Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਸਾਡੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਜ਼ਰੂਰ ਖੁਸ਼ਨੁਮਾ ਹੋਵੇਗਾ’

Posted on May 26th, 2013

ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਵੱਲੋਂ ਉਸ ਦੀ ਰਿਹਾਈ ਲਈ ਲਗਾਤਾਰ ਅਣਥੱਕ ਯਤਨ ਜਾਰੀ ਹਨ ਪ੍ਰ੍ਰੰਤੂ ਅੱਜ ਭੁੱਲਰ ਦੀ ਹਾਲਤ ਇਹ ਹੈ ਕਿ ਉਹ ਆਪਣੀ ਪਤਨੀ ਨੂੰ ਵੀ ਨਹੀਂ ਪਛਾਣਦਾ। ਅਖਬਾਰ ‘ਦਿ ਇੰਡੀਅਨ ਐਕਸਪ੍ਰੈਸ’ ਵਿਚ ਛਪੇ ਇਕ ਫੀਚਰ ਵਿਚ ਨਵਨੀਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਗਲਤੀ ਸਿਰਫ ਏਨੀ ਹੈ ਕਿ ਉਹ ਇੰਜੀਨੀਅਰ ਸੀ ਅਤੇ ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ‘ਲਾਪਤਾ’ ਹੋਣ ਵਾਲੇ ਆਪਣੇ ਵਿਦਿਆਰਥੀਆਂ ਪ੍ਰਤੀ ਹਮਦਰਦੀ ਰੱਖਦਾ ਸੀ ਜੋ ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਸੀ।

ਨਵਨੀਤ ਉਦੋਂ 26 ਵਰ੍ਹਿਆਂ ਦੀ ਸੀ ਜਦੋਂ 1991 ਵਿਚ ਉਸ ਦਾ ਵਿਆਹ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਮਕੈਨੀਕਲ ਇੰਜੀਨੀਅਰ ਦੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨਾਲ ਹੋਇਆ। ਉਚੇ ਲੰਮੇ ਕੱਦ ਦਾ ਭੁੱਲਰ ਬਹੁਤ ਹੀ ਸਾਊ ਅਤੇ ਮਿੱਠਬੋਲੜਾ ਨੌਜਵਾਨ ਸੀ। ਨਵਨੀਤ ਨੇ ਦੱਸਿਆ ਕਿ ਪੰਜਾਬ ਵਿਚ ਇਹ ਉਹ ਵੇਲਾ ਸੀ ਜਦੋਂ ਆਏ ਦਿਨ ਸਿੱਖ ਨੌਜਵਾਨਾਂ ਨੂੰ ਖਾਲਿਸਤਾਨੀ ਦੇ ਦੋਸ਼ਾਂ ਹੇਠ ਪੁਲੀਸ ਵੱਲੋਂ ਚੁੱਕ ਲਿਆ ਜਾਂਦਾ ਸੀ। ਨਵਨੀਤ ਨੇ ਦੱਸਿਆ ਕਿ ਭੁੱਲਰ ਉਥੋਂ ਨਿਕਲਣਾ ਚਾਹੁੰਦਾ ਸੀ ਅਤੇ ਬਾਹਰ ਨੌਕਰੀ ਤਲਾਸ਼ ਰਿਹਾ ਸੀ। ਉਸ ਵੇਲੇ ਚੰਡੀਗੜ੍ਹ ਤੋਂ ਇਕ ਚੰਗੀ ਕੰਪਨੀ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ। ਨਵਨੀਤ ਵੀ ਚਾਹੁੰਦੀ ਸੀ ਕਿ ਉਸ ਦਾ ਪਤੀ ਲੁਧਿਆਣੇ ਤੋਂ ਬਾਹਰ ਨਿਕਲ ਜਾਵੇ। ਉਨ੍ਹਾਂ ਦੇ ਵਿਆਹ ਨੂੰ ਅਜੇ ਮਸਾਂ ਤਿੰਨ ਮਹੀਨੇ ਹੀ ਹੋਏ ਸਨ ਕਿ ਭੁੱਲਰ ਨੂੰ ਪੰਜਾਬ ਦੇ ਮੌਜੂਦਾ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ, ਜੋ ਉਸ ਵੇਲੇ ਚੰਡੀਗੜ੍ਹ ਦੇ ਐਸ.ਐਸ.ਪੀ. ਸਨ, ’ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਮੁਲਜ਼ਮ ਐਲਾਨ ਦਿੱਤਾ।

ਨਵਨੀਤਦਾ ਕਹਿਣਾ ਹੈ ਕਿ ਸੁਮੇਧ ਸੈਣੀ ’ਤੇ ਕੀਤੇ ਗਏ ਹਮਲੇ ਨਾਲ ਭੁੱਲਰ ਦਾ ਕੋਈ ਸਬੰਧ ਨਹੀਂ ਸੀ। ਉਹ ਆਪਣੇ ਕਾਲਜ ਦੇ ‘ਲਾਪਤਾ’ ਹੋਏ ਸਿੱਖ ਨੌਜਵਾਨਾਂ ਪ੍ਰਤੀ ਹਮਦਰਦੀ ਰੱਖਦਾ ਸੀ ਜਿਸ ਕਰਕੇ ਉਹ ਉਸ ਦਾ ਮੂੰਹ ਬੰਦ ਕਰਨਾ ਚਾਹੁੰਦੇ ਸਨ। ਭੁੱਲਰ ਕਿਉਂਕਿ ਇੰਜੀਨੀਅਰ ਸੀ, ਇਸ ਲਈ ਉਨ੍ਹਾਂ ਉਸ ਉੱਤੇ ਰਿਮੋਟ ਕੰਟਰੋਲ ਵਾਲੇ ਬੰਬਾਂ ਦੀ ਸੈਟਿੰਗ ਕਰਨ ਦਾ ਦੋਸ਼ ਲਾਇਆ। ਉਸ ਨੇ ਦੱਸਿਆ ਕਿ ਪੁਲੀਸ ਨੇ ਭੁੱਲਰ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਘਰ ਛਾਪਾ ਮਾਰਿਆ ਜਦੋਂ ਉਹ ਨਾ ਮਿਲਿਆ ਤਾਂ ਪੁਲੀਸ ਉਸ ਦੇ ਪਿਤਾ ਬਲਵੰਤ ਸਿੰਘ, ਚਾਚੇ ਮਨਜੀਤ ਸਿੰਘ ਅਤੇ ਰਿਸ਼ਤੇ ਦੇ ਭਰਾ ਨੂੰ ਚੁੱਕ ਕੇ ਲੈ ਗਈ। ਇਨ੍ਹਾਂ ਤਿੰਨਾਂ ਦੀ ਮੁੜ ਕੇ ਕੋਈ ਉੱਘ-ਸੁੱਘ ਨਹੀਂ ਨਿਕਲੀ। ਸਾਫ ਸੀ ਕਿ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ  ਮਾਰ ਮੁਕਾਇਆ ਸੀ ਇਨ੍ਹਾਂ ਤਿੰਨਾਂ ਨੂੰ ਬਿਨਾਂ ਕਿਸੇ ਐਫ.ਆਈ.ਆਰ. ਅਤੇ ਅਦਾਲਤ ਦੇ ਹੁਕਮਾਂ ਦੇ ਬਗੈਰ ਹੀ ਗ੍ਰਿਫਤਾਰ ਕੀਤਾ ਗਿਆ ਸੀ। ਬਲਵੰਤ ਸਿੰਘ ਅਤੇ ਮਨਜੀਤ ਸਿੰਘ ਸਰਕਾਰੀ ਮੁਲਾਜ਼ਮ ਸਨ।

ਭਰੀਆਂ ਅੱਖਾਂ ਨਾਲ ਨਵਨੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਵੀ ਪੁਲੀਸ ਨੇ ਚੁੱਕ ਲਿਆ ਸੀ ਪ੍ਰੰਤੂ ਡੇਢ ਮਹੀਨੇ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਉਸ ਦਾ ਕਹਿਣਾ ਸੀ, ‘‘ਪੁਲੀਸ ਨੇ ਮੇਰੇ ਪਿਤਾ ’ਤੇ ਅੰਨ੍ਹਾ ਤਸ਼ੱਦਦ ਕੀਤਾ। ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ। ਉਨ੍ਹਾਂ ਦੀ ਹਾਲਤ ਅਜਿਹੀ  ਸੀ ਕਿ ਉਨ੍ਹਾਂ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸੀ। ਗ੍ਰਿਫਤਾਰੀ ਤੋਂ ਮਗਰੋਂ ਜਦੋਂ ਉਹ ਛੁੱਟ ਕੇ ਆਏ ਤਾਂ ਮੇਰੇ ਪਿਤਾ ਪਹਿਲਾਂ  ਵਰਗੇ ਨਾ ਰਹੇ।

ਦਵਿੰਦਰ ਇਸ ਤੋਂ ਮਗਰੋਂ ਤਿੰਨ ਸਾਲ ਰੂਪੋਸ਼ ਰਿਹਾ। ਉਸ ਨੂੰ ਡਰ ਸੀ ਕਿ ਜੇਕਰ ਉਹ ਪੁਲੀਸ ਦੇ ਹੱਥ ਚੜ੍ਹ ਗਿਆ ਤਾਂ ਉਸ ਦੀ ਹੋਣੀ ਵੀ ਉਸ ਦੇ ਪਿਤਾ ਵਾਲੀ ਹੋਵੇਗੀ। ਨਵਨੀਤ ਨੇ ਦੱਸਿਆ, ‘‘ਇਸ ਸਮੇਂ ਦੌਰਾਨ ਨਾ ਤਾਂ ਅਸੀਂ ਕਦੇ ਮਿਲੇ ਅਤੇ ਨਾ ਹੀ ਸਾਡੀ ਕਦੇ ਕੋਈ ਗੱਲਬਾਤ ਹੋਈ। ਉਸ ਨੇ ਡਰਦਿਆਂ ਕਦੇ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਅਜਿਹਾ ਕਰਨ ਦੀ ਸੂਰਤ ਵਿਚ ਪੁਲੀਸ ਉਸ ਨੂੰ ਮਾਰ ਮੁਕਾਏਗੀ।

ਨਵਨੀਤ ਨੂੰ ਇਸੇ ਸਮੇਂ ਦੌਰਾਨ ਆਪਣੇ ਗੁਜ਼ਾਰੇ ਲਈ ਹੋਸਟਲ ਵਾਰਡਨ ਦੀ ਨੌਕਰੀ ਕਰਨੀ ਪਈ। ਇਸ ਤੋਂ ਬਾਅਦ 1993 ਵਿਚ ਜਦੋਂ ਦਿੱਲੀ ’ਚ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ’ਤੇ ਹਮਲਾ ਹੋ ਗਿਆ ਜਿਸ ਵਿਚ ਨੌਂ ਵਿਅਕਤੀ ਮਾਰੇ ਗਏ ਅਤੇ ਬਿੱਟਾ ਜ਼ਖਮੀ ਹੋ ਗਿਆ। ਇਹ ਬੰਬ ਧਮਾਕਾ ਵੀ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਸੀ। ਭੁੱਲਰ ਦੇ ਇੰਜੀਨੀਅਰ ਹੋਣ ਕਾਰਨ ਇਹ ਧਮਾਕਾ ਵੀ ਉਸ ਦੇ ਸਿਰ ਲਾ ਦਿੱਤਾ ਗਿਆ। ਇਸ ਮਾਮਲੇ ’ਚ ਭੁੱਲਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਾ ਮਿਲਣ ਦੇ ਬਾਵਜੂਦ ਕਿਹਾ ਗਿਆ ਕਿ ਇਹ ਧਮਾਕਾ ਵੀ 1991 ਵਿਚ ਰਿਮੋਟ ਨਾਲ ਹੋਏ ਬੰਬ ਧਮਾਕੇ ਵਰਗਾ ਹੈ ਜਿਸ ਕਾਰਨ ਇਸ ਧਮਾਕੇ ’ਚ ਵੀ ਪ੍ਰੋ. ਦਵਿੰਦਰਪਾਲ ਭੁੱਲਰ ਦੀ ਸ਼ਮੂਲੀਅਤ ਹੈ।

ਦਿੱਲੀ ਦੀ ਹੇਠਲੀ ਅਦਾਲਤ ਨੇ 2001 ਵਿਚ ਦਵਿੰਦਰ ਨੂੰ ਇਸ ਕੇਸ ਵਿਚ ਦੋਸ਼ੀ ਮੰਨਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਕੀਤੀ ਗਈ ਅਪੀਲ ’ਤੇ ਫੈਸਲਾ ਸੁਣਾਉਂਦਿਆਂ ਟੁੱਟਵਾਂ ਫੈਸਲਾ ਦਿੱਤਾ। ਇਸ ਕੇਸ ਲਈ ਕਾਇਮ ਕੀਤੇ ਤਿੰਨ ਮੈਂਬਰੀ ਬੈਂਚ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਐਮ.ਬੀ.ਸ਼ਾਹ ਨੇ ਉਸ ਨੂੰ ਬਰੀ ਕਰ ਦਿੱਤਾ ਅਤੇ ਦੂਜੇ ਦੋ ਜੱਜਾਂ ਨੇ ਉਸ ਨੂੰ ਦੋਸ਼ੀ ਮੰਨਿਆ। ਮਈ 2011 ਵਿਚ ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ।

1994 ਵਿਚ ਤਿੰਨ ਸਾਲਾਂ ਦੇ ਵਿਛੋੜੇ ਮਗਰੋਂ ਦੋਹੇਂ ਪਤੀ-ਪਤਨੀ ਨੇ ਕੈਨੇਡਾ ਵਿਚ ਇਸ ਆਸ ਨਾਲ ਮਿਲਣ ਦਾ ਪ੍ਰਬੰਧ ਕੀਤਾ ਕਿ ਉਹ ਇਕ ਫੇਰ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਨਵਨੀਤ ਨੇ ਦੱਸਿਆ, ‘‘ਮੈਂ ਸੁਰੱਖਿਅਤ ਵੈਨਕੂਵਰ ਪਹੁੰਚ ਗਈ ਪ੍ਰੰਤੂ ਉਹ ਫਰੈਂਕਫਰਟ ਵਿਚ ਉਸ ਵੇਲੇ ਫੜਿਆ ਗਿਆ ਜਦੋਂ ਉਸ ਨੇ ਜਹਾਜ਼ ਬਦਲਣਾ ਸੀ। ਉਸ ਕੋਲ ਸਹੀ ਦਸਤਾਵੇਜ਼ ਨਹੀਂ ਸਨ। ਮੈਨੂੰ ਲੱਗਿਆ ਕਿ ਜਿਵੇਂ ਮੇਰੇ ਉੱਤੇ ਫੇਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮੈਂ ਆਪਣੇ ਪਤੀ ਨੂੰ ਮਿਲਣ ਹੀ ਵਾਲੀ ਸੀ ਕਿ ਹੋਣੀ ਇਕ ਵਾਰੀ ਫੇਰ ਉਸ ਨੂੰ ਮੇਰੇ ਤੋਂ ਦੂਰ ਲੈ ਗਈ ਸੀ।’’ 1995 ਵਿਚ ਦਵਿੰਦਰਪਾਲ ਭੁੱਲਰ ਨੂੰ ਜਰਮਨੀ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ।

ਅਗਲੇ ਛੇ ਸਾਲਾਂ ਦੌਰਾਨ ਜਿੱਥੇ ਦਵਿੰਦਰਪਾਲ ਭੁੱਲਰ ਵੱਖ-ਵੱਖ ਅਦਾਲਤਾਂ ਵਿਚ ਆਪਣੇ ਖਿਲਾਫ ਪਾਏ ਗਏ ਇਨ੍ਹਾਂ ਕੇਸਾਂ ਦਾ ਸਾਹਮਣਾ ਕਰਦਾ ਰਿਹਾ, ਉੱਥੇ ਨਵਨੀਤ ਨੇ ਕੈਨੇਡਾ ਵਿਚ ਸਿਫਰ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ, ‘‘ਮੈਂ ਆਪਣੇ ਮਾਪਿਆਂ ਨੂੰ ਵੀ ਉਧਰ ਹੀ ਬੁਲਾ ਲਿਆ ਅਤੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਲੰਬੀ ਉਡੀਕ ਕੀਤੀ ਅਤੇ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ। ਉੱਥੇ ਉਸ ਨੇ ਨਰਸਿੰਗ ਦਾ ਕੋਰਸ ਕੀਤਾ ਅਤੇ ਪ੍ਰੋ. ਦਵਿੰਦਰਪਾਲ ਭੁੱਲਰ ਨੂੰ ਜੇਲ੍ਹ ਵਿਚ ਮਿਲਣ ਲਈ ਭਾਰਤ ਆਉਣ ਖਾਤਰ ਪੈਸਿਆਂ ਦਾ ਪ੍ਰਬੰਧ ਕਰਨ ਲਈ ਦੂਹਰੀ ਸ਼ਿਫਟ ਵਿਚ ਕੰਮ ਕਰਨਾ ਪਿਆ। ਇਸੇ ਦੌਰਾਨ ਦਵਿੰਦਰਪਾਲ ਦੀ ਮਾਂ ਵੀ ਆਪਣੇ ਛੋਟੇ ਪੁੱਤਰ ਨਾਲ ਅਮਰੀਕਾ ਪਹੁੰਚ ਗਈ। ਨਵਨੀਤ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਦਵਿੰਦਰਪਾਲ ਭੁੱਲਰ ਦੇ ਕੇਸ ਦਾ ਖਹਿੜਾ ਛੱਡ ਕੇ ਉਸ ਨੂੰ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਜ਼ੋਰ ਪਾਇਆ ਪ੍ਰੰਤੂ ਉਹ ਨਾ ਮੰਨੀ।

ਅਖੀਰ 2001 ਵਿਚ ਨਵਨੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਉਸ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ਕਰ ਸਕੀ। ਉਸ ਨੇ ਦੱਸਿਆ ਕਿ ਭੁੱਲਰ ਨੇ ਉਸ ਨੂੰ ਕਿਹਾ ਸੀ ਕਿ ਇਸ ਮਾਮਲੇ ਵਿਚ ਉਸ ਨੂੰ ਛੇਤੀ ਰਿਹਾਈ ਦੀ ਉਮੀਦ ਹੈ ਕਿਉਂਕਿ ਇਸ ਕੇਸ ਵਿਚ ਉਸ ਦੇ ਖਿਲਾਫ ਕੋਈ ਗਵਾਹੀ ਹੀ ਨਹੀਂ ਹੈ ਅਤੇ ਪੁਲੀਸ ਨੇ ਤਸ਼ੱਦਦ ਕਰਕੇ ਉਸ ਕੋੋਲੋਂ ਜਬਰੀ ਇਕਬਾਲੀਆ ਬਿਆਨਾਂ ’ਤੇ ਦਸਤਖਤ ਕਰਵਾਏ ਹਨ। ਸੰਨ 2006 ਵਿਚ ਭੁੱਲਰ ਨੂੰ ਸੁਮੇਧ ਸੈਣੀ ’ਤੇ ਹੋਏ ਹਮਲੇ ਸਬੰਧੀ ਕੇਸ ’ਚੋਂ ਬਰੀ ਕਰ ਦਿੱਤਾ ਗਿਆ ਪ੍ਰੰਤੂ 1993 ਦੇ ਬੰਬ ਧਮਾਕਿਆਂ ਸਬੰਧੀ ਉਹ ਜੇਲ੍ਹ ਵਿਚ ਹੀ ਰਿਹਾ।

ਨਵਨੀਤ ਨੇ ਦੱਸਿਆ ਕਿ ਭੁੱਲਰ ਇਸ ਗੱਲੋਂ ਬਹੁਤ ਦੁਖੀ ਸੀ ਕਿ ਉਸ ਨੂੰ ਜੇਲ੍ਹ ਵਿਚ ਰਹਿ ਕੇ ਪੱਤਰ ਵਿਹਾਰ ਰਾਹੀਂ ਐਮ.ਬੀ.ਏ. ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਲਗਦਾ ਸੀ ਕਿ ਜੇਕਰ ਉਸ ਨੂੰ ਪੜ੍ਹਨ ਦੀ ਆਗਿਆ ਦੇ ਦਿੱਤੀ ਗਈ ਤਾਂ ਉਸ ਦਾ ਸਾਰਾ ਧਿਆਨ ਪੜ੍ਹਨ ਲਿਖਣ ਵੱਲ ਲੱਗ ਜਾਵੇਗਾ ਅਤੇ ਦਿਮਾਗੀ ਤੌਰ ’ਤੇ ਉਸ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਅਤੇ ਇਸੇ ਕਰਕੇ ਉਸ ਨੂੰ ਪੜ੍ਹਨ ਦੀ ਆਗਿਆ ਨਾ ਦਿੱਤੀ ਗਈ।

ਸੰਨ 2000 ਦੇ ਅੱਧ ’ਚੋਂ ਉਸ ਦਾ ਦਿਮਾਗੀ ਸੰਤੁਲਨ ਵਿਗੜਨ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ। ਨਵਨੀਤ ਨੇ ਫੌਰੀ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਲਈ ਰੀਵਿਊ ਪਟੀਸ਼ਨ ਦਾਇਰ ਕੀਤੀ ਤੇ ਇਸ ਮੁੱਦੇ ਸਬੰਧੀ ਵੱਖ-ਵੱਖ ਸਿਆਸਤਦਾਨਾਂ ਤੱਕ ਪਹੁੰਚ ਕੀਤੀ। ਸਿੱਖ ਭਾਈਚਾਰੇ ਦੇ ਪਤਵੰਤਿਆਂ ਨੂੰ ਇਹ ਮਾਮਲਾ ਵੱਖ-ਵੱਖ ਕੌਮੀ, ਕੌਮਾਂਤਰੀ ਮੰਚਾਂ ਅਤੇ ਕੈਨੇਡਾ ਅਤੇ ਜਰਮਨੀ ਦੀ ਸੰਸਦ ਵਿਚ ਉਠਾਉਣ ਲਈ ਆਖਿਆ। ਜਰਮਨੀ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੋ ਵਾਰੀ ਭਾਰਤ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਜਾਵੇ। ਜਰਮਨੀ ਨੇ ਭੁੱਲਰ ਨੂੰ ਭਾਰਤ ਹਵਾਲੇ ਕੀਤਾ ਸੀ ਅਤੇ ਇਹ ਅਜਿਹਾ ਦੇਸ਼ ਹੈ ਜੋ ਫਾਂਸੀ ਦੀ ਸਜ਼ਾ ਦੇ ਖਿਲਾਫ ਹੈ।

ਭੁੱਲਰ ਇਸ ਵੇਲੇ ਦਿੱਲੀ ਦੇ ‘ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼’ ਵਿਚ ਨਿਰਾਸ਼ਾ ਦੀ ਬਿਮਾਰੀ ਦੇ ਇਲਾਜ ਲਈ ਦਾਖਲ ਹੈ। ਨਵਨੀਤ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ, ‘‘ਪ੍ਰੋ. ਭੁੱਲਰ ਦਾ ਭਾਰ ਏਨਾ ਘਟ ਗਿਆ ਹੈ ਕਿ ਉਹ ਹੁਣ ਹੱਡੀਆਂ ਦੀ ਮੁੱਠ ਨਜ਼ਰ ਆਉਂਦੇ ਹਨ। ਉਹ ਨਾ ਕੁਝ ਖਾਂਦੇ ਹਨ ਅਤੇ ਨਾ ਨਹਾਉਂਦੇ ਹਨ। ਇਸ ਵੇਲੇ ਉਨ੍ਹਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੌਣ ਹਨ। ਉਹ ਏਦਾਂ ਗੱਲ ਕਰਦੇ ਹਨ ਜਿਵੇਂ ਉਹ ਕੋਈ ਮੰਤਰੀ ਹਨ ਅਤੇ ਫੇਰ ਉਹ ਆਪਣਾ ਹੈਲੀਕਾਪਟਰ ਲਿਆਉਣ ਲਈ ਕਹਿਣ ਲੱਗ ਜਾਂਦੇ ਹਨ।’’

ਨਵਨੀਤ ਨੇ ਦੱਸਿਆ, ‘‘ਪ੍ਰੋ. ਭੁੱਲਰ ਹਮੇਸ਼ਾ ਹੀ ਬਹੁਤ ਜ਼ਹੀਨ ਵਿਅਕਤੀ ਰਹੇ ਹਨ। ਹਾਲ ਵਿੱਚ ਹੀ ਮੈਂ ਜਦੋਂ ਹਸਪਤਾਲ ਵਿੱਚ ਭੁੱਲਰ ਨੂੰ ਮਿਲਣ ਗਈ ਤਾਂ ਉਨ੍ਹਾਂ ਭੂਚਾਲ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਭੂਚਾਲ ਨਾਲ ਬਹੁਤ ਜਾਨੀ ਨੁਕਸਾਨ ਹੋ ਸਕਦਾ ਹੈ। ਮੈਂ ਜਦੋਂ ਹਸਪਤਾਲ ਤੋਂ ਬਾਹਰ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਦਿਨ ਰਾਜਧਾਨੀ ਵਿੱਚ ਭੂਚਾਲ ਆਇਆ ਸੀ। ਭਾਵੇਂ ਮੇਰੇ ਨਾਲ ਭੁੱਲਰ ਨੇ ਇਹ ਗੱਲ ਬਿਨਾਂ ਕਿਸੇ ਸੰਦਰਭ ’ਚ ਕੀਤੀ ਸੀ, ਪ੍ਰੰਤੂ ਮੈਨੂੰ ਲੱਗਿਆ ਕਿ ਉਸ ਅੰਦਰ ਅਜੇ ਵੀ ਪੁਰਾਣਾ ਪ੍ਰੋਫੈਸਰ ਭੁੱਲਰ ਜਿਊਂਦਾ ਹੈ। ਇਸ ਮਾਮਲੇ ਦੇ ਦੋ ਪਹਿਲੂ ਹਨ, ਕਾਨੂੰਨੀ ਤੇ ਮਨੁੱਖੀ ਅਤੇ ਸਾਨੂੰ ਇਨ੍ਹਾਂ ਦੋਵਾਂ ’ਤੇ ਹੀ ਜਿੱਚ ਕੀਤਾ ਗਿਆ ਹੈ। ਕਾਨੂੰਨੀ ਤੌਰ ’ਤੇ ਇਸ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਬਾਰੇ ਬੈਂਚ ਦੇ ਟੁੱਟਵੇਂ ਫ਼ੈਸਲੇ ਦੇ ਮੱਦੇਨਜ਼ਰ ਮਾਮਲੇ ’ਤੇ ਮੁੜ ਨਜ਼ਰਸਾਨੀ ਲਈ ਰੀਵਿਊ ਬੈਂਚ ਕਾਇਮ ਨਹੀਂ ਕੀਤਾ ਗਿਆ। ਜੇਕਰ ਮਨੁੱਖੀ ਪਹਿਲੂ ਤੋਂ ਦੇਖਿਆ ਜਾਵੇ ਤਾਂ ਭੁੱਲਰ, ਜੋ ਮਾਨਸਿਕ ਪੱਖੋਂ ਬਿਮਾਰ ਹੈ, ਦੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ’ਤੇ ਕਈ ਵਰ੍ਹੇ ਫ਼ੈਸਲਾ ਨਹੀਂ ਗਿਆ। ਇਨ੍ਹਾਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਜੇਕਰ ਪ੍ਰੋ. ਭੁੱਲਰ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਸਾਖ਼ ਨੂੰ ਬਹੁਤ ਵੱਟਾ ਲੱਗੇਗਾ।’’

ਅੱਜ ਭਾਵੇਂ ਦਵਿੰਦਰਪਾਲ ਸਿੰਘ ਭੁੱਲਰ ਨਵਨੀਤ ਨੂੰ ਪਛਾਣਦਾ ਵੀ ਨਹੀਂ, ਪ੍ਰੰਤੂ ਉਸ ਵੱਲੋਂ ਉਸ ਦੀ ਰਿਹਾਈ ਲਈ ਯਤਨ ਲਗਾਤਾਰ ਜਾਰੀ ਹਨ। ਨਵਨੀਤ ਨੇ ਦੱਸਿਆ, ‘‘ਭੁੱਲਰ ਦੀ ਰਹਿਮ ਦੀ ਅਪੀਲ ਇਸੇ ਅਪਰੈਲ ਵਿੱਚ ਰੱਦ ਹੋਣ ਮਗਰੋਂ ਹੁਣ  ਮੈਨੂੰ ਭੁੱਲਰ ਨਾਲ ਸਿਰਫ਼ ਦਸ ਮਿੰਟ ਲਈ ਮੁਲਾਕਾਤ ਕਰਨ ਦਿੱਤੀ ਜਾਂਦੀ ਹੈ, ਜਦੋਂਕਿ ਪਹਿਲਾਂ ਮੈਂ ਘੰਟਿਆਂਬੱਧੀ ਹਸਪਤਾਲ ਦੇ ਕਮਰੇ ਵਿੱਚ ਬੈਠ ਕੇ ਉਸ ਨੂੰ ਦੇਖਦੀ ਰਹਿੰਦੀ ਸੀ ਅਤੇ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੀ ਰਹਿੰਦੀ ਸੀ। ਮੈਨੂੰ ਪਤਾ ਹੈ ਕਿ ਹੁਣ ਉਹ ਨਹੀਂ ਜਾਣਦਾ ਕਿ ਉਹ ਕੌਣ ਹੈ, ਪਰ ਮੈਂ ਚਾਹੁੰਦੀ ਹਾਂ ਕਿ ਉਹ ਸਲਾਮਤ ਰਹੇ।’’

ਭਾਵੇਂ ਨਵਨੀਤ ਦੀ ਜ਼ਿੰਦਗੀ ਦਾ ਉਹ ਵੇਲਾ ਲੰਘ ਗਿਆ, ਜਦੋਂ ਉਹ ਦੋਵੇਂ ਆਪਣਾ ਘਰ ਵਸਾ ਕੇ ਬੱਚੇ ਪੈਦਾ ਕਰ ਸਕਦੇ ਸਨ, ਪਰ ਉਸ ਦਾ ਕਹਿਣਾ ਹੈ, ‘‘ਮੈਂ ਭੁੱਲਰ ਖ਼ਾਤਰ ਬਹੁਤ ਲੰਬੀ ਲੜਾਈ ਲੜੀ ਹੈ ਅਤੇ ਮੈਨੂੰ ਆਸ ਹੈ ਕਿ ਜ਼ਿੰਦਗੀ ਸਾਨੂੰ ਆਪਣਾ ਬੁਢਾਪਾ ਇਕੱਠਿਆਂ ਕੱਟਣ ਦਾ ਮੌਕਾ ਜ਼ਰੂਰ ਦੇਵੇਗੀ। ਏਦਾਂ ਫ਼ਿਲਮਾਂ ਵਿੱਚ ਹੀ ਵਾਪਰਦਾ ਹੈ, ਪ੍ਰੰਤੂ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਜ਼ਰੂਰ ਖੁਸ਼ਨੁਮਾ ਹੋਵੇਗਾ।’’



Archive

RECENT STORIES

ਦਾ ਸਹੋਤਾ ਸ਼ੋਅ 23 ਜਨਵਰੀ 2026

Posted on January 23rd, 2026

ਬਾਹਰਲੇ ਮੁਲਕਾਂ 'ਚ ਰਹਿੰਦੇ 61 ਲੋੜੀਂਦੇ ਗੈਂਗਸਟਰਾਂ ਦੀ ਸੂਚੀ

Posted on January 23rd, 2026

ਦਾ ਸਹੋਤਾ ਸ਼ੋਅ 22 ਜਨਵਰੀ 2026

Posted on January 22nd, 2026

ਦਾ ਸਹੋਤਾ ਸ਼ੋਅ 21 ਜਨਵਰੀ 2026

Posted on January 21st, 2026

ਦਾ ਸਹੋਤਾ ਸ਼ੋਅ 20 ਜਨਵਰੀ 2026

Posted on January 20th, 2026

ਦਾ ਸਹੋਤਾ ਸ਼ੋਅ 19 ਜਨਵਰੀ 2026

Posted on January 19th, 2026

ਗਰੇਟਰ ਵੈਨਕੂਵਰ ਤੇ ਗਰੇਟਰ ਟਰਾਂਟੋ ਦੇ ਪੰਜਾਬੀ ਕਿਵੇਂ ਰਗੜੇ ਗਏ

Posted on January 17th, 2026

ਦਾ ਸਹੋਤਾ ਸ਼ੋਅ 16 ਜਨਵਰੀ 2026

Posted on January 16th, 2026

ਦਾ ਸਹੋਤਾ ਸ਼ੋਅ 15 ਜਨਵਰੀ 2026

Posted on January 15th, 2026

ਦਾ ਸਹੋਤਾ ਸ਼ੋਅ 14 ਜਨਵਰੀ 2026

Posted on January 14th, 2026

ਦਾ ਸਹੋਤਾ ਸ਼ੋਅ 13 ਜਨਵਰੀ 2026

Posted on January 13th, 2026

ਦਾ ਸਹੋਤਾ ਸ਼ੋਅ 12 ਜਨਵਰੀ 2026

Posted on January 12th, 2026