Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਕਰਮ ਸਿੰਘ ਦੌਲਤਪੁਰ

ਬੱਬਰ ਕਰਮ ਸਿੰਘ ਦੌਲਤਪੁਰ

Posted on February 20th, 2017


- ਵਾਸਦੇਵ ਸਿੰਘ ਪਰਹਾਰ, ਸਿਆਟਲ 

ਫੋਨ 206-434-1155

ਬੱਬਰ ਅਕਾਲੀ ਲਹਿਰ ਦਾ ਮੋਢੀ ਮਾਸਟਰ ਮੋਤਾ ਸਿੰਘ ਪਿੰਡ ਪਤਾਰਾ ਜ਼ਿਲ੍ਹਾ ਜਲੰਧਰ ਮੰਨਿਆ ਜਾਂਦਾ ਹੈ ਪਰ ਉਸ ਦੇ ਜਲਦੀ ਗ੍ਰਿਫਤਾਰ ਹੋਣ ਤੋਂ ਬਾਅਦ ਅਸਲ ਮਾਅਨਿਆਂ ਵਿੱਚ ਇਸ ਲਹਿਰ ਦੇ ਮੋਢੀ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਬੱਬਰ ਕਿਸ਼ਨ ਸਿੰਘ ਗੜਗੱਜ ਪਿੰਡ ਵਿਨਿੰਗ (ਨਜ਼ਦੀਕ ਜਲੰਧਰ ਛਾਉਣੀ) ਸਨ। 

ਪਿੰਡ ਦੌਲਤਪੁਰ ਸ਼ਹੀਦ ਭਗਤ ਸਿੰਘ ਨਗਰ ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕੇ 'ਤੇ ਦਸ ਕਿੱਲੋਮੀਟਰ ਜਾ ਕੇ ਸੜਕ ਦੇ ਖੱਬੇ ਹੱਥ ਹੈ। ਇਸ ਦਾ ਹੱਦ ਬਸਤ ਨੰ. 143 ਅਤੇ ਰਕਬਾ ਜ਼ਮੀਨ 249 ਹੈਕਟੇਅਰ ਹੈ। ਇਹ ਪਿੰਡ ਥਾਂਦੀ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਹੈ। 

ਬੱਬਰ ਕਰਮ ਸਿੰਘ ਦਾ ਜਨਮ ਸੰਨ 1880 ਵਿੱਚ ਪਿਤਾ ਸ. ਨੱਥਾ ਸਿੰਘ ਅਤੇ ਮਾਤਾ ਦੁੱਲੀ ਦੀ ਕੁੱਖੋਂ ਹੋਇਆ। ਮਾਤਾ ਦੁੱਲੀ ਪਿੰਡ ਕੌਲਗੜ੍ਹ ਤੋਂ ਸੀ। ਉਨ੍ਹਾਂ ਨੇ ਜਵਾਨ ਹੋ ਕੇ ਸੱਤ ਸਾਲ ਫੌਜ ਵਿੱਚ ਨੌਕਰੀ ਕੀਤੀ। ਹੋਤੀ ਮਰਦਾਨ ਵਾਲਿਆਂ ਦੀ ਸੰਗਤ ਦਾ ਉਨ੍ਹਾਂ 'ਤੇ ਐਨਾ ਅਸਰ ਹੋਇਆ ਕਿ ਨੌਕਰੀ ਛੱਡ ਕੇ ਪਿੰਡ ਆ ਗਏ ਅਤੇ ਇੱਕ ਭੋਰਾ ਪੁੱਟ ਕੇ ਉਸ ਵਿੱਚ ਦਿਨ-ਰਾਤ ਭਗਤੀ ਕਰਨ ਲੱਗੇ। ਉਨ੍ਹਾਂ ਦੀ ਇਸ ਹਾਲਤ ਬਾਰੇ ਕੈਨੇਡਾ ਰਹਿੰਦੇ ਉਨ੍ਹਾਂ ਦੇ ਚਾਚੇ ਨੂੰ ਪਤਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਸੰਨ 1907 ਵਿੱਚ ਕੈਨੇਡਾ ਬੁਲਾ ਲਿਆ। ਕੈਨੇਡਾ ਆ ਕੇ ਵੀ ਉਨ੍ਹਾਂ ਦਾ ਧਿਆਨ ਭਗਤੀ ਵੱਲ ਸੀ ਪਰ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਕਰਕੇ ਉਨ੍ਹਾਂ ਦਾ ਮਨ ਬਹੁਤ ਉਦਾਸ ਰਹਿੰਦਾ ਸੀ। 

ਉਨ੍ਹੀਂ ਦਿਨੀਂ ਕੈਨੇਡਾ ਅੰਦਰ ਵੀ ਲੋਕਾਂ ਵਿੱਚ ਗਦਰ ਲਹਿਰ ਦਾ ਪ੍ਰਚਾਰ ਜ਼ੋਰਾਂ 'ਤੇ ਸੀ। ਸੰਨ 1914 ਵਿੱਚ ਦੂਸਰੀ ਵਿਸ਼ਵ ਜੰਗ ਦੇ ਸ਼ੁਰੂ ਹੋਣ ਕਰਕੇ ਗਦਰੀਆਂ ਨੇ ਇਹ ਸੋਚਿਆ ਕਿ ਹਿੰਦੁਸਤਾਨ ਦੀ ਸਰਕਾਰ ਤਾਂ ਜੰਗ ਵਿੱਚ ਜਰਮਨ ਵਿਰੁੱਧ ਰੁੱਝੀ ਹੋਈ ਹੈ ਤੇ ਹੁਣ ਦੇਸ਼ ਵਿੱਚ ਗਦਰ ਮਚਾ ਕੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਭਜਾਉਣਾ ਸੌਖਾ ਹੈ। ਸਾਰੇ ਹੀ ਗਦਰੀ ਇੱਕ ਦੂਜੇ ਤੋਂ ਮੂਹਰੇ ਹੋ ਕੇ ਦੇਸ਼ ਨੂੰ ਪਰਤੇ। ਅਜਿਹੇ ਹੀ ਸੂਰਮਿਆਂ ਵਿੱਚੋਂ ਸਨ ਕਰਮ ਸਿੰਘ। ਉਨ੍ਹਾਂ ਦਾ ਬਚਪਨ ਦਾ ਨਾਂ ਨਰੈਣ ਸਿੰਘ ਸੀ। ਨਨਕਾਣਾ ਸਾਹਿਬ ਦੇ 1921 ਦੇ ਸਾਕੇ ਤੋਂ ਬਾਅਦ ਉਹ ਆਸਾ ਸਿੰਘ ਭਕਜੁੱਦੀ ਨਾਲ ਨਨਕਾਣਾ ਸਾਹਿਬ ਗਏ ਅਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਉਨ੍ਹਾਂ ਦਾ ਨਾਮ ਕਰਮ ਸਿੰਘ ਰੱਖਿਆ ਗਿਆ। 

ਜਦੋਂ 1914 ਵਿੱਚ ਉਹ ਹਿੰਦੁਸਤਾਨ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪਿੰਡ ਦੌਲਤਪੁਰ ਵਿੱਚ ਜੂਹਬੰਦ ਕਰ ਦਿੱਤਾ ਗਿਆ। ਇਹ ਜੂਹਬੰਦੀ ਸੰਨ 1918 ਤੱਕ ਰਹੀ। ਇਨ੍ਹੀਂ ਦਿਨੀਂ ਉਹ ਕਾਂਗਰਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਇੱਕ ਕਾਨਫਰੰਸ ਪਿੰਡ ਦੌਲਤਪੁਰ ਕਰਨੀ ਨੀਯਤ ਕਰ ਲਈ ਪਰ ਸਰਕਾਰ ਨੇ ਪਿੰਡ ਦੌਲਤਪੁਰ ਵਿੱਚ ਦਫਾ 144 ਲਗਾ ਦਿੱਤੀ ਤਾਂ ਸ. ਕਰਮ ਸਿੰਘ ਹੁਰਾਂ ਨੇ ਇਹ ਕਾਨਫਰੰਸ ਪਿੰਡ ਮਹਿਤਪੁਰ ਵਿੱਚ ਜਾ ਕੀਤੀ।

ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹ ਪੂਰੀ ਸਰਗਰਮੀ ਨਾਲ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈਣ ਲੱਗ ਪਏ। ਹੋਠੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਉੱਥੋਂ ਦੇ ਮਹੰਤ ਵਿਰੁੱਧ ਆਪਣੇ ਇਲਾਕੇ 'ਚੋਂ 50 ਸਿੰਘਾਂ ਦਾ ਜਥਾ ਲੈ ਕੇ ਗਏ। ਸੰਨ 1921 ਵਿੱਚ ਮਾਸਟਰ ਮੋਤਾ ਸਿੰਘ ਦੀ ਅਗਵਾਈ ਵਿੱਚ ਸਿੱਖ ਕਾਨਫਰੰਸ ਤੋਂ ਬਾਅਦ ਗਰਮਖਿਆਲੀ ਨੌਜਵਾਨਾਂ ਨੇ ਸੋਚਿਆ ਕਿ ਸ਼ਾਂਤਮਈ ਤਰੀਕੇ ਨਾਲ ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਕੱਢਣਾ ਔਖਾ ਹੈ। ਸਰਕਾਰ ਦੇ ਝੋਲੀਚੁੱਕ ਨੰਬਰਦਾਰ, ਜ਼ੈਲਦਾਰ, ਸਫੈਦਪੋਸ਼, ਪਟਵਾਰੀ ਆਦਿ ਦਾ ਸੁਧਾਰ ਕਰਨਾ ਜ਼ਰੂਰੀ ਹੈ। ਸ. ਕਿਸ਼ਨ ਸਿੰਘ ਗੜਗੱਜ ਨੇ ਜਲੰਧਰ ਦੇ ਨੇੜੇ-ਤੇੜੇ ਸਰਗਰਮੀਆਂ ਲਈ ਆਪਣਾ ਚੱਕਰਵਰਤੀ ਜਥਾ ਬਣਾ ਲਿਆ ਅਤੇ ਸ. ਕਰਮ ਸਿੰਘ ਨੇ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਆਪਣਾ ਜਥਾ ਬਣਾ ਲਿਆ, ਜਿਸ ਵਿੱਚ ਆਸਾ ਸਿੰਘ ਭਕੜੁੱਦੀ, ਹਰੀ ਸਿੰਘ ਸੂੰਢ ਅਤੇ ਕਰਮ ਸਿੰਘ ਝਿੰਗੜ, ਜੋ ਸਾਰੇ ਕੈਨੇਡਾ ਤੋਂ ਪਰਤੇ ਗਦਰੀ ਸਨ, ਉਨ੍ਹਾਂ ਦੇ ਸਾਥੀ ਸਨ। ਹੋਰ ਵੀ ਦਲੀਪ ਸਿੰਘ ਗੋਸਲ, ਆਤਮਾ ਸਿੰਘ ਬੀਕਾ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ ਵਰਗੇ ਆਜ਼ਾਦੀ ਪ੍ਰਵਾਨੇ ਸਨ। 

ਸੰਨ 1922 ਦੇ ਆਨੰਦਪੁਰ ਸਾਹਿਬ ਹੋਲੇ-ਮਹੱਲੇ ਸਮੇਂ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਬੱਬਰ ਕਰਮ ਸਿੰਘ ਦੌਲਤਪੁਰ ਦੀ ਜ਼ੋਸ਼ੀਲੀ ਤਕਰੀਰ ਸੁਣੀ, ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏੁੰ। ਬੱਬਰ ਕਰਮ ਸਿੰਘ ਦੌਲਤਪੁਰ ਕੈਨੇਡਾ ਵਿਖੇ ਅਮਰੀਕਾ ਤੋਂ ਛਪਦੇ ਗਦਰ ਅਖਬਾਰ ਵਿੱਚ ਲੋਕਾਂ 'ਤੇ ਜਾਦੂਮਈ ਪ੍ਰਭਾਵ ਦੇਖ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਪੰਜਾਬ ਵਿੱਚ ਹੀ ਅਜਿਹਾ ਅਖਬਾਰ ਛਾਪਣ ਦਾ ਸੋਚਿਆ। ਬਿਛੌੜੀ ਦੇ ਨੰਬਰਦਾਰ ਕਾਕੇ ਤੋਂ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟ ਕੇ ਉਸ ਵਿੱਚੋਂ ਇੱਕ ਸੌ ਰੁਪਏ ਦੀ ਇੱਕ ਡੁਪਲੀਕੇਟਿੰਗ ਮਸ਼ੀਨ ਲਾਹੌਰ ਤੋਂ ਖਰੀਦੀ ਗਈ। ਇਸ ਮਸ਼ੀਨ ਨਾਲ ਅਗਸਤ 1922 ਵਿੱਚ ਪਹਿਲਾ ਪਰਚਾ ਛਾਪਿਆ ਗਿਆ। ਇਸ ਪਰਚੇ ਵਿੱਚ ਸਰਕਾਰ ਦੇ ਝੋਲੀਚੁੱਕ ਨੰਬਰਦਾਰਾਂ, ਜ਼ੈਲਦਾਰਾਂ ਵਗੈਰਾ ਨੂੰ ਤਾੜਨਾ ਕੀਤੀ ਗਈ ਕਿ ਉਹ ਬੱਬਰਾਂ ਵਿਰੁੱਧ ਮੁਖਬਰੀਆਂ ਕਰਨੀਆਂ ਬੰਦ ਕਰ ਦੇਣ ਨਹੀਂ ਤਾਂ ਬੱਬਰਾਂ ਨੂੰ ਮਜ਼ਬੂਰਨ ਉਨ੍ਹਾਂ ਦਾ ਸੁਧਾਰ ਕਰਨਾ ਪਵੇਗਾ। 

ਬੱਬਰ ਕਰਮ ਸਿੰਘ ਝਿੰਗੜ (ਨਜ਼ਦੀਕ ਬੰਗਾ) ਨੇ ਦੁਆਬੇ ਦੇ ਦੋਵੇਂ ਬੱਬਰ ਜੱਥਿਆਂ ਨੂੰ ਇਕੱਠੇ ਕਰਕੇ ਇੱਕ ਜਥਾ ਬਣਾਉਣ ਲਈ ਸਾਰੇ ਬੱਬਰਾਂ ਦੀ ਆਪਣੇ ਪਿੰਡ ਮੀਟਿੰਗ ਰੱਖੀ। ਜਿਸ ਵਿੱਚ ਬੱਬਰ ਕਿਸ਼ਨ ਸਿੰਘ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਦੋਵਾਂ ਨੇ ਇੱਕ ਜਥਾ ਬਣਾਉਣ ਦੀ ਸਹਿਮਤੀ ਪ੍ਰਗਟਾਈ ਅਤੇ ਨਵੇਂ ਜਥੇ ਦਾ ਨਾਂਅ ਬੱਬਰ ਅਕਾਲੀ ਰੱਖਿਆ ਗਿਆ। ਸਾਰਿਆਂ ਨਾਲ ਸਰਬਸੰਮਤੀ ਨਾਲ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਨਵੇਂ ਜਥੇ ਦਾ ਪ੍ਰਮੁੱਖ ਮੰਨ ਲਿਆ ਅਤੇ ਫੈਸਲਾ ਕੀਤਾ ਕਿ ਅੱਗੇ ਤੋਂ ਉਨ੍ਹਾਂ ਨੂੰ ਸਾਰੇ ਬੱਬਰ ਸਾਬ੍ਹ ਕਹਿ ਕੇ ਬੁਲਾਇਆ ਕਰਨਗੇ। ਬੱਬਰਾਂ ਦੀ ਪ੍ਰੈੱਸ ਨੂੰ ਪਹਿਲਾਂ ਉਡਾਰੂ ਪ੍ਰੈਸ ਅਤੇ ਫਿਰ ਸਫਰੀ ਪ੍ਰੈਸ ਆਖਿਆ ਜਾਂਦਾ ਕਿਉਂਕਿ ਇਹ ਇੱਕ ਥਾਂ ਨਹੀਂ ਸੀ ਰੱਖੀ ਜਾਂਦੀ। ਸੰਨ 1922 ਤੋਂ 1923 ਦੇ ਸਮੇਂ ਇਸ ਪ੍ਰੈਸ ਤੋਂ ਬੱਬਰ ਅਕਾਲੀ ਅਖਬਾਰ ਦੇ 15 ਇਸ਼ੂ ਪ੍ਰਕਾਸ਼ਿਤ ਕੀਤੇ ਗਏ। ਬੱਬਰ ਕਰਮ ਸਿੰਘ ਦੌਲਤਪੁਰ ਵਿਰੁੱਧ ਹੇਠ ਲਿਖੇ ਡਾਕਿਆਂ, ਕਤਲਾਂ ਦੇ ਕੇਸ ਦਰਜ ਹੋਏ -

1. ਰਾਮ ਦਿੱਤਾ ਉਰਫ ਕਾਕਾ ਨੰਬਰਦਾਰ ਤੋਂ 3 ਜੁਲਾਈ, 1923 ਨੂੰ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟਣਾ। 

2. 2,3 ਫਰਵਰੀ, 1923 ਨੂੰ ਸੇਠ ਮੁਣਸ਼ੀ ਰਾਮ ਪਿੰਡ ਜਾਡਲਾ ਦੇ ਘਰ ਡਾਕਾ ਮਾਰਨਾ। 

3. ਗਦਾਰ ਲਾਭ ਸਿੰਘ ਢੱਡੇ ਫਤਹਿ ਸਿੰਘ, ਜਿਸ ਨੇ ਬੱਬਰ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਸੀ, ਨੂੰ ਮਾਰਨ ਦੀਆਂ ਤਿੰਨ ਵਾਰੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਬਚਦਾ ਰਿਹਾ। 

4. ਬੱਬਰ ਧੰਨਾ ਸਿੰਘ ਬਹਿਬਲਪੁਰ ਨੂੰ ਪਿੰਡ ਨਾ ਵੜਨ ਦੇਣ ਵਾਲੇ ਬਹਿਬਲਪੁਰ ਦੇ ਨੰਬਰਦਾਰ ਹਜ਼ਾਰਾ ਸਿੰਘ ਨੂੰ ਕਤਲ ਕਰਨ ਦਾ ਦੋਸ਼ 

5. ਨਾਨਕੇ ਪਿੰਡ ਕੌਲਗੜ੍ਹ ਦੇ ਨੰਬਰਦਾਰ ਰਲ਼ਾ ਅਤੇ ਉਸ ਦੇ ਭਰਾ ਦਿੱਤੂ ਦਾ ਕਤਲ। ਇਹ ਦੋਵੇਂ ਭਰਾ ਤਾੜਨਾ ਕਰਨ ਦੇ ਬਾਵਜੂਦ ਮੁਖਬਰੀਆਂ ਕਰਨੋਂ ਬਾਜ ਨਹੀਂ ਸੀ ਆਏ। 

ਸੰਨ 1922-23 ਦੀਆਂ ਗਰਮੀਆਂ ਵਿੱਚ ਬੱਬਰਾਂ ਨੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਅੰਦਰ ਸੜਕ ਕੰਢੇ ਲੱਗੇ ਅੰਬਾਂ ਦੇ ਰੁੱਖਾਂ ਦੇ ਫਲ਼ ਦੀ ਬੋਲੀ ਨਾ ਹੋਣ ਦਿੱਤੀ। ਲੋਕਾਂ ਮੁਫਤ ਅੰਬ ਚੂਪੇ ਅਤੇ ਬੱਬਰਾਂ ਨੂੰ ਅਸੀਸਾਂ ਦਿੱਤੀਆਂ। ਬੱਬਰ ਕਰਮ ਸਿੰਘ ਪੁਲਿਸ ਤੋਂ ਭਗੌੜਾ ਸੀ। ਉਸ ਨੇ ਅਤੇ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਨੇ ਜੱਸੋਵਾਲ ਵਿਖੇ ਸਾਰੇ ਬੱਬਰਾਂ ਦੀ ਮੀਟਿੰਗ ਵਿੱਚ ਤਜਵੀਜ਼ ਰੱਖੀ ਕਿ ਝੋਲੀ ਚੁੱਕਾਂ ਦੇ ਸੁਧਾਰ ਤੋਂ ਬਾਅਦ ਪੁਲਿਸ ਤਫਤੀਸ਼ ਦੇ ਬਹਾਨੇ ਆਮ ਲੋਕਾਂ 'ਤੇ ਤਸ਼ੱਦਦ ਕਰਦੀ ਹੈ। ਇਸ ਲਈ ਹਰ ਵਾਰਦਾਤ ਦੀ ਥਾਂ 'ਤੇ ਇੱਕ ਚਿੱਠੀ ਰੱਖ ਦਿੱਤੀ ਜਾਵੇ ਕਿ ਇਹ ਕੰਮ ਬੱਬਰਾਂ ਨੇ ਕੀਤਾ ਹੈ ਤੇ ਪੁਲਿਸ ਆਮ ਲੋਕਾਂ ਨੂੰ ਖਾਹਮਖਾਹ ਤੰਗ ਨਾ ਕਰੇ। 

ਬੱਬਰਾਂ ਨੇ ਕੁਝ ਕੁ ਝੋਲੀਚੁੱਕਾਂ ਦੇ ਕਤਲ ਕਰਕੇ ਐਸੀ ਦਹਿਸ਼ਤ ਫੈਲਾਈ ਕਿ ਨੰਬਰਦਾਰ, ਜ਼ੈਲਦਾਰ ਅਤੇ ਹੋਰ ਪੁਲਿਸ ਮੁਖਬਰ ਅਫਸਰਾਂ ਕੋਲ ਬੱਬਰਾਂ ਬਾਰੇ ਜਾਣਕਾਰੀ ਦੇਣ ਲੱਗਿਆਂ ਪਹਿਲਾਂ ਆਲਾ-ਦੁਆਲਾ ਦੇਖ ਕੇ ਅਫਸਰ ਦੇ ਕੰਨ ਵਿੱਚ ਹੌਲੀ ਦੇਣੀ ਆਖਦੇ ਕਿ ਉਨ੍ਹਾਂ ਦੀ ਅਵਾਜ਼ ਕੋਈ ਸੁਣ ਨਾ ਲਵੇ। ਬੱਬਰਾਂ ਦੀ ਦਹਿਸ਼ਤ ਦੀ ਗੂੰਜ ਇੰਗਲੈਂਡ ਦੀ ਪਾਰਲੀਮੈਂਟ ਤੱਕ ਪੁੱਜ ਗਈ ਅਤੇ ਅੰਗਰੇਜ਼ ਅਫਸਰਾਂ ਨੂੰ ਹੋਰ ਸਖਤੀ ਕਰਨ ਦੇ ਹੁਕਮ ਮਿਲੇ। ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਕਮਾਨ ਹੇਠ ਇੱਕ ਮਿਲਟਰੀ ਸਕੁਐਡ ਵੀ ਕੀਤਾ ਗਿਆ। ਥਾਂ ਥਾਂ ਪਿੰਡਾਂ ਵਿੱਚ ਚੌਂਕੀਆਂ ਸਥਾਪਤ ਕੀਤੀਆਂ ਗਈਆਂ ਤੇ ਇਨ੍ਹਾਂ ਵਿੱਚ ਬਹੁਤੇ ਪੁਲਿਸ ਮੁਲਾਜ਼ਮ ਮੁਸਲਮਾਨ ਲਗਾਏ ਗਏ, ਜਿਨ੍ਹਾਂ ਨੂੰ ਸਿੱਖਾਂ ਨਾਲ ਜਾਂ ਬੱਬਰਾਂ ਦੇ ਸੰਘਰਸ਼ ਨਾਲ ਕੋਈ ਹਮਦਰਦੀ ਨਹੀਂ ਸੀ। ਬੱਬਰਾਂ ਨੂੰ ਫੜਾਉਣ ਵਿੱਚ ਸਹਾਈ ਹੋਣ ਵਾਲਿਆਂ ਨੂੰ ਬਾਰ ਵਿੱਚ ਜ਼ਮੀਨ ਦੇ ਮੁਰੱਬੇ ਅਤੇ ਨਕਦ ਇਨਾਮਾਂ ਦੇ ਪੋਸਟਰ ਛਪਾ ਕੇ ਪਿੰਡਾਂ ਵਿੱਚ ਲਾਏ ਗਏ, ਜਿਸ ਦੇ ਲਾਲਚ ਵਿੱਚ ਫਸ ਕੇ ਝੋਲੀਚੁੱਕ, ਜਸੂਸ ਅਤੇ ਕੁਝ ਬੱਬਰ ਵੀ ਆਪਣੇ ਸਾਥੀਆਂ ਵਿਰੁੱਧ ਗਦਾਰੀ ਕਰਨ 'ਤੇ ਉੱਤਰ ਆਏ। ਅਜਿਹਾ ਹੀ ਇੱਕ ਗਦਾਰ ਅਨੂਪ ਸਿੰਘ ਮਾਣਕੋ ਸੀ, ਜੋ ਬੱਬਰ ਕਰਮ ਸਿੰਘ ਨੂੰ ਆਪਣਾ ਧਰਮ ਦਾ ਪਿਤਾ ਕਹਿੰਦਾ ਹੁੰਦਾ ਸੀ ਅਤੇ ਬੱਬਰ ਸਾਹਿਬ ਉਸ ਨੂੰ ਧਰਮ ਦਾ ਪੁੱਤਰ ਆਖਦੇ ਸਨ। 

30 ਅਗਸਤ, 1923 ਨੂੰ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਰਿਆਸਤ ਕਪੂਰਥਲਾ ਵਿਖੇ ਸੱਤ ਬੱਬਰ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਧੰਨਾ ਸਿੰਘ ਬਹਿਬਲਪੁਰ ਅਤੇ ਦਲੀਪ ਸਿੰਘ ਧਾਮੀਆਂ ਸਣੇ ਗਦਾਰ ਅਨੂਪ ਸਿੰਘ ਮਾਣਕੋ ਦੇ ਰਾਮਗੜ੍ਹੀਆਂ ਦੀ ਕੋਠੀ, ਜੋ ਪਿੰਡੋਂ ਬਾਹਰ ਸੀ, ਵਿਖੇ ਠਹਿਰੇ ਹੋਏ ਸਨ। ਉਸ ਦਿਨ ਗਦਾਰ ਅਨੂਪ ਸਿੰਘ ਦਾ ਰੰਗ ਉੱਡਿਆ ਹੋਇਆ ਅਤੇ ਅਵਾਜ਼ ਥਥਲਾਉਂਦੀ ਦੇਖ ਕੇ ਬੱਬਰ ਧੰਨਾ ਸਿੰਘ ਬਹਿਬਲਪੁਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਕਿਹਾ ਕਿ ਮੈਨੂੰ ਅੱਜ ਅਨੂਪ ਸਿੰਘ ਦੀ ਨੀਅਤ ਖਰਾਬ ਲਗਦੀ ਏ। ਬੱਬਰ ਕਰਮ ਸਿੰਘ ਨੇ ਕਿਹਾ, ''ਤੂੰ ਤਾਂ ਐਵੇਂ ਸ਼ੱਕ ਕਰਦਾ ਏਂ, ਉਸਨੂੰ ਮਰੋੜ ਲੱਗੇ ਹੋਏ ਨੇ ਤਾਂ ਹੀ ਉਹ ਘੜੀ-ਮੁੜੀ ਖੇਤਾਂ ਵੱਲ ਜਾਂਦਾ ਏ। ਉਹ ਤਾਂ ਮੇਰਾ ਧਰਮ ਪੁੱਤਰ ਏ।'' 

ਬੱਬਰ ਜਥਾ ਇੱਕ ਰਾਤ ਤੋਂ ਵੱਧ ਇੱਕ ਟਿਕਾਣੇ 'ਤੇ ਨਹੀਂ ਠਹਿਰਿਆ ਕਰਦਾ ਸੀ ਅਤੇ ਅਗਲੇ ਦਿਨ ਉਹ ਬੰਬੇਲੀ, ਜੋ ਇੱਥੋਂ ਦੋ ਕੁ ਮੀਲ ਦੱਖਣ ਵੱਲ ਨੂੰ ਹੈ, ਨੂੰ ਚੱਲਣ ਲੱਗੇ ਤਾਂ ਗਦਾਰ ਅਨੂਪ ਸਿੰਘ ਬੱਬਰ ਸਾਹਿਬ ਨੂੰ ਕਹਿਣ ਲੱਗਾ, ''ਮੈਨੂੰ ਮਰੋੜ ਲੱਗੇ ਹੋਏ ਨੇ, ਇਸ ਲਈ ਤੁਸੀਂ ਚੱਲੋ ਮੈਂ ਕੱਲ੍ਹ ਨੂੰ ਆ ਜਾਵਾਂਗਾ।'' ਡੁਮੇਲੀ ਤੋਂ ਬੰਬੇਲੀ ਵੱਲ ਨੂੰ ਥੋੜ੍ਹੀ ਦੂਰ ਜਾ ਕੇ ਬੱਬਰ ਧੰਨਾ ਸਿੰਘ ਬਹਿਬਲਪੁਰ ਨੇ ਬੱਬਰ ਕਰਮ ਸਿੰਘ ਨੂੰ ਕਿਹਾ, ਜਿਸ ਟਿਕਾਣੇ 'ਤੇ ਠਹਿਰਨ ਦਾ ਤੁਸੀਂ ਅਨੂਪ ਸਿੰਘ ਨੂੰ ਬੰਬੇਲੀ ਠਹਿਰਨ ਦਾ ਜੋ ਦੱਸਿਆ ਹੈ, ਆਪਾਂ ਨੂੰ ਅੱਜ ਉੱਥੇ ਨਹੀਂ, ਕਿਸੇ ਹੋਰ ਥਾਂ ਠਹਿਰਨਾ ਚਾਹੀਦਾ ਹੈ। ਜਦੋਂ ਬੱਬਰ ਕਰਮ ਸਿੰਘ ਨਾ ਮੰਨੇ ਤਾਂ ਬੱਬਰ ਧੰਨਾ ਸਿੰਘ, ਦਲੀਪ ਸਿੰਘ ਧਾਮੀਆਂ ਦੀ ਬਾਂਹ ਫੜ੍ਹ ਕੇ ਬੋਲਿਆ, ''ਚੱਲ ਆਪਾਂ ਅੱਜ ਹੋਰ ਕਿਸੇ ਪਾਸੇ ਚਲਦੇ ਹਾਂ। ਇਨ੍ਹਾਂ ਦਾ ਧਰਮ ਪੁੱਤਰ ਇਨ੍ਹਾਂ ਨੂੰ ਜ਼ਰੂਰ ਧਰਮਰਾਜ ਕੋਲ ਪਹੁੰਚਾਏਗਾ।'' 

ਇਹ ਆਖ ਕੇ ਉਹ ਦੋਵੇਂ ਬੰਬੇਲੀ ਦੀ ਬਜਾਏ ਪਿੰਡ ਪਾਂਛਟਾ ਨੂੰ ਚਲੇ ਗਏ ਅਤੇ ਆਪਣੇ ਇੱਕ ਭਰੋਸੇਮੰਦ ਟਿਕਾਣੇ 'ਤੇ ਜਾ ਠਹਿਰੇ। ਗਦਾਰ ਅਨੂਪ ਸਿੰਘ ਨੇ ਪਿੰਡ ਡੁਮੇਲੀ ਪਹੁੰਚ ਕੇ ਆਪਣੇ ਚਾਚੇ ਦੇ ਪੁੱਤਰ ਕੇਵਲ ਸਿੰਘ ਨੂੰ ਪਿੰਡ ਮਾਣਕੋ ਭੇਜਿਆ ਕਿ ਜਾ ਕੇ ਗਦਾਰ ਦੇ ਚਾਚੇ ਬੋਘ ਸਿੰਘ ਸੀ. ਆਈ. ਡੀ. ਦੇ ਸਿਪਾਹੀ ਨੂੰ ਬੱਬਰਾਂ ਦੇ ਕੱਲ੍ਹ ਦੇ ਬੰਬੇਲੀ ਦੇ ਟਿਕਾਣੇ ਬਾਰੇ ਦੱਸ ਦੇਵੇ। ਸੁਨੇਹਾ ਮਿਲਦੇ ਸਾਰ ਬੋਘ ਸਿੰਘ ਨੇ ਅੱਧੀ ਰਾਤ ਨੂੰ ਪੁਲਿਸ ਕਮਿਸ਼ਨਰ ਮਿ. ਸਮਿੱਥ ਦੀ ਕੋਠੀ ਪਹੁੰਚ ਕੇ ਇਹ ਸੂਚਨਾ ਦਿੱਤੀ। ਮਿ. ਸਮਿੱਥ ਨੇ ਤੜਕੇ ਹੀ ਇਹ ਖਬਰ ਡਿਪਟੀ ਕਮਿਸ਼ਨਰ ਮਿ. ਜੈਕਬ ਨੂੰ ਜਾ ਦਿੱਤੀ ਅਤੇ ਉਸ ਨੇ ਰਸਾਲੇ ਦੇ ਕਰਨਲ ਕਮਾਂਡਿੰਗ ਅਫਸਰ ਨੂੰ ਰਿਆਸਤ ਕਪੂਰਥਲਾ ਦੇ ਪਿੰਡ ਬੰਬੇਲੀ ਨੂੰ ਘੇਰਾ ਪਾਉਣ ਲਈ ਆਖਿਆ। 

1 ਸਤੰਬਰ, 1923 ਦੇ ਤੜਕੇ ਹੀ ਗਦਾਰ ਅਨੂਪ ਸਿੰਘ ਬੱਬਰਾਂ ਦੇ ਟਿਕਾਣੇ ਪਹੁੰਚ ਗਿਆ ਅਤੇ ਸੁੱਤੇ ਪਏ ਬੱਬਰਾਂ ਦੇ ਬੰਬ ਅਤੇ ਹਥਿਆਰ ਪਰ੍ਹੇ ਕਰ ਦਿੱਤੇ ਅਤੇ ਆਪ ਖੁਦ ਪੁਲਿਸ ਕਪਤਾਨ ਕੋਲ ਪਹੁੰਚ ਗਿਆ। ਚਾਰੇ ਬੱਬਰ ਲਲਕਾਰੇ ਮਾਰਦੇ ਪਿੰਡੋਂ ਬਾਹਰ ਚੋਈ ਵੱਲ ਨੂੰ ਨਿੱਕਲੇ। ਪੁਲਿਸ ਉਨ੍ਹਾਂ ਨੂੰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਨੂੰ ਵਾਰ-ਵਾਰ ਆਖ ਰਹੀ ਸੀ। ਪਰ ਬੱਬਰਾਂ ਨੇ ਮੁਕਾਬਲੇ ਕਰਕੇ ਸ਼ਹੀਦੀ ਪਾਈ। ਇਨ੍ਹਾਂ ਚਾਰ ਬੱਬਰਾਂ ਦੀ ਸ਼ਹੀਦੀ ਨੇ ਬੱਬਰ ਅਕਾਲੀ ਲਹਿਰ ਦਾ ਲੱਕ ਹੀ ਤੋੜ ਦਿੱਤਾ। 

ਬੱਬਰ ਕਰਮ ਸਿੰਘ ਦੌਲਤਪੁਰ ਅਤੇ ਹੋਰ ਬੱਬਰਾਂ ਦੀ ਯਾਦ ਵਿੱਚ ਪਿੰਡ ਦੌਲਤਪੁਰ ਵਿਖੇ ਇੱਕ ਬਹੁਤ ਸ਼ਾਨਦਾਰ ਬੱਬਰ ਮੈਮੋਰੀਅਲ ਹਾਲ ਬਣਿਆ ਹੋਇਆ ਹੈ, ਜਿਸ ਵਿੱਚ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਅਤੇ ਉਮਰ ਕੈਦ ਜਾਂ ਹੋਰ ਸਜ਼ਾਵਾਂ ਕੱਟਣ ਵਾਲਿਆਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਹਨ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES