Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਰਿਆਈ ਪਾਣੀਆਂ ਦੇ ਮੁੱਦੇ 'ਤੇ ਸਿਆਸੀ ਭਲਵਾਨ ਫੋਕੀਆਂ ਥਾਪੀਆਂ ਮਾਰਨ ਲੱਗੇ

Posted on November 11th, 2016


ਚੰਡੀਗੜ੍ਹ- ਐਸ. ਵਾਈ. ਐਲ. ਨਹਿਰ ਦੇ ਮੁੱਦੇ 'ਤੇ ਸਿਆਸੀ ਭਲਵਾਨ ਫੋਕੀਆਂ ਥਾਪੀਆਂ ਮਾਰਨ ਲੱਗੇ ਹਨ ਤੇ ਹਰ ਸਿਆਸੀ ਪਾਰਟੀ ਦੇ ਆਗੂ ਆਪਣੇ ਆਪ ਨੂੰ ਸਭ ਤੋਂ ਵੱਡੇ ਫਿਕਰਮੰਦ ਦੱਸ ਕੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੇ ਆਹਰ 'ਚ ਲੱਗੇ ਹੋਏ ਹਨ। 'ਇੱਕ ਵੀ ਬੂੰਦ ਵਾਧੂ ਨਹੀਂ' ਜਾਂ 'ਬੂੰਦ ਵੀ ਅਗਾਂਹ ਨਹੀਂ ਜਾਣ ਦੇਣੀ' ਦੇ ਲਲਕਾਰੇ ਮਾਰਨ ਵਾਲੇ ਇਹਨਾਂ ਆਗੂਆਂ ਦੇ ਨੱਕ ਹੇਠ ਰਾਜਸਥਾਨ ਨੂੰ ਬਿਲਕੁਲ ਹੀ ਗੈਰ-ਸੰਵਿਧਾਨਿਕ ਤਰੀਕੇ ਨਾਲ 11 ਐਮ. ਏ. ਐਫ. ਪਾਣੀ ਜਾ ਰਿਹਾ ਹੈ ਪਰ ਇਹ ਉਸ ਨਹਿਰ 'ਤੇ ਸਿਆਸਤ ਕਰਨ ਲੱਗੇ ਹੋਏ ਹਨ, ਜਿਸ 'ਚੋਂ ਪਾਣੀ ਕਦੇ ਵਗਿਆ ਨਹੀਂ ਤੇ ਜੇ ਇਹ ਸੁਹਿਰਦ ਹੋਣ ਜਾਂ ਰਹਿਣ, ਨਾ ਹੀ ਵਗ ਸਕਦਾ ਹੈ।

ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅਕਾਲੀ ਦਲ ਨੇ ਇਸ ਮਾਮਲੇ ਨੂੰ ਸੰਵਿਧਾਨ ਬਨਾਮ ਸੁਪਰੀਮ ਕੋਰਟ ਬਣਾਉਣ ਦੀ ਰਣਨੀਤੀ ਬਣਾਈ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨੇ 16 ਨਵੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ ਵਿੱਚ ਕੰਮ ਰੋਕੂ ਮਤਾ ਲਿਆਉਣ ਦਾ ਫ਼ੈਸਲਾ ਕੀਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ ਅਤੇ ਸੰਸਦ ਨੂੰ ਇਸ ਮੁੱਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਅਕਾਲੀ ਦਲ ਦੇ ਬੁਲਾਰੇ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਰਾਇਪੇਰੀਅਨ ਸਿਧਾਂਤ ਦੇ ਆਧਾਰ ਉੱਤੇ ਕੰਮ ਕਰਦਾ ਹੈ। ਜਲ ਸਮਝੌਤੇ ਰੱਦ ਕਰਨ ਸਬੰਧੀ ਕਾਨੂੰਨ 2004 ਵੀ ਵਿਧਾਨ ਪਾਲਿਕਾ ਦੇ ਦਾਇਰੇ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸੰਸਦ ਮੈਂਬਰ ਅਪੀਲ ਕਰਨਗੇ ਕਿ ਦੇਸ਼ ਦੇ ਭਵਿੱਖ ਨਾਲ ਜੁੜੇ ਇਸ ਵੱਡੇ ਮੁੱਦੇ ਉੱਤੇ ਸਾਰੇ ਕੰਮ ਰੋਕ ਕੇ ਸੰਸਦ ਵਿੱਚ ਵਿਚਾਰ ਕਰਨੀ ਜ਼ਰੂਰੀ ਹੈ।

ਪਟਿਆਲਾ ਤੋਂ 'ਆਪ' ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸਥਾਨਕ ਸੈਕਟਰ 17 'ਚ ਰੋਸ ਪ੍ਰਦਰਸ਼ਨ ਮੌਕੇ ਕਿਹਾ ਕਿ ਉਹ ਵੀ ਐਸ. ਵਾਈ. ਐਲ. ਨਹਿਰ ਦਾ ਮੁੱਦਾ ਸੰਸਦ ਵਿੱਚ ਉਠਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਸਹਿਮਤ ਹੋਣਗੇ ਤਾਂ ਉਹ ਵੀ ਸੰਸਦ ਮੈਂਬਰੀ ਤੋਂ ਅਸਤੀਫ਼ਾ ਦੇ ਦੇਣਗੇ।

ਕਾਂਗਰਸ ਦੇ ਸਾਰੇ 41  ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਤੋਂ ਅਸਤੀਫ਼ੇ ਦੇਣ ਮਗਰੋਂ ਪਾਰਟੀ ਨੇ ਐਸ. ਵਾਈ. ਐਲ. ਨਹਿਰ ਮੁੱਦੇ ਤੇ ਤਿੱਖਾ ਅੰਦੋਲਨ ਛੇੜਨ ਦਾ ਐਲਾਨ ਕੀਤਾ ਹੈ। ਪਹਿਲੇ ਪੜਾਅ ਤਹਿਤ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ 13 ਨਵੰਬਰ ਨੂੰ ਰਾਜਸਥਾਨ ਦੀ ਹੱਦ ਨਾਲ ਲਗਦੇ ਪੰਜਾਬ ਦੇ ਆਖਰੀ ਪਿੰਡ ਗੁੰਜਾਲ ਵਿੱਚ ਰੋਸ ਰੈਲੀ ਕੀਤੀ ਜਾਵੇਗੀ। ਇਸ ਪਿੰਡ ਵਿੱਚ ਸਤਲੁਜ ਦਰਿਆ ਦਾ ਪਾਣੀ ਜਾਂਦਾ ਹੈ ਅਤੇ ਹਰਿਆਣਾ ਨੂੰ ਹੋਰ ਪਾਣੀ ਦੇਣ ਦੀ ਹਾਲਤ ਵਿੱਚ ਇਸ ਇਲਾਕੇ ਦਾ ਪਾਣੀ ਬੰਦ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਇਸ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕਾਂ ਦੇ ਜੇਕਰ ਅਸਤੀਫ਼ੇ ਪ੍ਰਵਾਨ ਨਾ ਹੋਏ ਤਾਂ ਵੀ ਉਹ ਸੈਸ਼ਨ ਵਿੱਚ ਨਹੀਂ ਜਾਣਗੇ। 

ਆਮ ਆਦਮੀ ਪਾਰਟੀ ਵੱਲੋਂ ਐਸ. ਵਾਈ. ਐਲ. ਮੁੱਦੇ 'ਤੇ ਪਿੰਡ ਕਪੂਰੀ ਨੇੜੇ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੀ ਸਾਂਝੀ ਪਟੜੀ 'ਤੇ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਖ਼ਿਲਾਫ਼ ਸੂਬਾ ਪੱਧਰੀ ਧਰਨਾ ਵਿੱਢ ਦਿੱਤਾ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ 'ਆਪ' ਦੇ ਕੌਮੀ ਬੁਲਾਰੇ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸਹਿ ਇੰਚਾਰਜ ਜਰਨੈਲ ਸਿੰਘ, ਹਰਵਿੰਦਰ ਸਿੰਘ ਫੂਲਕਾ, ਕੰਵਰ ਸਿੰਘ ਸੰਧੂ, ਸੁਖਪਾਲ ਸਿੰਘ ਖਹਿਰਾ, ਅੰਨੂ ਰੰਧਾਵਾ, ਡਾ. ਬਲਵੀਰ ਸਿੰਘ ਤੇ ਪ੍ਰੋ. ਬਲਜਿੰਦਰ ਕੌਰ ਆਦਿ ਨੇ ਆਖਿਆ ਕਿ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦਾ ਜਿੰਨਾ ਨੁਕਸਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ, ਓਨਾ ਕਿਸੇ ਹੋਰ ਨੇ ਨਹੀਂ ਕੀਤਾ। ਦੋਵੇਂ ਧਿਰਾਂ ਐਸ. ਵਾਈ. ਐਲ. ਮੁੱਦੇ 'ਤੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਦੋ ਮਹੀਨੇ ਰਹਿ ਗਏ ਹਨ ਤਾਂ ਕਾਂਗਰਸੀ ਵਿਧਾਇਕ ਅਸਤੀਫ਼ੇ ਦੇ ਕੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਜੁਟ ਗਏ ਹਨ। ਆਗੂਆਂ ਨੇ ਕਿਹਾ ਕਿ 'ਆਪ' ਦੀ ਸਰਕਾਰ ਆਉਣ 'ਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰਕੇ ਐਸ. ਵਾਈ. ਐਲ. ਦਾ ਮੁੱਦਾ ਸੁਲਝਾਇਆ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ ਹੁਣ ਇਹ ਗੇਂਦ ਬਾਦਲ ਅਤੇ ਮੋਦੀ ਦੇ ਪਾਲੇ ਵਿੱਚ ਹੈ, ਕਿਉਂਕਿ ਉਹ ਸੁਪਰੀਮ ਕੋਰਟ ਦੀ ਰਾਇ ਮੰਨਣ ਲਈ ਪਾਬੰਦ ਨਹੀਂ। ਇਸ ਮੌਕੇ ਸਾਬਕਾ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਪੰਜਾਬ ਦੇ ਹਿੱਤਾਂ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੀ ਪਹਿਲ ਅਹਿਮ ਹੈ। ਇਸ ਮੁੱਦੇ 'ਤੇ ਉਹ ਪਾਰਟੀ ਦੇ ਨਾਲ ਹਨ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES