Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਵਿਖੇ ਕੀਤੇ ਐਲਾਨ ਮੌਕੇ ਹਾਜ਼ਰ ਇਤਿਹਾਸਕਾਰ ਸਟੀਵ ਪੁਰੇਵਾਲ, ਬੀ. ਸੀ. ਦੇ ਸਿਆਸਤਦਾਨ, ਸਾਬਕਾ ਸਿੱਖ ਫ਼ੌਜੀ, ਅਧਿਆਪਕ ਅਤੇ ਵਿਦਿਆਰਥੀ।

ਕੈਨੇਡਾ ਦੇ ਸਕੂਲਾਂ 'ਚ ਸਿੱਖ ਫ਼ੌਜੀਆਂ ਦਾ ਇਤਿਹਾਸ ਪੜ੍ਹਾਇਆ ਜਾਵੇਗਾ

Posted on November 30th, 2016


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਦੋਵੇਂ ਵਿਸ਼ਵ ਜੰਗਾਂ ਦੌਰਾਨ ਬਹਾਦਰੀ ਦਿਖਾਉਣ ਵਾਲੇ 5 ਲੱਖ ਦੇ ਕਰੀਬ ਸਿੱਖ ਫ਼ੌਜੀਆਂ ਦਾ ਮਾਣਮੱਤਾ ਇਤਿਹਾਸ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ 'ਚ ਪੜ੍ਹਾਇਆ ਜਾਵੇਗਾ ਤਾਂ ਕਿ ਕੈਨੇਡੀਅਨ ਲੋਕਾਂ ਨੂੰ ਮੁੱਢ ਤੋਂ ਪਤਾ ਲੱਗ ਸਕੇ ਕਿ ਸਿੱਖਾਂ ਨੇ ਇਨ੍ਹਾਂ ਸੰਸਾਰ ਜੰਗਾਂ 'ਚ ਮਨੁੱਖਤਾ ਨੂੰ ਬਰਬਾਦੀ ਤੋਂ ਬਚਾਉਣ ਲਈ ਕਿਵੇਂ ਕੁਰਬਾਨੀਆਂ ਕੀਤੀਆਂ ਸਨ। ਇਸ ਪੜ੍ਹਾਈ ਦਾ ਸਿਲੇਬਸ ਅਤੇ ਪੜ੍ਹਾਉਣ ਦੇ ਤਰੀਕੇ ਇਸ ਵਿਸ਼ੇ ਦੇ ਮਾਹਿਰ ਪੰਜਾਬੀ ਨੌਜਵਾਨ ਇਤਿਹਾਸਕਾਰ ਸਟੀਵ ਪੁਰੇਵਾਲ ਨੇ ਤਿਆਰ ਕੀਤੇ ਹਨ, ਜਿਸ ਨੂੰ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਸਰਕਾਰ ਵਲੋਂ ਇਸ ਕਾਰਜ ਲਈ ਲਗਭਗ ਢਾਈ ਲੱਖ ਡਾਲਰ ਦੀ ਮੁੱਢਲੀ ਸਹਾਇਤਾ ਦੇ ਕੇ ਹਲਾਸ਼ੇਰੀ ਦਿੱਤੀ ਗਈ ਹੈ। 

ਜਦੋਂ ਇਹ ਐਲਾਨ ਸਰੀ ਵਿਖੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਕੈਂਪਸ ਵਿੱਚ ਕੈਬਨਿਟ ਮੰਤਰੀ ਪੀਟਰ ਫਾਸਬੈਂਡਰ, ਵਿਧਾਇਕ ਅਮਰੀਕ ਵਿਰਕ, ਸਾਬਕਾ ਸਿੱਖ ਫ਼ੌਜੀਆਂ, ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ 'ਚ ਕੀਤਾ ਗਿਆ ਤਾਂ ਆਲਾ ਦੁਆਲਾ ਤਾੜੀਆਂ ਨਾਲ ਗੂੰਜ ਉੱਠਿਆ। ਪੀਟਰ ਫਾਸਬੈਂਡਰ ਅਤੇ ਅਮਰੀਕ ਵਿਰਕ ਨੇ ਆਪਣੇ ਸੰਬੋਧਨ 'ਚ ਸਿੱਖਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਬਾਰੇ ਕੈਨੇਡਾ ਦੇ ਹਰ ਵਾਸੀ ਨੂੰ ਪਤਾ ਹੋਣਾ ਚਾਹੀਦਾ ਹੈ। 

ਉਨ੍ਹਾਂ ਸਥਾਨਕ ਵਲੰਟੀਅਰ ਸ. ਜਗਮੋਹਨ ਸਿੰਘ ਦਾ ਉਚੇਚਾ ਜ਼ਿਕਰ ਕੀਤਾ, ਜਿਨ੍ਹਾਂ ਇਸ ਕਾਰਜ ਲਈ ਸਰਕਾਰ ਅਤੇ ਇਤਿਹਾਸਕਾਰ ਵਿਚਾਲੇ ਕੜੀ ਦਾ ਕੰਮ ਕੀਤਾ। ਵਿਰੋਧੀ ਧਿਰ ਐਨ. ਡੀ. ਪੀ. ਦੇ ਸਥਾਨਕ ਵਿਧਾਇਕ ਬਰੂਸ ਰਾਲਸਟਨ ਨੇ ਵੀ ਸਮਾਗਮ 'ਚ ਹਾਜ਼ਰੀ ਲਵਾਈ।

ਇਸ ਮੌਕੇ 'ਅਜੀਤ' ਨਾਲ ਗੱਲ ਕਰਦਿਆਂ ਇਤਿਹਾਸਕਾਰ ਸਟੀਵ ਪੁਰੇਵਾਲ ਨੇ ਕਿਹਾ ਕਿ ਮੇਰਾ ਸੁਪਨਾ ਅੱਜ ਪੂਰਾ ਹੋਇਆ ਹੈ ਪਰ ਮੈਂ ਚਾਹੁੰਦਾ ਹਾਂ ਕਿ ਕੈਨੇਡਾ ਦੇ ਸਾਰੇ ਸੂਬਿਆਂ ਦੇ ਸਕੂਲਾਂ 'ਚ ਇਹ ਇਤਿਹਾਸ ਪੜ੍ਹਾਇਆ ਜਾਵੇ। ਉਨ੍ਹਾਂ ਕਿ ਕਿ ਪੁਰਾਣੀਆਂ ਇਤਿਹਾਸਕ ਲਿਖਤਾਂ 'ਚ ਸੰਸਾਰ ਜੰਗਾਂ ਅੰਦਰ ਪੰਜਾਬੀ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆ ਗਿਆ ਹੈ। ਜੇਕਰ ਕੁਝ ਦਹਾਕੇ ਪਹਿਲਾਂ ਕੈਨੇਡਾ ਵਾਸੀਆਂ ਨੂੰ ਦੱਸਿਆ ਗਿਆ ਹੁੰਦਾ ਕਿ ਇਹ ਦਸਤਾਰਾਂ ਵਾਲੇ ਲੋਕ ਉਹ ਹਨ, ਜਿਨ੍ਹਾਂ ਨੇ ਕੈਨੇਡੀਅਨ ਫ਼ੌਜ ਨਾਲ ਮੋਢਾ ਜੋੜ ਕੇ ਸੰਸਾਰ ਜੰਗਾਂ 'ਚ ਬਹਾਦਰੀ ਦੇ ਕੀਰਤੀਮਾਨ ਸਥਾਪਿਤ ਕੀਤੇ ਹੋਏ ਹਨ ਤਾਂ ਕੈਨੇਡਾ 'ਚ ਪੰਜਾਬੀਆਂ ਦੀ ਸਥਾਪਤੀ ਹੋਰ ਸੌਖੀ ਹੁੰਦੀ ਅਤੇ ਸਾਨੂੰ ਦਸਤਾਰ ਸਮੇਤ ਪੁਲਿਸ, ਫ਼ੌਜ ਜਾਂ ਹੋਰ ਕੰਮਾਂ 'ਤੇ ਭਰਤੀ ਹੋਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਮੌਕੇ 'ਤੇ ਮੌਜੂਦ ਸਾਬਕਾ ਸਿੱਖ ਫ਼ੌਜੀਆਂ, ਸਕੂਲ ਅਧਿਆਪਕਾਂ ਅਤੇ ਕਾਮਾਗਾਟਾਮਾਰੂ ਨਾਲ ਸਬੰਧਿਤ ਸ਼ਹੀਦਾਂ ਦੇ ਪਰਿਵਾਰ-ਜਨਾਂ ਨੇ ਸਰਕਾਰ ਦੇ ਇਸ ਉੱਦਮ ਦੀ ਭਰਵੀਂ ਸ਼ਲਾਘਾ ਕੀਤੀ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES