Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ. ਸੁਖਮਿੰਦਰ ਸਿੰਘ ਚੀਮਾ

ਅੰਤਰਰਾਸ਼ਟਰੀ ਪੱਤਰਕਾਰ ਸੁਖਮਿੰਦਰ ਸਿੰਘ ਚੀਮਾ ਅਕਾਲ ਚਲਾਣਾ ਕਰ ਗਏ

Posted on January 27th, 2017ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਦੇ ਮੋਢੀਆਂ 'ਚ ਸ਼ੁਮਾਰ ਸਰੀ ਨਿਵਾਸੀ ਅੰਤਰਰਾਸ਼ਟਰੀ ਪੱਤਰਕਾਰ ਸ. ਸੁਖਮਿੰਦਰ ਸਿੰਘ ਚੀਮਾ ਨਹੀਂ ਰਹੇ। ਬੀਤੇ ਕੁਝ ਸਾਲਾਂ ਤੋਂ ਡਾਇਬਿਟੀਜ਼ ਅਤੇ ਗਲੇ ਦੀ ਬਿਮਾਰੀ ਤੋਂ ਪੀੜਤ 59 ਸਾਲਾ ਚੀਮਾ ਨੇ ਆਪਣੇ ਸਰੀ ਸਥਿਤ ਘਰ 'ਚ ਹੀ ਵੀਰਵਾਰ ਵੱਡੇ ਤੜਕੇ ਆਖ਼ਰੀ ਸਾਹ ਲਿਆ। ਤਕਰੀਬਨ 30 ਸਾਲ ਪਹਿਲਾਂ ਪੰਜਾਬ ਦੇ ਪਿੰਡ ਜੋਧਪੁਰ ਚੀਮਾ (ਨਜ਼ਦੀਕ ਬਰਨਾਲਾ) ਤੋਂ ਕੈਨੇਡਾ ਪੁੱਜੇ ਚੀਮਾ ਲੰਮਾ ਸਮਾਂ ਸਰੀ ਤੋਂ ਛਪ ਕੇ ਕੈਨੇਡਾ-ਅਮਰੀਕਾ 'ਚ ਪੜ੍ਹੇ ਜਾਂਦੇ ਚੜ੍ਹਦੀ ਕਲਾ ਹਫ਼ਤਾਵਾਰੀ ਅਖ਼ਬਾਰ ਦੇ ਸੰਪਾਦਕ ਰਹੇ ਤੇ ਫਿਰ ਵੱਖ-ਵੱਖ ਸਮੇਂ ਅਜੀਤ ਜਲੰਧਰ, ਜੱਗ ਬਾਣੀ, ਜਾਗਰਣ, ਹਮਦਰਦ (ਟਰਾਂਟੋ), ਇੰਡੋ-ਕੈਨੇਡੀਅਨ ਆਵਾਜ਼ (ਸਰੀ), ਰੇਡੀਓ ਪੰਜਾਬ, ਰੇਡੀਓ ਇੰਡੀਆ ਸਮੇਤ ਕਈ ਮੀਡੀਆ ਅਦਾਰਿਆਂ ਨਾਲ ਕੰਮ ਕਰਦਿਆਂ ਦੁਨੀਆਂ ਭਰ 'ਚ ਮਕਬੂਲ ਹੋਏ ਰਹੇ। ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ. ਦੀ ਸਥਾਪਨਾ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ ਅਤੇ ਉਹ ਇਸ ਦੇ ਜਨਰਲ ਸਕੱਤਰ ਵੀ ਰਹੇ। ਪਿੰਡ ਦੇ ਸਰਪੰਚ ਰਹੇ ਹੋਣ ਕਾਰਨ, ਸਥਾਨਕ ਪੱਤਰਕਾਰਾਂ 'ਚੋਂ ਸੀਨੀਅਰ ਹੋਣ ਕਾਰਨ ਅਤੇ ਹਰ ਕੰਮ ਖੁਦ ਅੱਗੇ ਹੋ ਕੇ ਕਰਨ ਕਰਕੇ ਸਮਕਾਲੀ ਪੱਤਰਕਾਰ ਅਕਸਰ ਆਪਸੀ ਗੱਲਬਾਤ ਦੌਰਾਨ ਉਨ੍ਹਾਂ ਨੂੰ 'ਸਰਪੰਚ' ਕਹਿ ਕੇ ਸੰਬੋਧਨ ਹੁੰਦੇ ਸਨ।

ਸ. ਸੁਖਮਿੰਦਰ ਸਿੰਘ ਚੀਮਾ ਪੰਜਾਬ 'ਚ ਨਕਸਲਾਈਟ ਲਹਿਰ ਨਾਲ ਜੁੜੇ ਰਹੇ ਅਤੇ 1987 ਦੇ ਕਰੀਬ ਕੈਨੇਡਾ ਆਣ ਕੇ 'ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦੇ ਜਨਰਲ ਸਕੱਤਰ ਰਹੇ, ਜਿਸ ਕਾਰਨ ਉਨ੍ਹਾਂ ਕੋਲ ਬੋਲਣ ਅਤੇ ਲਿਖਣ ਦੀ ਵਿਸ਼ੇਸ਼ ਮੁਹਾਰਤ ਹਾਸਲ ਸੀ। ਚੀਮਾ ਨੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ 1990 'ਚ ਸਰੀ ਤੋਂ ਛਪਦੇ ਹਫ਼ਤਾਵਾਰੀ ਅਖ਼ਬਾਰ ਚੜ੍ਹਦੀ ਕਲਾ ਨਾਲ ਜੁੜ ਕੇ ਕੀਤੀ ਅਤੇ ਫਿਰ ਦੁਨੀਆ ਦੇ ਨਾਮਵਰ ਪੰਜਾਬੀ ਅਖ਼ਬਾਰਾਂ, ਰੇਡੀਓ ਅਤੇ ਟੀ. ਵੀ. ਸਟੇਸ਼ਨਾਂ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਈਆਂ। ਉਨ੍ਹਾਂ ਦੀ ਨਿਧੜਕ ਅਤੇ ਖੋਜ ਭਰਪੂਰ ਪੱਤਰਕਾਰੀ ਕਾਰਨ ਉਹ ਬਹੁਤ ਲੋਕਾਂ ਦੇ ਚਹੇਤੇ ਵੀ ਰਹੇ ਅਤੇ ਨਾਲ ਹੀ ਕਈਆਂ ਦੀ ਨਾਰਾਜ਼ਗੀ ਵੀ ਝੱਲਦੇ ਰਹੇ। ਆਪਣੀਆਂ ਲਿਖਤਾਂ ਕਾਰਨ ਉਹ ਭਾਰਤ ਸਰਕਾਰ ਦੀ ਕਾਲੀ ਸੂਚੀ ਵਿੱਚ ਸ਼ਾਮਲ ਰਹੇ ਅਤੇ ਕੈਨੇਡਾ ਆਉਣ ਤੋਂ ਬਾਅਦ ਤਿੰਨ ਦਹਾਕਿਆਂ ਦੌਰਾਨ ਕਦੇ ਵੀ ਵਾਪਸ ਪੰਜਾਬ ਨਾ ਜਾ ਸਕੇ। ਬਹੁਚਰਚਿਤ ਏਅਰ ਇੰਡੀਆ ਕਾਂਡ ਮੁਕੱਦਮੇ 'ਚ ਚੀਮਾ ਬਤੌਰ ਗਵਾਹ ਸਨ, ਜਿਸ ਕਾਰਨ ਉਹ ਕੈਨੇਡਾ ਦੀ ਪੁਲਿਸ ਤੋਂ ਲੰਮਾ ਸਮਾਂ ਸੁਰੱਖਿਆ ਅਤੇ ਮਾਇਕ ਇਮਦਾਦ ਵੀ ਪ੍ਰਾਪਤ ਕਰਦੇ ਰਹੇ। ਇਸ ਕਾਰਨ ਉਨ੍ਹਾਂ ਨੂੰ ਪੰਥਕ ਹਲਕਿਆਂ ਦੀ ਨਰਾਜ਼ਗੀ ਵੀ ਝੱਲਣੀ ਪਈ। 

ਕੋਈ ਸਮਾਂ ਸੀ ਜਦ ਚੜ੍ਹਦੀ ਕਲਾ 'ਚ ਛਪਦਾ ਉਨ੍ਹਾਂ ਦਾ ਕਾਲਮ 'ਬੋਦੀ ਵਾਲਾ ਤਾਰਾ' ਪੜ੍ਹਨ ਲਈ ਲੋਕ ਅਖ਼ਬਾਰ ਦੀ ਉਡੀਕ ਕਰਦੇ ਅਤੇ ਫਿਰ ਉਹ ਸਮਾਂ ਵੀ ਆਇਆ ਜਦ ਸਰੀ-ਵੈਨਕੂਵਰ ਨਿਵਾਸੀਆਂ ਦੀ ਸਵੇਰ ਹੀ ਰੇਡੀਓ ਪੰਜਾਬ 'ਤੇ ਪ੍ਰਸਾਰਿਤ ਹੁੰਦੇ ਚੀਮਾ ਦੇ ਪ੍ਰੋਗਰਾਮ 'ਸੱਜਰੀ ਸਵੇਰ' ਨਾਲ ਹੁੰਦੀ। ਕਾਲਜ ਸਮੇਂ ਤੋਂ ਲਹਿਰਾਂ ਨਾਲ ਜੁੜੇ ਰਹਿਣ ਕਾਰਨ ਉਨ੍ਹਾਂ ਕੋਲ ਸ਼ਬਦਾਂ, ਕਵਿਤਾਵਾਂ, ਚੁਟਕਲਿਆਂ ਦਾ ਅਮੁੱਕ ਭੰਡਾਰ ਵੀ ਸੀ ਅਤੇ ਨਾਲ ਹੀ ਸਹੀ ਸਮੇਂ ਇਨ੍ਹਾਂ ਨੂੰ ਵਰਤਣ ਦੀ ਕਲਾ ਵੀ। ਚੀਮਾ ਦੀ ਖੋਜ ਭਰਪੂਰ ਪੱਤਰਕਾਰੀ, ਨਿਧੜਕ ਪੇਸ਼ਕਾਰੀ ਅਤੇ ਪੰਜਾਬੀ ਬੋਲੀ 'ਤੇ ਪਕੜ ਵਾਲੀ ਦਮਦਾਰ ਆਵਾਜ਼ ਕਾਰਨ ਉਨ੍ਹਾਂ ਦੇ ਚਹੇਤਿਆਂ ਦੀ ਗਿਣਤੀ ਹਜ਼ਾਰਾਂ 'ਚ ਸੀ ਜਦਕਿ ਅੜਬ ਸੁਭਾਅ ਕਾਰਨ ਉਨ੍ਹਾਂ ਦੇ ਦੁਸ਼ਮਣਾਂ ਦੀ ਵੀ ਕੋਈ ਘਾਟ ਨਹੀਂ ਸੀ, ਜਿਸ ਕਾਰਨ ਉਹ ਮੁਕੱਦਮਿਆਂ 'ਚ ਉਲਝੇ ਰਹਿੰਦੇ। 

ਉਨ੍ਹਾਂ ਸਥਾਨਕ ਸਰਗਰਮ ਪੱਤਰਕਾਰਾਂ ਨੂੰ ਇੱਕ ਮੰਚ 'ਤੇ ਇਕੱਤਰ ਕਰਕੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ. ਦੀ ਸਥਾਪਨਾ 'ਚ ਮੋਹਰੀ ਰੋਲ ਨਿਭਾਇਆ ਅਤੇ ਨਵੇਂ ਪੱਤਰਕਾਰਾਂ ਨੂੰ ਉਹ ਇਸ ਖੇਤਰ ਬਾਰੇ ਜਾਣਕਾਰੀ ਦਿੰਦੇ ਰਹੇ। ਕਲੱਬ ਦੇ ਜਨਰਲ ਸਕੱਤਰ ਹੁੰਦਿਆਂ ਉਨ੍ਹਾਂ ਕਲੱਬ ਦੀ ਬਿਹਤਰੀ ਲਈ ਉੱਦਮ ਹੀ ਨਹੀਂ ਕੀਤੇ ਬਲਕਿ ਇਸ ਨੂੰ ਹਮੇਸ਼ਾ ਏਕਤਾ ਦੇ ਸੂਤਰ 'ਚ ਵੀ ਪਰੋਈ ਰੱਖਿਆ।

ਬੀਤੇ ਦੋ ਕੁ ਸਾਲਾਂ ਤੋਂ ਚੀਮਾ ਨੇ ਹਰੇਕ ਨਾਲ ਆਪਣੇ ਰਿਸ਼ਤੇ ਨਿੱਘੇ ਬਣਾ ਲਏ ਸਨ ਅਤੇ ਉਨ੍ਹਾਂ ਦੇ ਸੁਭਾਅ 'ਚ ਬੇਹੱਦ ਨਰਮਾਈ ਆ ਗਈ ਸੀ। ਬਿਮਾਰ ਰਹਿਣ ਕਾਰਨ ਉਨ੍ਹਾਂ ਦਾ ਭਾਰ ਵੀ ਕਾਫੀ ਘਟ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਬਹੁਤ ਹੀ ਹੋਣਹਾਰ ਬੱਚੇ, ਇੱਕ ਲੜਕਾ ਅਤੇ ਇੱਕ ਲੜਕੀ ਛੱਡ ਗਏ ਹਨ।

ਚੀਮਾ ਦੇ ਅਕਾਲ ਚਲਾਣੇ 'ਤੇ ਸਥਾਨਕ ਪੱਤਰਕਾਰ ਭਾਈਚਾਰੇ ਤੋ ਇਲਾਵਾ ਉਨ੍ਹਾਂ ਦੇ ਹਜ਼ਾਰਾਂ ਚਹੇਤੇ ਅਫਸੋਸ ਦੇ ਆਲਮ ਵਿੱਚ ਹਨ। ਬਹੁਤ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮਾਜਿਕ, ਸਿਆਸੀ ਅਤੇ ਖੇਡ ਜਥੇਬੰਦੀਆਂ ਨੇ ਉਨ੍ਹਾਂ ਦੇ ਚਲਾਣੇ 'ਤੇ ਸ਼ੋਕ ਸੰਦੇਸ਼ ਭੇਜੇ ਹਨ। ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕ ਕਮੇਟੀ ਅਤੇ ਚੜ੍ਹਦੀ ਕਲਾ ਨਿਊਜ਼ ਗਰੁੱਪ ਦੇ ਸਮੁੱਚੇ ਸਟਾਫ ਨੇ ਚੀਮਾ ਦੇ ਅਕਾਲ ਚਲਾਣੇ 'ਤੇ ਬੇਹੱਦ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ. ਦੇ ਸਮੂਹ ਮੈਂਬਰ ਚੀਮਾ ਦੇ ਅਕਾਲ ਚਲਾਣੇ ਕਾਰਨ ਕਾਫੀ ਸ਼ੋਕਗ੍ਰਸਤ ਹਨ। ਸਿਹਤ 'ਚ ਸੁਧਾਰ ਹੋਣ ਕਾਰਨ ਸਾਰੇ ਆਸਵੰਦ ਸਨ ਕਿ ਚੀਮਾ ਮੁੜ ਨੌ ਬਰ ਨੌ ਹੋ ਜਾਣਗੇ ਪਰ ਅਚਾਨਕ ਉਨ੍ਹਾਂ ਦਾ ਸਦੀਵੀਂ ਵਿਛੋੜਾ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਬੇਹੱਦ ਉਦਾਸ ਕਰ ਗਿਆ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES