Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗਣਗੀਆਂ

Posted on February 17th, 2017


ਸਰੀ (ਅਕਾਲ ਗਾਰਡੀਅਨ ਬਿਊਰੋ)- ਸਿੱਖ ਸੰਗਤ ਦੀਆਂ ਕੋਸ਼ਿਸ਼ਾਂ, ਅਰਦਾਸਾਂ ਤੇ ਸ਼ਹੀਦ ਪਰਿਵਾਰਾਂ ਦੀ ਲਾਬਿੰਗ ਰੰਗ ਲਿਆਈ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਨਿੱਜੀ ਸਹਾਇਕ ਸੁਖਦੇਵ ਸਿੰਘ ਭੂਰਾ-ਕੋਨਾ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਸਾਕਾ ਨਕੋਦਰ (4 ਫਰਵਰੀ 1986) ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਭਾਈ ਬਲਧੀਰ ਸਿੰਘ ਜੀ ਫੌਜੀ ਅਤੇ ਭਾਈ ਝਲਮਣ ਸਿੰਘ ਗੋਰਸੀਆਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਸਬੰਧੀ ਮਤਾ 17 ਫਰਵਰੀ 2017 ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਹੈ।

ਇਸ ਮੀਟਿੰਗ ਅੰਦਰ 1 ਜਨਵਰੀ 1993 ਨੂੰ ਝੂਠੇ ਮੁਕਾਬਲੇ 'ਚ ਸ਼ਹੀਦ ਕੀਤੇ ਗਏ ਜਥੇਦਾਰ ਅਕਾਲ ਤਖਤ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਸੌਦਾ ਸਾਧ ਦੇ ਗੁੰਡਿਆਂ ਵਲੋਂ 10 ਅਕਤੂਬਰ 2013 'ਚ ਕਤਲ ਕੀਤੇ ਗਏ ਸ਼ਹੀਦ ਭਾਈ ਹਰਮੰਦਰ ਸਿੰਘ ਡੱਬਵਾਲੀ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਸਬੰਧੀ ਮਤਾ ਵੀ ਪਾਸ ਕਰ ਦਿੱਤਾ ਗਿਆ ਹੈ।

ਚਾਹੀਦਾ ਤਾਂ ਇਹ ਸੀ ਕਿ ਸ਼ਰੋਮਣੀ ਕਮੇਟੀ ਖੁਦ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕਰਕੇ ਸ਼ਹੀਦਾਂ ਦੀਆਂ ਤਸਵੀਰਾਂ ਲਾਉਣ ਲਈ ਤਸਵੀਰਾਂ ਮੰਗਦੀ ਪਰ ਉਲਟਾ ਪਰਿਵਾਰਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ। ਕਾਫ਼ੀ ਸਾਲਾਂ ਤੋਂ ਪਰਿਵਾਰਾਂ ਵਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਪਰ ਬੀਤੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਏ ਅਤੇ ਅਖ਼ਬਾਰਾਂ/ਰੇਡੀਓ/ਟੀਵੀ ਰਾਹੀਂ ਵੀ ਬਹੁਤ ਲਾਬਿੰਗ ਹੋਈ। ਅਮਰੀਕਾ ਤੇ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਨੇ ਮਤੇ ਪਾ ਕੇ ਸ਼ਰੋਮਣੀ ਕਮੇਟੀ ਨੂੰ ਭੇਜੇ ਤੇ ਅੰਤ ਜਾਪਦਾ ਹੈ ਕਿ ਹੁਣ ਇਹ ਕਾਰਜ ਫ਼ਤਿਹ ਹੋ ਜਾਵੇਗਾ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES