 

ਬੱਬਰ ਦੀ ਯਾਦ ਵਿੱਚ ਉਸ ਦੇ ਘਰ ਨੂੰ ਇੱਕ ਮਿਊਜ਼ੀਅਮ ਦਾ ਰੂਪ ਲੋਕਾਂ ਨੇ ਦਿੱਤਾ ਹੋਇਆ ਹੈ ਅਤੇ ਨਾਲ ਹੀ ਇੱਕ ਮੁਫਤ ਡਿਸਪੈਂਸਰੀ ਵੀ ਚਲਾ ਰਹੇ ਹਨ। ਲੇਖਕ ਦੀਆਂ ਇਸ ਪਿੰਡ ਕਈ ਰਿਸ਼ਤੇਦਾਰੀਆਂ ਹਨ ਅਤੇ ਪਿੰਡ ਘੁੜਿਆਲ ਦਾ ਇਤਿਹਾਸ ਲਿਖਣ ਸਮੇਂ ਲੇਖਕ ਨੂੰ ਕਈ ਵਾਰੀ ਇਸ ਪਿੰਡ ਜਾਣਾ ਪਿਆ। ਲੋਕੀਂ ਅਜੇ ਵੀ ਬੱਬਰ ਨੰਦ ਸਿੰਘ ਨੂੰ ਪ੍ਰਣਾਮ ਕਰਦੇ ਹਨ ਅਤੇ ਪਿੰਡ ਵਾਲੇ ਉਸ ਦੇ ਸ਼ਹੀਦੀ ਦਿਵਸ 'ਤੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾ ਕੇ ਬੱਬਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। 


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES