Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਵਿਰਾਸਤ ਬਨਾਮ ਆਧੁਨਿਕੀਕਰਨ ਤੇ ਸੁੰਦਰੀਕਰਨ

Posted on October 29th, 2016


Posted On October - 27 - 2016

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਏ ਤੇ ਸਿੱਖੀ ਦੇ ਧੁਰੇ ਵੱਲੋਂ ਜਾਣੇ ਜਾਂਦੇ ਇਤਿਹਾਸਕ ਨਗਰ ਅੰਮ੍ਰਿਤਸਰ ਦੇ ਐਨ ਵਿਚਕਾਰ ਸਥਿਤ ਰੂਹਾਨੀਅਤ ਦੇ ਮਹਾਨ ਕੇਂਦਰ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ, ਖ਼ਾਸ ਕਰਕੇ ਇਸ ਨੂੰ ਜਾਂਦੇ ਮੁੱਖ ਰਸਤੇ ਦੀ ਸਿਰਫ਼ ਤਿੰਨ ਸੌ ਦਿਨਾਂ ਵਿੱਚ ਬਦਲ ਦਿੱਤੀ ਗਈ ਨੁਹਾਰ ਵੇਖ ਕੇ ਹਰ ਕੋਈ ਹੈਰਾਨ ਤਾਂ ਹੁੰਦਾ ਹੈ ਅਤੇ ਬਹੁਤਿਆਂ ਨੂੰ ਇਹ ਸੋਹਣੀ ਤੇ ਖਿੱਚਪਾਊ ਵੀ ਲੱਗਦੀ ਹੈ, ਪਰ ਇਸ ਦਾ ਹੁਣ ਆਪਣੀ ਵਿਰਾਸਤ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ। ਸੁੰਦਰੀਕਰਨ ਪ੍ਰਾਜੈਕਟ ਤਹਿਤ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤਕ ਦੇ ਅੱਠ ਸੌ ਮੀਟਰ ਰਸਤੇ ਦੀ ਭੰਨ-ਤੋੜ, ਮੁਰੰਮਤ ਅਤੇ ਨਵ-ਉਸਾਰੀ ਕਰਵਾ ਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ‘ਵਿਰਾਸਤ’ ਦੀ ਨਵੀਂ ਪਰਿਭਾਸ਼ਾ ਸਿਰਜ ਦਿੱਤੀ ਹੈ। ਇਸ ਰਸਤੇ ਦੀ ਹਰ ਨੁਕਰ ਨੂੰ ਜਾਣਨ ਵਾਲੇ ਵਿਅਕਤੀ ਵੀ ਹੁਣ ਇਸ ਨੂੰ ਪਛਾਣ ਨਹੀਂ ਸਕਦੇ। ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸੇ ‘ਵਿਰਾਸਤੀ ਰਸਤੇ’ ਦੀ ਤਰ੍ਹਾਂ ਹੀ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਦੀ ਨੁਹਾਰ ਵੀ ਬਦਲ ਦਿੱਤੀ ਜਾਵੇਗੀ। ਸੈਲਾਨੀ ਖਿੱਚ ਕੇਂਦਰ ਵਜੋਂ ਵਿਕਸਿਤ ਕੀਤੇ ਗਏ ਇਸ ਰਸਤੇ ਨੂੰ ‘ਵਿਰਾਸਤੀ ਰਸਤਾ’ ਕਹਿਣਾ ਸਰਾਸਰ ਗ਼ਲਤ ਹੈ।


ਕੁਝ ਮਹੀਨੇ ਪਹਿਲਾਂ ਜਦੋਂ ਸੰਯੁਕਤ ਰਾਸ਼ਟਰ ਸੰਘ ਨੇ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਵਿਰਾਸਤੀ ਦਰਜਾ ਦਿੱਤਾ ਸੀ ਤਾਂ ਇਹ ਸਪਸ਼ਟ ਹੋ ਗਿਆ ਸੀ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਸਿਵਿਲ ਸਕੱਤਰੇਤ, ਵਿਧਾਨ ਸਭਾ ਅਤੇ ਹਾਈ ਕੋਰਟ ਸਮੇਤ ਕੈਪੀਟਲ ਕੰਪਲੈਕਸ ਦੀ ਕਿਸੇ ਵੀ ਇਮਾਰਤ ਦੀ ਇੱਕ ਇੱਟ ਨਾਲ ਵੀ ਛੇੜ-ਛਾੜ ਨਹੀਂ ਕਰ ਸਕਣਗੀਆਂ। ਪਰ ਵਿਰਾਸਤੀ ਮਾਰਗ ਦੇ ਨਾਂ ’ਤੇ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ, ਖ਼ਾਸ ਕਰ ਕੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ, ਰਸਤਿਆਂ ਤੇ ਇਮਾਰਤਾਂ ਵਿੱਚ ਵੱਡੀਆਂ ਤਬਦੀਲੀਆਂ ਕਰਵਾ ਕੇ ਇਨ੍ਹਾਂ ਨਾਲ ਜੁੜੀ ਵਿਰਾਸਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ।


ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਉਸਰਵਾਏ ਗਏ ਢਾਂਚੇ ਨੂੰ ਢਾਹੁਣ ਦਾ ਕੰਮ ਕੇਂਦਰ ਸਰਕਾਰ ਨੇ 1988 ਵਿੱਚ ਸੁੰਦਰੀਕਰਨ ਦੇ ਨਾਂ ਹੇਠ ਬਣਾਈ ਗਈ ਗਲਿਆਰਾ ਯੋਜਨਾ ਤਹਿਤ ਸ਼ੁਰੂ ਕੀਤਾ ਸੀ। ਇਸ ‘ਸੁੰਦਰੀਕਰਨ ਪ੍ਰਾਜੈਕਟ’ ਦੇ ਲੁਕਵੇਂ ਏਜੰਡੇ ਨੂੰ ਹੁਣ ਇੱਕ ਨਵੇਂ ਦਿਸਹੱਦੇ ਉੱਤੇ ਪਹੁੰਚਾ ਦਿੱਤਾ ਗਿਆ ਹੈ। ਇਸ ਤੋਂ ਵੀ ਅੱਗੇ ਜਾ ਕੇ ਹੁਣ ਤਾਂ ਅੰਮ੍ਰਿਤਸਰ ਦੀ ਨਵ-ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਇਸ ਮੁੱਖ ਰਸਤੇ ਨੂੰ ‘‘ਵਿਰਾਸਤੀ ਦਿੱਖ’’ ਦੇਣ ਲਈ ਲਾਲ ਰੰਗ ਦਾ ਪੱਥਰ ਵਰਤਿਆ ਗਿਆ ਹੈ ਜਦੋਂਕਿ ਪੰਜਾਬ ਤੇ ਸਿੱਖ ਭਵਨ-ਨਿਰਮਾਣ ਕਲਾ ਦੀ ਵਿਰਾਸਤ ਨਾਨਕਸ਼ਾਹੀ ਛੋਟੀਆਂ ਇੱਟਾਂ ਨਾਲ ਜੁੜੀ ਹੋਈ ਹੈ। ਕਾਰ ਸੇਵਾ ਵਾਲੇ ਬਾਬਿਆਂ ਨੇ ਇਨ੍ਹਾਂ ਛੋਟੀਆਂ ਇੱਟਾਂ ਦੀ ਥਾਂ ਸੰਗਮਰਮਰ ਲਾ ਕੇ ਇਤਿਹਾਸਕ ਗੁਰਦੁਆਰਿਆਂ ਦਾ ਅਸਲੀ ਚਿਹਰਾ-ਮੋਹਰਾ ਤਬਦੀਲ ਕਰ ਦਿੱਤਾ ਹੈ। ਦੂਜੇ ਪਾਸੇ ਗੁਰਦੁਆਰਾ ਸਾਹਿਬਾਨ ਦੀ ਅਸਲੀ ਭਵਨ-ਨਿਰਮਾਣ ਕਲਾ ਦੇ ਨਮੂਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੋਇੰ ਨਨਕਾਣਾ ਸਾਹਿਬ (ਪਾਕਿਸਤਾਨ) ਵਿੱਚ ਅਜੇ ਵੀ ਸੰਭਾਲੇ ਹੋਏ ਹਨ।

ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਸਾਹਮਣੇ ਸੰਗਮਰਮਰ ਨਾਲ ਬਣਾਏ ਗਏ ਪਲਾਜ਼ਾ ਤਕ ਦੇ ਰਸਤੇ ਉੱਤੇ ਸਥਿਤ ਸਾਰੀਆਂ ਇਮਾਰਤਾਂ ਤੇ ਦੁਕਾਨਾਂ ਦੀ ਬਾਹਰੀ ਦਿੱਖ ਇੱਕੋ ਜਿਹੀ ਬਣਾ ਕੇ ਇਸ ਰਸਤੇ ਨੂੰ ‘‘ਵਿਰਾਸਤੀ ਦਿੱਖ’’ ਦਿੱਤੀ ਗਈ ਹੈ। ਪਰ ਵਿਰਾਸਤ ਤਾਂ ਅਸਲ ਨੂੰ ਸੰਭਾਲ ਕੇ ਰੱਖਣ ਨੂੰ ਕਿਹਾ ਜਾਂਦਾ ਹੈ ਨਾ ਕਿ ਉਸ ਨੂੰ ਮਨਚਾਹੀ ਨਵੀਂ ਦਿੱਖ ਦੇਣ ਨੂੰ। ਇਸ ਲਈ ਇਸ ਰਸਤੇ ਨੂੰ ਜੇ ‘ਵਿਰਾਸਤੀ ਰਸਤਾ’ ਦਾ ਨਾਂ ਨਾ ਦਿੱਤਾ ਜਾਵੇ ਤਾਂ ਸੰਭਵ ਹੈ ਕਿ ਇਸ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਉੱਤੇ ਕਿਸੇ ਨੂੰ ਸ਼ਾਇਦ ਕੋਈ ਇਤਰਾਜ਼ ਨਾ ਹੋਵੇ। ਸੁੰਦਰੀਕਰਨ ਦੇ ਇਸ ਪ੍ਰਾਜੈਕਟ ਤਹਿਤ ਟਾਊਨ ਹਾਲ ਦੀ ਇਤਿਹਾਸਕ ਇਮਾਰਤ ਨੂੰ ਵੀ ਢਾਹੁਣ ਦਾ ਫ਼ੈਸਲਾ ਕਰ ਲਿਆ ਗਿਆ ਸੀ, ਪਰ ਸ਼ਹਿਰੀਆਂ ਵੱਲੋਂ ਪ੍ਰਗਟਾਏ ਗਏ ਜ਼ਬਰਦਸਤ ਰੋਸ ਤੋਂ ਬਾਅਦ ਇਸ ਨੂੰ ਬਚਾਅ ਲਿਆ ਗਿਆ। ਹੁਣ ਇੱਥੇ 1947 ਵਿੱਚ ਹੋਈ ਮੁਲਕ ਦੀ ਵੰਡ ਦੀ ਤ੍ਰਾਸਦੀ ਨੂੰ ਦਰਸਾਉਣ ਵਾਲਾ ਪਹਿਲਾ ਅਜਾਇਬ ਘਰ ਉਸਾਰਿਆ ਗਿਆ ਹੈ। 

ਚੰਡੀਗੜ੍ਹ ਤੋਂ ਪੜ੍ਹੀ ਉੱਘੀ ਪੱਤਰਕਾਰ ਤੇ ਡਿਜ਼ਾਈਨਰ ਕਿਸ਼ਵਰ ਦੇਸਾਈ ਵੱਲੋਂ ਬਣਾਇਆ ਗਿਆ ਇਹ ਅਜਾਇਬ ਘਰ ਆਪਣੇ-ਆਪ ਵਿੱਚ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਪਰ ਇਸ ਦਾ ਸ੍ਰੀ ਦਰਬਾਰ ਸਾਹਿਬ ਤੇ ਸਿੱਖ ਵਿਰਾਸਤ ਨਾਲ ਕੋਈ ਤੁਅੱਲਕ ਨਹੀਂ। ਇਸ ਤੋਂ ਅੱਗੇ ਪਾਰਲੀਮੈਂਟ ਦਾ ਚਿੱਤਰ ਅਤੇ ਡਾ. ਬੀ.ਆਰ. ਅੰਬੇਦਕਰ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਦਾ ਵੀ ਸ੍ਰੀ ਦਰਬਾਰ ਸਾਹਿਬ ਦੀ ਵਿਰਾਸਤ ਨਾਲ ਕੋਈ ਸਬੰਧ ਨਹੀਂ ਹੈ। ਹਾਂ, ਇਸ ਦਲਿਤ ਆਗੂ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਬੁੱਤ ਨੂੰ ਇੱਥੇ ਸਥਾਪਿਤ ਕਰਨ ਦੇ ਫ਼ੈਸਲੇ ਦੀ ਪੰਜਾਬ ਦੀ ਵੋਟ ਰਾਜਨੀਤੀ ਨੂੰ ਸਾਹਮਣੇ ਰੱਖ ਕੇ ਤਾਂ ਸਮਝ ਆਉਂਦੀ ਹੈ ਕਿਉਂਕਿ ਇਸ ਸੂਬੇ ਵਿੱਚ ਦਲਿਤ ਵਸੋਂ ਦੀ ਪ੍ਰਤੀਸ਼ਤਤਾ ਸਭ ਤੋਂ ਵੱਧ ਹੈ।


ਮਲਿਕਾ ਚੌਕ ਵਿੱਚ ਪਹਿਲਾਂ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਬੁੱਤ ਦੀ ਥਾਂ ਨਵਾਂ ਬੁੱਤ ਪਹਿਲਾਂ ਨਾਲੋਂ ਬਹੁਤ ਉੱਚੇ ਸੰਗਮਰਮਰ ਜੜੇ ਥੜੇ ਉੱਤੇ ਲਾ ਦਿੱਤਾ ਗਿਆ ਹੈ। ਸੈਲਾਨੀਆਂ ਲਈ ਇਹ ਜਗ੍ਹਾ ਤਸਵੀਰਾਂ ਖਿੱਚਣ ਲਈ ਸਭ ਤੋਂ ਵਧੀਆ ਥਾਂ ਬਣ ਗਈ ਹੈ। ਇਸ ਬੁੱਤ ਦੇ ਸਾਹਮਣੇ ਧਰਮ ਸਿੰਘ ਮਾਰਕਿਟ ਦੇ ਇੱਕ ਪਾਸੇ ਭੰਗੜਾ ਪਾ ਰਹੇ ਗੱਭਰੂਆਂ ਦੇ ਬੁੱਤ ਸਥਾਪਿਤ ਕੀਤੇ ਗਏ ਹਨ। ਇਹ ਬੁੱਤ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਸੜਕ, ਨਾ ਕਿ ਗਲੀ, ਨਾਲ ਜੁੜੀ ਪਵਿੱਤਰਤਾ ਦੀ ਭਾਵਨਾ ਨਾਲ ਮੇਲ ਨਹੀਂ ਖਾਂਦੇ। ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤਕ ਦੇ ਰਸਤੇ ਨੂੰ 1969 ਵਿੱਚ ਚੌੜਾ ਕਰਨ ਤੋਂ ਪਹਿਲਾਂ ਇੱਥੇ ਇੱਕ ਭੀੜੀ ਗਲੀ ਹੀ ਹੁੰਦੀ ਸੀ। ਰਸਤਾ ਚੌੜਾ ਕਰਨ ਲਈ ਚਲਾਈ ਗਈ ਇਸ ਪਹਿਲੀ ਮੁਹਿੰਮ ਵੇਲੇ ਵੀ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨੇੜੇ ਸਥਾਪਿਤ ਕੀਤੇ ਹੋਏ ਦੋ ਥੰਮ੍ਹਾਂ ਨੂੰ ਨਹੀਂ ਸੀ ਛੇੜਿਆ ਗਿਆ ਜਿਨ੍ਹਾਂ ਉੱਤੇ ਕੁਝ ਚਿੱਤਰ ਬਣੇ ਹੋਏ ਸਨ। ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਇਹ ਚਿੱਤਰ ਖ਼ਰਾਬ ਹੋ ਜਾਣ ਤੋਂ ਬਾਅਦ ਇਹ ਦੋਵੇਂ ਥੰਮ ਚੁੱਪ-ਚਪੀਤੇ ਹੀ ਇੱਥੋਂ ਹਟਾ ਦਿੱਤੇ ਗਏ। ਇਹ ਸਭ ਕੁਝ ਵਿਰਾਸਤ ਨੂੰ ਤਬਾਹ ਕਰਨ ਦੇ ਤੁੱਲ ਹੈ।

ਸੁੰਦਰੀਕਰਨ ਦੀ ਇਸ ਮੁਹਿੰਮ ਦੀ ਤੁਲਨਾ ਸ੍ਰੀ ਦਰਬਾਰ ਸਾਹਿਬ ਵਿਖੇ 1984 ਵਿੱਚ ਕੀਤੀ ਗਈ ਫ਼ੌਜੀ ਕਾਰਵਾਈ ਦੌਰਾਨ ਨੁਕਸਾਨੇ ਗਏ ਰਾਮਗੜ੍ਹੀਆ ਬੁੰਗੇ ਦੇ ਦੋਵੇਂ ਮੀਨਾਰਾਂ ਨੂੰ ਮੁੜ ਤੋਂ ਨਾਨਕਸ਼ਾਹੀ ਇੱਟਾਂ ਨਾਲ ਬਣਾਉਣ ਦੀ ਥਾਂ ਪਿਆਜ਼ੀ ਰੰਗ ਦੀ ਪੱਥਰੀ ਦਿੱਖ ਦੇਣ ਦੀ ਕੁਹਜਮਈ ਕਾਰਵਾਈ ਨਾਲ ਕੀਤੀ ਜਾ ਸਕਦੀ ਹੈ। ਮੁੜ ਉਸਾਰੀ ਵੇਲੇ ਅਸਲੀ ਦਿੱਖ ਦੀ ਥਾਂ ਇਨ੍ਹਾਂ ਮੀਨਾਰਾਂ ਦੇ ਸਿਰਿਆਂ ਉੱਤੇ ਗੁੰਬਦ ਵੀ ਬਣਾ ਦਿੱਤੇ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇੱਕ ਵਾਰੀ ਕਮੇਟੀ ਦੀ ਮੀਟਿੰਗ ਵਿੱਚ ਕਿਸੇ ਮੈਂਬਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਢਾਹ ਕੇ ਮੁੜ ਵੱਡੇ ਆਕਾਰ ਵਿੱਚ ਉਸਾਰਨ ਦੇ ਦਿੱਤੇ ਗਏ ਸੁਝਾਅ ਸਬੰਧੀ ਦੱਸਿਆ ਸੀ। ਉਨ੍ਹਾਂ ਉਸ ਮੈਂਬਰ ਨੂੰ ਸਮਝਾਇਆ ਸੀ ਕਿ ਭਾਵੇਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਅਹਿਮਦ ਸ਼ਾਹ ਅਬਦਾਲੀ ਵੱਲੋਂ ਬਿਲਕੁਲ ਮਲੀਆਮੇਟ ਕਰ ਦਿੱਤੇ ਜਾਣ ਤੋਂ ਬਾਅਦ ਮੁੜ ਉਸਾਰਿਆ ਗਿਆ ਸੀ, ਪਰ ਇਸ ਦੇ ਡਿਜ਼ਾਈਨ ਵਿੱਚ ਨਿੱਕੀ ਜਿੰਨੀ ਵੀ ਤਬਦੀਲੀ ਨਹੀਂ ਸੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਇਮਾਰਤ ਉੱਤੇ ਸੋਨਾ ਚੜ੍ਹਾ ਕੇ ਇਸ ਵਿੱਚ ਅਹਿਮ ਤਬਦੀਲੀ ਕੀਤੀ ਜਿਹੜੀ ਸਿੱਖੀ ਦੀ ਮੂਲ ਫਿਲਾਸਫੀ ਦੇ ਹੀ ਉਲਟ ਹੈ- ਉਹ ਫਿਲਾਸਫੀ ਜਿਸ ਦਾ ਇਹ ਰੂਹਾਨੀ ਕੇਂਦਰ ਪ੍ਰਤੀਕ ਹੈ। ਇਸ ਦੀ ਸਮੁੱਚੇ ਢਾਂਚੇ ਦੀ ਤਾਂ ਇੱਕ ਇੱਟ ਨਾਲ ਵੀ ਛੇੜ-ਛਾੜ ਨਹੀਂ ਕੀਤੀ ਜਾਣੀ ਚਾਹੀਦੀ। 

ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕੀਤੀ ਗਈ ਸੀ ਜਿੱਥੇ ਉਹ ਆਪਣਾ ਦਰਬਾਰ ਲਾਇਆ ਕਰਦੇ ਸਨ। ਇਨ੍ਹਾਂ ਦੋਹਾਂ ਅਸਥਾਨਾਂ ਦੀਆਂ ਇਮਾਰਤਾਂ ਦੇ ਗੁੰਬਦਾਂ ਦੇ ਆਕਾਰ ਅਤੇ ਸ਼ਕਲ ਵਿੱਚ ਅੰਤਰ ਹੈ ਜਿਵੇਂ ਇਨ੍ਹਾਂ ਦੀ ਸਿਰਜਣਾ ਪਿਛਲੇ ਸਿਧਾਂਤ ਵਿੱਚ ਫ਼ਰਕ ਹੈ।

ਅੰਮ੍ਰਿਤਸਰ ਦੇ ਬਾਹਰਵਾਰ ਦਿੱਲੀ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਹਿਲਾਂ ਬਣੇ ਬਹੁਤ ਹੀ ਸੋਹਣੇ ਤੇ ਸੁਹਜਮਈ ਗੇਟ ਦੀ ਥਾਂ ਹੁਣ ਬਣਾਏ ਗਏ ਵੱਡ-ਆਕਾਰੀ ਗੇਟ ਉੱਤੇ ਇੱਕ ਵੱਡਾ ਗੁੰਬਦ ਬਣਾ ਦਿੱਤਾ ਗਿਆ ਹੈ ਜਿਸ ਦੀ ਸ਼ਕਲ ਸ੍ਰੀ ਦਰਬਾਰ ਸਾਹਿਬ ਦੇ ਗੁੰਬਦ ਨਾਲ ਮਿਲਦੀ ਜੁਲਦੀ ਹੈ। ਕਈਆਂ ਧਿਰਾਂ ਨੂੰ ਇਹ ਇਤਰਾਜ਼ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਨਕਲ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਹੋਰ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਇਸ ਨਾਲ ਮੇਲ ਨਹੀਂ ਖਾਂਦੀ।

ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਉਣ ਵੇਲੇ ਵੱਖ ਵੱਖ ਕਸਬਾਂ ਦੇ  ਵਿਅਕਤੀਆਂ ਨੂੰ ਇਥੇ ਲਿਆ ਕੇ ਵਸਾਇਆ ਸੀ। ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਗਲੀਆਂ ਨੂੰ ਇਨ੍ਹਾਂ ਕਸਬਾਂ ਕਰ ਕੇ ਹੀ ਜਾਣਿਆ ਜਾਂਦਾ ਸੀ। ਸ੍ਰੀ ਦਰਬਾਰ ਸਾਹਿਬ ਦੇ ਨਾਲ ਲਗਦੀ ਇੱਕ ਗਲੀ, ਜਿਸ ਨੂੰ ਗੁਰੂ ਬਜ਼ਾਰ ਕਿਹਾ ਜਾਂਦਾ ਸੀ, ਦਰਅਸਲ ਇਸ ਸ਼ਹਿਰ ਦੀ ਨੀਂਹ ਸੀ। ਇਹ ਬਜ਼ਾਰ ਗਲਿਆਰਾ ਯੋਜਨਾ ਅਧੀਨ ਢਾਹ ਦਿੱਤਾ ਗਿਆ ਸੀ ਜਿਸ ਦਾ ਅਸਲ ਮਕਸਦ ਉਨ੍ਹਾਂ ਸਾਰੀਆਂ ਭੀੜੀਆਂ ਪਰ ਇਤਿਹਾਸਕ ਗਲੀਆਂ ਤੇ ਇਮਾਰਤਾਂ ਨੂੰ ਢਹਿਢੇਰੀ ਕਰਨਾ ਸੀ ਜਿਨ੍ਹਾਂ ਰਾਹੀਂ 1984 ਦੀ ਫ਼ੌਜੀ ਕਾਰਵਾਈ ਦੌਰਾਨ ਵੱਡੀ ਗਿਣਤੀ ਵਿੱਚ ਖਾੜਕੂ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ। ਪਾਕਿਸਤਾਨ ਨਾਲ ਲਗਦੀ ਸਰਹੱਦ ਉੱਤੇ ਕੰਡਿਆਲੀ ਤਾਰ ਲਾਉਣੀ ਅਤੇ ਸ੍ਰੀ ਦਰਬਾਰ ਸਾਹਿਬ ਦੁਆਲੇ ਗਲਿਆਰਾ ਬਣਾਉਣ ਦੇ ਪ੍ਰਾਜੈਕਟ ਤਕਰੀਬਨ ਇੱਕੋ ਸਮੇਂ ਹੀ ਵਿਉਂਤੇ ਤੇ ਨੇਪਰੇ ਚਾੜ੍ਹੇ ਗਏ ਸਨ।

ਸ੍ਰੀ ਦਰਬਾਰ ਸਾਹਿਬ ਦੇ ਢਾਂਚੇ ਤੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਅਤੇ ਇਸ ਨੂੰ ਮੁੜ ਉਸਾਰਨ ਉੱਤੇ ਤਾਂ ਸ਼ਾਇਦ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ, ਪਰ ਮੁੱਦਾ ਸਿਰਫ਼ ਇਹ ਹੈ ਕਿ ਇਹ ਸਭ ਕੁਝ ਵਿਰਾਸਤ ਨੂੰ ਸੰਭਾਲਣ ਦੇ ਨਾਂ ਉੱਤੇ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਪੂਰੀ ਦੁਨੀਆਂ ਵਿੱਚ ਘੁੰਮਦੇ ਰਹਿੰਦੇ ਹਨ ਇਸ ਲਈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਪੁਰਾਣੇ ਪਿੰਡ ਕਿਵੇਂ ਸੰਭਾਲ ਕੇ ਰੱਖੇ ਗਏ ਹਨ। ਵੈਟੀਕਨ ਇਸ ਦੀ ਉਘੜਵੀਂ ਉਦਾਹਰਣ ਹੈ। ਬੜੇ ਸਾਲਾਂ ਤੋਂ ਇਹ ਮੰਗ ਉਠਦੀ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਨੂੰ ਵੈਟੀਕਨ ਦੀ ਤਰਜ਼ ਉੱਤੇ ਵਿਸ਼ੇਸ਼ ਰੁਤਬਾ ਦਿੱਤਾ ਜਾਵੇ। ਸੁੰਦਰੀਕਰਨ ਦੇ ਇਸ ਸਾਰੇ ਨਵੇਂ ਪ੍ਰਾਜੈਕਟ ਵਿੱਚ ਚੰਗੀ ਗੱਲ ਇਹ ਹੈ ਕਿ ਪਲਾਜ਼ਾ ਦੇ ਜ਼ਮੀਨਦੋਜ਼ ਭਾਗ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ, ਪ੍ਰੰਪਰਾਵਾਂ, ਮਰਿਯਾਦਾ ਤੇ ਸਿਧਾਂਤ ਨੂੰ ਆਧੁਨਿਕ ਤਕਨਾਲੋਜੀ ਰਾਹੀ ਸ਼ਰਧਾਲੂਆਂ ਨੂੰ ਦਰਸਾਏ ਜਾਣ ਦੇ ਪ੍ਰਬੰਧ ਕੀਤੇ ਗਏ ਹਨ।

ਬੁਨਿਆਦੀ ਸੁਆਲ ਇਹ ਹੈ ਕਿ ਕੀ ਇਹ ਸੁੰਦਰੀਕਰਨ ਪ੍ਰਾਜੈਕਟ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪੁਆ ਸਕੇਗਾ ਜਿਸ ਨੂੰ ਸਥਾਪਤੀ-ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅਕਾਲੀ ਦਲ ਸਿੱਖਾਂ ਤੋਂ ਪੰਥ ਦੇ ਨਾਂ ਉੱਤੇ ਵੋਟਾਂ ਮੰਗਦਾ ਆ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਨੇ ਆਪਣੀ ਪੰਥਕ ਦਿੱਖ ਤੇ ਕਿਰਦਾਰ ਖੋਰ ਲਿਆ ਹੈ। ਨਵੀਂ ਦਿੱਖ ਵਾਲਾ ਅਕਾਲੀ ਦਲ ਹੁਣ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰ ਕੇ ਆਪੇ ਘੜੇ ਗਏ ‘‘ਪੰਥਕ ਏਜੰਡੇ’’ ਉੱਤੇ ਵੋਟਾਂ ਮੰਗ ਰਿਹਾ ਹੈ ਅਤੇ ਇਹ ਏਜੰਡਾ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਨੂੰ ਦਿੱਤੀ ਜਾ ਰਹੀ ਨਵੀਂ ਦਿੱਖ ਦੇ ਰੂਪ ਵਿੱਚ ਸਾਹਮਣੇ ਹੈ।

ਜਗਤਾਰ ਸਿੰਘ

ਸੰਪਰਕ: 97797-11201

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES