Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ 'ਚ ਮਿਲੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਰਲੱਭ ਕਿਰਪਾਨ

Posted on May 10th, 2013

<p>ਗੁਰੂ ਗੋਬਿੰਦ ਸਿੰਘ ਜੀ ਦੀ ਦੁਰਲੱਭ ਕਿਰਪਾਨ<br></p>


- ਇੰਗਲੈਂਡ ਦੇ 'ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ' ਨੇ ਦਿੱਤੀ 'ਓਟਾਗੋ ਮਿਊਜ਼ੀਅਮ' ਨੂੰ ਇਹ ਅਮਾਨਤ

- ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਾਉਣ ਦੀਆਂ ਵੀ ਕੋਸ਼ਿਸ਼ਾਂ ਜਾਰੀ


ਆਕਲੈਂਡ 10 ਮਈ (ਹਰਜਿੰਦਰ ਸਿੰਘ ਬਸਿਆਲਾ):- ਸਿੱਖ ਇਤਿਹਾਸ ਦੇ ਵਿਚ ਅੱਜ ਤੋਂ 314 ਸਾਲ 28 ਦਿਨ ਪਹਿਲਾਂ 13 ਅਪ੍ਰੈਲ, 1699 ਇਕ ਅਤਿ ਅਹਿਮ ਤੇ ਇਤਿਹਾਸਕ ਦਿਨ ਸੀ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਲਹਿਰਾ ਕੇ ਪੰਜ ਪਿਆਰਿਆਂ ਦੇ ਸਿਰ ਦੀ ਮੰਗ ਕੀਤੀ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਪੰਜ ਪਿਆਰਿਆਂ ਦੇ ਰੂਪ ਵਿਚ 'ਖਾਲਸਾ ਫੌਜ' ਦੀ ਸਥਾਪਨਾ ਕੀਤੀ। ਇਸ ਦਿਨ ਜ਼ਾਲਮ ਦਾ ਨਾਸ਼ ਅਤੇ ਮਜ਼ਲੂਮ ਦੀ ਰੱਖਿਆ ਕਰਨ ਖਾਤਿਰ ਪਹਿਨਾਈ ਕਿਰਪਾਨ (ਸ੍ਰੀ ਸਾਹਿਬ) ਨੂੰ ਪੰਜਾਂ ਕਕਾਰਾਂ ਦਾ ਇਕ ਅੰਗ ਬਣਾ ਕੇ ਇਸ ਦੀ ਮਹੱਤਤਾ ਨੂੰ ਹੋਰ ਸਿਖਰਤਾ ਬਖਸ਼ ਦਿੱਤੀ ਗਈ ਸੀ। ਸੋ ਇਸ ਕਿਰਪਾਨ ਦੀ ਅਹਿਮੀਅਤ ਸਿੱਖਾਂ ਦੇ ਲਈ ਤਾਂ ਜੀਵਨ ਭਰ ਲਈ ਹੈ ਹੀ ਪਰ ਉਦੋਂ ਇਹ ਹੋਰ ਵੀ ਮਾਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਕਿਸੇ ਦੂਸਰੇ ਦੇਸ਼ ਨੇ ਗੁਰੂ ਗੋਬਿੰਦ ਸਿੰਘ ਦੀ ਹੱਥ ਛੋਹ ਪ੍ਰਾਪਤ ਕਿਰਪਾਨ ਨੂੰ ਦੇਸ਼ ਦੇ ਇਕ ਵੱਡੇ ਅਜਾਇਬ ਘਰ ਵਿਚ ਸ਼ੁਸ਼ੋਭਿਤ ਕੀਤਾ ਹੋਵੇ।


ਨਿਊਜ਼ੀਲੈਂਡ ਵਸਦੀਆਂ ਸਿੱਖ ਸੰਗਤਾਂ ਦੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਕਲੈਂਡ ਤੋਂ ਲਗਪਗ 1400 ਕਿਲੋਮੀਟਰ ਦੂਰ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਲਗਪਗ 12600 ਹਵਾਈ ਕਿਲੋਮੀਟਰ ਦੂਰ ਸ਼ਹਿਰ ਡੁਨੀਡਨ ਵਿਖੇ ਸਰਕਾਰੀ ਅਜਾਇਬ ਘਰ 'ਓਟਾਗੋ ਮਿਊਜ਼ੀਅਮ' ਵਿਖੇ ਦਸਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਬੋਲਦੀ ਇਕ ਵੱਡੀ (3 ਤੋਂ 4 ਫੁੱਟੀ) ਸ੍ਰੀ ਸਾਹਿਬ ਵੀ ਬੜੇ ਸਤਿਕਾਰ ਸਾਹਿਤ ਸਾਂਭ ਕੇ ਰੱਖੀ ਹੋਈ ਹੈ। ਅਜਿਹਾ ਹੋਣਾ ਇਥੇ ਵਸਦੇ ਭਾਰਤੀਆਂ ਲਈ ਨਿਊਜ਼ੀਲੈਂਡ ਪ੍ਰਤੀ ਹੋਰ ਪਿਆਰ ਅਤੇ ਸਤਿਕਾਰ ਨੂੰ ਬੱਲ ਦਿੰਦਾ ਹੈ। ਬੀਤੇ ਕੱਲ੍ਹ ਇਸ ਸ੍ਰੀ ਸਾਹਿਬ ਦੇ ਪਵਿਤਰ ਦਰਸ਼ਨ ਕਰਨ ਵਾਸਤੇ ਇਸ ਖਬਰ ਦੇ ਲੇਖਕ, ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ, ਮੈਂਬਰ ਤੀਰਥ ਸਿੰਘ ਅਟਵਾਲ, ਭਾਰਤ ਤੋਂ ਪਹੁੰਚੇ ਇਕ ਕਬੱਡੀ ਖਿਡਾਰੀ ਸੋਨੂ ਦਿਆਲਪੁਰੀ ਵਿਸ਼ੇਸ਼ ਤੌਰ 'ਤੇ ਹਵਾਈ ਯਾਤਰਾ ਕਰਕੇ ਅਜਾਇਬ ਘਰ ਪਹੁੰਚੇ। ਅਜਾਇਬ ਘਰ ਦੇ ਵਿਚ ਜੋ ਛੋਟੀਆਂ ਵੱਡੀਆਂ ਕਿਰਪਾਨਾਂ ਅਤੇ ਜੰਗੀ ਹਥਿਆਰਾਂ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਕੁਲਹਾੜੀਆਂ ਵਾਲਾ ਭਾਗ ਸੀ ਉਸਦੇ ਵਿਚ ਭਾਰਤ ਨਾਲ ਸਬੰਧਿਤ 27 ਦੇ ਕਰੀਬ ਕਿਰਪਾਨਾਂ ਦਾ ਜਿਆਦਾ ਵੇਰਵਾ ਦਰਜ ਨਹੀਂ ਸੀ ਜਿਸ ਕਰਕੇ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੱਥ ਛੋਹ ਪ੍ਰਾਪਤ ਕਿਰਪਾਨ ਕਿਹੜੀ ਹੈ?। ਇਸ ਸਬੰਧੀ ਸ. ਦਲਜੀਤ ਸਿੰਘ ਹੋਰਾਂ ਉਥੇ ਮੌਜੂਦ ਕੁਲੈਕਸ਼ਨ ਕੋਆਰਡੀਨੇਟਰ ਸ੍ਰੀ ਸਕੌਟ ਰੀਵਸ ਅਤੇ ਐਸਟਸ ਐਂਡ ਟੈਕਨੋਲੋਜੀ ਮੈਨੇਜਰ ਸ੍ਰੀ ਜੋਇਲ ਓਲਡਰਿੱਜ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਆਉਣ ਦਾ ਮੁੱਖ ਮਕਸਦ ਦੱਸਿਆ ਗਿਆ ਅਤੇ ਜਰੂਰੀ ਪੇਪਰ ਵਰਕ ਕਰਕੇ ਜਿਥੇ ਫੋਟੋਆਂ ਖਿੱਚਣ ਅਤੇ ਮੀਡੀਆ ਵਿਚ ਪ੍ਰਕਾਸ਼ਿਤ ਕਰਨ ਦੀ ਆਗਿਆ ਲਈ ਗਈ ਉਥੇ ਉਨ੍ਹਾਂ ਨੇ ਆਪਣੇ ਕਈ ਰੁਝੇਵੇਂ ਰੱਦ ਕਰਕੇ ਆਪਣੇ ਰਿਕਾਰਡ ਦੇ ਵਿਚ ਉਹ ਪਵਿੱਤਰ ਕਿਰਪਾਨ ਦੀ ਘੋਖ ਕੀਤੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂਅ ਹੇਠ ਦਰਜ ਸੀ। ਇਸ ਬੇਨਤੀ ਉਤੇ ਕਿ ਇਹ ਕਿਰਪਾਨ ਸ਼ੋਅ ਕੇਸ ਦੇ ਵਿਚੋਂ ਬਾਹਰ ਕੱਢ ਕੇ ਦਰਸ਼ਨ ਕਰਵਾਏ ਜਾਣ ਤਾਂ ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਮੁਕਰਰ ਕੀਤਾ ਗਿਆ। ਦਸਵੇਂ ਪਾਤਸ਼ਾਹਿ ਦੀ ਮੇਹਰ ਸਮਝੋ ਜਦੋਂ ਇਹ ਸਮਾਂ ਆਇਆ ਤਾਂ ਇਕ ਨੋਜਵਾਨ ਗੋਰਾ ਸਿੱਖ ਜੋ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਸਿੱਖ ਬਣਿਆ ਹੈ ਸਿਰ ਕੱਜ ਕੇ ਉਥੇ ਆ ਗਿਆ। ਜਦੋਂ ਦਰਸ਼ਨ ਕਰਨ ਕੀਤੇ ਗਏ ਤਾਂ ਕੁਦਰਤੀ ਪੰਜ ਸਰੀਰ ਹਾਜ਼ਿਰ ਹੋ ਗਏ। ਇਹ ਵੀ ਇਕ ਵਿਲੱਖਣ ਗੱਲ ਮਹਿਸੂਸ ਕੀਤੀ ਗਈ। ਇਸ ਗੋਰੇ ਸਿੱਖ ਬਾਰੇ ਵੀ ਜਲਦੀ ਛਾਪਿਆ ਜਾਵੇਗਾ। ਪ੍ਰਬੰਧਕਾਂ ਨੇ ਬੜੇ ਸਤਿਕਾਰ ਸਹਿਤ ਇਕ ਟਰਾਲੀ ਦੇ ਉਤੇ ਇਸ ਕਿਰਪਾਨ ਨੂੰ ਗਦੈਲੇ ਦੇ ਉਤੇ ਰੱਖ ਕੇ ਲਿਆਂਦਾ ਅਤੇ ਸਾਰਿਆਂ ਨੇ ਪਵਿੱਤਰਤਾ ਅਤੇ ਸੁਰੱਖਿਆ ਦਾ ਧਿਆਨ ਰੱਖਦਿਆਂ ਦਸਤਾਨੇ ਪਾ ਕੇ ਇਸ ਦੇ ਖੁੱਲ੍ਹੇ ਦਰਸ਼ਨ ਕੀਤੇ ਅਤੇ ਆਪਣੇ ਆਪ ਨੂੰ ਸੁਭਾਗੇ ਮਹਿਸੂਸ ਕੀਤਾ। ਇਹ ਸਮਾਂ ਸ਼ਾਇਦਾ ਜ਼ਿੰਦਗੀ ਵਿਚ ਦੁਬਾਰਾ ਕਦੇ ਨਾ ਮਿਲੇ। ਇਨ੍ਹਾਂ ਅਣਮੋਲ ਵਸਤਾਂ ਨੂੰ 'ਪੀਪਲ ਆਫ਼ ਦਾ ਵਰਲਡ' ਭਾਗ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ।


ਇਹ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਵੇਂ ਹੈ? ਇਸ ਬਾਰੇ ਸ. ਮੋਹਿੰਦਰ ਸਿੰਘ ਨਿਰਦੇਸ਼ਕ 'ਰਾਸ਼ਟਰੀ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਦਿੱਲੀ' ਵੱਲੋਂ ਜਾਰੀ ਖੋਜ਼ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਰਾਹੀਂ ਪੁਸ਼ਟੀ ਜਾਂਦੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਕਿਰਪਾਨ ਹੈ।


ਇਹ ਕਿਰਪਾਨ ਇਥੇ ਕਿਵੇਂ ਆਈ? ਇਸ ਬਾਰੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਿਰਪਾਨ ਮੂਲ ਰੂਪ ਦੇ ਵਿਚ 'ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ' ਇੰਗਲੈਂਡ ਦੀ ਅਮਾਨਤ ਹੈ ਜਿਸ ਨੂੰ 1920 ਦੇ ਦਹਾਕੇ ਦੌਰਾਨ ਇਥੇ ਲਿਆਂਦਾ ਗਿਆ ਸੀ। ਇਸ ਕਿਰਪਾਨ ਉਤੇ ਲੱਗੇ ਫਾਈਲ ਨੰਬਰ ਅਨੁਸਾਰ ਇਹ ਕਿਰਪਾਨ 1911 ਦੇ ਵਿਚ ਇੰਗਲੈਂਡ ਪਹੁੰਚੀ ਸੀ। ਓਟਾਗੋ ਮਿਊਜ਼ੀਅਮ 1868 ਨੂੰ ਹੋਂਦ ਦੇ ਵਿਚ ਆਇਆ ਸੀ ਅਤੇ ਫਿਰ ਵੱਖ-ਵੱਖ ਪੜਾਵਾਂ ਦੇ ਵਿੱਚੋਂ ਲੰਘਦਾ ਹੋਇਆ ਹੁਣ ਇਹ ਦੇਸ਼ ਦਾ ਇਕ ਵੱਡਾ ਅਤੇ ਡੁਨੀਡਨ ਸ਼ਹਿਰ ਦੀ ਸ਼ਾਨ ਬਣ ਗਿਆ ਹੈ।


ਇਸ ਕਿਰਪਾਨ ਦੀ ਬਣਤਰ ਅਤੇ ਇਸ ਵਿਚ ਧਾਤਾਂ ਦੀ ਵਰਤੋਂ: ਇਸ ਕਿਰਪਾਨ ਦੀ ਬਣਤਰ ਆਮ ਕਿਰਪਾਨ ਵਰਗੀ ਹੈ। ਇਸ ਦੇ ਵਿਚ ਲੋਹਾ, ਪਿੱਤਲ, ਜੌਹਰੀ ਸਾਮਾਨ ਤੇ ਵਿਸ਼ੇਸ਼ ਕਿਸਮ ਪੱਥਰ ਵਰਤਿਆ ਗਿਆ ਹੈ। ਇਸ ਦੀ ਮੁੱਠ ਕਵਚ ਰਹਿਤ ਹੈ, ਇਕੋ ਸੰਚੇ ਵਾਲੀ ਹੈ, ਜੀਭਾਕਾਰ ਹੈ, ਸ਼ੇਰ ਵਰਗੇ ਜਾਨਵਰ ਦੀ ਸ਼ਕਲ ਵਿਚ ਮੁੱਠੀ ਦੇ ਉਤੇ ਬਣੇ ਹੋਏ 'ਕ੍ਰਾਸ ਗਾਰਡ' ਹਨ, ਸ਼ੇਰ ਨੁਮਾ ਮੁੱਠ ਉਤੇ ਗਹਿਣੇਦਾਰ ਅੱਖਾਂ, ਸਿਰ, ਕੰਨ, ਮੂੰਹ ਤੇ ਜੀਭ ਹੈ ਉਪਰ ਚਮਕਦਾਰ ਮੁਲੱਮਾ ਹੈ। ਪੱਤੇਦਾਰ ਤੇ ਫੁੱਲਦਾਰ ਸਜ਼ਾਵਟ ਹੈ, ਉਂਗਲਾਂ ਦੇ ਬਚਾਅ ਲਈ ਸੁਰੱਖਿਅਤ ਕਿਨਾਰੇ, ਮਿਆਨ ਦੇ ਉਤੇ ਚੜ੍ਹਿਆ ਮਖਮਲੀ ਹਰੇ ਰੰਗ ਦਾ ਕੱਪੜਾ ਹੈ, ਪਿੱਤਲ, ਮੈਗਨੇਸ਼ੀਅਮ ਭਰਪੂਰ ਸ਼ੈਲਖੱਟੀ ਪੱਥਰ (ਸੋਪਸਟੋਨ), ਚਮਕਦਾਰ ਖੋਲ (ਮਿਆਨ), ਰਿੰਗ, ਗੋਟੇਦਾਰ ਬੈਲਟ (ਡੋਰੀ) ਸਮੇਤ ਲਗਪਗ 40 ਵੱਖ-ਵੱਖ ਪੱਖਾਂ ਤੋਂ ਇਸਦੀ ਖੋਜ਼ ਭਰਪੂਰ ਜਾਣਕਾਰੀ ਦਰਜ ਕੀਤੀ ਗਈ ਹੈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਕਿਰਪਾਨ ਨੂੰ ਬਣਾਉਣ ਵੇਲੇ ਕਿੰਨੀਆਂ ਵਸਤਾਂ ਦੀ ਲੋੜ ਪਈ ਹੋਵੇਗੀ।


ਹੋਰ ਕੀ ਕੀ ਭਾਰਤੀ ਸਮਾਨ ਹੈ? ਦੋ ਮੰਜ਼ਿਲੇ ਇਸ ਅਜਾਇਬ ਘਰ ਨੂੰ 'ਐਨੀਮਲ ਏਟਿੱਕ','ਪੀਪਲ ਆਫ਼ ਦਾ ਵਰਲਡ','ਮੇਰੀਟਾਈਮ','ਟਗਾਂਟਾ ਵੇਹੀਨੁਆ','ਨੇਚਰ','ਸਦਰਨ ਲੈਂਡ ਤੇ ਪੀਪਲ','ਪੈਸਫਿਕ ਕਲਚਰ' ਅਤੇ ਡਿਸਕਵਰੀ ਵਰਲਡ ਵਿਚ ਵੰਡਿਆ ਗਿਆ ਹੈ। ਵੱਖ-ਵੱਖ ਭਾਗਾਂ ਦੇ ਵਿਚ ਜਿੰਨਾਂ ਸਮਾਂ ਸੀ ਕਈ ਸਾਰੀਆਂ ਪੁਰਾਣੀਆਂ ਭਾਰਤੀ ਵਸਤਾਂ ਵੇਖਣ ਨੂੰ ਮਿਲੀਆਂ। ਬਹੁਤੀਆਂ ਭਾਰਤੀ ਵਸਤਾਂ ਨੂੰ ਇਕ ਪ੍ਰਸਿੱਧ ਨਿਊਜ਼ੀਲੈਂਡ ਦੇ ਵਪਾਰੀ ਅਤੇ ਪੁਰਾਣੀਆਂ ਵਸਤਾਂ ਦਾ ਸ਼ੋਕ ਰੱਖਣ ਵਾਲੇ ਵਪਾਰੀ 'ਵਿੱਲੀ ਫਿਲਜ਼' ਨੇ ਇਕੱਤਰ ਕੀਤਾ ਸੀ ਅਤੇ ਫਿਰ ਓਟਾਗੋ ਵਿਖੇ ਉਨ੍ਹਾਂ ਦੇ ਪੁੱਤਰ ਨੇ ਸਾਰੀਆਂ ਵਸਤਾਂ ਨੂੰ ਅਜਾਇਬ ਘਰ ਦਾ ਰੂਪ ਦਿੱਤਾ। ਇਸ ਵੇਲੇ ਇਸ ਅਜਾਇਬ ਘਰ ਦੇ ਵਿਚ 27 ਦੇ ਕਰੀਬ ਭਾਰਤੀ ਕਿਰਪਾਨਾਂ ਹਨ ਜਿਨਾਂ ਦੇ ਵਿਚ ਕੁਝ ਛੋਟੀਆਂ ਤੇ ਵੱਡੀਆਂ, ਕੁਝ ਚਾਕੂ ਨੁਮਾ ਕਿਰਪਾਨਾਂ, ਮਿਆਨ ਵਾਲੀਆਂ ਸ੍ਰੀ ਸਾਹਿਬਾਂ, ਨੇਜਾ, ਬਲੇਡ ਅਤੇ ਕੁਲਹਾੜੀਆਂ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋ ਭਾਰਤੀ ਢਾਲਾਂ, ਸਿਤਾਰ ਅਤੇ ਕੁਝ ਹੋਰ ਵਸਤਾਂ ਵੀ ਪਈਆਂ ਹਨ। ਭਾਰਤ ਤੋਂ ਇਲਾਵਾ ਨੇਪਾਲ, ਬਰਮਾ, ਜਾਵਾ, ਸ੍ਰੀਲੰਕਾ ਮਲੇਸ਼ੀਆ ਅਤੇ ਬਾਲੀ ਆਦਿ ਵੀ ਸਮਾਨ ਹੈ।


ਗੁਰਦੁਆਰਾ ਸਾਹਿਬ ਟਾਕਾਨੀਨੀ ਲਿਆਉਣ ਦੀਆਂ ਕੋਸ਼ਿਸ਼ਾਂ: 

 ਇਸ ਕਿਰਪਾਨ ਨੂੰ ਆਕਲੈਂਡ ਲਿਜਾਉਣ ਵਾਸਕੇ ਡੁਨੀਡਨ ਸ਼ਹਿਰ ਦੇ ਵਿਚ ਪਹਿਲੀ ਪੰਜਾਬੀ ਮੇਅਰ (1995 ਤੋਂ 2004) ਬਣੀ ਲੁਧਿਆਣਾ ਸ਼ਹਿਰ ਦੀ ਸੁਖਇਵੰਦਰ ਕੌਰ ਗਿੱਲ (ਸੁੱਖੀ ਟਰਨਰ) ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ। ਇਸ ਬਾਬਿਤ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ ਵੱਲੋਂ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ ਅਤੇ ਆਫ਼ਰ ਕੀਤੀ ਗਈ ਕਿ ਉਨ੍ਹਾਂ ਦੀ ਜੋ ਵੀ ਸ਼ਰਤ ਹੋਏਗੀ ਉਸ ਦੀ ਜ਼ਾਮਨੀ ਭਰ ਕੇ ਦਿੱਤੀ ਜਾਏਗੀ ਅਤੇ ਸੰਗਤਾਂ ਦੇ ਦਰਸ਼ਨ ਕਰਨ ਬਾਅਦ ਇਹ ਕਿਰਪਾਨ ਵਾਪਿਸ ਸਤਿਕਾਰ ਸਾਹਿਤ ਅਜਾਇਬ ਘਰ ਵਿਚ ਜਮ੍ਹਾ ਕਰਵਾਈ ਜਾਵੇਗੀ। ਇਸ ਅਰਜ਼ੀ ਉਤੇ ਆਸ ਹੈ ਜਲਦੀ ਹੀ ਵਿਚਾਰ ਕਰਕੇ ਪ੍ਰਬੰਧਕਾਂ ਵੱਲੋਂ ਕੁਝ ਦੱਸਿਆ ਜਾਵੇਗਾ।



Archive

RECENT STORIES