Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਰਤਨ ਸਿੰਘ ਰੱਕੜਾਂ ਬੇਟ

Posted on March 2nd, 2017


- ਵਾਸਦੇਵ ਸਿੰਘ ਪਰਹਾਰ, ਸਿਆਟਲ 

ਫੋਨ 206-434-1155

ਪਿੰਡ ਰੱਕੜਾਂ ਬੇਟ ਬਲਾਚੌਰ ਤੋਂ ਤਿੰਨ ਕੁ ਮੀਲ ਦੱਖਣ-ਪੂਰਬ ਵੱਲ ਦਰਿਆ ਸਤਲੁਜ ਕੰਢੇ ਸਥਿਤ ਹੈ। ਇਹ ਰੱਕੜ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਰੋਪੜ ਦੇ ਟੱਪਰੀਆਂ ਪਿੰਡ ਦੇ ਲੋਕਾਂ ਨੇ ਤਕਰੀਬਨ 250 ਕੁ ਸਾਲ ਪਹਿਲਾਂ ਵਸਾਇਆ ਸੀ। ਬੱਬਰ ਰਤਨ ਸਿੰਘ ਦੇ ਪਿਤਾ ਨੰਬਰਦਾਰ ਜਵਾਹਰ ਸਿੰਘ ਇਲਾਕੇ ਦੀ ਸਿਰਕੱਢ ਹਸਤੀ ਸਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਰਾਹੋਂ ਦੇ ਗੌਰਮਿੰਟ ਹਾਈ ਸਕੂਲ ਦਾਖਲ ਕਰਵਾਇਆ। ਇਹ ਰਾਹੋਂ ਦਾ ਹਾਈ ਸਕੂਲ ਯੂਨਾਈਟਿਡ ਪੰਜਾਬ ਦਾ ਪਹਿਲਾ ਗੌਰਮਿੰਟ ਹਾਈ ਸਕੂਲ ਸੀ। 

ਬੱਬਰ ਰਤਨ ਸਿੰਘ ਨੇ ਸੰਨ 1906 ਵਿੱਚ ਰਾਹੋਂ ਸਕੂਲ ਤੋਂ ਮੈਟਰਿਕ ਪਾਸ ਕੀਤੀ ਅਤੇ ਫੌਜ ਵਿੱਚ ਭਰਤੀ ਹੋ ਗਿਆ। ਉਸ ਨੇ ਦੇਖਿਆ ਕਿ ਅੰਗਰੇਜ਼ ਅਫਸਰ ਜਵਾਨਾਂ ਨਾਲ ਗੁਲਾਮਾਂ ਵਾਲਾ ਵਰਤਾਓ ਕਰਦੇ ਹਨ ਤਾਂ ਉਸ ਦੇ ਦਿਲ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਨਫਰਤ ਪੈਦਾ ਹੋ ਗਈ। ਉਸ ਨੇ ਅਸਲੇਖਾਨੇ 'ਚੋਂ ਇੱਕ ਪਸਤੌਲ, ਕੁਝ ਗਰਨੇਡ ਅਤੇ ਇੱਕ 303 ਦੀ ਪੱਕੀ ਰਾਈਫਲ ਚੋਰੀ ਕਰਕੇ ਆਪਣੇ ਘਰ ਵਿੱਚ ਇੱਕ ਟੋਆ ਪੁੱਟ ਕੇ ਉਸ ਵਿੱਚ ਰੱਖ ਲਈ। ਛੇਤੀਂ ਹੀ ਸੰਨ 1919 ਵਿੱਚ ਉਸ ਨੇ ਫੌਜ ਤੋਂ ਡਿਸਚਾਰਜ ਲੈ ਲਿਆ। ਕਿਸੇ ਦੋਸਤ ਦੀ ਮੁਖਬਰੀ 'ਤੇ ਉਸ ਦੇ ਘਰੋਂ ਪੁਲਿਸ ਨੇ ਹਥਿਆਰ ਬਰਾਮਦ ਕਰ ਲਏ, ਜਿਸ ਕਾਰਨ ਉਸ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਈ। ਕੈਦ ਪੂਰੀ ਹੋਣ 'ਤੇ ਉਹ ਆਪਣੇ ਪਿੰਡ ਖੇਤੀ ਕਰਨ ਲੱਗਾ। ਪਹਿਲਾਂ ਪਿੰਡ ਦੇ ਅਕਾਲੀ ਜਥੇ ਦਾ ਜਥੇਦਾਰ ਤੇ ਫਿਰ ਤਹਿਸੀਲ ਗੜ੍ਹਸ਼ੰਕਰ ਦੇ ਅਕਾਲੀ ਜਥੇ ਦਾ ਜਥੇਦਾਰ ਬਣਿਆ, ਜਿੱਥੇ ਉਹ ਪੂਰਾ ਸਮਾਂ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦਾ ਹਥਿਆਰਬੰਦ ਸੰਘਰਸ਼ ਨਾਲ ਟਾਕਰਾ ਕਰਨ ਦਾ ਪ੍ਰਚਾਰ ਕਰਦਾ ਰਿਹਾ। 

ਸੰਨ 1930 ਵਿੱਚ ਪਿੰਡਾਂ ਅਤੇ ਥਾਣਾ ਰਾਹੋਂ, ਬਲਾਚੌਰ, ਗੜ੍ਹਸ਼ੰਕਰ ਅਤੇ ਮਾਹਲਪੁਰ ਦੀਆਂ ਕੰਧਾਂ 'ਤੇ ਇਸ਼ਤਿਹਾਰ ਲਾ ਦਿੱਤੇ ਕਿ ਚਾਰੇ ਥਾਣੇ ਬੰਬਾਂ ਨਾਲ ਉਡਾ ਦਿੱਤੇ ਜਾਣਗੇ, ਜਿਸ ਨਾਲ ਅੰਗਰੇਜ਼ ਸਰਕਾਰ ਨੂੰ ਤਾੜਨਾ ਹੋਵੇਗੀ ਕਿ ਸਾਰੇ ਪੰਜਾਬੀ ਇੱਕਮੁੱਠ ਹੋ ਕੇ ਅੰਗਰੇਜ਼ ਸਰਕਾਰ ਦਾ ਬੋਰੀਆ ਬਿਸਤਰਾ ਗੋਲ ਕਰ ਦੇਣ ਲਈ ਤਿਆਰ ਹਨ। ਸਰਕਾਰ ਨੇ ਇਸ ਇਸ਼ਤਿਹਾਰ ਦਾ ਗੰਭੀਰ ਨੋਟਿਸ ਲੈਂਦਿਆਂ ਬੱਬਰ ਦੇ ਵਾਰੰਟ ਜਾਰੀ ਕਰ ਦਿੱਤੇ। ਉਸ ਵਿਰੁੱਧ ਤਿੰਨ ਜੁਰਮਾਂ ਦੀ ਫਰਦ ਬਣੀ -

1. ਨਜਾਇਜ਼ ਹਥਿਆਰ ਰੱਖਣਾ 

2. ਪੁਲਿਸ ਨੂੰ ਧਮਕੀਆਂ ਦੇਣਾ। 

3. ਸਰਕਾਰ ਵਿਰੁੱਧ ਬਗਾਵਤ ਕਰਨਾ।

ਬੱਬਰ ਸ਼ਿਵਾਲਕ ਦੀਆਂ ਪਹਾੜੀਆਂ ਵੱਲ ਨਿੱਕਲ ਗਿਆ, ਪਰ ਇੱਕ ਮੇਲਾ ਸਿੰਘ ਨਾਮੀ ਗੱਦਾਰ ਨੇ ਉਸ ਨੂੰ ਆਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕਰਵਾ ਦਿੱਤਾ। ਇਸ ਕੇਸ ਵਿੱਚ ਉਸ ਨੂੰ 11  ਸਾਲ ਕੈਦ ਦੀ ਸਜ਼ਾ ਹੋਈ। ਉਸ ਨੇ ਲਾਹੌਰ ਜੇਲ੍ਹ ਅੰਦਰ ਅਧਿਕਾਰੀਆਂ ਨੂੰ ਵਖਤ ਪਾ ਦਿੱਤਾ ਤਾਂ ਉਸ ਨੂੰ ਕਾਲ਼ੇ ਪਾਣੀ ਭੇਜਣ ਲਈ ਕਲਕੱਤੇ ਗੱਡੀ ਚੜ੍ਹਾ ਦਿੱਤਾ। ਜਗਾਧਰੀ ਰੇਲਵੇ ਸਟੇਸ਼ਨ 'ਤੇ ਸਿਗਨਲ ਨਾ ਮਿਲਣ ਕਰਕੇ ਗੱਡੀ ਰੁਕ ਗਈ, ਗਾਰਦ ਨੂੰ ਸੁੱਤੀ ਪਈ ਦੇਖ ਕੇ, ਉਹ ਗੱਡੀ ਤੋਂ ਉੱਤਰ ਗਿਆ। ਪਰ ਹੱਥਕੜੀ ਅਤੇ ਬੇੜੀ ਸਮੇਤ ਦੌੜਨਾ ਮੁਸ਼ਕਿਲ ਸੀ ਅਤੇ ਗਾਰਦ ਵਾਲਿਆਂ ਨੇ ਫੜ ਲਿਆ। 

ਅੰਡੇਮਾਨ ਦੀ ਜੇਲ੍ਹ ਵਿੱਚ ਪਹਿਲਾਂ ਹੀ ਕਈ ਆਜ਼ਾਦੀ ਪ੍ਰਵਾਨੇ ਸਨ। ਬੱਬਰ ਦੇ ਪਹੁੰਚਣ ਨਾਲ ਅੰਗਰੇਜ਼ ਸਰਕਾਰ ਵਿਰੁੱਧ ਕੈਦੀਆਂ ਦੇ ਜੋਸ਼ ਵਿੱਚ ਮੁੜ ਜਵਾਨੀ ਆ ਗਈ। ਨਿੱਤ ਹੀ ਹੜਤਾਲਾਂ ਹੋਣ ਲੱਗੀਆਂ। ਇਸ ਲਈ ਜੇਲ੍ਹ ਵਾਲਿਆਂ ਬੱਬਰ ਨੂੰ ਪੁਆੜੇ ਦੀ ਜੜ੍ਹ ਸਮਝ ਕੇ ਵਾਪਸ ਲਾਹੌਰ ਜੇਲ੍ਹ ਲਈ ਜਹਾਜ਼ ਚੜ੍ਹਾ ਦਿੱਤਾ। ਕਲਕੱਤੇ ਪਹੁੰਚ ਕੇ ਇੱਕ ਕੈਦਣ ਜਨਾਨੀ ਦੀ ਮਦਦ ਨਾਲ ਬੱਬਰ ਨੇ ਦਾਤਣ ਦੇ ਬੰਡਲ ਵਿੱਚ ਦੋ ਲੋਹਾ ਕੱਟਣ ਵਾਲੇ ਬਲੇਡ ਅਤੇ ਛੇ ਬੋਤਲਾਂ ਸ਼ਰਾਬ ਮੰਗਵਾ ਲਈ। ਪਹਿਲੀ ਰਾਤ ਗਾਰਦ ਵਾਲੇ ਸ਼ਰਾਬ ਪੀ ਕੇ ਸੌਂ ਗਏ। ਦੂਸਰੀ ਰਾਤ ਵੀ ਗਾਰਦ ਵਾਲਿਆਂ ਨੂੰ ਹੋਰ ਸ਼ਰਾਬ ਦੇ ਦਿੱਤੀ ਅਤੇ ਉਹ ਨਿਸਚਿੰਤ ਹੋ ਗਏ ਕਿ ਕੱਲ੍ਹ ਨਹੀਂ ਭੱਜਿਆ ਤੇ ਅੱਜ ਵੀ ਨਹੀਂ ਭੱਜਣ ਲੱਗਾ। 

ਗਾਰਦ ਨੂੰ ਘੂਕ ਸੁੱਤੀ ਪਈ ਦੇਖ ਕੇ ਬੱਬਰ ਨੇ ਬਲੇਡ ਨਾਲ ਆਪਣੀ ਹੱਥਕੜੀ ਅਤੇ ਬੇੜੀ ਕੱਟ ਲਈ। ਗੱਡੀ ਜਦੋਂ ਨਰਵਾਣਾ ਰੇਲਵੇ ਸਟੇਸ਼ਨ ਤੋਂ ਬਾਹਰ ਸਿਗਨਲ ਨਾ ਹੋਣ ਕਰਕੇ ਰੁਕੀ ਤਾਂ ਬੱਬਰ ਭੱਜ ਗਿਆ। ਜਾਣ ਲੱਗਾ ਪੁਲਿਸ ਦੀਆਂ ਦੋ ਪੱਕੀਆਂ ਰਾਈਫਲਾਂ ਅਤੇ ਗੋਲੀਆਂ ਨਾਲ ਲੈ ਗਿਆ। ਜੰਗਲ ਬੇਲਿਆਂ ਵਿੱਚ ਦੀ ਰਾਤਾਂ ਨੂੰ ਸਫਰ ਕਰਦਾ ਉਹ ਲੱਖ ਮੁਸੀਬਤਾਂ ਝੱਲ ਕੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੋਇਆ ਮਾਛੀਵਾੜੇ ਤੋਂ ਹੁੰਦਾ ਹੋਇਆ ਆਪਣੇ ਪਿੰਡ ਰੱਕੜ ਬੇਟ ਪਹੁੰਚ ਗਿਆ। ਆਪਣੇ ਪਿੰਡ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਉਹ ਆਪਣੇ ਦੋਸਤਾਂ ਕੋਲ ਨਿੱਤ ਬਿਨਾਂ ਕਿਸੇ ਨੂੰ ਦੱਸੇ ਅਗਲੇ ਟਿਕਾਣੇ ਚਲੇ ਜਾਂਦਾ। 

ਸੰਨ 1932 ਵਿੱਚ ਉਸ ਨੇ ਪਿੰਡ ਰੁੜਕੀ ਸੈਣੀਆਂ ਵਿੱਚ ਸਰਦਾਰ ਗੇਂਦਾ ਸਿੰਘ ਅਤੇ ਉਸ ਦੇ ਭਰਾ ਨੰਬਰਦਾਰ ਈਸ਼ਰ ਸਿੰਘ ਪਾਸ ਰਹਿਣਾ ਸ਼ੁਰੂ ਕਰ ਦਿੱਤਾ। ਇਹ ਪਿੰਡ ਸਾਰਾ ਹੀ ਸੈਣੀ ਬਰਾਦਰੀ ਦਾ ਹੈ। ਸਾਰਾ ਹੀ ਪਿੰਡ ਬੱਬਰਾਂ ਦਾ ਹਮਾਇਤੀ ਸੀ। ਸ. ਗੇਂਦਾ ਸਿੰਘ ਦਾ ਘਰ ਉਸ ਲਈ ਇੱਕ ਕਿਲ੍ਹੇ ਦੀ ਤਰ੍ਹਾਂ ਸੀ। ਇਸ ਦੌਰਾਨ ਬੱਬਰਾਂ ਨੇ ਪੁਰਾਣੇ ਬੱਬਰਾਂ ਦੀ ਇੱਕ ਮੀਟਿੰਗ ਸ. ਲਛਮਣ ਸਿੰਘ ਜਗੀਰਦਾਰ ਪਿੰਡ ਸਿੰਬਲੀ ਵਿਖੇ ਬੁਲਾਈ, ਜਿਸ ਵਿੱਚ ਹੇਠ ਲਿਖੇ ਆਜ਼ਾਦੀ ਪ੍ਰਵਾਨੇ ਹਾਜ਼ਰ ਹੋਏ - ਸ. ਦਸੌਂਧਾ ਸਿੰਘ ਪਿੰਡ ਢਾਡਾ, ਫਤਹਿ ਸਿੰਘ ਚਾਹਲਪੁਰ, ਗੇਂਦਾ ਸਿੰਘ ਅਤੇ ਤਾਰਾ ਸਿੰਘ ਪਿੰਡ ਸਿੰਬਲੀ, ਬਤਨ ਸਿੰਘ ਚਾਹਲਪੁਰ, ਪਿਆਰਾ ਸਿੰਘ ਲੰਗੇਰੀ ਗਦਰੀ ਲੀਡਰ ਅਤੇ ਐਮ. ਐਲ. ਏ., ਠੋਲਾ ਸਿੰਘ ਪਿੰਡ ਬਾਘਾ, ਮਾਸਟਰ ਕਾਬਲ ਸਿੰਘ ਗੋਬਿੰਦਪੁਰ, ਅਰਜਨ ਸਿੰਘ ਸੱਚ ਖੜੌਦੀ, ਦਲੀਪ ਸਿੰਘ ਸਾਂਧਰਾ, ਰੁੜਕੀ ਖਾਸ ਦੇ ਗੇਂਦਾ ਸਿੰਘ ਅਤੇ ਈਸ਼ਰ ਸਿੰਘ, ਸ਼ਿਵ ਰਾਮ ਪਿੰਡ ਫੂਲੋਂ, ਹਰਜਾਪ ਸਿੰਘ ਬੈਂਸ ਐਮ. ਐਲ. ਏ. ਮਾਹਲਪੁਰ, ਹਜ਼ਾਰਾ ਸਿੰਘ ਰੁੜਕੀ ਖਾਸ, ਮੂਲਾ ਸਿੰਘ ਬਾਹੋਵਾਲ, ਮੁਣਸ਼ੀ ਰਾਮ ਪਿੰਡ ਚੱਕ ਹਾਜੀਪੁਰ, ਬਾਬਾ ਗੁਰਦਿੱਤ ਸਿੰਘ ਗੜਸ਼ੰਕਰ। 

ਇਸ ਮੀਟਿੰਗ ਵਿੱਚ ਸਿਆਣੇ ਦੇਸ਼ ਭਗਤਾਂ ਨੇ ਬੱਬਰਾਂ ਦੀ ਭਾਵਨਾ ਦੀ ਪੂਰੀ ਕਦਰ ਕਰਦਿਆਂ ਉਸ ਨੂੰ ਅਜੇ ਕੁਝ ਚਿਰ ਗੁਪਤ ਰਹਿ ਕੇ, ਦੇਸ਼ਧ੍ਰੋਹੀਆਂ ਦੇ ਸੁਧਾਰ ਵਲੋਂ ਸਮੇਂ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਕਿਉਂਕਿ ਪੱਤਾ ਪੱਤਾ ਉਸ ਦਾ ਵੈਰੀ ਸੀ। ਝੋਲੀਚੁੱਕ ਇਨਾਮਾਂ ਦੇ ਲਾਲਚ ਵਿੱਚ ਉਸ ਨਾਲ ਗਦਾਰੀ ਕਰਨ ਲਈ ਕਮਰਕੱਸੇ ਕਰੀ ਫਿਰਦੇ ਸਨ। ਸ. ਹਰਜਾਪ ਸਿੰਘ ਮਾਹਲਪੁਰ ਨੇ ਬੱਬਰ ਨੂੰ ਇੱਕ ਰਿਵਾਲਵਰ ਅਤੇ 50 ਗੋਲੀਆਂ ਦਿੱਤੀਆਂ। ਸ. ਪਿਆਰਾ ਸਿੰਘ ਲੰਗੇਰੀ ਨੇ ਮਾਇਕ ਸਹਾਇਤਾ ਦਿੱਤੀ। ਸ. ਗੇਂਦਾ ਸਿੰਘ ਨੇ ਇੱਕ ਪੱਕੀ ਰਾਈਫਲ, ਗੋਲੀਆਂ ਅਤੇ ਗਰਨੇਡ ਦਿੱਤੇ। 

ਪਿੰਡ ਰੁੜਕੀ ਖਾਸ ਦੇ ਸਾਰੇ ਹੀ ਲੋਕ ਆਜ਼ਾਦੀ ਪ੍ਰਵਾਨਿਆਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਸਨ। ਇੱਕ ਮੀਹਾਂ ਸਿੰਘ ਕੰਗ ਪਿੰਡ ਗੜ੍ਹੀ ਕਨੂੰਗੋਆਂ ਬੱਬਰ ਦਾ ਦੂਰੋਂ ਰਿਸ਼ਤੇਦਾਰ ਅਤੇ ਮਿੱਤਰ ਸੀ। ਉਹ ਬੱਬਰ ਪਾਸ ਰੁੜਕੀ ਆਉਂਦਾ ਰਹਿੰਦਾ ਸੀ ਪਰ ਉਹ ਇਨਾਮ ਦੇ ਲਾਲਚ ਵਿੱਚ ਆ ਗਿਆ ਕਿ ਸਰਕਾਰ ਨੇ ਬੱਬਰ ਨੂੰ ਫੜਾਉਣ ਵਾਲਿਆਂ ਨੂੰ ਪੰਜ ਮੁਰੱਬੇ ਜ਼ਮੀਨ ਅਤੇ ਚਾਰ ਹਜ਼ਾਰ ਰੁਪਏ ਨਕਦ ਦੇਣ ਦੇ ਇਸ਼ਤਿਹਾਰ ਛਪਾ ਦਿੱਤੇ ਸਨ। ਇਹ ਮੀਹਾਂ ਸਿੰਘ ਕੰਗ ਖੁਦ ਪੁਲਿਸ ਅਧਿਕਾਰੀਆਂ ਪਾਸ ਜਾਣੋਂ ਡਰਦਾ ਸੀ, ਇਸ ਲਈ ਉਸ ਨੇ ਮਹਿਤਪੁਰ ਦੇ ਜ਼ੈਲਦਾਰ ਸਿਕੰਦਰ ਖਾਂ ਨੂੰ ਆਪਣੇ ਨਾਲ ਮਿਲਾ ਲਿਆ। ਦੋਨੋਂ ਜਾ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮਿ. ਬਖਲੇ ਨੂੰ ਮਿਲੇ। ਗੇਂਦਾ ਸਿੰਘ ਦੇ ਘਰ ਦਾ ਨਕਸ਼ਾ ਵੀ ਬਣਾ ਕੇ ਦਿੱਤਾ ਤਾਂ ਕਿ ਪੁਲਿਸ ਨੂੰ ਛਾਪਾ ਮਾਰਨਾ ਸੌਖਾ ਰਹੇ। 

ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਖਬਰ ਕਰਕੇ ਉਸ ਜ਼ਿਲ੍ਹੇ ਦੀ ਪੁਲਿਸ ਫੋਰਸ ਮੰਗਵਾ ਲਈ, ਜਿਸ ਦੇ 200 ਜਵਾਨ ਰੇਲ ਗੱਡੀ ਰਾਹੀਂ ਅਲਾਚੌਰ ਰੇਲਵੇ ਸਟੇਸ਼ਨ 'ਤੇ ਪਹੁੰਚੇ, ਜਿੱਥੋਂ ਰੁੜਕੀ ਖਾਸ ਇੱਕ ਮੀਲ ਕੁ ਚੜ੍ਹਦੇ ਪਾਸੇ ਹੈ। ਹੁਸ਼ਿਆਰਪੁਰ ਦੇ ਥਾਣਿਆਂ ਅਤੇ ਪੁਲਿਸ ਲਾਇਨ ਹੁਸ਼ਿਆਰਪੁਰ ਤੋਂ ਪੁਲਿਸ ਦੇ ਜਵਾਨ ਪਿੰਡ ਨੂੰ ਘੇਰਾ ਘੱਤਣ ਲਈ ਭੇਜੇ ਗਏ। ਘੋੜਸਵਾਰ ਪੁਲਿਸ ਅਤੇ ਪੈਦਲ ਜਵਾਨਾਂ ਨੇ ਦੁਪਹਿਰ ਇੱਕ ਵਜੇ ਪਿੰਡ ਨੂੰ ਘੇਰਾ ਪਾ ਲਿਆੁੰ। ਚੱਪੇ-ਚੱਪੇ ਤੇ ਪੁਲਿਸ ਦਾ ਜਵਾਨ ਖੜ੍ਹਾ ਸੀ ਤਾਂ ਕਿ ਕੋਈ ਪਿੰਡੋਂ ਬਾਹਰ ਨਾ ਜਾ ਸਕੇ। ਘਰ-ਘਰ ਦੀ ਤਲਾਸ਼ੀ ਲੈ ਕੇ ਲੋਕਾਂ ਤੋਂ ਬੱਬਰ ਬਾਰੇ ਪੁੱਛਦੇ ਰਹੇ। ਪਿੰਡ ਦੇ ਸਭ ਮਰਦਾਂ, ਜਨਾਨੀਆਂ ਅਤੇ ਬੱਚਿਆਂ ਨੂੰ ਪਿੰਡੋਂ ਬਾਹਰ ਇੱਕ ਥਾਂ 'ਤੇ ਇਕੱਠੇ ਬਿਠਾ ਲਿਆ। ਪਿੰਡ ਦੇ ਘਰਾਂ ਦੀਆਂ ਛੱਤਾਂ 'ਤੇ ਵੀ ਪੁਲਿਸ ਵਾਲੇ ਰਫਲਾਂ ਤਾਣੀ ਬੈਠੇ ਸਨ। 

ਗੇਂਦਾ ਸਿੰਘ ਦੇ ਘਰ ਬੱਬਰ ਵੀ ਮੁਕਾਬਲੇ ਲਈ ਤਿਆਰ ਬੈਠਾ ਸੀ। ਉਸ ਨੂੰ ਹਥਿਆਰ ਸੁੱਟ ਕੇ ਬਾਹਰ ਆਉਣ ਲਈ ਕਿਹਾ ਗਿਆ ਪਰ ਉਸ ਨੇ ਬੜੀ ਬਹਾਦਰੀ ਨਾਲ ਉੱਤਰ ਦਿੱਤਾ ਕਿ ਉਹ ਮੁਕਾਬਲਾ ਕਰ ਕੇ ਸ਼ਹੀਦ ਹੋਣਾ ਠੀਕ ਸਮਝਦਾ ਹੈ। ਪੁਲਿਸ ਨੇ ਗੇਂਦਾ ਸਿੰਘ ਦੇ ਘਰ ਦੀ ਛੱਤ ਪਾੜ ਕੇ ਜਦੋਂ ਹੀ ਕੁਝ ਇੱਟਾਂ ਪੁੱਟੀਆਂ ਬੱਬਰ ਨੇ ਹੇਠੋਂ ਗੋਲੀਆਂ ਮਾਰ ਕੇ ਦੋ ਸਿਪਾਹੀ ਮਾਰ ਦਿੱਤੇ। ਫੇਰ ਪੁਲਿਸ ਨੇ ਉਸ ਮਕਾਨ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਬੱਬਰ ਉਸ ਘਰ ਦੀ ਕੰਧ ਵਿੱਚ ਮਘੋਰਾ ਕਰਕੇ ਅਗਲੇ ਘਰ ਪਹੁੰਚ ਗਿਆ। ਉਸ ਘਰ ਨੂੰ ਵੀ ਪੁਲਿਸ ਨੇ ਅੱਗ ਲਾ ਦਿੱਤੀ। ਬੱਬਰ ਅੱਗੇ ਤੋਂ ਅੱਗੇ ਕਈ ਘਰਾਂ ਦੀਆਂ ਕੰਧਾਂ ਪਾੜ ਕੇ ਨਿੱਕਲਦਾ ਰਿਹਾ। ਹੁਣ ਅਗਲੇ ਘਰ ਤੋਂ ਅੱਗੇ ਮੈਦਾਨ ਸੀ। ਪੁਲਿਸ ਦਾ ਇੱਕ ਮੁਖਬਰ ਹਜ਼ਾਰਾ ਸਿੰਘ ਉਧਰ ਖੜ੍ਹਾ ਸੀ, ਜਿਸ ਨੂੰ ਬੱਬਰ ਨੇ ਗੋਲੀ ਮਾਰ ਕੇ ਮੁਕਾ ਦਿੱਤਾ। 

ਆਖਰ ਪੁਲਿਸ ਦੀਆਂ ਕਈ ਗੋਲੀਆਂ ਲੱਗਣ ਕਾਰਨ ਬੱਬਰ ਡਿੱਗ ਪਿਆ। ਉਸ ਦੇ ਮਰੇ ਹੋਏ ਦੇ ਨੇੜੇ ਜਾਣ ਦਾ ਕੋਈ ਹੌਂਸਲਾ ਨਾ ਕਰੇ ਅਤੇ ਡਿੱਗੇ ਪਏ ਦੇ ਕਈ ਹੋਰ ਗੋਲੀਆਂ ਮਾਰ ਕੇ ਤੇ ਠੁੱਡੇ ਮਾਰ ਕੇ ਤਸੱਲੀ ਕੀਤੀ। ਹੁਸ਼ਿਆਰਪੁਰ ਤੋਂ ਹੀ ਪੁਲਿਸ ਵਾਲੇ ਇੱਕ ਪੁਰਾਣੇ ਬੱਬਰ ਮਿਲਖਾ ਸਿੰਘ ਨਿੱਝਰ ਪਿੰਡ ਪੰਡੋਰੀ ਨਿੱਝਰਾਂ ਵਾਲੇ ਦੀ ਲਾਰੀ ਲੈ ਕੇ ਗਏ ਸੀ। ਉਸ ਲਾਰੀ ਵਿੱਚ ਦੋ ਪੁਲਿਸ ਵਾਲਿਆਂ, ਇੱਕ ਮੁਖਬਰ ਅਤੇ ਬੱਬਰ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ। 

ਦੂਸਰੇ ਦਿਨ ਫੇਰ ਹੁਸ਼ਿਆਰਪੁਰ ਪੁਲਿਸ ਨੇ ਮਿਲਖਾ ਸਿੰਘ ਨਿੱਝਰ ਨੂੰ ਲਾਰੀ ਹਸਪਤਾਲ ਦੇ ਮੁਰਦਾਘਰ ਲਿਆਉਣ ਲਈ ਕਿਹਾ। ਪੋਲੀਟੀਕਲ ਪਾਰਟੀਆਂ ਬੱਬਰ ਦੀ ਲਾਸ਼ ਲੈ ਕੇ ਬਕਾਇਦਾ ਜਲੂਸ ਦੀ ਸ਼ਕਲ ਵਿੱਚ ਸ਼ਹਿਰ ਵਿੱਚ ਘੁਮਾ ਕੇ ਸਸਕਾਰ ਕਰਨਾ ਚਾਹੁੰਦੀਆਂ ਸਨ। ਗਦਰੀ ਬਾਬਾ ਹਰਜਾਪ ਸਿੰਘ ਮਾਹਲਪੁਰ, ਦਸੌਂਧਾ ਸਿੰਘ ਢਾਡਾ ਅਤੇ ਐਡਵੋਕੇਟ ਦੁਰਗਾਦਾਸ ਨੇ ਪੁਲਿਸ ਤੱਕ ਇਸ ਬਾਰੇ ਪਹੁੰਚ ਵੀ ਕੀਤੀ ਪਰ ਅਸਫਲ ਰਹੇ। ਲਾਸ਼ ਘਰ ਜਾ ਕੇ ਬੱਬਰ ਮਿਲਖਾ ਸਿੰਘ, ਜੋ ਹਾਈਕੋਰਟ ਵਲੋਂ ਬਰੀ ਹੋ ਕੇ ਆਪਣੀ ਲਾਰੀ ਚਲਾਉਂਦਾ ਸੀ, ਨੇ ਦੇਖਿਆ ਕਿ ਦੋ ਸਿਪਾਹੀਆਂ ਦੀਆਂ ਲਾਸ਼ਾਂ ਤਾਂ ਸਫੈਦ ਕੱਪੜਿਆਂ ਵਿੱਚ ਲਪੇਟੀਆਂ ਪਈਆਂ ਸਨ ਪਰ ਬੱਬਰ ਰਤਨ ਸਿੰਘ ਦੀ ਲਾਸ਼ ਚੀਰ ਫਾੜ ਕਰਕੇ ਨੰਗ ਧੜੰਗ ਪਈ ਸੀ। 

ਬੱਬਰ ਮਿਲਖਾ ਸਿੰਘ ਅਤੇ ਉਸ ਦੇ ਸਾਥੀ ਨੇ ਆਪਣੇ ਤੇੜ ਦੀਆਂ ਚਾਦਰਾਂ ਲਾਹ ਕੇ ਇੱਕ ਹੇਠਾਂ ਅਤੇ ਇੱਕ ਉੱਪਰ ਪਾ ਕੇ ਲਾਸ਼ ਲਾਰੀ ਵਿੱਚ ਦੋ ਭੰਗੀਆਂ ਦੀ ਮਦਦ ਨਾਲ ਰੱਖੀ। ਪੁਲਿਸ ਵਾਲੇ ਲਾਰੀ ਗੜ੍ਹਸ਼ੰਕਰ ਵਾਲੀ ਸੜਕ 'ਤੇ ਡੀ. ਏ. ਵੀ. ਕਾਲਜ ਤੋਂ ਅੱਗੇ ਇੱਕ ਉਜਾੜ ਥਾਂ ਲੈ ਗਏ, ਜਿੱਥੇ ਕਾਫੀ ਬਾਲਣ ਪਹਿਲਾਂ ਹੀ ਰੱਖਿਆ ਹੋਇਆ ਸੀ। ਲਾਸ਼ ਸੜਿਆਂਦ ਮਾਰ ਰਹੀ ਸੀ। ਪੁਲਿਸ ਵਲੋਂ ਲਿਆਂਦੇ ਭਾਈ ਨੂੰ ਵੀ ਆਪਣੇ ਸਾਫੇ ਨਾਲ ਮੂੰਹ ਬੰਨ੍ਹਣਾ ਪਿਆ। ਭਾਈ ਨੇ ਬੱਧੇ-ਰੁੱਧੇ ਨੇ ਅਰਦਾਸ ਕੀਤੀ। ਬੱਬਰ ਮਿਲਖਾ ਸਿੰਘ ਨੇ ਚਿਖਾ ਨੂੰ ਅੱਗ ਲਾਈ। ਉਨ੍ਹਾਂ ਦੋਨਾਂ ਨੇ ਆਪਣੀਆਂ ਪੱਗਾਂ ਅਤੇ ਕਮੀਜ਼ਾਂ ਲਾਹ ਕੇ ਚਿਖਾ 'ਤੇ ਸੁੱਟ ਦਿੱਤੀਆਂ ਕਿਉਂਕਿ ਬੱਬਰ ਦੇ ਖੂਨ ਨਾਲ ਭਿੱਜ ਗਈਆਂ ਸਨ। ਚੌਥੇ ਦਿਨ ਜਾ ਕੇ ਬੱਬਰ ਮਿਲਖਾ ਸਿੰਘ ਹੋਰੀਂ ਬੱਬਰ ਦੀ ਸਾਰੀ ਰਾਖ ਨਾਲ ਵਗਦੇ ਚੋਅ ਵਿੱਚ ਵਹਾ ਦਿੱਤੀ। 

ਰੁੜਕੀ ਖਾਸ ਸਾਰੇ ਪਿੰਡ ਨੂੰ ਹੀ ਸਰਕਾਰ ਬੱਬਰਾਂ ਦੇ ਸਾਥੀ ਸਮਝਦੀ ਸੀ। ਪਿੰਡ ਵਿੱਚ ਕਈ ਸਾਲ ਪੁਲਿਸ ਦੀ ਚੌਂਕੀ ਦਾ ਖਰਚਾ ਪਿੰਡ 'ਤੇ ਪਾਇਆ ਗਿਆ। ਪਿੰਡ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਪੰਜ ਸਾਲ ਤੱਕ ਬੰਦ ਰਹੀਆਂ। ਪਿੰਡ ਵਾਸੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਲੈਣਾ ਬੰਦ ਰਿਹਾ। ਸ਼ਾਬਾਸ਼ ਹੈ ਇਸ ਪਿੰਡ ਦੇ ਵਸਨੀਕਾਂ ਦੇ, ਜਿਨ੍ਹਾਂ ਨੇ ਫਿਰੰਗੀਅਾਂ ਤੋਂ ਆਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES