Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਿੱਸਾ ਕਿਲ੍ਹਾ ਗੋਬਿੰਦਗੜ੍ਹ ਅੰਮ੍ਰਿਤਸਰ ਦਾ.....

Posted on December 15th, 2016


'ਬਾਦਲ ਸਰਕਾਰ ਵਲੋਂ ਸਿੱਖ ਰਾਜ ਦੀ ਇਤਿਹਾਸਕਤਾ ਤਬਾਹ ਕਰਨ ਦੀ ਪੇਸ਼ਕਦਮੀ ਜਾਰੀ

ਜਦੋਂ ਬਾਦਲ ਨੇ ਮੁੱਖ ਮੰਤਰੀਆਂ ਬਣਦਿਆਂ ਐਲਾਨ ਕੀਤਾ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਤਰਜ਼ੇ-ਹਕੂਮਤ ਵਾਂਗ ਆਪਣੀ ਹਕੂਮਤ ਚਲਾਏਗਾ ਤਾਂ ਬਹੁਤ ਸਾਰਿਆਂ ਨੂੰ ਇਸ ਦਾ ਗੋਝ-ਮਤਲਬ ਸਮਝ ਨਹੀਂ ਸੀ ਆਇਆ। ਕਿਸੇ ਨੇ ਇਸ ਬਿਆਨ ਨੂੰ 'ਸੈਕੂਲਰ' ਹੋਣ ਨਾਲ ਜੋੜਿਆ, ਕਿਸੇ ਨੇ 'ਵਿਕਾਸ' ਤੇ 'ਇਨਸਾਫ' ਨਾਲ ਜੋੜਿਆ ਸੀ। ਪਰ ਹੁਣ ਪੰਜ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਜੋ ਹਾਲ ਬਾਦਲ-ਕੋੜਮੇ ਨੇ ਪੰਜਾਬ ਦਾ ਕਰ ਦਿੱਤਾ ਹੈ, ਉਸ ਨੇ ਇਸ ਦਾ ਮਤਲਬ ਸਭ ਨੂੰ ਸਪੱਸ਼ਟ ਕਰ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਲਗਭਗ ਇੱਕ ਸਦੀ ਦੇ ਸਿੱਖ ਸੰਘਰਸ਼ (1699 ਈ.-1799 ਈ.) ਤੋਂ ਬਾਅਦ ਸਥਾਪਤ ਸਿੱਖ-ਰਾਜ (ਜਿਸ ਦਾ ਸਰਕਾਰੀ ਨਾਮ 'ਸਰਕਾਰ-ਏ-ਖਾਲਸਾ') ਦਾ ਖੂਬਸੂਰਤ ਚਿਹਰਾ ਸੀ। ਇਸ ਸਿੱਖ ਰਾਜ ਵਿੱਚ ਸੁਰੱਖਿਆ, ਧਾਰਮਿਕ ਸਹਿਣਸ਼ੀਲਤਾ, ਤਰੱਕੀ, ਇਨਸਾਫ ਦਾ ਬੋਲਬਾਲਾ ਸੀ। ਸ਼ਾਹ ਮੁਹੰਮਦ ਦੇ ਕਹਿਣ ਅਨੁਸਾਰ, ਖਾਲਸਾ ਰਾਜ ਵਿੱਚ ਹਿੰਦੂ ਤੇ ਮੁਸਲਮਾਨ ਦੋਵੇਂ ਕੌਮਾਂ ਸੁਖੀ ਵਸਦੀਆਂ ਸਨ ਅਤੇ ਕਿਸੇ ਹੋਰ ਕੌਮ ਵਿੱਚ ਇੱਥੇ ਪੈਰ ਧਰਨ ਦੀ ਹਿੰਮਤ ਨਹੀਂ ਸੀ। ਫਿਰੰਗੀ ਨੇ ਛਲ-ਕਪਟ ਦਾ ਸਹਾਰਾ ਲੈ ਕੇ, ਮਿਸਰਾਂ-ਡੋਗਰਿਆਂ ਨੂੰ ਖਰੀਦ ਕੇ ਇਸ ਇਨਸਾਫ ਪਸੰਦ ਵਿਸ਼ਾਲ ਸਿੱਖ ਰਾਜ ਨੂੰ ਹੜੱਪਿਆ ਸੀ। 

ਬਾਦਲ ਦੇ 'ਕਰੂਪ ਚਿਹਰੇ' ਨੇ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਬਿਲਕੁਲ ਪੁੱਠਾ ਪਾਸਾ ਪੇਸ਼ ਕੀਤਾ ਹੈ। ਗੁੰਡਾਗਰਦੀ, ਲੁੱਟ-ਖਸੁੱਟ, ਸਿੱਖੀ ਕਦਰਾਂ ਕੀਮਤਾਂ ਦੀ ਹਾਨੀ, ਹਿੰਦੂਤਵੀ ਏਜੰਡੇ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਅਤੇ ਸਿੱਖ ਇਤਿਹਾਸਕਤਾ ਤੇ ਵਿਰਸੇ ਦੀ ਮੁਕੰਮਲ ਤਬਾਹੀ ਬਾਦਲ-ਰਾਜ ਦੀਆਂ 'ਵੰਨਗੀਆਂ' (ਹਾਲ ਮਾਰਕ) ਹਨ। ਸਿੱਖ ਰਾਜ ਦੀਆਂ ਹੱਦਾਂ ਦੱਰਾ-ਖੈਬਰ ਤੋਂ ਤਿੱਬਤ ਤੱਕ ਫੈਲੀਆਂ ਹੋਈਆਂ ਸਨ, ਜਿਹੜਾ ਰਕਬਾ ਡੇਢ ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਸੀ। ਇਸ ਰਾਜ-ਸੀਮਾ ਦੀ ਹਿਫਾਜ਼ਤ ਲਈ ਅੱਡ-ਅੱਡ ਕਿਲ੍ਹੇ ਤਾਮੀਰ ਕੀਤੇ ਗਏ ਜਾਂ ਬਹੁਤ ਸਾਰੇ ਪਹਿਲਾਂ ਤੋਂ ਬਣੇ ਕਿਲ੍ਹਿਆਂ ਨੂੰ ਪੁਖਤਾ ਕੀਤਾ ਗਿਆ, ਜਿਵੇਂ ਕਿ ਫਿਲੌਰ ਦਾ ਕਿਲ੍ਹਾ (ਜਿਹੜਾ ਕਿ ਸਿੱਖਾਂ ਦੇ ਅੰਗਰੇਜ਼ੀ ਰਾਜ ਦੀ ਸਰਹੱਦ ਸਤਿਲੁਜ ਦਰਿਆ ਦੇ ਕੰਢੇ 'ਤੇ ਸੀ) ਮੁਗਲੀਆ ਕਾਲ ਦੀ ਇੱਕ ਵੱਡੀ ਸਰਾਂ ਸੀ, ਜਿਸ ਨੂੰ ਕਿਲ੍ਹੇ ਵਿੱਚ ਤਬਦੀਲ ਕੀਤਾ ਗਿਆ। ਫਿਲੌਰ ਦੇ ਕਿਲ੍ਹੇ ਨੂੰ ਪੰਜਾਬ ਪੁਲਿਸ ਟਰੈਨਿੰਗ ਸੈਂਟਰ ਜਾਂ ਪੰਜਾਬ ਪੁਲਿਸ ਅਕੈਡਮੀ ਬਣਾ ਕੇ, ਭਾਰਤ ਸਰਕਾਰ ਨੇ ਇਸ ਦੀ ਇਤਿਹਾਸਕਤਾ ਨੂੰ ਖੋਰਾ ਲਾਉਣ ਦਾ ਯਤਨ ਕੀਤਾ ਅਤੇ ਕਿਲ੍ਹੇ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ। 

ਅੰਮ੍ਰਿਤਸਰ, 'ਸਿਫਤੀ ਦਾ ਘਰ' ਚੌਥੇ ਪਾਤਸ਼ਾਹ ਵਲੋਂ ਸਥਾਪਤ ਗੁਰੂ ਕੀ ਨਗਰੀ ਹੈ। ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨ ਤੋਂ ਬਾਅਦ, ਅੰਮ੍ਰਿਤਸਰ ਅੰਦਰੂਨੀ ਸ਼ਹਿਰ ਦੀ ਹਿਫਾਜ਼ਤ ਲਈ, ਦਰਬਾਰ ਸਾਹਿਬ ਤੋਂ ਲਗਭਗ ਇੱਕ ਮੀਲ ਦੂਰ 'ਕਿਲ੍ਹਾ ਲੋਹਗੜ੍ਹ' ਬਣਾਇਆ। ਇਸ ਕਿਲ੍ਹੇ ਦੀ ਵਰਤੋਂ ਮੁਖਲਿਸ ਖਾਂ ਦੀ ਫੌਜ ਨਾਲ ਅੰਮ੍ਰਿਤਸਰ ਦੀ ਪਹਿਲੀ ਜੰਗ ਵੇਲੇ ਕੀਤੀ ਗਈ ਜਦੋਂ ਕਿ ਇਸ ਮੁਕਾਮ ਤੋਂ 'ਲੱਕੜ ਦੀ ਤੋਪ' (ਇੱਕ ਦਰਖਤ ਦਾ ਤਣਾ ਵਰਤਿਆ ਗਿਆ) ਚਲਾਈ ਗਈ। ਹੁਣ ਇਸ ਅਸਥਾਨ 'ਤੇ ਗੁਰਦੁਆਰਾ ਲੋਹਗੜ੍ਹ ਮੌਜੂਦ ਹੈ। 

ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਨਾਲ ਹੀ 'ਦਰਵਾਜ਼ਾ ਲੋਹਗੜ੍ਹ' ਬਣਾਇਆ, ਜਿਸ ਦਾ ਅੱਜ ਵੀ ਇਹ ਹੀ ਨਾਂ ਪ੍ਰਚੱਲਿਤ ਹੈ। ਇਸੇ ਦਿਸ਼ਾ ਵੱਲ ਸੇਧਤ 1760 ਈ. ਵਿੱਚ ਭੰਗੀ ਮਿਸਲ ਦੇ ਸਰਦਾਰਾਂ ਵਲੋਂ ਇੱਕ ਕਿਲ੍ਹਾ ਤਾਮੀਰ ਕੀਤਾ ਗਿਆ, ਜਿਸ ਨੂੰ 'ਗੁੱਜਰ ਸਿੰਘ ਭੰਗੀ ਕਿਲ੍ਹਾ' ਕਿਹਾ ਜਾਂਦਾ ਸੀ। 1802 ਵਿੱਚ ਅੰਮ੍ਰਿਤਸਰ ਸ਼ਹਿਰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਬਣਿਆ। ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਕਿਲ੍ਹੇ ਨੂੰ ਮੁੜ ਤਾਮੀਰ ਕਰਵਾ ਕੇ ਇਸ ਦਾ ਨਾਂ ਦਸਵੇਂ ਪਾਤਸ਼ਾਹ ਦੇ ਨਾਂਅ 'ਤੇ 'ਗੋਬਿੰਦਗੜ੍ਹ' ਰੱਖਿਆ। ਇਹ ਕਿਲ੍ਹਾ ਸਿੱਖ ਇਮਾਰਤਸਾਜ਼ੀ ਕਲਾ ਅਤੇ ਫੌਜੀ ਵਿਉਂਤਬੰਦੀ ਦਾ ਬੇਹਤਰੀਨ ਨਮੂਨਾ ਹੈ। 

43 ਏਕੜ ਵਿੱਚ ਫੈਲਿਆ ਇਹ ਕਿਲ੍ਹਾ, ਸਿੱਖ ਰਾਜ ਦਾ ਮੁੱਖ ਤੋਸ਼ਾਖਾਨਾ ਵੀ ਸੀ, ਜਿੱਥੇ ਕਿ ਸਾਰਾ ਸਰਕਾਰੀ ਖਜ਼ਾਨਾ ਰੱਖਿਆ ਜਾਂਦਾ ਸੀ। ਕੋਹਿਨੂਰ ਹੀਰਾ ਵੀ ਇਸ ਤੋਸ਼ੇਖਾਨੇ ਵਿੱਚ ਰੱਖਿਆ ਹੋਇਆ ਸੀ। ਫਕੀਰ ਅਜੀਜ਼ੁਦੀਨ ਕੋਲ ਇਸ ਕਿਲ੍ਹੇ ਦੀਆਂ ਚਾਬੀਆਂ ਸਨ। ਇਸ ਕਿਲ੍ਹੇ ਦੇ ਮੁੱਖ ਦੁਆਰ ਦਾ ਨਾਂ 'ਨਲਵਾ ਗੇਟ' ਸੀ। ਇਸ ਕਿਲ੍ਹੇ ਦੀ ਫਸੀਲ 'ਤੇ 25 ਤੋਪਾਂ ਬੀੜੀਆਂ ਹੋਈਆਂ ਸਨ ਤੇ 12 ਹਜ਼ਾਰ ਫੌਜੀ ਹਮੇਸ਼ਾਂ ਇਸ ਕਿਲ੍ਹੇ ਦੀ ਸੁਰੱਖਿਆ ਲਈ ਮੌਜੂਦ ਸਨ। ਇਸ ਕਿਲ੍ਹੇ ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਨਾਲ ਜੋੜਨ ਲਈ 'ਅੰਡਰਗਰਾਊਂਡ ਸੁਰੰਗ' ਵੀ ਸੀ। ਕਿਲ੍ਹੇ ਦੇ ਫਰੰਟ ਗੇਟ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਹਿਣ ਲਈ ਨਿਵਾਸ ਸੀ, ਜਿੱਥੇ ਕਿ ਉਹ ਅੰਮ੍ਰਿਤਸਰ ਯਾਤਰਾ ਦੌਰਾਨ ਠਹਿਰਦੇ ਸਨ। ਇਹ ਕਿਲ੍ਹਾ ਚੌਰਸ (ਸਕਵੇਅਰ) ਅਕਾਰ ਵਿੱਚ ਬਣਾਇਆ ਗਿਆ। ਸਿੱਖ ਰਾਜ ਦੇ ਇਸ ਕਿਲ੍ਹੇ ਦਾ ਰੁਤਬਾ ਇਹ ਹੀ ਹੈ ਜੋ ਕਿ ਮੁਗਲੀਆ ਰਾਜ ਵਿੱਚ ਲਾਲ ਕਿਲ੍ਹਾ ਦਿੱਲੀ ਅਤੇ ਸ਼ਾਹੀ ਕਿਲ੍ਹਾ ਲਾਹੌਰ ਦਾ ਸੀ। ਇਹ ਦੋਵੇਂ ਕਿਲੇ ਤਾਂ ਯੂਨੈਸਕੋ ਦੀ ਦੇਖਰੇਖ ਵਿੱਚ 'ਵਰਲਡ ਹੈਰੀਟੇਜ ਸਟੇਟਸ' ਪਾ ਚੁੱਕੇ ਹਨ ਪਰ ਆਓ ਵੇਖੀਏ ਕਿ ਸਿੱਖ ਰਾਜ ਦੇ ਗੌਰਵ 'ਗੋਬਿੰਦਗੜ੍ਹ' ਦੀ ਕੀ ਦਸ਼ਾ ਬਣਾ ਦਿੱਤੀ ਗਈ ਹੈ? 

1849 ਈ. ਵਿੱਚ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਪੱਕੇ ਤੌਰ 'ਤੇ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾ ਲਿਆ। ਇਸ ਗੋਬਿੰਦਗੜ੍ਹ ਦੇ ਕਿਲ੍ਹੇ ਵਿੱਚ ਇੱਕ 'ਹਵਾਈ ਮਹੱਲ' ਅਤੇ ਫਾਂਸੀ ਘਰ ਦੀ ਸਥਾਪਨਾ ਕੀਤੀ ਗਈ। ਅਪਰਾਧੀਆਂ ਅਤੇ ਬ੍ਰਿਟਿਸ਼ ਰਾਜ ਦੇ ਵਿਦਰੋਹੀਆਂ ਨੂੰ ਇੱਥੇ ਫਾਂਸੀ ਦਿੱਤੀ ਜਾਂਦੀ ਸੀ। 1947 ਵਿੱਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਸ ਨੂੰ ਭਾਰਤੀ ਫੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ 'ਫੌਜੀ ਛਾਉਣੀ' ਬਣਾ ਦਿੱਤਾ ਭਾਵੇਂ ਕਿ ਤਕਨੀਕੀ ਤੌਰ 'ਤੇ ਇਹ 'ਆਰਕੀਓਲੌਜੀਕਲ ਸਰਵੇ ਆਫ ਇੰਡੀਆ' ਦੀ ਦੇਖਰੇਖ ਵਿੱਚ ਰਿਹਾ। ਮਨਮੋਹਣ ਸਿੰਘ ਸਰਕਾਰ ਨੇ ਇਸ ਕਿਲ੍ਹੇ ਨੂੰ ਪੰਜਾਬ ਦੀ ਵਿਰਾਸਤ ਸਮਝਦਿਆਂ, ਉੱਥੋਂ ਫੌਜ ਨੂੰ ਕੱਢ ਕੇ ਇਹ ਕਿਲ੍ਹਾ ਪੰਜਾਬ ਸਰਕਾਰ ਦੇ ਹਵਾਲੇ ਕਰ ਦਿੱਤਾ ਤਾਂ ਕਿ ਉਸ ਨੂੰ ਸਿੱਖ ਰਾਜ ਦੀ ਫਖਰਯੋਗ ਵਿਰਾਸਤ ਵਜੋਂ ਅਗਲੀਆਂ ਪੀੜ੍ਹੀਆਂ ਲਈ ਉਭਾਰਿਆ ਜਾਵੇ!

ਪੰਜਾਬ ਸਰਕਾਰ ਨੇ ਇਸ ਕਿਲ੍ਹੇ ਦੇ ਵਿਕਾਸ ਲਈ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ 50 ਕਰੋੜ ਦਾ ਕਰਜ਼ ਵੀ ਲਿਆ। ਆਸ ਕੀਤੀ ਜਾਂਦੀ ਸੀ ਕਿ ਇਸ ਕਿਲ੍ਹੇ ਦੀ ਇਤਿਹਾਸਕਤਾ ਨੂੰ ਸਮਝਦਿਆਂ ਇਸ ਨੂੰ ਮੂਲ ਰੂਪ ਵਿੱਚ ਜਨਤਾ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਪਰ ਹੋਇਆ, ਇਸ ਦੇ ਬਿਲਕੁਲ ਉਲਟ। ਸੁਖਬੀਰ ਬਾਦਲ ਨੇ ਮੁੰਬਈ ਦੀ ਫਿਲਮ ਅਦਾਕਾਰਾ ਦੀਪਾ ਸਾਹੀ ਦੀ ਪ੍ਰਾਈਵੇਟ ਕੰਪਨੀ 'ਮਾਇਆਨਗਰੀ ਵਨ ਪ੍ਰਾਈਵੇਟ ਲਿਮਿਟਿਡ' ਨੂੰ ਇਸ ਦਾ ਠੇਕਾ ਦੇ ਦਿੱਤਾ। ਇਸ ਕੰਪਨੀ ਨੇ ਕਿਲ੍ਹੇ ਦੀ ਇਤਿਹਾਸਕਤਾ ਨੂੰ ਤਬਾਹ ਕਰਦਿਆਂ, ਇਸ ਦਾ ਨਾਂ 'ਮਾਇਆ ਨਗਰੀ' ਰੱਖ ਕੇ ਉਸ ਨੂੰ ਇੱਕ 'ਮਨੋਰੰਜਨ ਥੀਮ ਪਾਰਕ' ਦੇ ਵਿੱਚ ਬਦਲ ਦਿੱਤਾ। ਇਸ ਮਾਇਆਨਗਰੀ ਦਾ ਉਦਘਾਟਨ 12 ਦਸੰਬਰ ਨੂੰ ਸੁਖਬੀਰ ਬਾਦਲ ਵਲੋਂ ਬੜੇ ਧੂਮ-ਧੜੱਕੇ ਨਾਲ ਨਾਚ-ਗਾਣੇ ਨਾਲ ਕੀਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ 'ਪਹਿਲਾ ਫੇਜ਼' ਹੁਣ ਮੁਕੰਮਲ ਹੋ ਗਿਆ ਹੈ। ਇਸ ਪਹਿਲੇ ਫੇਜ਼ ਵਿੱਚ, ਇਸ ਸਿੱਖ ਇਤਿਹਾਸਕ ਕਿਲ੍ਹੇ ਨੂੰ 'ਮੁੰਬਈਆ ਚਕਾਚੌਂਧ' ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮਨੋਰੰਜਨ ਦੀ ਦਾਖਲਾ ਫੀਸ 25 ਰੁਪਈਏ ਅਤੇ ਹੋਰ ਹਰ ਆਈਟਮ ਲਈ ਅੱਡ-ਅੱਡ ਪੈਸੇ ਮੁਕੱਰਰ ਕੀਤੇ ਗਏ ਹਨ। ਇਸ ਇਤਿਹਾਸਕਤਾ ਦੀ ਤਬਾਹੀ ਤੇ ਇਤਿਹਾਸਕਾਰਾਂ, ਆਰਕੀਓਲੋਜ਼ੀਕਲ ਸਰਵੇ ਦੇ ਅਧਿਕਾਰੀਆਂ ਅਤੇ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੇ ਹੀ ਦੁੱਖ ਅਤੇ ਹੈਰਾਨੀ ਦਾ ਇਜ਼ਹਾਰ ਕੀਤਾ ਹੈ। ਇੰਡੀਅਨ ਐਕਸਪ੍ਰੈੱਸ ਨੇ ਇਸ 'ਤੇ ਇੱਕ ਵਿਸਤ੍ਰਿਤ ਸਟੋਰੀ ਕੀਤੀ ਹੈ, ਜਿਸ ਦਾ ਸਿਰਲੇਖ ਹੈ 'ਗੋਬਿੰਦਗੜ੍ਹ ਕਿਲ੍ਹਾ ਬਣਿਆ ਹੁਣ ਮਾਇਆਨਗਰੀ; ਇਤਿਹਾਸਕਾਰ ਸਕਤੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਇੱਕ ਪ੍ਰੋਟੈਕਟਿਡ ਮਾਨੂਮੈਂਟ, ਥੀਮ ਪਾਰਕ ਕਿਵੇਂ ਬਣਿਆ?'

ਪਾਠਕਜਨ! ਤੱਥ ਆਪਣੇ ਮੂੰਹੋਂ ਬੋਲਕੇ ਦੱਸ ਰਹੇ ਹਨ ਕਿ ਬਾਦਲ ਕੋੜਮਾ ਕਿਸ ਦਾ ਏਜੰਡਾ ਲਾਗੂ ਕਰ ਰਿਹਾ ਹੈ ਪਰ 30 ਮਿਲੀਅਨ ਸਿੱਖ ਕੌਮ ਇਸ ਤਬਾਹੀ ਨੂੰ ਕਿਉਂ ਮੂਕ-ਦਰਸ਼ਕ ਬਣ ਕੇ ਦੇਖ ਰਹੀ ਹੈ?

- ਚੜ੍ਹਦੀ ਕਲਾ ਸੰਪਾਦਕੀ- ਡਾ. ਅਮਰਜੀਤ ਸਿੰਘ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES